ਕਿਸਾਨਾਂ ਦੀ ਤਰਸਯੋਗ ਹਾਲਤ ਅਤੇ ਮਜਬੂਰੀ

Friday, Oct 04, 2019 - 01:42 AM (IST)

ਕਿਸਾਨਾਂ ਦੀ ਤਰਸਯੋਗ ਹਾਲਤ ਅਤੇ ਮਜਬੂਰੀ

ਪ੍ਰਿੰ. ਮੋਹਨ ਲਾਲ ਸ਼ਰਮਾ
ਕਿਸਾਨਾਂ ਦੀ ਤਰਸਯੋਗ ਹਾਲਤ ਅਤੇ ਮਜਬੂਰੀ ਜ਼ਮੀਨ ਜਲ ਚੁੱਕੀ ਹੈ, ਆਸਮਾਨ ਬਾਕੀ ਹੈ,ਸੂਖੇ ਕੂੰਏਂ ਤੁਮਹਾਰਾ ਇਮਤਿਹਾਨ ਬਾਕੀ ਹੈ। ਵਹ ਜੋ ਖੇਤੋਂ ਕੀ ਮੇੜ੍ਹੋਂ ਪਰ ਉਦਾਸ ਬੈਠੇ ਹੈਂ, ਉਨਕੀ ਆਂਖੋਂ ਮੇਂ ਅਬ ਤਕ ਈਮਾਨ ਬਾਕੀ ਹੈ। ਬਾਦਲੋ ਬਰਸ ਜਾਨਾ ਸਮਯ ਪਰ ਇਸ ਬਾਰ, ਕਿਸੀ ਕਾ ਮਕਾਨ ਗਿਰਵੀ ਹੈ ਤੋ ਕਿਸੀ ਕਾ ਲਗਾਨ ਬਾਕੀ ਹੈ।

ਭਾਰਤ ਵਿਚ ਸਭ ਤੋਂ ਜ਼ਿਆਦਾ ਪਿੰਡ ਹਨ ਅਤੇ ਪਿੰਡਾਂ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ ਕਿਸਾਨ ਹਨ, ਜੋ ਖੇਤੀਬਾੜੀ ਕਰਦੇ ਹਨ। ਇਸੇ ਲਈ ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ। ਇਥੇ ਲੱਗਭਗ 70 ਫੀਸਦੀ ਲੋਕ ਕਿਸਾਨ ਹਨ, ਜੋ ਭਾਰਤ ਦੀ ਰੀੜ੍ਹ ਦੀ ਹੱਡੀ ਹਨ। ਇਹ ਉਹੀ ਕਿਸਾਨ ਹਨ, ਜੋ ਦਿਨ-ਰਾਤ ਖੇਤਾਂ ’ਚ ਮਿਹਨਤ ਕਰ ਕੇ ਦੇਸ਼ ਲਈ ਅੰਨ ਉਗਾਉਂਦੇ ਹਨ ਅਤੇ ‘ਅੰਨਦਾਤਾ’ ਵਜੋਂ ਜਾਣੇ ਜਾਂਦੇ ਹਨ ਪਰ ਅੱਜ ਦੇ ਕਿਸਾਨਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ।

ਆਖਿਰ ਕਿਸਾਨ ਅੱਜ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਿਉਂ ਹੈ? ਇਹ ਇਕ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਬਹੁਤ ਚਿਰਾਂ ਤੋਂ ਲੱਭਿਆ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਰਿਪੋਰਟਾਂ ਆ ਚੁੱਕੀਆਂ ਹਨ, ਜਿਨ੍ਹਾਂ ’ਚੋਂ ਕਈ ਲਾਗੂ ਵੀ ਹੋਈਆਂ ਤਾਂ ਕਈ ਦਬਾ ਦਿੱਤੀਆਂ ਗਈਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਜੋ ਉਪਾਅ ਕੀਤੇ ਗਏ, ਉਨ੍ਹਾਂ ਦਾ ਅਜੇ ਤਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ।

