ਪੰਜਾਬ ਦੀ ਸਿਆਸਤ ’ਚ ਅੱਜ ਗੰਭੀਰ ਚਿੰਤਨ ਦਾ ਸਮਾਂ
Sunday, Mar 21, 2021 - 03:13 AM (IST)

ਮਾਸਟਰ ਮੋਹਨ ਲਾਲ
ਕਾਂਗਰਸ ਪੰਜਾਬ ਦੀ ਸੱਤਾ ’ਤੇ ਕਾਬਜ਼ ਹੈ। ਸੁਪਨਾ ਮੁੜ 2022 ਦੀਆਂ ਚੋਣਾਂ ’ਤੇ ਸੱਤਾ ਵਾਪਸੀ ਦਾ ਦੇਖ ਰਹੀ ਹੈ ਪਰ ਕਾਂਗਰਸ ਦਾ ਮੌਜੂਦਾ ਕਾਲ ਨਿਰਾਸ਼ਾਜਨਕ ਰਿਹਾ ਹੈ। ਜੇਕਰ 2022 ਦੇ ਬਾਅਦ ਕਾਂਗਰਸ ਮੁੜ ਸੱਤਾ ’ਚ ਆਉਂਦੀ ਹੈ ਤਾਂ ਯਕੀਨਨ ਹੋਰ ਸਿਆਸੀ ਪਾਰਟੀਆਂ ਲਈ ਉਹ ਕਾਲਖੰਡ ਅਤੇ ਨਿਰਾਸ਼ਾਜਨਕ ਹੋਵੇਗਾ।
ਅੱਜ ਕਾਂਗਰਸ ਕਿਸਾਨ ਅੰਦੋਲਨ ਦੇ ਰੱਥ ’ਤੇ ਸਵਾਰ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਕੁੱਟਦੇ ਦੇਖ ਆਨੰਦ ਦਾ ਅਨੁਭਵ ਕਰ ਰਹੀ ਹੈ ਪਰ ਕਾਂਗਰਸ ਇਹ ਨਹੀਂ ਸਮਝ ਰਹੀ ਕਿ ਰਣਨੀਤੀ ਪਲ-ਪਲ ਬਦਲਦੀ ਰਹਿੰਦੀ ਹੈ। ਸ਼ਾਹ ਤੇ ਮੋਦੀ ਦੀ ਜੁਗਲਬੰਦੀ ਲਗਾਤਾਰ ਅਸੰਭਵ ਨੂੰ ਸੰਭਵ ਕਰਦੀ ਜਾ ਰਹੀ ਹੈ।
ਕਾਂਗਰਸ ਕਿਸੇ ਭਰਮ ’ਚ ਨਾ ਰਹੇ ਕਿ ਪੰਜਾਬ ਸਦਾ ਅਜਿਹੀ ਹੀ ਸਿਆਸਤ ਨੂੰ ਝੱਲਦਾ ਰਹੇਗਾ। ਹਾਲਾਤ ਯਕੀਨਨ ਬਦਲ ਜਾਣਗੇ। ਸੰਭਵ ਹੈ ਕਿ ਕਿਸਾਨ ਕੱਲ ਆਪਣੇ-ਆਪਣੇ ਖੇਤਾਂ ਵੱਲ ਪਰਤ ਜਾਣ ਪਰ ਅੱਜ ਦੇ ਸਿਆਸੀ ਸੰਦਰਭ ’ਚ ਇਕ ਬੇਨਤੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਜ਼ਰੂਰ ਕਰਾਂਗਾ ਕਿ ਇਹੀ ਚਿੰਤਨ ਕਾਲ ਹੈ।
