ਚੀਨ ਦੇ ਮੁਸਲਿਮ ਕੈਂਪਾਂ ਦੇ ਅੰਦਰ ਦੀਆਂ ਦਰਦਨਾਕ ਕਹਾਣੀਆਂ

01/03/2020 1:47:38 AM

ਹੈਰਾਲਡ ਮਾਸ

ਸਬਜ਼ੀ ਵੇਚਣ ਵਾਲੇ ਕਰਾਤ ਸਮਰਖਾਨ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਪੁਲਸ ਥਾਣੇ ਕਿਉਂ ਸੱਦਿਆ ਗਿਆ ਸੀ। ਉਸ ਨੂੰ ਆਪਣੀ ਜੇਬ ਖਾਲੀ ਕਰਨੀ ਸੀ ਅਤੇ ਆਪਣੀ ਬੈਲਟ ਨੂੰ ਪੁਲਸ ਨੂੰ ਸੌਂਪਣਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਖਾਨ ਦਾ ਕਹਿਣਾ ਹੈ ਕਿ ਜਾਂਚ ਕਰਨ ਦੇ ਦਿਨਾਂ ਦੌਰਾਨ ਉਸ ਨੂੰ ਸੌਣ ਦੀ ਇਜਾਜ਼ਤ ਨਹੀਂ ਸੀ। ਅਧਿਕਾਰੀਆਂ ਨੇ ਉਸ ਦੇ ਸਿਰ ’ਤੇ ਇਕ ਬੋਰੀ ਰੱਖ ਦਿੱਤੀ ਅਤੇ ਉਸ ਨੂੰ ਅਲਤਾਈ ਸ਼ਹਿਰ ਦੇ ਨੇੜੇ ਇਕ ਕੈੈਂਪ ਵਿਚ ਲੈ ਗਏ। ਇਕ ਮੁਸਲਿਮ ਕਜ਼ਾਖ ਸਮਰਖਾਨ ਨੇ ਕੈਂਪ ਵਿਚ ਆਪਣੇ ਅਨੁਭਵ ਨੂੰ ਸਾਂਝਾ ਕੀਤਾ। ਉਸ ਦਾ ਕਹਿਣਾ ਸੀ ਕਿ ਨਿੱਤ ਦਿਨ ਸਾਨੂੰ ਮੁਸਲਿਮ ਵਿਸ਼ਵਾਸ ਨੂੰ ਤਿਆਗਣਾ ਸੀ ਅਤੇ ਪੁਸ਼ਟੀ ਕਰਨੀ ਹੁੰਦੀ ਸੀ ਕਿ ਅਸੀਂ ਚੀਨ ਦੇ ਕਾਨੂੰਨਾਂ ਦਾ ਸਨਮਾਨ ਕਰਦੇ ਹਾਂ। ਹਰ ਭੋਜਨ ਤੋਂ ਪਹਿਲਾਂ ਸਾਨੂੰ ‘ਲਾਂਗ ਲਿਵ ਸ਼ੀ ਜਿਨਪਿੰਗ’ ਦੀ ਆਵਾਜ਼ ਲਗਾਉਣੀ ਪੈਂਦੀ ਸੀ।