ਮੁੱਖ ਸਵਾਲ ਇਹ ਹੈ ਕਿ ਕੀ ਅਸੀਂ ਕਿਸਾਨਾਂ ਦੀ ਸਮੱਸਿਆ ਦਾ ਸਹੀ ਹੱਲ ਨਹੀਂ ਲੱਭ ਸਕੇ ਜਾਂ ਲੱਭਣਾ ਹੀ ਨਹੀਂ ਚਾਹੁੰਦੇ। ਦੇਖਿਆ ਜਾਵੇ ਤਾਂ ਆਜ਼ਾਦ ਭਾਰਤ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਇਕ ਲੰਮੀ ਮਿਆਦ ਲੰਘ ਜਾਣ ਤੋਂ ਬਾਅਦ ਵੀ ਭਾਰਤ ਦੇ ਕਿਸਾਨਾਂ ਦੀ ਦਸ਼ਾ ’ਚ 19-20 ਦਾ ਹੀ ਫਰਕ ਦਿਖਾਈ ਦਿੰਦਾ ਹੈ ਅਤੇ ਜਿਹੜੇ ਖੁਸ਼ਹਾਲ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਦੀ ਗਿਣਤੀ ਉਂਗਲਾਂ ’ਤੇ ਕੀਤੀ ਜਾ ਸਕਦੀ ਹੈ।

ਵਧਦੀ ਆਬਾਦੀ, ਉਦਯੋਗਕੀਕਰਨ ਅਤੇ ਸ਼ਹਿਰੀਕਰਨ ਕਰ ਕੇ ਖੇਤੀ ਰਕਬੇ ’ਚ ਲਗਾਤਾਰ ਕਮੀ ਆਈ ਹੈ। ਭਾਰਤੀ ਕਿਸਾਨ ਭਾਰਤੀਅਤਾ ਦਾ ਨੁਮਾਇੰਦਾ ਹੈ ਅਤੇ ਉਸ ਵਿਚ ਭਾਰਤ ਦੀ ਆਤਮਾ ਵਾਸ ਕਰਦੀ ਹੈ। ਦੇਖਿਆ ਜਾਵੇ ਤਾਂ ਅੱਜ ਦੇਸ਼ ’ਚ ਕਿਸਾਨਾਂ ਦੀ ਗਿਣਤੀ ਘੱਟ ਹੈ ਅਤੇ ਖੇਤ ਮਜ਼ਦੂਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਦੀ ਵਜ੍ਹਾ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਦਾ ਕਿਸਾਨ ਲਗਾਤਾਰ ਗਰੀਬ ਹੁੰਦਾ ਜਾ ਰਿਹਾ ਹੈ ਕਿਉਂਕਿ ਉਹ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ। ਪੁਰਾਣੀ ਕਹਾਵਤ ਹੈ ਕਿ ਭਾਰਤੀ ਕਿਸਾਨ ਕਰਜ਼ੇ ਵਿਚ ਜਨਮ ਲੈਂਦਾ ਹੈ, ਕਰਜ਼ੇ ’ਚ ਹੀ ਜ਼ਿੰਦਗੀ ਬਿਤਾਉਂਦਾ ਹੈ ਅਤੇ ਕਰਜ਼ੇ ਵਿਚ ਹੀ ਮਰ ਜਾਂਦਾ ਹੈ।

ਅੱਜ ਦਾ ਕਿਸਾਨ ਇੰਨਾ ਲਾਚਾਰ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦਿਵਾ ਸਕਦਾ। ਹਾਲਾਤ ਇਹ ਬਣ ਗਏ ਹਨ ਕਿ ਜੇ ਫਸਲ ਚੰਗੀ ਨਾ ਹੋਵੇ ਤਾਂ ਕਿਸਾਨ ਖ਼ੁਦਕੁਸ਼ੀ ਕਰ ਲੈਂਦਾ ਹੈ ਅਤੇ ਜੇ ਕਿਤੇ ਫਸਲ ਚੰਗੀ ਹੋ ਜਾਵੇ ਤਾਂ ਮੰਡੀ ’ਚ ਉਸ ਨੂੰ ਵਾਜਿਬ ਭਾਅ ਨਹੀਂ ਮਿਲਦਾ, ਜਿਸ ਭਾਅ ਦੀ ਉਮੀਦ ਰੱਖ ਕੇ ਉਹ ਫਸਲ ਪਾਲਦਾ ਹੈ। ਇਸ ਤੋਂ ਇਲਾਵਾ ਜ਼ਮੀਨ ਹੇਠਲੇ ਪਾਣੀ ਦੇ ਪੱਧਰ ’ਚ ਗਿਰਾਵਟ ਨੇ ਵੀ ਕਿਸਾਨਾਂ ਦੀ ਦਸ਼ਾ ਖਰਾਬ ਕੀਤੀ ਹੈ।

