ਉੱਤਰ ਪ੍ਰਦੇਸ਼ ਦੀ ਆਂ ਚੋਣਾਂ ਤੈਅ ਕਰਨਗੀਆਂ ਸਿਆਸੀ ਪਾਰਟੀਆਂ ਦੀ ਰਾਸ਼ਟਰੀ ਭੂਮਿਕਾ
Wednesday, Nov 24, 2021 - 03:50 AM (IST)

ਬਿਸਵਜੀਤ ਬੈਨਰਜੀ
ਉੱਤਰ ਪ੍ਰਦੇਸ਼ ’ਚ ਚੋਣਾਂ ਦਾ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੇਤਾ ਵੋਟਰਾਂ ਨੂੰ ਭਰਮਾਉਣ ’ਚ ਲੱਗੇ ਹਨ। ਅਖਿਲੇਸ਼ ਯਾਦਵ ਨੇ ਇਹ ਦਾਅਵਾ ਕਰਦੇ ਹੋਏ ਆਪਣੀ ‘ਵਿਜੇ ਯਾਤਰਾ’ ਸ਼ੁਰੂ ਕਰ ਦਿੱਤੀ ਹੈ ਕਿ ਲੋਕਾਂ ਨੇ ਪਹਿਲਾਂ ਹੀ ਭਾਜਪਾ ਲਈ ਫਤਵਾ ਲਿਖ ਦਿੱਤਾ ਹੈ ਅਤੇ ਸਮਾਜਵਾਦੀ ਪਾਰਟੀ ਦੀ ਵਾਪਸੀ ਹੋ ਸਕਦੀ ਹੈ। ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ ਦੇ ਤੂਫਾਨੀ ਦੌਰੇ ’ਤੇ ਹੈ, ਲੋਕਾਂ ਨਾਲ ਮਿਲ ਰਹੀ ਹੈ, ਪਾਰਟੀ ਵਰਕਰਾਂ ਨੂੰ ਇਕਜੁੱਟ ਹੋਣ ਅਤੇ ਕਾਂਗਰਸ ਨੂੰ ਭਾਜਪਾ ਦੇ ਯੂ. ਪੀ. ਦੇ ਨਾਲ-ਨਾਲ ਰਾਸ਼ਟਰੀ ਪੱਧਰ ’ਤੇ ਇਕੋ-ਇਕ ਬਦਲ ਦੇ ਰੂਪ ’ਚ ਪੇਸ਼ ਕਰਨ ਦਾ ਸੱਦਾ ਦੇ ਰਹੀ ਹੈ।
ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਭਾਜਪਾ ਨੇਤਾ ਬੈਠਕਾਂ ਕਰ ਰਹੇ ਹਨ, ਪ੍ਰਾਜੈਕਟਾਂ ਦਾ ਉਦਘਾਟਨ ਕਰ ਰਹੇ ਹਨ ਅਤੇ ਦੋਹਰੇ ਇੰਜਣ ਵਾਲੀ ਸਰਕਾਰ ਦੇ ਮਹੱਤਵ ’ਤੇ ਜ਼ੋਰ ਦੇ ਰਹੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੁਫਤ ’ਚ ਹਿੰਦੂਤਵ ਦੀ ਖੁਰਾਕ ਪਿਲਾ ਰਹੇ ਹਨ। ਗਰੀਬਾਂ ਦਰਮਿਆਨ ਮੁਫਤ ਰਾਸ਼ਨ ਦੀ ਯੋਜਨਾ ਨੂੰ ਮਾਰਚ 2022 ਤੱਕ (ਚੋਣਾਂ ਖਤਮ ਹੋਣ ਤਕ) ਵਧਾ ਦਿੱਤਾ ਗਿਆ ਹੈ ਅਤੇ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਦੇ ਖਾਤਿਆਂ ’ਚ ਵਰਦੀ ਖਰੀਦਣ ਦੇ ਲਈ ਪੈਸੇ ਵੀ ਜਾਰੀ ਕੀਤੇ ਗਏ ਹਨ।