ਪਿਛਲੇ 2 ਸਾਲਾਂ ਵਿਚ ਚੀਨ ਵਿਚ ਜਿਸ ’ਤੇ ਕਿਸੇ ਨੇ ਧਿਆਨ ਨਹੀਂ ਦਿੱਤਾ, ਉਹ ਇਹ ਗੱਲ ਹੈ ਕਿ ਉਸ ਨੇ ਦੁਨੀਆ ਵਿਚ ਸਭ ਤੋਂ ਵੱਡੇ ਅੰਦਰੂਨੀ ਕੈਂਪਾਂ ਦਾ ਨੈੱਟਵਰਕ ਬਣਾ ਕੇ ਰੱਖਿਆ ਹੈ। ਸ਼ਿਨਜਿਆਂਗ ਦੇ ਪੱਛਮੀ ਇਲਾਕੇ ਵਿਚ ਇਨ੍ਹਾਂ ਦੀ ਗਿਣਤੀ ਹਜ਼ਾਰ ਤੋਂ ਵੱਧ ਹੈ, ਜਿਨ੍ਹਾਂ ਵਿਚ ਲੱਗਭਗ ਇਕ ਮਿਲੀਅਨ ਮੁਸਲਮਾਨਾਂ ਨੂੰ ਹਿਰਾਸਤ ਵਿਚ ਰੱਖਆ ਹੈ, ਜਿਸ ਦਾ ਮਕਸਦ ਉਨ੍ਹਾਂ ਦੀ ਸੋਚ ਵਿਚ ਵਾਇਰਸ ਦੇ ਖਾਤਮੇ ਦੇ ਅਧਿਕਾਰਤ ਮਕਸਦ ਦੇ ਨਾਲ ਉਨ੍ਹਾਂ ਨੂੰ ਹਿਰਾਸਤ ਵਿਚ ਰੱਖਣਾ ਹੈ। ਚੀਨੀ ਸਰਕਾਰ ਦਾ ਦਾਅਵਾ ਹੈ ਕਿ ਕੈਂਪਾਂ ਵਿਚ ਜ਼ਾਲਿਮਪੁਣਾ ਨਹੀਂ ਹੈ, ਉਥੇ ਤਾਂ ਬਸ ਲਿਖਾਈ-ਪੜ੍ਹਾਈ ਹੈ ਪਰ ਸਮਰਖਾਨ ’ਤੇ ਅੱਤਿਆਚਾਰ ਕੀਤਾ ਗਿਆ ਅਤੇ ਅਖੀਰ ਉਸ ਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਕੰਧ ਵੱਲ ਭੱਜਿਆ ਅਤੇ ਆਪਣਾ ਸਿਰ ਉਥੇ ਮਾਰਦਾ ਰਿਹਾ ਅਤੇ ਕਹਿੰਦਾ ਰਿਹਾ ਕਿ ਉਹ ਜਿਊਣਾ ਨਹੀਂ ਚਾਹੁੰਦਾ। ਫਿਰ ਉਸ ਤੋਂ ਬਾਅਦ ਉਸ ਨੂੰ ਇਕ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਫਿਰ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਤੁਰੰਤ ਬਾਅਦ ਸਮਰਖਾਨ ਕਜ਼ਾਖਿਸਤਾਨ ਭੱਜ ਗਿਆ।