ਭਾਰਤੀ ਖੇਤੀਬਾੜੀ ਬਹੁਤ ਹੱਦ ਤਕ ਮਾਨਸੂਨ ’ਤੇ ਨਿਰਭਰ ਕਰਦੀ ਹੈ ਅਤੇ ਮਾਨਸੂਨ ਦੀ ਅਸਫਲਤਾ ਕਾਰਣ ਨਕਦੀ ਫਸਲਾਂ ਦਾ ਨਸ਼ਟ ਹੋਣਾ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਮੁੱਖ ਵਜ੍ਹਾ ਹੈ। ਬੈਂਕਾਂ, ਸ਼ਾਹੂਕਾਰਾਂ, ਏਜੰਟਾਂ ਆਦਿ ਦੇ ਚੱਕਰ ਵਿਚ ਫਸ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਇਕ ਸਰਵੇਖਣ ਦੀ ਰਿਪੋਰਟ ਮੁਤਾਬਿਕ 1990 ਤੋਂ ਬਾਅਦ ਭਾਰਤ ਵਿਚ ਹਰ ਸਾਲ 10,000 ਤੋਂ ਜ਼ਿਆਦਾ ਕਿਸਾਨ ਖ਼ੁਦਕੁਸ਼ੀਆਂ ਕਰਦੇ ਆ ਰਹੇ ਹਨ।

ਖੇਤੀਬਾੜੀ ਧੰਦਾ ਲਾਹੇਵੰਦ ਨਾ ਰਹਿਣ ਕਰ ਕੇ ਕਿਸਾਨ ਖੇਤੀ ਛੱਡ ਕੇ ਹੋਰ ਵੱਖ-ਵੱਖ ਧੰਦੇ ਅਪਣਾ ਰਹੇ ਹਨ। ਇਸ ਤੋਂ ਇਲਾਵਾ ਆਪਣੀਆਂ ਵੱਖ-ਵੱਖ ਮੰਗਾਂ ਲਈ ਕਿਸਾਨਾਂ ਨੂੰ ਆਏ ਦਿਨ ਅੰਦੋਲਨ ਛੇੜਨ ਲਈ ਸੜਕਾਂ ’ਤੇ ਆਉਣਾ ਪੈ ਰਿਹਾ ਹੈ। ਜਦੋਂ ਅੰਦੋਲਨ, ਰੋਸ-ਮੁਜ਼ਾਹਰੇ ਕਰਨ ’ਤੇ ਵੀ ਗੱਲ ਨਹੀਂ ਬਣਦੀ ਤਾਂ ਕਿਸਾਨ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਅਜਿਹਾ ਨਹੀਂ ਹੈ ਕਿ ਕੇਂਦਰ ਅਤੇ ਸੂਬਾਈ ਸਰਕਾਰਾਂ ਕਿਸਾਨਾਂ ਦੀ ਇਸ ਹਾਲਤ ਤੋਂ ਪ੍ਰੇਸ਼ਾਨ ਨਹੀਂ। ਸਰਕਾਰ ਵਲੋਂ ਲਗਾਤਾਰ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਦੇ ਮੱਦੇਨਜ਼ਰ ਕਈ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕਈ ਸੂਬੇ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਦੀ ਦਿਸ਼ਾ ’ਚ ਵੀ ਕਦਮ ਚੁੱਕ ਰਹੇ ਹਨ ਪਰ ਇਸ ਨੂੰ ਸਮੱਸਿਆ ਦਾ ਚਿਰਸਥਾਈ ਹੱਲ ਨਹੀਂ ਕਿਹਾ ਜਾ ਸਕਦਾ। ਕਿਸਾਨਾਂ ਦੀ ਸਮੱਸਿਆ ਦਾ ਇਕੋ-ਇਕ ਹੱਲ ਇਹ ਹੈ ਕਿ ਖੇਤੀ ਲਾਗਤ ’ਤੇ ਕੰਟਰੋਲ ਕੀਤਾ ਜਾਵੇ ਅਤੇ ਖੇਤੀ ਉਪਜ ਦੀਆਂ ਸਹੀ ਕੀਮਤਾਂ ਯਕੀਨੀ ਬਣਾਈਆਂ ਜਾਣ।

