ਇਕ ਚੰਗੇ ਅਧਿਆਪਕ ਦੀ ਬਦਲੀ

Tuesday, Jul 09, 2024 - 05:21 PM (IST)

ਅਜਿਹਾ ਲੱਗਦਾ ਹੈ ਕਿ ਮੇਰੀ ਪੀੜ੍ਹੀ ਦਾ ਸਮਾਂ ਵਾਪਸ ਪਰਤ ਆਇਆ ਹੈ ਅਤੇ ਮੈਂ ਬਚਪਨ ਵਿਚ ਆ ਗਈ ਹਾਂ। ਜਿੱਥੇ ਜੇਕਰ ਕਿਸੇ ਅਧਿਆਪਕ-ਅਧਿਆਪਕਾ ਦੇ ਜਾਣ ਬਾਰੇ ਸੁਣਦੇ ਸੀ ਤਾਂ ਭੁੱਬਾਂ ਮਾਰ ਕੇ ਰੋਂਦੇ ਸੀ। ਜਿੰਨੇ ਪੈਸੇ ਜੇਬ ’ਚ ਹੁੰਦੇ ਸਨ, ਜੋ ਕਿ ਅਕਸਰ ਹੀ ਬੜੇ ਘੱਟ ਹੁੰਦੇ ਸਨ, ਉਨ੍ਹਾਂ ’ਚੋਂ ਕੁਝ ਖਰੀਦ ਕੇ ਉਨ੍ਹਾਂ ਨੂੰ ਕੋਈ ਤੋਹਫਾ ਦੇਣ ਦੀ ਕੋਸ਼ਿਸ਼ ਕਰਦੇ ਸੀ। ਘਰ ’ਚ ਉੱਗੇ ਫੁੱਲਾਂ ਦਾ ਹਾਰ ਬਣਾ ਕੇ ਲਿਆਉਂਦੇ ਸੀ ਅਤੇ ਉਨ੍ਹਾਂ ਨੂੰ ਪਹਿਨਾਉਂਦੇ ਸੀ।

ਅੱਜਕਲ ਵੀ ਅਜਿਹੀਆਂ ਕਈ ਵੀਡੀਓ ਦੇਖਦੇ ਹਾਂ, ਜਿੱਥੇ ਅਧਿਆਪਕਾਂ ਦੀ ਬਦਲੀ ਦੀ ਗੱਲ ਸੁਣ ਕੇ ਬੱਚੇ ਉਨ੍ਹਾਂ ਦੇ ਗਲ਼ ਲੱਗ ਕੇ ਭੁੱਬਾਂ ਮਾਰ ਕੇ ਰੋਣ ਲੱਗੇ। ਉਨ੍ਹਾਂ ਨੂੰ ਪਤਾ ਨਹੀਂ ਕੀ ਕਹਿਣ ਲੱਗੇ। ਉਨ੍ਹਾਂ ਤੋਂ ਫਿਰ ਆਉਣ ਦਾ ਵਾਅਦਾ ਲੈਣ ਲੱਗੇ। ਉਨ੍ਹਾਂ ਦੇ ਪਿੱਛੇ ਦੌੜੇ। ਕਈ ਅਧਿਆਪਕ ਵੀ ਆਪਣੇ ਹੰਝੂ ਨਾ ਰੋਕ ਸਕੇ। ਪੂਰੇ ਦੇ ਪੂਰੇ ਪਿੰਡ ਦੇ ਨਿਵਾਸੀ ਅਧਿਆਪਕਾਂ ਨੂੰ ਪਿੰਡ ਦੇ ਬਾਹਰ ਛੱਡਣ ਆਏ। ਉਨ੍ਹਾਂ ਦੇ ਖੇਤਾਂ ’ਚ ਜੋ ਕੁਝ ਉੱਗਿਆ ਸੀ, ਉਸ ਨੂੰ ਭੇਟ ਵਿਚ ਲੈ ਕੇ ਆਏ। ਜਦ ਤੱਕ ਅਧਿਆਪਕ ਅੱਖਾਂ ਤੋਂ ਓਝਲ ਨਾ ਹੋ ਗਏ ਉਹ ਉਥੇ ਖੜ੍ਹੇ ਰਹੇ। ਪਰ ਜਿਸ ਘਟਨਾ ਦਾ ਜ਼ਿਕਰ ਇਥੇ ਕਰਨ ਜਾ ਰਹੀ ਹਾਂ ਉਹ ਅਜਿਹੀ ਅਨੋਖੀ ਹੈ ਕਿ ਉਸ ਨੂੰ ਯਾਦ ਕਰ ਕੇ ਵਾਰ-ਵਾਰ ਮਨ ਭਰ ਆਉਂਦਾ ਹੈ।