ਇਹ ਸਪੱਸ਼ਟ ਹੈ ਕਿ ਸਿਆਸੀ ਪਾਰਟੀਆਂ ਦਾ ਭਵਿੱਖ ਦਾਅ ’ਤੇ ਹੈ ਅਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਰਾਸ਼ਟਰੀ ਸਿਆਸਤ ’ਚ ਇਨ੍ਹਾਂ ਦੀ ਭੂਮਿਕਾ ਤੈਅ ਕਰਨਗੀਆਂ। ਭਾਜਪਾ ਲੀਡਰਸ਼ਿਪ ਨੇ ਇਸ ਕੌੜੇ ਸੱਚ ਨੂੰ ਸਵੀਕਾਰ ਕੀਤਾ ਹੈ ਕਿਉਂਕਿ ਅਮਿਤ ਸ਼ਾਹ ਨੇ ਆਪਣੀ ਹਾਲੀਆ ਰੈਲੀ ਦੌਰਾਨ ਕਿਹਾ ਸੀ ਕਿ ਜੇਕਰ ਤੁਸੀਂ 2024 ’ਚ ਮੋਦੀ ਨੂੰ ਸੱਤਾ ’ਚ ਵਾਪਸ ਲਿਆਉਣਾ ਚਾਹੁੰਦੇ ਹੋ ਤਾਂ 2022 ’ਚ ਉੱਤਰ ਪ੍ਰਦੇਸ਼ ’ਚ ਯੋਗੀ ਨੂੰ ਵੋਟ ਦਿਓ। ਇਹ ਦਰਸਾਉਂਦਾ ਹੈ ਕਿ ਉੱਤਰ ਪ੍ਰਦੇਸ਼ ਚੋਣਾਂ ਦੇ ਨਤੀਜਿਆਂ ’ਤੇ ਭਾਜਪਾ ਦਾ ਭਵਿੱਖ ਕਿੰਨਾ ਟਿਕਿਆ ਹੈ। ਜੇਕਰ ਭਾਜਪਾ ਉੱਤਰ ਪ੍ਰਦੇਸ਼ ਹਾਰਦੀ ਹੈ ਤਾਂ ਮੋਦੀ ਸਰਕਾਰ ਸਿਆਸੀ ਕਮਾਨ ਗੁਆ ਦੇਵੇਗੀ। ਹਮਲੇ ਤੇਜ਼ ਹੋਣਗੇ ਅਤੇ ਪ੍ਰਧਾਨ ਮੰਤਰੀ ਦੇ ਹਰ ਫੈਸਲੇ ਨੂੰ ਮਾਈਕ੍ਰੋਸਕੋਪ ਦੇ ਹੇਠਾਂ ਰੱਖਿਆ ਜਾਵੇਗਾ। ਵਿਰੋਧੀ ਧਿਰ ਪਹਿਲਾਂ ਤੋਂ ਹੀ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਉਪ ਚੋਣਾਂ ’ਚ ਭਾਜਪਾ ਦੀ ਹਾਰ ’ਤੇ ਸਵਾਲ ਉਠਾ ਰਹੀ ਹੈ ਅਤੇ ਉੱਤਰ ਪ੍ਰਦੇਸ਼ ’ਚ ਇਕ ਹੋਰ ਹਾਰ ਵਿਰੋਧੀ ਧਿਰ ਨੂੰ ਉਤਸ਼ਾਹਿਤ ਕਰੇਗੀ ਅਤੇ ਉਨ੍ਹਾਂ ਨੂੰ ਆਸ ਦੇਵੇਗੀ ਕਿ ਉਹ 2024 ਦੀਆਂ ਆਮ ਚੋਣਾਂ ’ਚ ਭਾਜਪਾ ਨੂੰ ਪਛਾੜ ਸਕਦੀ ਹੈ।
ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਦੇ ਲਈ ਦ੍ਰਿਸ਼ ਵੱਖਰਾ ਨਹੀਂ ਹੋਵੇਗਾ। ਉੱਤਰ ਪ੍ਰਦੇਸ਼ ’ਚ ਭਰਾ-ਭੈਣ ਦੀ ਜੋੜੀ ਦੀ ਅਗਵਾਈ ਦੀ ਕਿਸਮਤ ਦਾਅ ’ਤੇ ਹੈ। ਪਿਛਲੇ ਡੇਢ ਦਹਾਕੇ ’ਚ ਹਾਰਨ ਨਾਲ ਪਾਰਟੀ ਦਾ ਆਧਾਰ ਕਮਜ਼ੋਰ ਹੋਇਆ ਹੈ। ਦਲਿਤ, ਮੁਸਲਿਮ ਅਤੇ ਉੱਚੀਆਂ ਜਾਤੀਆਂ, ਜੋ 80 ਦੇ ਦਹਾਕੇ ਦੇ ਮੱਧ ਤੱਕ ਕਾਂਗਰਸ ਦੀਆਂ ਸਭ ਤੋਂ ਵਧੀਆ ਸਮਰਥਨ ਸਮੂਹ ਸਨ, ਹੌਲੀ-ਹੌਲੀ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਭਾਜਪਾ ’ਚ ਟਰਾਂਸਫਰ ਹੋ ਗਏ। 