ਜਦੋਂ ਤਕ ਤੁਸੀਂ ਸੂਬੇ ਵਲੋਂ ਪ੍ਰਵਾਨਿਤ ਪ੍ਰੈੱਸ ਯਾਤਰਾ ਦਾ ਹਿੱਸਾ ਨਹੀਂ ਹੁੰਦੇ, ਉਦੋਂ ਤਕ ਅਸਲੀ ਕੈਂਪ ਦਾ ਦੌਰਾ ਕਰਨਾ ਅਸੰਭਵ ਹੈ ਪਰ ਮੈਂ ਝਿੰਗਝਿਆਂਗ ਲਈ ਅੰਡਰ ਕਵਰ ਯਾਤਰਾ ਕਰਨ ਵਿਚ ਕਾਮਯਾਬ ਰਿਹਾ। ਮੈਂ ਕੈਂਪਾਂ ਦੇ ਬਾਹਰ ਅਜਿਹੇ ਪੁਲਸ ਅਤੇ ਨਿਗਰਾਨੀ ਰੱਖਣ ਵਾਲੇ ਅਧਿਕਾਰੀ ਦੇਖੇ, ਜੋ ਮਾਓ ਤਸੇ ਤੁੰਗ ਦੀ ਸੱਭਿਆਚਾਰਕ ਕ੍ਰਾਂਤੀ ਵਾਂਗ ਇਕ ਹਾਈਟੈੱਕ ਐਡੀਸ਼ਨ ਵਰਗੇ ਲੱਗ ਰਹੇ ਸਨ। ਹਰ ਗਲੀ ਅਤੇ ਨੁੱਕਰ, ਇਥੋਂ ਤਕ ਕਿ ਇਕ ਛੋਟੇ ਜਿਹੇ ਪਿੰਡ ’ਚ ਵੀ ਨਿਗਰਾਨੀ ਕੈੈਮਰਿਆਂ ਰਾਹੀਂ ਸਭ ’ਤੇ ਨਜ਼ਰਾਂ ਰੱਖੀਆਂ ਜਾ ਰਹੀਆਂ ਸਨ। ਸਾਰੇ ਕੈਮਰੇ ਚਿਹਰਿਆਂ ਦੀ ਪਛਾਣ ਤਕਨੀਕ ਨਾਲ ਲੈਸ ਹਨ। ਡਿਪਾਰਟਮੈਂਟ ਸਟੋਰ, ਰੈਸਟੋਰੈਂਟ ਅਤੇ ਹੋਰ ਜਨਤਕ ਇਮਾਰਤਾਂ ਸੁਰੱਖਿਆ ਗਾਰਡਾਂ ਦੁਆਰਾ ਸੁਰੱਖਿਅਤ ਹਨ। ਹਰ 100 ਗਜ਼ ਦੀ ਦੂਰੀ ’ਤੇ ਪੁਲਸ ਥਾਣਾ ਹੈ। ਕੁਝ ਸ਼ਹਿਰਾਂ ਵਿਚ ਤਾਂ ਬਖਤਰਬੰਦ ਫੌਜੀ ਵਾਹਨ ਸੜਕਾਂ ’ਤੇ ਗਸ਼ਤ ਕਰਦੇ ਹਨ। ਇਮਾਰਤਾਂ ਦੇ ਅੱਗੇ ਕੰਡਿਆਲੀਆਂ ਤਾਰਾਂ ਲਗਾਈਆਂ ਗਈਆਂ ਹਨ। ਟੈਂਕਾਂ ਦਾ ਜਾਲ ਵਿਛਿਆ ਹੋਇਆ ਹੈ। ਆਪਣੇ ਦੌਰੇ ਦੌਰਾਨ ਮੈਂ ਜਿਹੜੀਆਂ ਮਸਜਿਦਾਂ ਦਾ ਦੌਰਾ ਕੀਤਾ, ਉਨ੍ਹਾਂ ’ਚੋਂ ਲੱਗਭਗ ਸਾਰੀਆਂ ਬੰਦ ਹੋ ਚੁੱਕੀਆਂ ਹਨ ਅਤੇ ਉਨ੍ਹਾਂ ’ਚ ਕਿਸੇ ਨੇ ਵੀ ਨਮਾਜ਼ ਅਦਾ ਕਰਨ ਦੀ ਹਿੰਮਤ ਨਹੀਂ ਕੀਤੀ। ਉਈਗਰ ਅਤੇ ਕਜ਼ਾਖ ਲੋਕਾਂ ਦਾ ਨਿੱਤ ਦਾ ਜੀਵਨ ਪੁਲਸ ਕੰਟਰੋਲ ਅਤੇ ਸੁਰੱਖਿਆ ਜਾਂਚ ਦਾ ਇਕ ਰੁਟੀਨ ਹਿੱਸਾ ਬਣ ਚੁੱਕਾ ਹੈ। ਰਾਜਮਾਰਗਾਂ ਦੇ ਨਾਲ ਸ਼ਹਿਰਾਂ ਦੇ ਗੇਟਾਂ ’ਤੇ ਅਤੇ ਗਲੀਆਂ ਵਿਚ ਹਰ ਥਾਂ ਚੌਕੀਆਂ ਹੀ ਚੌਕੀਆਂ ਹਨ, ਜਿੱਥੇ ਸਿਰਫ ਮੁਸਲਮਾਨਾਂ ਦੀ ਹੀ ਜਾਂਚ ਕੀਤੀ ਜਾਂਦੀ ਹੈ। ਕਈਆਂ ਨੂੰ ਆਪਣੇ ਫੋਨ ’ਤੇ ਜਿੰਗਵਾਂਗ (ਕਲੀਨ ਵੈਬ) ਨਾਂ ਦਾ ਇਕ ਨਿਗਰਾਨੀ ਐਪ ਇੰਸਟਾਲ ਕਰਨਾ ਹੁੰਦਾ ਹੈ, ਜੋ ਸਾਰੇ ਸੰਚਾਰ ’ਤੇ ਨਜ਼ਰ ਰੱਖਦਾ ਹੈ। ਪੈਟਰੋਲ ਪੰਪ ’ਤੇ ਪੈਟਰੋਲ ਭਰਵਾਉਣ ਲਈ ਲੋਕਾਂ ਨੂੰ ਆਪਣੇ ਆਈ. ਡੀ. ਕਾਰਡ ਅਤੇ ਚਿਹਰੇ ਦੀ ਪਛਾਣ ਨਾਲ ਰਜਿਸਟਰਡ ਕਰਨਾ ਹੁੰਦਾ ਹੈ। ਅਜਿਹਾ ਕਰਨ ਨਾਲ ਇਹ ਡਾਟਾ ਨਿਗਰਾਨੀ ਕੈਂਪ ਕੈਮਰਿਆਂ ਦੇ ਕੋਲ ਚਲਾ ਜਾਂਦਾ ਹੈ। ਲੋਕਾਂ ਦੀ ਖਰੀਦਦਾਰੀ ਦਾ ਵਿਹਾਰ ਵੀ ਜਾਣਿਆ ਜਾਂਦਾ ਹੈ ਅਤੇ ਸਿਹਤ ਦਸਤਾਵੇਜ਼ਾਂ ਨੂੰ ਵੀ ਇਕੱਤਰ ਕੀਤਾ ਜਾਂਦਾ ਹੈ। ਜੇਕਰ ਇਕ ਪਰਿਵਾਰ ਆਪਣੇ ਗੁਆਂਢੀਆਂ ਦੇ ਮੁਕਾਬਲੇ ਵੱਧ ਪਾਣੀ ਦੀ ਵਰਤੋਂ ਕਰਦਾ ਹੈ ਤਾਂ ਇਹ ਘਰ ਵਿਚ ਗੈਰ-ਰਜਿਟਰਡ ਮਹਿਮਾਨ ਹੋਣ ਦਾ ਸੰਕੇਤ ਦਿੰਦਾ ਹੈ। ਇਸ ਲਈ ਪੁਲਸ ਨੂੰ ਇਕ ਸਵੈ-ਚਲਿਤ ਸੰਦੇਸ਼ ਭੇਜਿਆ ਜਾਂਦਾ ਹੈ ਅਤੇ ਸ਼ੱਕੀਆਂ ਨੂੰ ਕੈਂਪ ਵਿਚ ਭੇਜਿਆ ਜਾਂਦਾ ਹੈ। ਮੈਂ ਹਿਰਾਸਤ ਵਿਚ ਲਏ ਗਏ ਇਕ ਦਰਜਨ ਤੋਂ ਵੀ ਵੱਧ ਮੁਸਲਿਮ ਪਰਿਵਾਰਾਂ ਦੀ ਇੰਟਰਵਿਊ ਕੀਤੀ, ਜਿਨ੍ਹਾਂ ਨੇ ਮੈਨੂੰ ਚਿਲਿੰਗ ਡਿਟੇਲਸ ਦੱਸੀਆਂ। ਕਿਉਂਕਿ ਚੀਨ ਨੇ ਵਿਦੇਸ਼ਾਂ ਵਿਚ ਲੀਕ ਹੋਏ ਕੈਂਪਾਂ ਦੇ ਅੰਦਰੋਂ ਬਿਨਾਂ ਸੈਂਸਰ ਕੀਤੇ ਵੀਡੀਓ ਅਤੇ ਤਸਵੀਰਾਂ ਨੂੰ ਰੋਕਿਆ ਹੈ, ਇਸ ਲਈ ਉਨ੍ਹਾਂ ਦੀ ਅਗਵਾਈ ਇਸ ਗੱਲ ਦਾ ਸਭ ਤੋਂ ਮਜ਼ਬੂਤ ਸਬੂਤ ਹੈ ਕਿ ਅੰਦਰ ਕੀ ਹੋ ਰਿਹਾ ਹੈ। ਕਈਆਂ ਨੇ ਮੈਨੂੰ ਹਿਰਾਸਤ ਵਿਚ ਲਏ ਗਏ ਪਰਿਵਾਰਾਂ ਦੀਆਂ ਤਸਵੀਰਾਂ ਦਿਖਾਈਆਂ। ਹੋਰ ਲੋਕ ਆਪਣੇ ਨਾਵਾਂ ਨੂੰ ਜਨਤਕ ਕਰਨ ਲਈ ਕਾਫੀ ਅਣਇੱਛੁਕ ਸਨ। ਮੈਂ ਡੋਲਕਨ ਟੁਰਸਨ, ਜੋ ਕਿ ਚੀਨੀ ਕਮਿਊਨਿਸਟ ਪਾਰਟੀ ਦਾ ਮੈਂਬਰ ਅਤੇ ਸਾਬਕਾ ਅਧਿਕਾਰੀ ਹੈ, ਬਾਰੇ ਸੁਣਿਆ ਹੈ, ਜਿਸ ਨੂੰ ਵਟਸਐਪ ਨੂੰ ਆਪਣੇ ਫੋਨ ’ਤੇ ਚਲਾਉਣ ਦੇ ਜੁਰਮ ਵਿਚ ਇਕ ਸਾਲ ਤਕ ਹਿਰਾਸਤ ਵਿਚ ਰੱਖਿਆ ਗਿਆ। ਉਸ ਦੇ ਪਰਿਵਾਰ ਨੂੰ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਓਧਰ ਕੱਪੜਿਆਂ ਦੇ ਵਪਾਰੀ ਅਬੋਰਲਟ ਸੈਵੂਤ ਨੂੰ ਬਹੁਤ ਜ਼ਿਆਦਾ ਪੈਟਰੋਲ ਖਰੀਦਣ ਦੇ ਦੋਸ਼ ਵਿਚ ਡੇਢ ਸਾਲ ਹਿਰਾਸਤ ਵਿਚ ਰੱਖਿਆ ਗਿਆ।

