ਲਵ-ਜੇਹਾਦ ਕਾਨੂੰਨ ਦਾ ਸ਼ੀਰਸ਼ ਆਸਨ

12/17/2020 3:32:11 AM

ਡਾ. ਵੇਦਪ੍ਰਤਾਪ ਵੈਦਿਕ

ਧੋਖੇਬਾਜ਼ੀ, ਜ਼ੋਰ-ਜ਼ਬਰਦਸਤੀ, ਲਾਲਚ ਜਾਂ ਡਰ ਦੇ ਰਾਹੀਂ ਧਰਮ ਤਬਦੀਲੀ ਕਰਨ ਨੂੰ ਮੈਂ ਪਾਪ-ਕਰਮ ਮੰਨਦਾ ਹਾਂ ਪਰ ਲਵ-ਜੇਹਾਦ ਦੇ ਕਾਨੂੰਨ ਬਾਰੇ ਜੋ ਖਦਸ਼ਾ ਸ਼ੁਰੂ ’ਚ ਮੈਂ ਪ੍ਰਗਟ ਕੀਤਾ ਸੀ ਉਹ ਹੁਣ ਸਹੀ ਨਿਕਲਿਆ ਹੈ। ਸੰਸਕ੍ਰਿਤ ’ਚ ਇਸ ਨੂੰ ਕਹਿੰਦੇ ਹਨ-ਪ੍ਰਥਮਗ੍ਰਾਸੇ ਮਕਸ਼ਿਕਾਪਾਤ। ਭਾਵ ਪਹਿਲੀ ਬੁਰਕੀ ’ਚ ਹੀ ਮੱਖੀ ਪੈ ਗਈ। ਮੁਰਾਦਾਬਾਦ ਦੇ ਕਾਂਠ ਨਾਂ ਦੇ ਪਿੰਡ ਦੇ ਇਕ ਮੁਸਲਿਮ ਲੜਕੇ ਮੁਹੰਮਦ ਰਾਸ਼ਿਦ ਨਾਲ ਪਿੰਕੀ ਨਾਂ ਦੀ ਇਕ ਹਿੰਦੂ ਦਲਿਤ ਲੜਕੀ ਨੇ 22 ਜੁਲਾਈ ਨੂੰ ਵਿਆਹ ਕਰ ਲਿਆ ਸੀ। ਦੋਵੇਂ ਦੇਹਰਾਦੂਨ ’ਚ ਕੰਮ ਕਰਦੇ ਸਨ। ਦੋਵਾਂ ’ਚ ‘ਲਵ’ ਹੋ ਗਿਆ ਸੀ। ਪਿੰਕੀ ਮੁਸਕਾਨਜਹਾਨ ਬਣ ਗਈ। ਹੁਣ ਇਨ੍ਹਾਂ ਦੋਵਾਂ ਦੇ ਵਿਰੁੱਧ ਬਜਰੰਗ ਦਲ ਦੇ ਕੁਝ ਅਤਿ ਉਤਸ਼ਾਹੀ ਨੌਜਵਾਨਾਂ ਨੇ ਜੇਹਾਦ ਛੇੜ ਦਿੱਤਾ।

ਪਿੰਕੀ ਦੀ ਮਾਂ ਨੂੰ ਭੜਕਾਇਆ ਗਿਆ। ਉਸ ਨੇ ਥਾਣੇ ’ਚ ਰਿਪੋਰਟ ਲਿਖਵਾ ਦਿੱਤੀ ਕਿ ਮੇਰੀ ਧੀ ਦਾ ਧੋਖੇ ਨਾਲ ਵਿਆਹ ਕੀਤਾ ਗਿਆ। ਇਕ ਮੁਸਲਮਾਨ ਨੇ ਹਿੰਦੂ ਨਾਂ ਰੱਖ ਕੇ ਉਸ ਨੂੰ ਪ੍ਰੇਮ ਜਾਲ ’ਚ ਫਸਾਇਆ, ਮੁਸਲਮਾਨ ਹੋਣ ਲਈ ਮਜਬੂਰ ਕੀਤਾ ਅਤੇ ਫਿਰ ਵਿਆਹ ਕਰਵਾ ਲਿਆ। ਪੁਲਸ ਨੇ ਰਾਸ਼ਿਦ ਅਤੇ ਪਿੰਕੀ ਦੋਵਾਂ ਨੂੰ ਫੜ ਲਿਆ। ਰਾਸ਼ਿਦ ਅਤੇ ਉਸ ਦੇ ਭਰਾ ਨੂੰ ਜੇਲ ’ਚ ਸੁੱਟ ਦਿੱਤਾ ਗਿਆ ਅਤੇ ਪਿੰਕੀ ਨੂੰ ਸਰਕਾਰੀ ਸ਼ੈਲਟਰ ਹੋਮ ’ਚ। ਇਹ ਲਵ-ਜੇਹਾਦ ਕਾਨੂੰਨ 2020 ਦੇ ਤਹਿਤ ਕੀਤਾ ਗਿਆ।