ਲਛਮਣ ਰੇਖਾਵਾਂ ਦਾ ਵੇਦਨਕਾਲ ਹੈ। ਸਿਆਸੀ ਸਰਵੇਖਣ ਕਹਿ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਚੋਣਾਂ ’ਚ ਵੱਧ ਤੋਂ ਵੱਧ 30 ਸੀਟਾਂ ਜਿੱਤਦਾ ਦਿਖਾਈ ਦਿੰਦਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਮੁੜ ਕਿਸੇ ਸੰਤ ਫਤਿਹ ਸਿੰਘ ਜਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਭਾਲ ਕਰੇ।
ਭਾਰਤੀ ਜਨਤਾ ਪਾਰਟੀ ਕਿਸੇ ਡਾਕਟਰ ਬਲਦੇਵ ਪ੍ਰਕਾਸ਼ ਜਾਂ ਵੀਰ ਯਗਦੱਤ ਸ਼ਰਮਾ ਨੂੰ ਲੱਭੇ। ਅੱਜ ਦੇ ਹਮਲਾਵਰ ਨੇਤਾ ਭੁੱਲ ਗਏ ਹੋਣਗੇ ਪਰ ਪੰਜਾਬ ਦੀ ਮੌਜੂਦਾ ਸਿਆਸਤ ’ਚ ਚਿੰਤਕ ਕਿੱਥੋਂ ਲਿਆਓਗੇ? ਟਕਰਾਅ, ਤਣਾਅ ਅਤੇ ਕਿਸਾਨ ਅੰਦੋਲਨ ਦੀ ਤਪਸ਼ ’ਚ ਪੰਜਾਬ ਦੇ ਮੱਥੇ ’ਤੇ ਬਰਫ ਦੀਆਂ ਪੱਟੀਆਂ ਕੌਣ ਰੱਖੇਗਾ? ਚੁੱਭਵੀਂ ਭਾਸ਼ਾ ਅਤੇ ਇਕ-ਦੂਜੀ ਪਾਰਟੀ ’ਤੇ ਉੱਠਦੀਆਂ ਉਂਗਲੀਆਂ ਕੌਣ ਹੇਠਾਂ ਕਰੇਗਾ? ਵਿਗੜੀਆਂ ਨੀਤੀਆਂ ਪਹਿਲਾਂ ਹੀ ਇਕ ਵਿਸ਼ਾਲ ਹਰੇ-ਭਰੇ ਸੂਬੇ ਨੂੰ ‘ਪੰਜਾਬੀ ਸੂਬਾ’ ਬਣਾ ਚੁੱਕੀਆਂ ਹਨ।
ਕੋਈ ਵੀ ਪੰਜਾਬ ਦਾ ਹਿਤੈਸ਼ੀ ਇਸ ਗੱਲ ’ਤੇ ਪਛਤਾਵਾ ਨਹੀਂ ਕਰ ਰਿਹਾ ਕਿ ਇਸੇ ਪੰਜਾਬ ਦਾ ਉਪਜਾਊ ਅਤੇ ਜਰਖੇਜ਼ ਇਲਾਕਾ ਹਰਿਆਣਾ ਬਣ ਗਿਆ। ਇਸੇ ਪੰਜਾਬ ਦਾ ਖੂਬਸੂਰਤ, ਦੇਵਤਿਆਂ ਸਮਾਨ ਇਲਾਕਾ ਹਿਮਾਚਲ ਬਣ ਗਿਆ। ਪੰਜਾਬ ਦਾ ਸ਼ਿੰਗਾਰ ‘ਚੰਡੀਗੜ੍ਹ’ ਕੇਂਦਰ ਸ਼ਾਸਿਤ ਪ੍ਰਦੇਸ਼ ਅਖਵਾ ਰਿਹਾ ਹੈ।
ਸਾਡੇ ਕੋਲ ਹੈ ਕੀ-ਝੋਨਾ ਅਤੇ ਕਣਕ? ਅਤੇ ਜੇਕਰ ਕਿਸਾਨ ਅੰਦੋਲਨ ਲੰਬਾ ਖਿੱਚ ਗਿਆ ਤਾਂ ਝੋਨਾ-ਕਣਕ ਵੀ ਗਏ। ਇਸ ਲਈ ਪੰਜਾਬ ਦੀਆਂ ਹਿਤੈਸ਼ੀ ਪਾਰਟੀਆਂ ਹਮਲਾਵਰ ਹੋਣ ਤੋਂ ਪਹਿਲਾਂ ਰੁਕਣ, ਥੋੜ੍ਹਾ ਸੋਚਣ ਅਤੇ ਫਿਰ ਇਕ-ਦੂਜੇ ’ਤੇ ਅਜਿਹਾ ਲੱਗਦਾ ਹੈ ਤਾਂ ਹਮਲਾ ਕਰਨ। ਪੰਜਾਬ ਦੀ ਜਵਾਨੀ ਨਸ਼ੇ ਤੋਂ ਬਚੇ, ਉਸ ਨੂੰ ਕੰਮ ਮਿਲੇ।