2014 ਤਕ 10 ਸਾਲਾਂ ਤਕ ਭਾਰਤ ’ਚ ਕਾਂਗਰਸ ਦੀ ਲੀਡਰਸ਼ਿਪ ਵਾਲੀ ਯੂ. ਪੀ. ਏ. ਸਰਕਾਰ ਦੇ ਸ਼ਾਸਨ ਦੇ ਬਾਵਜੂਦ, ਕੇਂਦਰ ’ਚ ਮਨਮੋਹਨ ਿਸੰਘ ਸਰਕਾਰ ਚਲਾਉਣ ਲਈ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ’ਤੇ ਕਾਂਗਰਸ ਦੀ ਨਿਰਭਰਤਾ ਨੇ ਇਨ੍ਹਾਂ ਪਾਰਟੀਆਂ ਨੂੰ ਕਾਂਗਰਸ ਦੀ ਕੀਮਤ ’ਤੇ ਉੱਤਰ ਪ੍ਰਦੇਸ਼ ’ਚ ਲਾਭ ਉਠਾਉਣ ਦਾ ਮੌਕਾ ਦਿੱਤਾ।
ਅਜਿਹੇ ’ਚ ਪ੍ਰਿਯੰਕਾ ਗਾਂਧੀ ਲਈ ਪਾਰਟੀ ਨੂੰ ਮੁੜ ਜੀਵਤ ਕਰਨਾ ਇਕ ਮੁਸ਼ਕਲ ਕੰਮ ਹੋਵੇਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ 403 ਮੈਂਬਰੀ ਵਿਧਾਨ ਸਭਾ ’ਚ ਸਿਰਫ 7 ਸੀਟਾਂ ਜਿੱਤੀਆਂ ਸਨ ਪਰ ਹੁਣ ਉਸ ਦੇ ਕੋਲ ਸਿਰਫ 5 ਮੈਂਬਰ ਰਹਿ ਗਏ ਹਨ। ਮੌਜੂਦਾ ਹਾਲਾਤ ’ਚ ਦੋ ਦਰਜਨ ਸੀਟਾਂ ਜਿੱਤਣਾ ਵੀ ਪਾਰਟੀ ਲਈ ਵੱਡੀ ਜਿੱਤ ਹੋਵੇਗੀ। ਇਹ ਇਕ ਮੁਸ਼ਕਲ ਕੰਮ ਹੈ ਅਤੇ ਜੇਕਰ ਪ੍ਰਿਯੰਕਾ ਨਤੀਜਾ ਹਾਸਿਲ ਕਰਨ ’ਚ ਅਸਫਲ ਰਹਿੰਦੀ ਹੈ ਤਾਂ ਲੀਡਰਸ਼ਿਪ ’ਚ ਬਦਲਾਅ ਦੀ ਮੰਗ ਨੂੰ ਲੈ ਕੇ ਪਾਰਟੀ ਦੇ ਅੰਦਰ ਅਸੰਤੋਸ਼ ਦੀ ਆਵਾਜ਼ ਉੱਠਣ ਲੱਗੇਗੀ।
ਇਹੀ ਹਾਲ ਸਮਾਜਵਾਦੀ ਪਾਰਟੀ ਦਾ ਹੈ। ਅਖਿਲੇਸ਼ ਜਾਣਦੇ ਹਨ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਹਾਰ ਉਨ੍ਹਾਂ ਨੂੰ ਗੁੰਮਨਾਮੀ ’ਚ ਧੱਕ ਦੇਵੇਗੀ ਅਤੇ ਉਨ੍ਹਾਂ ਦੀ ਲੀਡਰਸ਼ਿਪ ’ਤੇ ਸਵਾਲ ਉੱਠਣਗੇ। ਸਪਾ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਈ ਸੀ, ਜੋ ਉਸਨੇ ਅਖਿਲੇਸ਼ ਦੀ ਲੀਡਰਸ਼ਿਪ ’ਚ ਲੜੀਆਂ ਸਨ। 