ਘਟਨਾ ਤੇਲੰਗਾਨਾ ਦੇ ਮਛਰੇਲੀ ਜ਼ਿਲੇ ਦੇ ਪੋਂਕਲ ਪਿੰਡ ਦੀ ਹੈ। ਉਥੇ 53 ਸਾਲਾ ਅਧਿਆਪਕ ਜੇ. ਸ਼੍ਰੀਨਿਵਾਸ ਪਿਛਲੇ 12 ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਂਦੇ ਸਨ। ਜਦੋਂ ਉਹ ਉਥੇ ਆਏ ਸੀ ਤਾਂ ਸਕੂਲ ’ਚ ਸਿਰਫ 12 ਬੱਚੇ ਆਉਂਦੇ ਸਨ। ਬੱਚਿਆਂ ਦੀ ਗਿਣਤੀ ਵਧਾਉਣ ਦੇ ਲਈ ਉਨ੍ਹਾਂ ਨੇ ਅਣਥੱਕ ਯਤਨ ਕੀਤੇ। ਮਾਤਾ-ਪਿਤਾ ਨੂੰ ਘਰ-ਘਰ ਜਾ ਕੇ ਸਮਝਾਇਆ ਕਿ ਆਪਣੇ ਬੱਚਿਆਂ ਨੂੰ ਸਕੂਲ ਭੇਜਣ। ਬੱਚੇ ਪੜ੍ਹਨਗੇ, ਤਦ ਹੀ ਅੱਗੇ ਵਧਣਗੇ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਸੀ ਕਿ ਹੁਣ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 250 ਤੱਕ ਪਹੁੰਚ ਗਈ। ਇਸ ਸਕੂਲ ਵਿਚ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਪੜ੍ਹਾਈ ਹੁੰਦੀ ਹੈ।

ਪਿਛਲੇ ਦਿਨੀਂ ਸ਼੍ਰੀਨਿਵਾਸ ਦਾ ਤਬਾਦਲਾ ਦੂਜੇ ਸਕੂਲ ’ਚ ਕਰ ਦਿੱਤਾ ਗਿਆ। ਬੱਚਿਆਂ ਨੂੰ ਜਦੋਂ ਇਹ ਪਤਾ ਲੱਗਾ ਤਾਂ ਉਹ ਬੜੇ ਨਾਰਾਜ਼ ਹੋਏ। ਉਹ ਆਪਣੇ ਪਿਆਰੇ ਅਧਿਆਪਕ ਦੀ ਬਦਲੀ ਦੀ ਗੱਲ ਨੂੰ ਸਹਿਣ ਨਹੀਂ ਕਰ ਰਹੇ ਸਨ। ਬੱਚਿਆਂ ਨੇ ਗੁੱਸੇ ’ਚ ਸਕੂਲ ਦੇ ਗੇਟ ’ਤੇ ਤਾਲਾ ਲਗਾ ਦਿੱਤਾ। ਉਹ ਸ਼੍ਰੀਨਿਵਾਸ ਦੇ ਕੋਲ ਜਾ ਕੇ ਰੋ-ਰੋ ਕੇ ਨਾ ਜਾਣ ਦੀ ਬੇਨਤੀ ਕਰਨ ਲੱਗੇ ਪਰ ਸ਼੍ਰੀਨਿਵਾਸ ਨੇ ਕਿਹਾ ਕਿ ਉਨ੍ਹਾਂ ਦੀ ਮਜਬੂਰੀ ਹੈ। ਬਦਲੀ ਹੋਈ ਹੈ, ਤਾਂ ਜਾਣਾ ਹੀ ਪਵੇਗਾ। ਉਹ ਸਰਕਾਰੀ ਨਿਯਮਾਂ ਨਾਲ ਬੱਝੇ ਹੋਏ ਹਨ।

