ਰਾਤੋਂ-ਰਾਤ ਸਭ ਕੁਝ ਹਾਸਲ ਕਰਨ ਦੀ ਚਾਹਤ ਰੱਖਦਾ ਹੈ ਨੌਜਵਾਨ ਵਰਗ
Saturday, Mar 09, 2024 - 01:25 PM (IST)
ਇਕ ਸਰਵੇਖਣ ਅਨੁਸਾਰ ਨੌਜਵਾਨ ਪੀੜ੍ਹੀ ’ਚ ਇਕ ਤਰ੍ਹਾਂ ਦਾ ਭੈਅ ਪਸਰ ਰਿਹਾ ਹੈ ਕਿ ਜੇ ਉਸ ਦਾ ਮਨਚਾਹਿਆ ਨਾ ਹੋਇਆ ਅਤੇ ਉਹ ਵੀ ਹਫੜਾ-ਦਫੜੀ ’ਚ ਤਾਂ ਜ਼ਿੰਦਗੀ ਹੀ ਜਿਵੇਂ ਖਤਮ ਹੋ ਜਾਏਗੀ। ਜ਼ਿੰਦਗੀ ਨਾ ਮਿਲੇਗੀ ਦੁਬਾਰਾ ਦੀ ਸੋਚ ਇਸ ਤਰ੍ਹਾਂ ਨਾਲ ਹਾਵੀ ਹੁੰਦੀ ਜਾਂਦੀ ਹੈ ਕਿ ਇਕ ਝਟਕੇ ’ਚ ਸਭ ਕੁਝ ਪਾ ਲੈਣਾ ਹੈ ਕਿਉਂਕਿ ਕੱਲ ਹੋਵੇ ਨਾ ਹੋਵੇ!
ਪੈਨਿਕ ਦਿਵਸ ’ਤੇ ਵਿਚਾਰਾਂ : ਮਾਰਚ ’ਚ 9 ਤਰੀਕ ਨੂੰ ਪੈਨਿਕ ਦਿਵਸ ਮਨਾਉਣ ਦੀ ਰਵਾਇਤ ਇਸ ਲਈ ਪਈ ਕਿ ਲੋਕ ਇਸ ਡਰ ਕਾਰਨ ਜਿਊਣਾ ਹੀ ਭੁੱਲਣ ਲੱਗੇ ਸੀ ਕਿ ਕਿਤੇ ਉਹ ਆਪਣਾ ਮੰਤਵ ਹਾਸਲ ਕਰਨ ’ਚ ਖੁੰਝ ਗਏ ਅਤੇ ਉਹ ਵੀ ਦੂਸਰਿਆਂ ਤੋਂ ਪਹਿਲਾਂ ਤਾਂ ਜ਼ਿੰਦਗੀ ਹੀ ਖਤਮ ਹੋ ਗਈ ਸਮਝੋ। ਅਜਿਹਾ ਕੁਝ ਹੈ ਨਹੀਂ ਕਿਉਂਕਿ ਇਹ ਇਕ ਅਸਲੀਅਤ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਵੱਧ ਨਾ ਕਦੀ ਕਿਸੇ ਨੂੰ ਮਿਲਿਆ ਅਤੇ ਨਾ ਕਦੀ ਮਿਲੇਗਾ।
ਅਕਸਰ ਅਜਿਹੇ ਵਿਅਕਤੀ ਆਲੇ-ਦੁਆਲੇ ਮਿਲ ਜਾਣਗੇ ਜੋ ਬਦਹਵਾਸ ਹੋਣ ਦੀ ਹੱਦ ਪਾਰ ਕਰਦੇ ਹੋਏ ਹਰ ਸਮੇਂ ਹੜਬੜੀ ’ਚ ਰਹਿੰਦੇ ਹਨ। ਉਨ੍ਹਾਂ ਦੇ ਮਨ ’ਚ ਖਲਬਲੀ ਜਿਹੀ ਮਚੀ ਰਹਿੰਦੀ ਹੈ ਕਿ ਜਿਵੇਂ ਉਨ੍ਹਾਂ ਨੇ ਸੋਚਿਆ ਹੈ, ਨਾ ਹੋਇਆ ਤਾਂ ਉਹ ਕਿਤੇ ਦੇ ਨਹੀਂ ਰਹਿਣਗੇ। ਇਸ ਤਰ੍ਹਾਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਜਿਨ੍ਹਾਂ ’ਚ ਅਚਾਨਕ ਪਸੀਨਾ ਆਉਣ ਲੱਗਦਾ ਹੈ, ਸਾਹ ਉਖੜਨ ਲੱਗਦੀ ਹੈ, ਧੜਕਣ ਵਧਦੀ ਮਹਿਸੂਸ ਹੁੰਦੀ ਹੈ, ਲੱਗਦਾ ਹੈ ਕਿ ਹਾਰਟ ਅਟੈਕ ਵਰਗਾ ਕੁਝ ਹੋ ਰਿਹਾ ਹੈ।
ਇਹ ਡਰ ਸਤਾਉਣ ਲੱਗਦਾ ਹੈ ਕਿ ਜਿਵੇਂ ਸੋਚਿਆ ਹੈ ਜਾਂ ਜਿਹੋ ਜਿਹੀ ਯੋਜਨਾ ਬਣਾਈ ਹੈ, ਉਂਝ ਨਾ ਹੋਇਆ ਤਾਂ ਜਿਵੇਂ ਦੁਨੀਆ ਖੜ੍ਹੀ ਹੋ ਜਾਣ ਵਾਲੀ ਹੈ। ਇਸੇ ਲੜੀ ’ਚ ਉਨ੍ਹਾਂ ਨੂੰ ਆਪਣੀ ਮੌਤ ਤੱਕ ਦਾ ਖਦਸ਼ਾ ਹੋਣ ਲੱਗਦਾ ਹੈ ਅਤੇ ਉਹ ਜੋ ਨਹੀਂ ਹੋਇਆ, ਉਸ ਦੇ ਵਾਪਰਨ ਦੀ ਭਿਆਨਕ ਢੰਗ ਨਾਲ ਕਲਪਨਾ ਕਰਨ ਲੱਗਦੇ ਹਨ।
ਇਹ ਇਕ ਅਜਿਹੀ ਮਾਨਸਿਕ ਸਥਿਤੀ ਹੈ ਜੋ ਪੈਨਿਕ ਅਟੈਕ ਹੈ ਅਤੇ ਇਕ ਤਰ੍ਹਾਂ ਦਾ ਖਿਆਲੀ ਵਾਤਾਵਰਣ ਬਣਾਉਣ ਵਰਗਾ ਹੈ ਜਿਸ ਦੀ ਕੋਈ ਹੋਂਦ ਨਹੀਂ ਹੁੰਦੀ। ਮਨੋਵਿਗਿਆਨੀਆਂ ਅਨੁਸਾਰ ਅਸਲ ’ਚ ਸਾਡੇ ਦਿਮਾਗ ਦਾ ਇਕ ਹਿੱਸਾ ਅਜਿਹੀਆਂ ਗੱਲਾਂ ਜਾਂ ਘਟਨਾਵਾਂ ਨੂੰ ਲਗਾਤਾਰ ਪ੍ਰੋਸੈੱਸ ਕਰਦਾ ਰਹਿੰਦਾ ਹੈ ਜੋ ਮਨੁੱਖ ਦੀਆਂ ਵੱਖ-ਵੱਖ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ’ਚ ਦੂਸਰਿਆਂ ਨਾਲ ਈਰਖਾ, ਉਨ੍ਹਾਂ ਦੀ ਤਰੱਕੀ ਦੇਖ ਕੇ ਉਨ੍ਹਾਂ ਨਾਲ ਚਿੜ ਪੈਦਾ ਹੋਣੀ, ਬਿਨਾਂ ਕਾਰਨ ਹੀ ਉਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਣ ਲੱਗਣਾ ਵਰਗੀਆਂ ਗੱਲਾਂ ਮਨ ਦੇ ਇਸ ਹਿੱਸੇ ’ਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ।