ਇਹ ਕਾਨੂੰਨ ਲਾਗੂ ਹੋਇਆ 28 ਨਵੰਬਰ 2020 ਤੋਂ ਅਤੇ ਇਹ ਵਿਆਹ ਹੋਇਆ ਸੀ 24 ਜੁਲਾਈ ਨੂੰ। ਭਾਵ ਇਹ ਗ੍ਰਿਫਤਾਰੀ ਗੈਰ-ਕਾਨੂੰਨੀ ਸੀ। ਇਸ ਦੇ ਲਈ ਕਿਸ-ਕਿਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਕਿਸ-ਕਿਸ ਨੂੰ ਪਤੀ-ਪਤਨੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਇਹ ਤੁਸੀਂ ਖੁਦ ਤੈਅ ਕਰੋ।

ਪਿੰਕੀ ਦਾ ਪਤੀ ਅਤੇ ਜੇਠ ਅਜੇ ਵੀ ਜੇਲ ’ਚ ਹਨ। ਪਿੰਕੀ ਨੇ ਆਪਣੇ ਬਿਆਨ ’ਚ ਸਾਫ-ਸਾਫ ਕਿਹਾ ਹੈ ਕਿ ਰਾਸ਼ਿਦ ਮੁਸਲਮਾਨ ਹੈ, ਇਹ ਉਸ ਨੂੰ ਵਿਆਹ ਤੋਂ ਪਹਿਲਾਂ ਹੀ ਪਤਾ ਸੀ। ਉਸ ਨੇ ਆਪਣੀ ਮਰਜ਼ੀ ਨਾਲ ਧਰਮ ਤਬਦੀਲ ਕੀਤਾ, ਵਿਆਹ ਕੀਤਾ ਅਤੇ ਗਰਭਵਤੀ ਹੋਈ। ਉਸ ਮੁਸਕਾਨਜਹਾਨ ਦਾ ਗਰਭ ਜੋ 2-3 ਮਹੀਨੇ ਦਾ ਸੀ, ਇਸ ਫੜੋ-ਫੜੀ ਅਤੇ ਚਿੰਤਾ ’ਚ ਡਿੱਗ ਗਿਆ। ਇਹ ਮੰਨਣਾ ਜ਼ਰਾ ਔਖਾ ਹੈ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਜਾਣਬੁੱਝ ਕੇ ਡੇਗਿਆ ਹੋਵੇਗਾ। ਸਾਡੇ ਡਾਕਟਰ ਅਜਿਹੀ ਨੀਚ ਹਰਕਤ ਤਾਂ ਨਹੀਂ ਕਰ ਸਕਦੇ ਪਰ ਕੀ ਇਸ ਦਾ ਜਵਾਬ ‘ਸਾਡੇ ਲਵ-ਜੇਹਾਦੀਅਾਂ’ ਦੇ ਕੋਲ ਹੈ? ਜੇਕਰ ਜ਼ੋਰ-ਜ਼ਬਰਦਸਤੀ, ਲਾਲਚ ਜਾਂ ਡਰ ਦੇ ਮਾਰੇ ਪਿੰਕੀ ਨੇ ਮੁਸਕਾਨਜਹਾਨ ਬਣਨਾ ਮਨਜ਼ੂਰ ਕੀਤਾ ਹੁੰਦਾ ਤਾਂ ਸ਼ੈਲਟਰ ਹੋਮ ਤੋਂ ਛੁੱਟਣ ਤੋਂ ਬਾਅਦ ਉਹ ਆਪਣੇ ਹਿੰਦੂ ਪੇਕਿਅਾਂ ਕੋਲ ਕਿਉਂ ਨਹੀਂ ਗਈ? ਕਾਂਠ ਦੇ ਮੁਸਲਿਮ ਸਹੁਰਿਅਾਂ ’ਚ ਉਹ ਆਪਣੀ ਮਰਜ਼ੀ ਨਾਲ ਕਿਉਂ ਚਲੀ ਗਈ? ਇਸ ਘਟਨਾਚੱਕਰ ਨੇ ਲਵ-ਜੇਹਾਦ ਦੇ ਕਾਨੂੰਨ ਦੇ ਮੂੰਹ ’ਤੇ ਕਾਲਖ ਮਲ ਦਿੱਤੀ ਹੈ। ਉਸ ਨੂੰ ਸ਼ੀਰਸ਼ ਆਸਨ ਕਰਾ ਦਿੱਤਾ ਹੈ।


Bharat Thapa

Content Editor Bharat Thapa