ਪਰ ਅਗਲੀ ਗੱਲ ਜੋ ਹੋਈ ਉਸ ਤੋਂ ਸਾਰੇ ਹੈਰਾਨ ਰਹਿ ਗਏ। ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਨ੍ਹਾਂ ਦੇ ਪਿਆਰੇ ਅਧਿਆਪਕ ਦੀ ਬਦਲੀ ਹੋ ਗਈ ਹੈ। ਉਹ ਵੀ ਆਪਣੇ ਅਧਿਆਪਕ ਕੋਲੋਂ ਉਸੇ ਸਕੂਲ ’ਚ ਪੜ੍ਹਨਗੇ ਜਿੱਥੇ ਉਹ ਜਾ ਰਹੇ ਹਨ। ਸ਼੍ਰੀਨਿਵਾਸ ਦੀ ਬਦਲੀ 1 ਜੁਲਾਈ ਨੂੰ ਹੋਈ ਸੀ। ਅਗਲੇ ਦੋ ਦਿਨਾਂ ’ਚ 250 ’ਚੋਂ 133 ਬੱਚੇ ਤਿੰਨ ਕਿਲੋਮੀਟਰ ਦੂਰ ਉਸ ਸਕੂਲ ’ਚ ਜਾ ਪਹੁੰਚੇ ਜਿੱਥੇ ਸ਼੍ਰੀਨਿਵਾਸ ਨੂੰ ਭੇਜਿਆ ਗਿਆ ਸੀ। ਇਨ੍ਹਾਂ ਬੱਚਿਆਂ ਵਿਚ ਪਹਿਲੀ ਜਮਾਤ ਤੋਂ 5ਵੀਂ ਜਮਾਤ ਤੱਕ ਦੇ ਵਿਦਿਆਰਥੀ-ਵਿਦਿਆਰਥਣਾਂ ਸਨ।

ਉਸ ਜ਼ਿਲੇ ਦੇ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਬੱਚੇ ਆਪਣੇ ਅਧਿਆਪਕਾਂ ਨਾਲ ਭਾਵਨਾਤਮਕ ਤੌਰ ’ਤੇ ਜੁੜ ਜਾਂਦੇ ਹਨ ਇਹ ਤਾਂ ਪਤਾ ਹੈ ਪਰ ਉਹ ਅਧਿਆਪਕ ਦੇ ਲਈ ਸਕੂਲ ਹੀ ਛੱਡ ਦੇਣਗੇ ਅਤੇ ਸਕੂਲ ਛੱਡ ਕੇ ਉਸ ਸਕੂਲ ’ਚ ਚਲੇ ਜਾਣਗੇ ਜਿੱਥੇ ਅਧਿਆਪਕ ਜਾ ਰਹੇ ਹਨ, ਇਹ ਪਹਿਲੀ ਵਾਰ ਸੁਣਿਆ ਹੈ। ਅਜਿਹੀ ਤਾਂ ਕਲਪਨਾ ਕਰਨੀ ਤੱਕ ਮੁਸ਼ਕਲ ਹੈ।

