ਪੁਰਾਤੱਤਵ ਮਹੱਤਵ ਦੀਆਂ ਸਾਡੀਆਂ ਪੁਰਾਤਨ ਵਿਰਾਸਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ
Monday, Aug 17, 2026 - 03:08 AM (IST)
ਭਾਰਤ ਵਡਮੁੱਲੀਆਂ ਪੁਰਾਤਨ ਵਿਰਾਸਤਾਂ ਨਾਲ ਅਮੀਰ ਪੁਰਾਤਨ ਸੱਭਿਅਤਾਵਾਂ ਦਾ ਦੇਸ਼ ਹੈ ਜਿਨ੍ਹਾਂ ’ਚ ਸਿੰਧੂ ਘਾਟੀ ਸੱਭਿਅਤਾ ਜਿਸ ਦੇ ਮਹਾਸਰੂਪ ਨੂੰ ਹੜੱਪਾ ਸੱਭਿਅਤਾਵਾਂ ਵੀ ਕਿਹਾ ਜਾਂਦਾ ਹੈ, ਸ਼ਾਮਲ ਹੈ। ਸਾਡੇ ਪੁਰਾਤਨ ਇਤਿਹਾਸਕ ਸਮਾਰਕ ਅਤੇ ਅਵਸ਼ੇਸ਼ ਸਾਡੇ ਇਤਿਹਾਸ ਦੇ ਗਵਾਹ ਹੋਣ ਦੇ ਨਾਤੇ ਇਹ ਸਾਡੇ ਦੇਸ਼ ’ਚ ਸੈਰ-ਸਪਾਟਾ ਉਦਯੋਗ ਨੂੰ ਹੁਲਾਰਾ ਦੇ ਕੇ ਦੇਸ਼ ਦੇ ਮਾਲੀਏ ’ਚ ਵਾਧਾ ਅਤੇ ਵਿਦੇਸ਼ੀ ਮੁਦਰਾ ਦੀ ਕਮਾਈ ਦਾ ਵੱਡਾ ਜ਼ਰੀਆ ਬਣ ਸਕਦੇ ਹਨ ਪਰ ਸਬੰਧਤ ਵਿਭਾਗ ਦੀ ਅਣਦੇਖੀ ਕਾਰਨ ਨਸ਼ਟ ਹੋ ਰਹੇ ਹਨ ਜਿਸ ਨੂੰ ਕਦੇ ਵੀ ਉਚਿਤ ਨਹੀਂ ਕਿਹਾ ਜਾ ਸਕਦਾ।
ਲੱਦਾਖ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬਹੁਤ ਚੰਗੀਆਂ ਸੋਹਣੀਆਂ ਗੁਫਾਵਾਂ ਹਨ ਪਰ ਉਨ੍ਹਾਂ ਦੀ ਉਚਿਤ ਦੇਖਭਾਲ ਨਾ ਹੋਣ ਕਾਰਨ ਉਨ੍ਹਾਂ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਜਦੋਂ ਕਿ ਇਸ ਦੇ ਉਲਟ ਚੀਨ ਅਤੇ ਹੋਰਨਾਂ ਦੇਸ਼ਾਂ ’ਚ ਉੱਥੋਂ ਦੇ ਸਬੰਧਤ ਵਿਭਾਗਾਂ ਨੇ ਆਪਣੀ ਇਸ ਅਨਮੋਲ ਵਿਰਾਸਤ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ ਜਿਨ੍ਹਾਂ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀਆਂ ਦੇ ਆਉਣ ਕਾਰਨ ਉੱਥੋਂ ਦੇ ਸੈਰ-ਸਪਾਟਾ ਉਦਯੋਗ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ। ਚੀਨ ’ਚ ਭਾਰਤ ਤੋਂ ਗਏ ਬੋਧ ਭਿਕਸ਼ੂਆਂ ਵਲੋਂ ਬਣਾਈਆਂ ਗਈਆਂ ਗੁਫਾਵਾਂ (ਬੋਧ ਮੱਠ) 1650 ਤੋਂ 1800 ਸਾਲ ਪੁਰਾਣੀਆਂ ਹਨ।
ਤਾਜ਼ਾ ਜਾਣਕਾਰੀ ਅਨੁਸਾਰ ਪੁਰਾਤੱਤਵ ਮਹੱਤਵ ਦੀਆਂ ਸਮਾਰਕਾਂ ਦੀ ਦੇਖਭਾਲ ਅਤੇ ਸੰਭਾਲ ਲਈ ਜ਼ਿੰਮੇਵਾਰ ‘ਭਾਰਤੀ ਪੁਰਾਤੱਤਵ ਸਰਵੇਖਣ ਸੰਸਥਾਨ’ (ਏ. ਐੱਸ. ਆਈ.) ਦਾ ਪਿਛਲੇ 5 ਸਾਲਾਂ ’ਚ ਸੁਰੱਖਿਅਤ ਸਮਾਰਕਾਂ ਦੀ ਦੇਖਭਾਲ ’ਤੇ ਹੋਣ ਵਾਲਾ ਖ਼ਰਚ ਘਟਦਾ-ਵਧਦਾ ਰਿਹਾ ਹੈ। ਇਸ ਨੇ ਵਿੱਤੀ ਸਾਲ 2024 ’ਚ ਇਨ੍ਹਾਂ ਦੀ ਸੰਭਾਲ ’ਤੇ 1,444 ਕਰੋੜ ਰੁਪਏ ਖ਼ਰਚ ਕੀਤੇ, ਜੋ ਵਿੱਤੀ ਸਾਲ 2026 ’ਚ ਘਟ ਕੇ ਸਿਰਫ਼ 1,377 ਕਰੋੜ ਰੁਪਏ ਹੀ ਰਹਿ ਗਏ।
ਕੁਝ ਸਮਾਂ ਪਹਿਲਾਂ ਭਾਰਤ ਦੇ ‘ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ’ ਗਜੇਂਦਰ ਸਿੰਘ ਸ਼ੇਖਾਵਤ ਨੇ ‘ਏ. ਐੱਸ. ਆਈ.’ ਦੁਆਰਾ ਸੁਰੱਖਿਅਤ ਸਮਾਰਕਾਂ ਦੇ ਸਾਰੇ ਪ੍ਰਮੁੱਖ ਸਰਕਲਾਂ ’ਚ ‘ਭਾਰਤੀ ਪੁਰਾਤੱਤਵ ਸਰਵੇਖਣ ਸੰਸਥਾਨ’ ਦੇ ਯੋਜਨਾਬੱਧ ਅਤੇ ਅਸਲ ਖ਼ਰਚ ਦਾ ਵੇਰਵਾ ਦਿੱਤਾ।
ਵਿੱਤੀ ਸਾਲ 2026 ’ਚ ਸਭ ਤੋਂ ਵੱਧ ਖ਼ਰਚ ਦਿੱਲੀ, ਮੁੰਬਈ, ਰਾਏਪੁਰ ਅਤੇ ਆਗਰਾ ਸਰਕਲਾਂ ’ਤੇ ਕੀਤਾ ਗਿਆ। ਦਿੱਲੀ-ਐੱਨ. ਸੀ. ਆਰ. ਦੇ ਸਮਾਰਕਾਂ ’ਤੇ 142 ਕਰੋੜ ਰੁਪਏ ਤੋਂ ਵੱਧ ਅਤੇ ਬਾਕੀ ਤਿੰਨਾਂ ’ਤੇ 116 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਗਏ। ਵਿਦੇਸ਼ੀਆਂ ’ਚ ਹਰਮਨਪਿਆਰੇ ਹੋਰ ਪ੍ਰਮੁੱਖ ਸਰਕਟਾਂ-ਜੈਪੁਰ, ਜੋਧਪੁਰ ਅਤੇ ਚੇਨਈ ’ਚ ਖ਼ਰਚ ’ਚ ਕਟੌਤੀ ਦੇਖੀ ਗਈ, ਜਦੋਂ ਕਿ ਅਜੰਤਾ ਅਤੇ ਅਲੋਰਾ ਧਨ ਪ੍ਰਾਪਤ ਕਰਨ ਦੇ ਮਾਮਲੇ ’ਚ ਪ੍ਰਮੁੱਖ ਹਨ ਪਰ ਖ਼ਰਾਬ ਸਥਿਤੀ ’ਚ ਹਨ। ਜੋਗੇਸ਼ਵਰੀ ਗੁਫਾਵਾਂ (ਪੱਥਰਾਂ ਨੂੰ ਕੱਟ ਕੇ ਬਣਾਈਆਂ ਗਈਆਂ 6-8 ਸਦੀਆਂ ਪੁਰਾਣੀਆਂ ਪੌਰਾਣਿਕ ਗੁਫਾਵਾਂ) ਵਰਗੇ ਪ੍ਰਾਚੀਨ ਸਥਲ ਬਹੁਤ ਜ਼ਿਆਦਾ ਕੂੜੇ-ਕਚਰੇ ਨਾਲ ਭਰੇ ਹਨ।