ਤਿੰਨ ਹੀ ਦਰਿਆ ਬਚੇ ਹਨ, ਉਨ੍ਹਾਂ ਨੂੰ ਗੰਦੇ ਨਾਲੇ ਬਣਨ ਤੋਂ ਬਚਾਓ। ਸੰਤ ਸੀਚੇਵਾਲ ਦੀ ਸਾਰ ਲਵੋ। ਪੰਜਾਬ ਦੇ ਰੋਪੜ, ਹੁਸ਼ਿਆਰਪੁਰ, ਪਠਾਨਕੋਟ ਵਰਗੇ ਨੀਮ ਪਹਾੜੀ ਜ਼ਿਲਿਆਂ ਨੂੰ ਮਾਈਨਿੰਗ ਦੀ ਮਾਰ ਤੋਂ ਬਚਾ ਲਓ ਅਤੇ ਫਿਰ ਅੱਗੇ ਦੀ ਸਿਆਸਤ ਕਰੋ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬ ਦੀ ਬਦਹਾਲੀ ’ਤੇ ਹੰਝੂ ਵਹਾਉਂਦੀਅਾਂ ਮਿਲਣਗੀਆਂ।
ਮੈਨੂੰ ਤਾਂ 1967 ਦੇ ਸਿਆਸੀ ਆਗੂ ਯਾਦ ਆਉਣ ਲੱਗੇ ਹਨ। ਕਿਤੇ ਮਾਸਟਰ ਤਾਰਾ ਸਿੰਘ, ਕਿਤੇ ਸੰਤ ਫਤਿਹ ਸਿੰਘ, ਕਿਤੇ ਜਥੇਦਾਰ ਟੌਹੜਾ, ਕਿਤੇ ਤਲਵੰਡੀ, ਕਿਤੇ ਜਸਟਿਸ ਗੁਰਨਾਮ ਸਿੰਘ, ਕਿਤੇ ਸ. ਲਛਮਣ ਸਿੰਘ ਗਿੱਲ, ਕਿਤੇ ਨੌਜਵਾਨ ਪ੍ਰਕਾਸ਼ ਸਿੰਘ ਬਾਦਲ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨ ਹੁੰਦੇ ਸਨ।
ਦੂਸਰੇ ਪਾਸੇ ਜਨਸੰਘ ’ਚ ਡਾ. ਬਲਦੇਵ ਪ੍ਰਕਾਸ਼ ਚਾਵਲਾ, ਬਲਰਾਮਜੀ ਦਾਸ ਟੰਡਨ, ਵੀਰ ਯਗਦੱਤ ਸ਼ਰਮਾ, ਬਾਬੂ ਹਿਤਅਭਿਲਾਸ਼ੀ, ਲਾਲਾ ਲਾਜਪਤ ਰਾਏ, ਵਿਸ਼ਵਨਾਥ, ਹਰਬੰਸ ਲਾਲ ਖੰਨਾ ਸਾਰੇ ਚਿੰਤਕ। ਪੰਜਾਬ ਦੀ ਸਿਆਸਤ ਦੋ ਧਰੁਵਾਂ ਦਰਮਿਆਨ ਮੁਕਾਬਲੇਬਾਜ਼ੀ ਦੀ ਹੁੰਦੀ।
ਇਕ ਪਾਸੇ ਸੰਤ ਫਤਿਹ ਸਿੰਘ ਦੀ ਭੁੱਖ ਹੜਤਾਲ ਕਿ ‘ਪੰਜਾਬੀ ਸੂਬਾ’ ਬਣਾਓ, ਦੂਸਰੇ ਪਾਸੇ ਵੀਰ ਯਗਦੱਤ ਦਾ ਮਰਨ ਵਰਤ ਕਿ ‘ਮਹਾ ਪੰਜਾਬੀ’ ਬਣਾਓ। ਹੱਲ ਕੀ ਨਿਕਲਿਆ? ਚੋਣਾਂ ਹੋਈਆਂ, ਆਪਸੀ ਕੁੜੱਤਣ ਖਤਮ ਕਰ ਕੇ ਜਸਟਿਸ ਗੁਰਨਾਮ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ।