ਸ਼੍ਰੀਨਿਵਾਸ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੜੀ ਨਿਮਰਤਾ ਨਾਲ ਕਿਹਾ, ‘‘ਮੈਂ ਤਾਂ ਉਹੀ ਕੀਤਾ ਹੈ, ਜੋ ਮੇਰਾ ਫਰਜ਼ ਸੀ। ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਖੂਬ ਪੜ੍ਹਾ ਸਕਾਂ। ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਾਂ। ਉਨ੍ਹਾਂ ਨੂੰ ਪਿਆਰ ਦੇ ਸਕਾਂ। ਬੱਚਿਆਂ ਅਤੇ ਮਾਤਾ-ਪਿਤਾ ਨੇ ਮੇਰੇ ’ਤੇ ਭਰੋਸਾ ਪ੍ਰਗਟਾਇਆ। ਮੈਨੂੰ ਪਿਆਰ ਦਿੱਤਾ। ਇਸ ਦੇ ਲਈ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਸਰਕਾਰੀ ਸਕੂਲਾਂ ’ਚ ਬਹੁਤ ਸਾਰੀਆਂ ਸਹੂਲਤਾਂ ਹਨ। ਮੈਂ ਮਾਤਾ-ਪਿਤਾ ਨੂੰ ਬੇਨਤੀ ਕਰਾਂਗਾ ਕਿ ਉਹ ਇਨ੍ਹਾਂ ਦਾ ਲਾਭ ਉਠਾਉਣ।

ਪੋਂਕਲ ਪਿੰਡ ਦੇ ਲੋਕ ਸ਼੍ਰੀਨਿਵਾਸ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ। ਉਹ ਕਹਿੰਦੇ ਹਨ ਕਿ ਜੇਕਰ ਅਜਿਹੇ ਅਧਿਆਪਕ ਹਰ ਬੱਚੇ ਨੂੰ ਮਿਲ ਜਾਣ ਤਾਂ ਬੱਚਿਆਂ ਦਾ ਭਵਿੱਖ ਸੁਧਰ ਜਾਵੇ। ਸੱਚ ਵੀ ਹੈ ਚੰਗੇ ਅਧਿਆਪਕ ਜ਼ਿੰਦਗੀ ਭਰ ਯਾਦ ਰਹਿੰਦੇ ਹਨ।

ਇਸ ਲੇਖਿਕਾ ਨੇ ਅਜਿਹੀਆਂ ਕਈ ਘਟਨਾਵਾਂ ਦੇਖੀਆਂ ਹਨ ਕਿ ਕੋਈ ਅਧਿਆਪਕ ਸੜਕ ’ਤੇ ਪੈਦਲ ਜਾ ਰਿਹਾ ਹੈ। ਅਚਾਨਕ ਉਸ ਦੇ ਕੋਲ ਆ ਕੇ ਸਰਕਾਰੀ ਗੱਡੀ ਰੁਕਦੀ ਹੈ। ਉਸ ’ਚੋਂ ਕੁਲੈਕਟਰ ਉਤਰਦਾ ਹੈ। ਆਪਣੀ ਪਛਾਣ ਦੱਸਦਾ ਹੈ ਕਿ ਸਰ ਤੁਸੀਂ ਮੈਨੂੰ ਪਛਾਣਿਆ ਨਹੀਂ। ਤੁਸੀਂ ਫਲਾਣੇ ਸੰਨ ’ਚ ਮੈਨੂੰ ਪੜ੍ਹਾਇਆ ਸੀ। ਜ਼ਿੰਦਗੀ ’ਚ ਜੋ ਕੁਝ ਬਣਿਆ ਉਹ ਤੁਹਾਡੇ ਹੀ ਕਾਰਨ ਹੈ।