ਦਿਮਾਗ ਦਾ ਦੂਜਾ ਹਿੱਸਾ ਤਰਕ ਦੇ ਆਧਾਰ ’ਤੇ ਕੰਮ ਕਰਦਾ ਹੈ ਪਰ ਪਹਿਲੇ ਹਿੱਸੇ ’ਚ ਗੈਰ-ਜ਼ਰੂਰੀ ਸੋਚ ਦਾ ਇੰਨਾ ਵੱਧ ਕਚਰਾ ਜਮ੍ਹਾਂ ਹੋ ਚੁੱਕਾ ਹੁੰਦਾ ਹੈ ਕਿ ਉਹ ਜੋ ਹੈ ਹੀ ਨਹੀਂ, ਉਸ ਨੂੰ ਅਸਲੀਅਤ ਸਮਝਣ ਲੱਗਦੇ ਹਨ। ਖੁਦ ਜਾਂ ਪਰਿਵਾਰ ਦੇ ਲੋਕ ਦਬਾਅ ’ਚ ਆ ਕੇ ਜਾਂ ਕਿਸੇ ਅਣਹੋਣੀ ਦੇ ਖਦਸ਼ੇ ’ਚ ਡਾਕਟਰ ਕੋਲ ਚਲੇ ਜਾਂਦੇ ਹਨ। ਹਰ ਤਰ੍ਹਾਂ ਦੇ ਟੈਸਟ ਹੁੰਦੇ ਹਨ ਜੋ ਅਕਸਰ ਬਹੁਤ ਮਹਿੰਗੇ ਹੁੰਦੇ ਹਨ ਅਤੇ ਜੇਬ ’ਤੇ ਭਾਰੀ ਪੈਂਦੇ ਹਨ। ਇਨ੍ਹਾਂ ਟੈਸਟਾਂ ਦੀ ਰਿਪੋਰਟ ਦੱਸਦੀ ਹੈ ਕਿ ਕੁਝ ਸੀਰੀਅਸ ਨਹੀਂ ਹੈ, ਬਸ ਮਰੀਜ਼ ਨੂੰ ਕੁਝ ਟੈਨਸ਼ਨ ਹੋ ਗਈ ਸੀ। ਤੁਸੀਂ ਘਰ ਜਾ ਸਕਦੇ ਹੋ।
ਇਸ ਨੂੰ ਜੇ ਆਮ ਭਾਸ਼ਾ ’ਚ ਕਿਹਾ ਜਾਵੇ ਤਾਂ ਇਹ ਇਕ ਤਰ੍ਹਾਂ ਦੀ ਕੈਮੀਕਲ ਚਾਹਤ ਹੈ ਜੋ ਸਾਡੇ ਦਿਮਾਗ ਦੇ ਇਕ ਹਿੱਸੇ ’ਚ ਹੁੰਦੀ ਰਹਿੰਦੀ ਹੈ ਅਤੇ ਹਾਵੀ ਇਸ ਲਈ ਹੋ ਜਾਂਦੀ ਹੈ ਕਿਉਂਕਿ ਅਸੀਂ ਦੂਜੇ ਹਿੱਸੇ ਨੂੰ ਦਬਾ ਦਿੰਦੇ ਹਾਂ ਜੋ ਤਰਕ ਦੇ ਆਧਾਰ ’ਤੇ ਕੰਮ ਕਰਦਾ ਹੈ। ਇਸ ਦਾ ਲਾਭ ਡਾਕਟਰਾਂ ਅਤੇ ਹਸਪਤਾਲਾਂ ਨੂੰ ਹੁੰਦਾ ਹੈ ਜੋ ਕੁਝ ਨਾ ਹੁੰਦੇ ਹੋਏ ਵੀ ਕੁਝ ਹੋ ਜਾਣ ਦਾ ਡਰ ਦਿਖਾ ਕੇ ਮਨਮਰਜ਼ੀ ਦੀ ਫੀਸ ਵਸੂਲਦੇ ਹਨ ਅਤੇ ਲੰਬੇ-ਚੌੜੇ ਬਿੱਲ ਬਣਾ ਕੇ ਮੂਰਖ ਬਣਾਉਣ ’ਚ ਸਫਲ ਰਹਿੰਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਲ ਬੀਮਾਰੀਆਂ ਨਹੀਂ ਹੁੰਦੀਆਂ ਜਿਵੇਂ ਕਿ ਦਿਲ ਦਾ ਰੋਗ, ਥਾਇਰਾਇਡ ਜਾਂ ਸਾਹ ਨਾਲ ਸਬੰਧਤ ਪਰ ਇਨ੍ਹਾਂ ’ਚ ਹੋਰ ਤਣਾਅ ਜਾਂ ਨਕਾਰਾਤਮਕ ਸੋਚ ਕਾਰਨ ਮਨ ਵਲੋਂ ਬਣਾ ਲਈਆਂ ਗਈਆਂ ਗੱਲਾਂ ਜਿਨ੍ਹਾਂ ਦੀ ਕੋਈ ਹੋਂਦ ਨਹੀਂ ਹੁੰਦੀ, ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ। ਜੇ ਡਾਕਟਰ ਲੋਭੀ ਨਹੀਂ ਹਨ ਤਾਂ ਉਹ ਸੌਖੇ ਉਪਾਅ ਜਿਵੇਂ ਡੂੰਘਾ ਸਾਹ ਲੈਣਾ, ਮਨ ਨੂੰ ਸਾਧਣ ਦੇ ਤਰੀਕੇ ਅਤੇ ਸਰੀਰ ਨੂੰ ਸਿਹਤਮੰਦ ਲਈ ਹਲਕੀ ਕਸਰਤ, ਸਾਧਾਰਨ ਯੌਗਿਕ ਆਸਣ, ਸ਼ਾਂਤ ਰਹਿਣ ਲਈ ਧਿਆਨ ਜਾਂ ਮੈਡੀਟੇਸ਼ਨ ਅਤੇ ਜੇ ਜ਼ਰੂਰੀ ਹੋਇਆ ਤਾਂ ਵਿਟਾਮਿਨ ਅਤੇ ਤਣਾਅ ਤੋਂ ਦੂਰ ਰਹਿਣ ਦੀਆਂ ਸਾਧਾਰਨ ਦਵਾਈਆਂ ਦੇ ਦਿੰਦੇ ਹਨ।
ਚਿੰਤਨ ਬਨਾਮ ਦਹਿਸ਼ਤ : ਅੱਜ ਦੇ ਦੌਰ ’ਚ ਜਦ ਹਰ ਕੋਈ ਭੱਜ-ਦੌੜ ਭਰੀ ਜ਼ਿੰਦਗੀ ਜਿਊ ਰਿਹਾ ਹੈ, ਧਨ ਕਮਾਉਣ ਲਈ ਆਪਣੀ ਸਿਹਤ ਨੂੰ ਦਾਅ ’ਤੇ ਲਾਉਣ ਲਈ ਤਿਆਰ ਰਹਿੰਦਾ, ਸਮੇਂ ਸਿਰ ਭੋਜਨ ਕਰਨਾ ਤਾਂ ਦੂਰ, ਆਰਾਮ ਨੂੰ ਹਰਾਮ ਸਮਝ ਕੇ ਕੋਹਲੂ ਦੇ ਬਲਦ ਵਾਂਗ ਬਸ ਪਿਸਦੇ ਰਹਿਣ ਨੂੰ ਹੀ ਆਪਣੀ ਕਿਸਮਤ ਸਮਝ ਲੈਂਦਾ ਹੈ, ਤਦ ਸਥਿਤੀ ਚਿੰਤਾਜਨਕ ਹੋ ਜਾਂਦੀ ਹੈ। ਜਿੱਥੋਂ ਤੱਕ ਚਿੰਤਾ ਕਰਨ ਦੀ ਗੱਲ ਹੈ, ਇਹ ਕੋਈ ਬੁਰੀ ਚੀਜ਼ ਨਹੀਂ ਹੈ ਕਿਉਂਕਿ ਸਾਰੇ ਸੁੱਖ-ਸਾਧਨ ਨਾਲ ਜਿਊਣਾ ਚਾਹੁੰਦੇ ਹਨ ਪਰ ਇਸ ਲਈ ਆਪਣੀ ਮਾਨਸਿਕ ਸਿਹਤ ਅਤੇ ਸੰਤੁਲਨ ਦੀ ਪਰਵਾਹ ਨਾ ਕਰਨਾ ਜ਼ਰੂਰ ਹਾਨੀਕਾਰਕ ਹੈ। ਚਿੰਤਾ ਕਰਨ ਅਤੇ ਪੈਨਿਕ ਭਾਵ ਬਦਹਵਾਸ ਹੋ ਜਾਣ ’ਚ ਬੁਨਿਆਦੀ ਫਰਕ ਇਹ ਹੈ ਕਿ ਇਕ ਤਾਂ ਸਹੀ ਰਾਹ ਮਿਲਦਾ ਹੈ ਅਤੇ ਦੂਜੀ ਸਥਿਤੀ ’ਚ ਭੈਅ-ਭੀਤ ਹੋਣ ਵਰਗੇ ਹਾਲਾਤ ਬਣਦੇ ਹਨ।