ਸਰਕਾਰ ਨੇ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਇਸ ਸੰਦਰਭ ’ਚ ‘ਫਸਲ ਬੀਮਾ ਯੋਜਨਾ’ ਬੇਮਿਸਾਲ ਕਦਮ ਹੈ। ਸਾਰੇ ਮੌਸਮਾਂ ’ਚ ਹਰੇਕ ਫਸਲ ਲਈ ਬੀਮਾ ਯੋਜਨਾ ਦਾ ਲਾਭ ਉਠਾਇਆ ਜਾ ਸਕਦਾ ਹੈ। ਸਾਰੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਗਿਆ ਹੈ ਅਤੇ ਬਿਜਲੀ ਤੋਂ ਵਾਂਝੇ ਪਿੰਡਾਂ ਵਿਚ ਬਿਜਲੀ ਪਹੁੰਚਾਉਣ ਲਈ ਇਕ ਵਿਆਪਕ ਯੋਜਨਾ ਬਣਾਈ ਜਾ ਰਹੀ ਹੈ।

ਮੋਦੀ ਸਰਕਾਰ ਲਈ ਖੇਤੀ ਖੇਤਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਵੱਡੀ ਤਰਜੀਹ ਹੈ। ਸਰਕਾਰ ਬਣਦਿਆਂ ਹੀ ‘ਪ੍ਰਧਾਨ ਮੰਤਰੀ ਕ੍ਰਿਸ਼ੀ ਸਨਮਾਨ ਯੋਜਨਾ’ ਦਾ ਦਾਇਰਾ ਵਧਾਇਆ ਗਿਆ ਹੈ, ਜਿਸ ਵਿਚ ਦੇਸ਼ ਦੇ ਹਰ ਕਿਸਾਨ ਨੂੰ ਸ਼ਾਮਿਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਕਿਤੇ ਨਾ ਕਿਤੇ ਸਰਕਾਰ ਵੀ ਸਮਝਦੀ ਹੈ ਕਿ ਖੇਤੀ ਖੇਤਰ ਦੀਆਂ ਸਮੱਸਿਆਵਾਂ ਨੂੰ ਦੂਰ ਕੀਤੇ ਬਿਨਾਂ ਦੇਸ਼ ਦੀ ਅਰਥ ਵਿਵਸਥਾ ਨੂੰ ਰਫਤਾਰ ਨਹੀਂ ਦਿੱਤੀ ਜਾ ਸਕਦੀ।

ਆਪਣੀ ਦਸ਼ਾ ਸੁਧਾਰਨ ਲਈ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਹੋਰ ਛੋਟੇ-ਛੋਟੇ ਧੰਦੇ ਵੀ ਅਪਣਾਉਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦੀ ਆਮਦਨ ਦੇ ਸੋਮੇ ਵਧਣ ਅਤੇ ਉਨ੍ਹਾਂ ਨੂੰ ਆਰਥਿਕ ਔਕੜਾਂ ਤੋਂ ਛੁਟਕਾਰਾ ਮਿਲ ਸਕੇ ਪਰ ਅਜਿਹੀ ਦਸ਼ਾ ਨਹੀਂ ਬਣਨੀ ਚਾਹੀਦੀ ਕਿ ਕਿਸਾਨ ਨੂੰ ਖ਼ੁਦ ਕਹਿਣਾ ਪਵੇ :

ਕਿਆ ਖੂਬ ਤਰੱਕੀ ਕਰ ਰਹਾ ਹੈ ਅਬ ਦੇਸ਼ ਦੇਖੀਏ, ਖੇਤੋਂ ਮੇਂ ਬਿਲਡਰ ਔਰ ਸੜਕੋਂ ਪਰ ਕਿਸਾਨ ਖੜੇਂ ਹੈਂ।

(drmlsharma5@gmail.com)

 


author

Bharat Thapa

Content Editor

Related News