2017 ’ਚ ਸਪਾ ਨੇ ਕਾਂਗਰਸ ਦੇ ਨਾਲ ਗਠਜੋੜ ਕੀਤਾ ਸੀ ਅਤੇ 2019 ’ਚ ਪਾਰਟੀ ਨੇ ਬਸਪਾ ਦੀ ਸਹਿਯੋਗੀ ਦੇ ਰੂਪ ’ਚ ਚੋਣਾਂ ਲੜੀਆਂ ਸਨ। ਤਜਰਬਾ ਸਫਲ ਰਿਹਾ ਅਤੇ ਇਸ ਵਾਰ ਅਖਿਲੇਸ਼ ਨੇ ਵੱਡੇ ਸਿਆਸੀ ਖਿਡਾਰੀਆਂ ਦੇ ਨਾਲ ਗਠਜੋੜ ਕਰਨ ਦੀ ਬਜਾਏ ਛੋਟੀਆਂ ਪਾਰਟੀਆਂ ਦੇ ਨਾਲ ਜਾਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਬਸਪਾ ਦੇ ਪਿਤਾਮਾ ਕਾਂਸ਼ੀ ਰਾਮ ਨੇ ਅਨੁਸੂਚਿਤ ਜਾਤੀ ਅਤੇ ਓ. ਬੀ. ਸੀ. ਦਾ ਇਕ ਵੱਡਾ ਦਲਿਤ-ਬਹੁਜਨ ਗਠਜੋੜ ਬਣਾਇਆ ਸੀ। 1993 ’ਚ ਪ੍ਰਯੋਗ ਦੇ ਨਤੀਜੇ ਸਾਹਮਣੇ ਆਏ ਜਦੋਂ ਰਾਮ ਮੰਦਿਰ ਅੰਦੋਲਨ ਦੇ ਸਿਖਰ ’ਤੇ ਭਾਜਪਾ ਨੂੰ ਹਰਾਉਣ ਲਈ ਸਪਾ ਅਤੇ ਬਸਪਾ ਗਠਜੋੜ ਬਣਾਉਣ ਲਈ ਇਕੱਠੇ ਆਏ। 2007 ’ਚ, ਸਰਵ ਸਮਾਜ ’ਤੇ ਆਪਣੇ ਧਿਆਨ ਰਾਹੀਂ ਮਾਇਆਵਤੀ ਅਤਿਅੰਤ ਪੱਛੜੀਆਂ ਜਾਤੀਆਂ ਦਾ ਸਮਰਥਨ ਪ੍ਰਾਪਤ ਕਰਨ ’ਚ ਸਫਲ ਰਹੀ ਅਤੇ ਆਪਣੇ ਦਮ ’ਤੇ ਸਪੱਸ਼ਟ ਬਹੁਮਤ ਹਾਸਲ ਕੀਤਾ।
ਅਖਿਲੇਸ਼ ਯਾਦਵ ਨੇ ਦਲਿਤਾਂ ਅਤੇ ਓ. ਬੀ. ਸੀ. ਦੇ ਸਨਮਾਨ ਦੀ ਰੱਖਿਆ ਕਰਨ ਅਤੇ ਸੱਤਾ ’ਚ ਉਨ੍ਹਾਂ ਦੀ ਉਚਿਤ ਪ੍ਰਤੀਨਿਧਤਾ ਯਕੀਨੀ ਕਰਨ ਲਈ ਡਾ. ਬੀ. ਆਰ. ਅੰਬੇਡਕਰ ਅਤੇ ਰਾਮ ਮਨੋਹਰ ਲੋਹੀਆ ਦੇ ਪੈਰੋਕਾਰਾਂ ਨੂੰ ਇਕੱਠੇ ਆਉਣ ਦਾ ਸੱਦਾ ਦਿੱਤਾ ਹੈ। ਇਹ ਐਲਾਨ ਇਕ ਯੋਜਨਾ ਦੇ ਤਹਿਤ ਕੀਤਾ ਗਿਆ ਹੈ ਕਿਉਂਕਿ ਹੋਰ ਪੱਛੜੀਆਂ ਜਾਤੀਆਂ (ਓ. ਬੀ. ਸੀ.) ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਜਿਵੇਂ ਕਿ ਉਨ੍ਹਾਂ ਨੇ 2019 ਦੀਆਂ ਆਮ ਚੋਣਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਨਿਭਾਈ ਸੀ। ਭਾਜਪਾ ਸਿਰਫ ਇਸ ਲਈ ਸੱਤਾ ’ਚ ਆਈ ਕਿਉਂਕਿ ਉਹ ਓ. ਬੀ. ਸੀ. ਦਾ ਚੰਗਾ ਸਮਰਥਨ ਹਾਸਲ ਕਰਨ ’ਚ ਸਫਲ ਰਹੀ ਕਿਉਂਕਿ ਉਸ ਨੇ ਛੋਟੀਆਂ ਪਰ ਜਾਤੀ-ਅਾਧਾਰਿਤ ਪਾਰਟੀਆਂ ਦੇ ਨਾਲ ਪ੍ਰਭਾਵੀ ਗਠਜੋੜ ਕੀਤਾ ਸੀ।
ਚੋਣਾਂ ਦੇ ਇਸ ਐਡੀਸ਼ਨ ’ਚ ਅਖਿਲੇਸ਼ ਪਹਿਲਾਂ ਹੀ ਓਮ ਪ੍ਰਕਾਸ਼ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐੱਸ. ਬੀ. ਐੱਸ. ਪੀ.) ਵਰਗੀਆਂ ਛੋਟੀਆਂ ਪਾਰਟੀਆਂ ਨਾਲ ਗਠਜੋੜ ਕਰ ਚੁੱਕੇ ਹਨ। ਸਪਾ ਕੇਸ਼ਵ ਪ੍ਰਸਾਦ ਮੌਰਿਆ ਦੀ ਲੀਡਰਸ਼ਿਪ ਵਾਲੇ ਮਹਾਨ ਦਲ ਨਾਲ ਵੀ ਗਠਜੋੜ ’ਚ ਹੈ ਅਤੇ ਪੱਛਮੀ ਯੂ. ਪੀ. ’ਚ ਇਸਨੇ ਰਾਸ਼ਟਰੀ ਲੋਕ ਦਲ ਦੇ ਨਾਲ ਗਠਜੋੜ ਦਾ ਐਲਾਨ ਕੀਤਾ ਹੈ।
ਮਾਇਆਵਤੀ ਨੂੰ ਦਲਿਤਾਂ ਦਰਮਿਆਨ ਜੋ ਸਮਰਥਨ ਪ੍ਰਾਪਤ ਹੈ, ਉਸ ’ਤੇ ਕੋਈ ਸਵਾਲ ਨਹੀਂ ਉਠਾ ਸਕਦਾ। ਬਸਪਾ ਨੂੰ ਬੱਟੇ ਖਾਤੇ ’ਚ ਪਾਉਣਾ ਗਲਤ ਹੋਵੇਗਾ ਕਿਉਂਕਿ ਪਾਰਟੀ 20 ਫੀਸਦੀ ਤੋਂ ਵੱਧ ਵੋਟ ਬੈਂਕ ਲਈ ਪ੍ਰਤੀਬੱਧ ਹੈ। ਪਾਰਟੀ ਨੇ ਸੂਬੇ ਭਰ ’ਚ ਬ੍ਰਾਹਮਣ ਸੰਮੇਲਨਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ ਪਰ ਜਿਸ ਤਰ੍ਹਾਂ ਨਾਲ ਵਿਧਾਇਕਾਂ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਬਸਪਾ ਛੱਡ ਸਪਾ ’ਚ ਸ਼ਾਮਲ ਹੋ ਗਏ ਹਨ, ਉਹ ਉਸ ਦੇ ਕਮਜ਼ੋਰ ਆਧਾਰ ਨੂੰ ਦਰਸਾਉਂਦਾ ਹੈ। ਮਾਇਆਵਤੀ ਨੇ ਅਜੇ ਮੁਹਿੰਮ ਸ਼ੁਰੂ ਨਹੀਂ ਕੀਤੀ ਹੈ ਪਰ ਇਕ ਵਾਰ ਸ਼ੁਰੂ ਹੋਣ ’ਤੇ ਉਨ੍ਹਾਂ ਦੇ ਇਕ ਜ਼ਿਲੇ ਤੋਂ ਦੂਸਰੇ ਜ਼ਿਲੇ ’ਚ ਜਾਣ ਤੋਂ ਬਾਅਦ ਲੋਕਾਂ ਦੇ ਉਨ੍ਹਾਂ ਦੇ ਸਮਰਥਨ ’ਚ ਉਤਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।