ਚੀਨੀ ਸਰਕਾਰ ਦੇ ਅੰਦਰੂਨੀ ਦਸਤਾਵੇਜ਼ਾਂ ਦੇ ਗੁਪਤ ਸਥਾਨ, ਜੋ ਪਿਛਲੇ ਮਹੀਨੇ ਲੀਕ ਹੋਏ ਸਨ, ਸਮਰਖਾਨ ਵਰਗੇ ਸਾਬਕਾ ਕੈਦੀਆਂ ਦੀ ਗਵਾਹੀ ਦੀ ਪੁਸ਼ਟੀ ਕਰਦੇ ਹਨ। ਕਾਗਜ਼ਾਤ ਵਿਚ ਇਕ ਵਿਸਥਾਰਤ ਟੈਲੀਗ੍ਰਾਮ ਜਾਂ ਸਰਕਾਰ ਦੁਆਰਾ ਦਿੱਤੇ ਗਏ ਆਦੇਸ਼ ਸ਼ਾਮਿਲ ਹਨ ਕਿ ਕਿਹੜੇ-ਕਿਹੜੇ ਕੈਂਪਾਂ ਦਾ ਨਿਰਮਾਣ ਅਤੇ ਸੰਚਾਲਨ ਕੀਤਾ ਜਾਣਾ ਚਾਹੀਦਾ, ਜਿਨ੍ਹਾਂ ਵਿਚ ਕੰਡਿਆਲੀ ਵਾੜ ਅਤੇ ਕੰਧਾਂ ਵੀ ਸ਼ਾਮਿਲ ਹਨ। 24 ਘੰਟੇ ਵੀਡੀਓ ਸਰਵੀਲੈਂਸ ਸਿਸਟਮ ‘ਨੋ ਬਲਾਈਂਡ ਸਪਾਟ’ ਨਾਲ ਕੈਦੀਆਂ ਦੀ ਨਿਗਰਾਨੀ ਕੀਤੀ ਜਾਂਦੀ ਹੈੈ। ਦਸਤਾਵੇਜ਼ਾਂ ’ਚੋਂ ਇਹ ਵੀ ਪਤਾ ਲੱਗਦਾ ਹੈ ਕਿ ਚੀਨੀ ਸਰਕਾਰ ਵਿਦੇਸ਼ਾਂ ਵਿਚ ਵੀ ਰਾਏਸ਼ੁਮਾਰੀ ਬਾਰੇ ਚਿੰਤਤ ਸੀ। ਇਕ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਕੈਂਪ ਬੜੇ ਸੰਵੇਦਨਸ਼ੀਲ ਹਨ। ਗੁਪਤ, ਗੰਭੀਰ, ਸਿਆਸੀ ਅਨੁਸ਼ਾਸਨ ਅਤੇ ਖੁਫੀਅਤਾ ਬਾਰੇ ਕਰਮਚਾਰੀਆਂ ਦੀ ਜਾਗਰੂਕਤਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।