ਡਾ. ਬਦਲੇਵ ਪ੍ਰਕਾਸ਼, ਸਤਪਾਲ ਡਾਂਗ ਆਪਸੀ ਉਲਟ ਵਿਚਾਰਧਾਰਾ ਦੇ ਨੇਤਾ ਉਨ੍ਹਾਂ ਦੇ ਮੰਤਰੀ ਮੰਡਲ ’ਚ ਮੰਤਰੀ ਬਣ ਗਏ। ਉਨ੍ਹਾਂ ਹੀ ਚਿੰਤਾਵਾਨ ਨੇਤਾਵਾਂ ਦੀ ਸੋਚ ਦੀ ਸਦਕਾ ਸੀ ਕਿ ਅਕਾਲੀ ਦਲ (ਫਤਿਹ ਸਿੰਘ ਗਰੁੱਪ), ਅਕਾਲੀ ਦਲ (ਮਾਸਟਰ ਤਾਰਾ ਸਿੰਘ ਗਰੁੱਪ), ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ ਕਮਿਊਨਿਸਟ ਪਾਰਟੀ, ਸੋਸ਼ਲਿਸਟ, ਜਨਸੰਘ, ਰਿਪਬਲਿਕਨ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੂੰ ਇਕੱਠਾ ਕਰ ਕੇ ਪੰਜਾਬ ਦੀ ਹਕੂਮਤ ’ਤੇ ਬਿਠਾ ਦਿੱਤਾ।
ਇਹ ਗੱਲ ਵੱਖਰੀ ਹੈ ਕਿ ਗੁਰਨਾਮ ਸਿੰਘ ਦੀ 8 ਮਾਰਚ, 1967 ਨੂੰ ਬਣੀ ਬਣਾਈ ਸਰਕਾਰ ਨੂੰ ਉਨ੍ਹਾਂ ਦੇ ਆਪਣੇ ਹੀ ਸਾਥੀ ਸ. ਲਛਮਣ ਸਿੰਘ ਗਿੱਲ 25 ਨਵੰਬਰ, 1967 ਨੂੰ ਆਪਣੇ ਹੀ 16 ਵਿਧਾਇਕਾਂ ਦੀ ਸਹਾਇਤਾ ਨਾਲ ਚਲਦਾ ਕਰ ਕੇ ਖੁਦ ਕਾਂਗਰਸ ਦੇ ਨਾਲ ਰਲ ਕੇ ਮੁੱਖ ਮੰਤਰੀ ਦੀ ਕੁਰਸੀ ਖੋਹ ਕੇ ਲੈ ਗਏ।
ਪਰ ਇਹ ਅੱਖਰ-ਅੱਖਰ ਸੱਚ ਹੈ ਕਿ ਉਪਰੋਕਤ ਵਿਚਾਰਵਾਨ ਨੇਤਾਵਾਂ ਨੇ ਪੰਜਾਬ ਦੇ ਗਠਜੋੜ ਦੀ ਨੀਤੀ ਨੂੰ ਜਨਮ ਦਿੱਤਾ। 1967 ’ਚ ਹੀ ਜਨਸੰਘ ਦੇ ਸੀਨੀਅਰ ਨੇਤਾ ਵੀਰ ਯਗਦੱਤ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੰਤ ਫਤਿਹ ਸਿੰਘ ਨੂੰ ‘ਭੋਲਾ ਬਾਬਾ’ ਕਹਿ ਕੇ ਪੁਕਾਰਿਆ ਸੀ ਤਾਂ ਕਿ ਸਿਆਸੀ ਪਾਰਟੀਆਂ ਦਾ ਇਹ ਆਪਸੀ ਮਨ-ਮੁਟਾਅ ਖਤਮ ਹੋਵੇ।