ਸਰਕਾਰੀ ਸਕੂਲਾਂ ਬਾਰੇ ਅਕਸਰ ਬੇਹੱਦ ਨਾਂਹ-ਪੱਖੀ ਖਬਰਾਂ ਆਉਂਦੀਆਂ ਹਨ ਕਿ ਉਥੇ ਅਧਿਆਪਕ ਪੜ੍ਹਾਉਂਦੇ ਨਹੀਂ। ਉਹ ਜਮਾਤ ’ਚ ਹੀ ਨਹੀਂ ਆਉਂਦੇ ਸਗੋਂ ਕੁਝ ਪੈਸੇ ਦੇ ਕੇ ਕਿਸੇ ਹੋਰ ਨੂੰ ਪੜ੍ਹਾਉਣ ਭੇਜ ਦਿੰਦੇ ਹਨ। ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਬੇਹੱਦ ਖਰਾਬ ਹੈ।

ਅਜਿਹੀਆਂ ਨਾਂਹ-ਪੱਖੀ ਖਬਰਾਂ ਜਿਨ੍ਹਾਂ ’ਚੋਂ ਕੁਝ ਸੱਚੀਆਂ ਵੀ ਹੋਣਗੀਆਂ, ਦਾ ਹੀ ਅਸਰ ਹੈ ਕਿ ਲੋਕਾਂ ਦੇ ਮਨ ’ਚ ਸਰਕਾਰੀ ਸਕੂਲਾਂ ਪ੍ਰਤੀ ਇਹ ਰਾਇ ਬਣ ਗਈ ਕਿ ਉਥੇ ਬੱਚਿਆਂ ਨੂੰ ਪੜ੍ਹਾਉਣ ਦਾ ਭਾਵ ਉਨ੍ਹਾਂ ਦਾ ਭਵਿੱਖ ਖਰਾਬ ਕਰਨਾ ਹੈ। ਇਸ ਲਈ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਭੇਜਦੇ ਹਨ ਅਤੇ ਮੋਟੀ ਫੀਸ ਅਦਾ ਕਰਦੇ ਹਨ।

ਪਰ ਸਰਕਾਰੀ ਸਕੂਲਾਂ ਬਾਰੇ ਇਹ ਧਾਰਨਾ ਸ਼੍ਰੀਨਿਵਾਸ ਵਰਗੇ ਅਧਿਆਪਕਾਂ ਦੇ ਕਾਰਨ ਟੁੱਟ ਜਾਂਦੀ ਹੈ ਅਤੇ ਸ਼੍ਰੀਨਿਵਾਸ ਹੀ ਕਿਉਂ ਅਜਿਹੇ ਬਹੁਤ ਸਾਰੇ ਅਧਿਆਪਕ ਅਤੇ ਅਧਿਆਪਕਾਵਾਂ ਹੋਣਗੀਆਂ ਜੋ ਸਰਕਾਰੀ ਸਕੂਲਾਂ ’ਚ ਰਹਿੰਦੇ ਹੋਏ ਵੀ ਆਪਣੇ ਵਿਦਿਆਰਥੀਆਂ ਦੇ ਭਵਿੱਖ ਦਾ ਖਿਆਲ ਕਰਦੇ ਹੋਣਗੇ। ਚੰਗਾ ਪੜ੍ਹਾਉਂਦੇ ਹੋਣਗੇ। ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਦਰਮਿਆਨ ਹਰਮਨਪਿਆਰੇ ਹੋਣਗੇ। ਦੂਜੇ ਅਧਿਆਪਕਾਂ ਨੂੰ ਵੀ ਅਜਿਹੇ ਅਧਿਆਪਕਾਂ ਤੋਂ ਸਿੱਖਣ ਦੀ ਲੋੜ ਹੈ। ਕਰ ਕੇ ਤਾਂ ਦੇਖੋ, ਬੱਚਿਆਂ ਦੇ ਰੂਪ ’ਚ ਤਹਾਨੂੰ ਜ਼ਿੰਦਗੀ ਭਰ ਦੇ ਪ੍ਰਸ਼ੰਸਕ ਮਿਲਣਗੇ।

ਸ਼ਮਾ ਸ਼ਰਮਾ


Rakesh

Content Editor

Related News