ਚੀਨ ਸ਼ਿਨਜਿਆਂਗ ਵਿਚ ਅੱਤਵਾਦ ਵਿਰੁੱਧ ਲੜਾਈ ਲੜਨ ਦੇ ਤਹਿਤ ਆਪਣੀ ਨੀਤੀ ਦਾ ਬਚਾਅ ਕਰਦਾ ਹੈ। ਦਹਾਕਿਆਂ ਤੋਂ ਚੀਨ ਨੇ ਉਈਗਰ ਅਤੇ ਹੋਰ ਘੱਟਗਿਣਤੀਆਂ ਦੇ ਹੱਕਾਂ ’ਤੇ ਰੋਕ ਲਗਾਈ ਹੈ। ਸਕੂਲਾਂ ਵਿਚ ਉਈਗਰ ਭਾਸ਼ਾ ਦੀ ਵਰਤੋਂ ’ਤੇ ਪਾਬੰਦੀ ਲਾਈ ਗਈ ਹੈ। ਔਰਤਾਂ ਨੂੰ ਘੁੰਢ ਕੱਢਣ ਅਤੇ ਮਰਦਾਂ ਨੂੰ ਲੰਮੀ ਦਾੜ੍ਹੀ ਰੱਖਣ ਦੇ ਅਧਿਕਾਰ ਤੋਂ ਵਾਂਝਾ ਕੀਤਾ ਗਿਆ ਹੈ। ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਰਵਾਇਤੀ ਮੁਸਲਿਮ ਨਾਂ ਦੇਣ ਤੋਂ ਵੀ ਮਨ੍ਹਾ ਕੀਤਾ ਜਾਂਦਾ ਹੈ।

ਚੀਨ ਝਿਝਿਯਾਂਗ ਤੋਂ ਨਿਕਲਣ ਵਾਲੀ ਜਾਣਕਾਰੀ ਦੇ ਪ੍ਰਵਾਹ ਨੂੰ ਰੋਕਣ ਲਈ ਸਖਤ ਮਿਹਨਤ ਕਰ ਰਿਹਾ ਹੈ। ਪੂਰਾ ਇਲਾਕਾ ਰੇਗਿਸਤਾਨਾਂ ਅਤੇ ਪਹਾੜਾਂ ਦਾ ਇਕ ਖੇਤਰ ਹੈ, ਜੋ ਕਿ ਯੂ. ਕੇ. ਦੇ ਆਕਾਰ ਨਾਲੋਂ 6 ਗੁਣਾ ਵੱਧ ਹੈ। ਇਹ ਖੇਤਰ 11 ਮਿਲੀਅਨ ਉਈਗਰ, 1.6 ਮਿਲੀਅਨ ਜਾਤੀ ਕਜਾਖ ਅਤੇ ਹੋਰਨਾਂ ਜਾਤੀ ਸਮੂਹਾਂ ਦਾ ਘਰ ਹੈ। ਇਹ ਵਿਵਹਾਰਕ ਤੌਰ ’ਤੇ ਬੰਦ ਪਿਆ ਹੈ। ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸ਼ੀ ਜਿਨਪਿੰਗ ਨੇ ਮੁਸਲਿਮ ਆਬਾਦੀ ਨੂੰ ਕੰਟਰੋਲ ਕਰਨ ਲਈ ਤਾਨਾਸ਼ਾਹੀ ਦੇ ਅੰਗਾਂ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ ਹੋਇਆ ਹੈ। ਇਸ ਮਾਮਲੇ ਵਿਚ ਸ਼ੀ ਕੋਈ ਵੀ ਦਇਆ ਨਹੀਂ ਦਿਖਾਉਣਾ ਚਾਹੁੰਦੇ। ਕਮਿਊਨਿਸਟ ਚੀਨ ਦੇ ਇਤਿਹਾਸ ਵਿਚ ਇਕ ਧਾਰਮਿਕ ਘੱਟਗਿਣਤੀ ’ਤੇ ਇਹ ਤਰੇੜ ਨਾ ਪੂਰੀ ਜਾਣ ਵਾਲੀ ਹੈ। (ਐੱਸ.)


Bharat Thapa

Content Editor

Related News