ਕਹਾਂ ਤਾਂ ਦੋਵੇਂ ਨੇਤਾ ਇਕ-ਦੂਜੇ ਵਿਰੁੱਧ ਭੁੱਖ ਹੜਤਾਲ ’ਤੇ ਬੈਠੇ ਰਹੇ ਅਤੇ ਕਿਤੇ ਦੋਵੇਂ ਨੇਤਾ ਪੰਜਾਬ ’ਚ ਨਹੁੰ-ਮਾਸ ਦੇ ਰਿਸ਼ਤਿਆਂ ਨੂੰ ਪੱਕਾ ਕਰ ਗਏ। 1967 ਦੇ ਉਨ੍ਹਾਂ ਨੇਤਾਵਾਂ ’ਚ ਸਿਆਸਤ ’ਚ ਕੁੜੱਤਣ ਨੂੰ ਸਹਿਜਤਾ ਨਾਲ ਬਦਲਣ ਦਾ ਜਜ਼ਬਾ ਸੀ।
ਅੱਤਵਾਦ ਦੇ ‘ਅੰਨ੍ਹੇ ਯੁੱਗ’ ਦੇ ਕਾਰਜਕਾਲ ਨੂੰ ਛੱਡ ਦੇਈਏ ਤਾਂ ਇਹ ‘ਨਹੁੰ-ਮਾਸ’ ਦਾ ਰਿਸ਼ਤਾ ਨਿਭਦਾ ਹੀ ਚਲਾ ਆਇਆ। ਕਈ ਵਾਰ ਪੰਜਾਬ ’ਚ ਇਸ ਰਿਸ਼ਤੇ ਨੇ ਸੱਤਾ ਨੂੰ ਭੋਗਿਆ। ਇਸੇ ਰਿਸ਼ਤੇ ਨੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਚੋਂ ਕਦੀ (56+12) 68 ਸੀਟਾਂ ਜਿੱਤੀਆਂ ਤਾਂ ਕਦੀ 48+19 ਦਾ ਅੰਕੜਾ ਛੂਹ ਕੇ ਦੋ-ਦੋ ਵਾਰ ਪੰਜਾਬ ਦੀ ਸੱਤਾ ’ਤੇ ਰਾਜ ਕੀਤਾ।
ਲੋਕ ਸਭਾ ’ਚ 8+3 ਸੀਟਾਂ ਜਿੱਤ ਕੇ ਗਠਜੋੜ ਧਰਮ ਨਿਭਾਇਆ ਪਰ ਅੱਜ ਮੇਰਾ ਮਕਸਦ ਇਹ ਕਦੀ ਨਹੀਂ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਮੁੜ ਬਣੇ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦੋਵੇਂ ਪਾਰਟੀਆਂ ਲੰਬਾ ਸਮਾਂ ਇਕੱਠੀਆਂ ਚੱਲੀਆਂ ਹਨ ਤਾਂ ਇਕੱਠੇ ਚੱਲਣ ਦਾ ਥੋੜ੍ਹਾ ਜਿਹਾ ਲਿਹਾਜ਼ ਕਰ ਕੇ ਚੱਲਣ।
ਤਲਵਾਰਾਂ ਕਿਉਂ ਖਿੱਚੀਆਂ ਗਈਆਂ? ਗਾਲੀ-ਗਲੋਚ ਕਿਉਂ? ਮਾਰਨ-ਮਰਾਉਣ ਦੀ ਨੌਬਤ ਕਿਉਂ ਆਈ? ਦਿਲ ਮਿਲੇ ਨਾ ਮਿਲੇ, ਘੱਟੋ-ਘੱਟ ਹੱਥ ਤਾਂ ਮਿਲਾਉਂਦੇ ਰਹੋ। ਮੈਂ 1967 ਦੇ ਪੁਰਾਣੇ ਨੇਤਾਵਾਂ ਨੂੰ ਇਸ ਲਈ ਯਾਦ ਕੀਤਾ ਕਿ ਦੋਵਾਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਅਹਿਸਾਸ ਹੋਵੇ ਕਿ ਉਨ੍ਹਾਂ ਦੇ ਨੇਤਾਵਾਂ ਨੇ ਇਕ ਵਿਸ਼ਾਲ ਵਿਰਸਾ ਸਾਡੇ ਲਈ ਛੱਡਿਆ ਸੀ। ਸਿਆਸਤ ਤਾਂ ਚੱਲਦੀ-ਫਿਰਦੀ ਛਾਂ ਹੈ।