ਭੌਤਿਕਵਾਦੀ ਯੁੱਗ ’ਚ ਅਤੇ ਬੈਂਕਿੰਗ ਸਹੂਲਤਾਂ ਨੇ ਰਿਆਇਤ ਅਤੇ ਕਿਸ਼ਤਾਂ ’ਤੇ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਉਣ ਦੀ ਪੇਸ਼ਕਸ਼, ਨੌਜਵਾਨਾਂ ਨੂੰ ਜ਼ਰੂਰੀ ਅਤੇ ਗੈਰ-ਜ਼ਰੂਰੀ ਚੀਜ਼ਾਂ ਇਕੱਠੀਆਂ ਕਰਨ ਦੀ ਹੋੜ ਅਸੁਰੱਖਿਅਤ ਬਣਾਉਣ ’ਚ ਕੋਈ ਕਸਰ ਨਹੀਂ ਛੱਡਦੀ। ਇਹੀ ਕਾਰਨ ਹੈ ਕਿ ਨੌਜਵਾਨਾਂ ਜਾਂ ਅੱਧਖੜ ਲੋਕਾਂ ’ਚ ਹਾਰਟ ਅਟੈਕ ਹੋਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਕਹਾਵਤ ਵੀ ਹੈ ਕਿ ਚਾਦਰ ਤੋਂ ਵੱਧ ਪੈਰ ਪਸਾਰ ਲਏ ਤਾਂ ਔਖੇ ਹੋਣਾ ਹੀ ਪੈਂਦਾ ਹੈ। ਇਹ ਡਰ ਵੀ ਕਿ ਮੈਨੂੰ ਕੋਈ ਧੋਖਾ ਦੇਵੇਗਾ ਜਾਂ ਬੇਈਮਾਨੀ ਕਰੇਗਾ ਜਾਂ ਸਾਰੇ ਦੁਕਾਨਦਾਰ ਲੁੱਟਦੇ ਹਨ, ਬਹੁਤ ਜ਼ਿਆਦਾ ਮੁਨਾਫਾ ਕਮਾਉਂਦੇ ਹਨ, ਅਕਸਰ ਬੇਬੁਨਿਆਦ ਹੁੰਦਾ ਹੈ। ਬੇਚੈਨੀ, ਫੈਸਲਾ ਨਾ ਕਰ ਸਕਣਾ, ਬਹੁਤ ਜ਼ਿਆਦਾ ਸੋਚ-ਵਿਚਾਰ, ਇਕੱਲੇ ਕਿਤੇ ਜਾਣ ਤੋਂ ਡਰਨਾ, ਮਨ ’ਚ ਇਹ ਗੱਲ ਬਿਠਾ ਲੈਣੀ ਕਿ ਮੇਰੇ ਕੋਲੋਂ ਕੁਝ ਠੀਕ ਨਹੀਂ ਹੋਵੇਗਾ, ਗਲਤ ਹੀ ਹੋਣਾ ਹੈ ਜਾਂ ਥੋੜ੍ਹੀ ਜਿਹੀ ਗੱਲ ’ਤੇ ਨਿਰਾਸ਼ ਹੋ ਜਾਣਾ, ਸਿਰਹਾਣੇ ਨਾਲ ਮੂੰਹ ਢੱਕ ਕੇ ਹਉਕੇ ਲੈਣੇ, ਕੁਝ ਅਜਿਹੇ ਸ਼ੁਰੂਆਤੀ ਲੱਛਣ ਹਨ ਜਿਨ੍ਹਾਂ ’ਤੇ ਧਿਆਨ ਨਾ ਦਿੱਤਾ ਤਾਂ ਸਥਿਤੀ ਚਿੰਤਾਜਨਕ ਹੋ ਸਕਦੀ ਹੈ। ਇਸ ਲਈ ਖੁਦ ਆਪਣਾ ਇਲਾਜ ਕੀਤਾ ਜਾ ਸਕਦਾ ਹੈ। ਜਦ ਅਜਿਹੇ ਵਿਚਾਰ ਆਉਣ ਲੱਗਣ ਤਾਂ ਪਰਿਵਾਰ, ਮਿੱਤਰਾਂ ਜਾਂ ਜੋ ਵੀ ਪਸੰਦ ਹੋਵੇ, ਜਿਸ ਨਾਲ ਉੱਠਣਾ-ਬੈਠਣਾ ਚੰਗਾ ਲੱਗੇ, ਕਿਸੇ ਥਾਂ ਜਾਣ ਦੀ ਇੱਛਾ ਹੋਵੇ ਤਾਂ ਇਹ ਸਭ ਕੁਝ ਕਰੋ। ਬਹੁਤ ਸਾਰੇ ਲੋਕ ਗੱਡੀ ’ਚ ਬੈਠਦੇ ਜਾਂ ਚੱਲਦੇ ਸਮੇਂ ਸੰਗੀਤ ਜਾਂ ਗਾਣੇ ਸੁਣਦੇ ਹਨ, ਜ਼ੋਰ ਨਾਲ ਹੱਸਦੇ ਜਾਂ ਠਹਾਕੇ ਲਾਉਂਦੇ ਹਨ, ਆਪਣੇ ਆਪ ਨਾਲ ਗੱਲ ਕਰਦੇ ਹਨ, ਦੁਨੀਆ ’ਚ ਕੁਝ ਵੀ ਹੋ ਜਾਵੇ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ, ਮਸਤੀ ਕਰਨ ਦੇ ਮੌਕੇ ਲੱਭਦੇ ਰਹਿੰਦੇ ਹਨ ਅਤੇ ਜ਼ਿੰਦਗੀ ਨੂੰ ਇਕ ਮਜ਼ੇ ਵਾਂਗ ਜਿਊਂਦੇ ਹਨ, ਆਪਣੇ ਕੋਲ ਜੋ ਹੈ ਉਸ ਦਾ ਭੋਗ ਕਰਦੇ ਹਨ, ਜੋ ਨਹੀਂ ਹੈ ਉਸ ਨੂੰ ਪਾਉਣ ਲਈ ਤਰਲੋਮੱਛੀ ਨਹੀਂ ਹੁੰਦੇ। ਅਜਿਹੇ ਲੋਕਾਂ ਨੂੰ ਭੈਅਭੀਤ ਹੋਣਾ, ਡਰ ’ਚ ਰਹਿਣਾ ਜਾਂ ਹਰ ਸਮੇਂ ਖੁਦ ਨੂੰ ਪ੍ਰੇਸ਼ਾਨ ਸਮਝਣਾ ਆਉਂਦਾ ਹੀ ਨਹੀਂ ਅਤੇ ਉਹ ਮਜ਼ੇ ਨਾਲ ਜਿਊਂਦੇ ਹਨ।
ਵਧਦੀ ਉਮਰ ’ਚ ਜਿਊਂਦੇ ਰਹਿਣ ਦਾ ਅਹਿਸਾਸ ਅਤੇ ਚੜ੍ਹਦੀ ਉਮਰ ’ਚ ਜਿਊਣ ਦੀ ਤਮੰਨਾ ਹੋਣੀ ਜ਼ਰੂਰੀ ਹੈ। ਇਸ ਨਾਲ ਮਾਨਸਿਕ ਵਿਕਾਰਾਂ ਨੂੰ ਪੈਦਾ ਨਾ ਹੋਣ ਦੇਣ ਦੀ ਹਿੰਮਤ ਅਤੇ ਸਰੀਰਕ ਸਮੱਸਿਆਵਾਂ ਨੂੰ ਜ਼ਿੰਦਗੀ ਦਾ ਇਕ ਵਿਹਾਰ ਮੰਨਣ ਦੀ ਕਲਾ ਪੈਦਾ ਹੁੰਦੀ ਹੈ ਜੋ ਕਿਸੇ ਵੀ ਸਥਿਤੀ ’ਚ ਵਿਚਲਿਤ ਨਹੀਂ ਹੋਣ ਦਿੰਦੀ। ਚਿੰਤਣਸ਼ੀਲ ਬਣੋ ਪਰ ਤਣਾਅ ਅਤੇ ਭੈਅ ਨੂੰ ਵਧਣ-ਫੁੱਲਣ ਨਾ ਦਿਓ। ਸਹਿਜ ਭਾਵ ਰੱਖਣਾ ਹੀ ਸਭ ਤੋਂ ਬਿਹਤਰ ਹੈ।
ਪੂਰਨ ਚੰਦ ਸਰੀਨ