ਹੜੱਪਾ ਸੱਭਿਅਤਾ ਦੇ ਭਾਰਤ ’ਚ 7 ਸਥਲਾਂ ’ਚੋਂ 2, ਧੋਲਾਵੀਰਾ ਅਤੇ ਲੋਥਲ ਗੁਜਰਾਤ ’ਚ ਹਨ ਅਤੇ ਦੇਖਭਾਲ ਕਾਰਨ ਕੁਝ ਚੰਗੀ ਸਥਿਤੀ ’ਚ ਹਨ, ਜਦੋਂ ਕਿ ਹਰਿਆਣਾ ’ਚ ਸਥਿਤ ਬਾਕੀਆਂ ਦੀ ਵਰਤੋਂ ਸਥਾਨਕ ਲੋਕਾਂ ਵਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਅਪਰਕੋਟ ਗੁਫਾਵਾਂ, ਜੋਗੀਮਾਰਾ ਗੁਫਾਵਾਂ, ਅੰਢਾਵਾਲੀ ਗੁਫਾਵਾਂ ਸਾਰੀਆਂ ਅਣਗਹਿਲੀ ਅਤੇ ਦੇਖਭਾਲ ਦੀ ਕਮੀ ਕਾਰਨ ਨਸ਼ਟ ਹੋ ਰਹੀਆਂ ਹਨ। ਕੋਂਡਾਨਾ ਗੁਫਾਵਾਂ (ਪੱਥਰ ਕੱਟ ਕੇ ਬਣਾਈਆਂ ਗਈਆਂ 16 ਬੋਧ ਗੁਫਾਵਾਂ ਦਾ ਸਮੂਹ) ਵੀ ਬਹੁਤ ਖ਼ਰਾਬ ਸਥਿਤੀ ’ਚ ਹਨ, ਜਿੱਥੇ ਭਾਰੀ ਨਦੀਨ ਉੱਗ ਆਏ ਹਨ ਅਤੇ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੈ। ਲੱਦਾਖ ਘਾਟੀ ’ਚ ਸਸਪੋਲ ਗੁਫਾਵਾਂ ਖੰਡਰ ਬਣਦੀਆਂ ਜਾ ਰਹੀਆਂ ਹਨ।
2025 ’ਚ ਆਗਰਾ (ਤਾਜ ਮਹਿਲ), ਔਰੰਗਾਬਾਦ (ਬੋਧ, ਅਜੰਤਾ ਅਤੇ ਅਲੋਰਾ ਗੁਫਾਵਾਂ) ਅਤੇ ਕਰਨਾਟਕ ਦੇ ਹੰਪੀ ਸਮੇਤ ਸਾਰੇ ਵੱਡੇ ਟੂਰਿਸਟ ਸਰਕਟਾਂ ’ਚ ਖ਼ਰਚ ’ਚ ਕਾਫ਼ੀ ਕਮੀ ਆਈ।
ਇਹ ਖ਼ਰਚ ਇਸ ਲਈ ਮਾਇਨੇ ਰੱਖਦਾ ਹੈ ਕਿਉਂਕਿ ਭਾਰਤ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਦਾ ਰੱਖ-ਰਖਾਅ ਇਸ ’ਚ ਮਦਦ ਕਰ ਸਕਦਾ ਹੈ। ਸੈਰ-ਸਪਾਟਾ ਮੰਤਰਾਲੇ ਦੇ ਨਵੀਨਤਮ ਅੰਕੜਿਆਂ ਅਨੁਸਾਰ, 2025 ’ਚ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਸਾਲਾਨਾ ਆਧਾਰ ’ਤੇ 9.4 ਫ਼ੀਸਦੀ ਘਟ ਕੇ 9.02 ਮਿਲੀਅਨ ਰਹਿ ਗਈ, ਜਦੋਂ ਕਿ 2019 ’ਚ, ਮਹਾਮਾਰੀ ਦੇ ਸਾਲਾਂ ’ਚ ਟੂਰਿਜ਼ਮ ਦੇ ਠੱਪ ਹੋਣ ਤੋਂ ਪਹਿਲਾਂ, ਲਗਭਗ 11 ਮਿਲੀਅਨ ਵਿਦੇਸ਼ੀ ਸੈਲਾਨੀ ਭਾਰਤ ਆਏ ਸਨ।