ਅੱਜ ਉਸ ਦੀ ਚੱਲ ਰਹੀ ਹੈ ਤੇ ਕੱਲ ਉਸ ਥਾਂ ਕੋਈ ਹੋਰ ਆ ਜਾਵੇਗਾ। ਆਪਣੇ ਪੈਰਾਂ ਦੇ ਨਿਸ਼ਾਨ ਪਿੱਛੇ ਛੱਡ ਜਾਓ ਤਾਂ ਕਿ ਤੁਹਾਡੀ ਥਾਂ ਲੈਣ ਵਾਲਿਆਂ ਨੂੰ ਰਸਤਾ ਲੱਭਣ ’ਚ ਦਿੱਕਤ ਨਾ ਆਵੇ। ਮੌਜੂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਤਾਂ ਵਿਚਾਰ ਕਰੇ ਕਿ ਉਹ ਟਕਸਾਲੀ ਅਤੇ ਗੈਰ-ਟਕਸਾਲੀ ’ਚ ਕਿਉਂ ਵੰਡਿਆ ਗਿਆ।
ਪਦਮਸ਼੍ਰੀ ਦੇ ਅਲੰਕਾਰ ਨਾਲ ਹੀ ਤੁਹਾਨੂੰ ਕੋਈ ਕਿਉਂ ਛੱਡ ਗਿਆ? ਭਾਰਤੀ ਜਨਤਾ ਪਾਰਟੀ ਵੀ ਵਿਚਾਰ ਕਰੇ ਕਿ ਕਿਸਾਨ ਅੰਦੋਲਨ ਨੂੰ ਕਾਂਗਰਸ ਕਿਉਂ ਉਡਾ ਕੇ ਲੈ ਗਈ ਹੈ? ਆਪਣਾ ਕਿਸਾਨ, ਆਪਣਾ ਅੰਨਦਾਤਾ ਕਿਸਾਨ, ਆਪਣਾ ਮਾਣ ਇਹ ਕਿਸਾਨ ਭਾਜਪਾ ਨੂੰ ਹੋਰ ਕਿਉਂ ਸਮਝਣ ਲੱਗਾ? ਕਿਉਂ ਭਾਜਪਾ ਦੇ ਛੋਟੇ-ਵੱਡੇ ਵਰਕਰ ਨੂੰ ਘੇਰ ਕੇ ਖੜ੍ਹਾ ਹੈ? ਹਮਲਾਵਰ ਨਾ ਹੋਵੋ।
ਚਿੰਤਨ ਕਰੋ। ਆਪਣੇ ਪਿਛਲੇ ਕੱਲ ਨੂੰ ਦੇਖੋ। ਡਾ. ਬਲਦੇਵ ਪ੍ਰਕਾਸ਼, ਵੀਰ ਯਗਦੱਤ ਸ਼ਰਮਾ ਅਤੇ ਹਿਤਅਭਿਲਾਸ਼ੀ ਨੂੰ ਲੱਭ ਕੇ ਲਿਆਓ। ਦੋਵਾਂ ਸਿਆਸੀ ਪਾਰਟੀਆਂ ਦਾ ਇਹ ਚਿੰਤਨਕਾਲ ਹੈ। ਬਿਨਾਂ ਸੋਚੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਕੁੱਦੋਗੇ ਤਾਂ ਨੁਕਸਾਨ ਹੋਵੇਗਾ। ਕਿਸ ਨੂੰ ਕਿੰਨਾ ਹੋਵੇਗਾ, ਇਸ ’ਤੇ ਨਾ ਜਾਓ। ਸੋਚਣਾ ਤਾਂ ਸਿਰਫ ਇੰਨਾ ਕਿ ਪੰਜਾਬ ਕਿਸ ਕਰਵਟ ਬੈਠ ਰਿਹਾ ਹੈ।