ਸਮਾਰਕਾਂ ਅਤੇ ਹੋਰ ਵਿਰਾਸਤਾਂ ਦੇ ਸੰਭਾਲ ’ਤੇ ਕਿਸੇ ਦੇਸ਼ ਨੂੰ ਕਿੰਨਾ ਖ਼ਰਚ ਕਰਨਾ ਚਾਹੀਦਾ ਹੈ, ਇਸ ਦਾ ਕੋਈ ਮਾਪਦੰਡ ਨਹੀਂ ਹੈ ਪਰ ਯੂਨੈਸਕੋ ਦੇ ਨਵੀਨਤਮ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਯੂਰਪ ਅਤੇ ਉੱਤਰੀ ਅਮਰੀਕਾ ਦੇ ਦੇਸ਼ ਆਪਣੀ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੀ ਸੁਰੱਖਿਆ ’ਤੇ ਸਭ ਤੋਂ ਵੱਧ ਖ਼ਰਚ ਕਰਦੇ ਹਨ ਅਤੇ ਬਹੁਤ ਵੱਡਾ ਲਾਭ ਵੀ ਉਠਾਉਂਦੇ ਹਨ। ਜਿਵੇਂ ਅਮਰੀਕਾ ਸੈਰ-ਸਪਾਟੇ ਤੋਂ 213-215 ਅਰਬ ਡਾਲਰ ਪ੍ਰਤੀ ਸਾਲ, ਸਪੇਨ ਵਰਗਾ ਛੋਟਾ ਜਿਹਾ ਦੇਸ਼ 113 ਅਰਬ ਡਾਲਰ ਕਮਾਉਂਦਾ ਹੈ, ਬ੍ਰਿਟੇਨ 89.6 ਅਰਬ ਡਾਲਰ, ਫਰਾਂਸ 84 ਅਰਬ ਡਾਲਰ, ਜਾਪਾਨ 64 ਅਰਬ ਡਾਲਰ ਹਰ ਸਾਲ ਕਮਾਉਂਦੇ ਹਨ। ਤਾਂ ਕੀ ਭਾਰਤ ਨੂੰ ਇਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ? ਹੋਰ ਤਾਂ ਹੋਰ, ਮਿਸਰ ਨੇ ਨਵਾਂ ਗ੍ਰੈਂਡ ਇਜ਼ਿਪਸ਼ੀਅਨ (ਜੇਮ) ਮਿਊਜ਼ੀਅਮ ਇੰਗਲੈਂਡ, ਫਰਾਂਸ ਵਰਗੇ ਅਨੇਕਾਂ ਦੇਸ਼ਾਂ ਤੋਂ ਆਪਣਾ ਆਰਟ ਅਤੇ ਜਵਾਹਰਾਤ ਵਾਪਸ ਲਿਆ ਕੇ ਖੋਲ੍ਹਿਆ ਹੈ ਅਤੇ ਉੱਥੇ ਸੈਲਾਨੀ ਵਧਦੇ ਜਾ ਰਹੇ ਹਨ। ਚੀਨ ਨੇ ਡੁਨਹੁਆਂਗ ’ਚ 492 ਗੁਫਾਵਾਂ ਨੂੰ ਸੁਰੱਖਿਅਤ ਕੀਤਾ ਹੈ।
ਇਸ ਲਈ ਭਾਰਤ ਨੂੰ ਵੀ ਆਪਣੇ ਪੁਰਾਤੱਤਵ ਮਹੱਤਵ ਦੀਆਂ ਵਿਰਾਸਤੀ ਇਮਾਰਤਾਂ ਦੀ ਸੰਭਾਲ ’ਤੇ ਧਿਆਨ ਦੇਣ ਦੀ ਲੋੜ ਹੈ, ਜਿਸ ਨਾਲ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ ਅਤੇ ਸਾਡੇ ਮਾਲੀਏ ’ਚ ਵੀ ਵਾਧਾ ਹੋਵੇਗਾ।
