ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ‘ਦਲ-ਬਦਲੀ’ ਹੋਈ ਤੇਜ਼

Wednesday, Mar 20, 2024 - 03:28 AM (IST)

ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ‘ਦਲ-ਬਦਲੀ’ ਹੋਈ ਤੇਜ਼

ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿਚ ਦਲ-ਬਦਲੀ ਦਾ ਰੁਝਾਨ ਚੱਲ ਰਿਹਾ ਹੈ ਪਰ ਚੋਣਾਂ ਦੌਰਾਨ ਇਸ ’ਚ ਹੋਰ ਵੀ ਤੇਜ਼ੀ ਆ ਗਈ ਹੈ। ਹੁਣ ਜਦ ਕਿ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ, ਦਲ-ਬਦਲੀ ਹੋਰ ਜ਼ੋਰਾਂ ’ਤੇ ਹੈ।

*15 ਮਾਰਚ ਨੂੰ ‘ਬੀਜੂ ਜਨਤਾ ਦਲ’ (ਬੀਜਦ) ਤੋਂ ਅਸਤੀਫਾ ਦੇ ਕੇ ਪ੍ਰਸਿੱਧ ਉੜੀਆ ਅਦਾਕਾਰ ਅਰਿੰਦਮ ਰਾਏ ਭਾਜਪਾ ’ਚ ਚਲੇ ਗਏ। ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ, ‘‘ਮੈਨੂੰ ਸੂਬੇ ਦੀ ਸੱਤਾਧਾਰੀ ਪਾਰਟੀ ਨੇ ਦਰਕਿਨਾਰ ਕਰ ਦਿੱਤਾ ਹੈ।’’

*15 ਮਾਰਚ ਨੂੰ ਹੀ ਬੈਰਕਪੁਰ (ਪੱਛਮੀ ਬੰਗਾਲ) ਤੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਰਜੁਨ ਸਿੰਘ ਨੇ ਪਾਰਟੀ ਕੋਲੋਂ ਇਸ ਵਾਰ ਟਿਕਟ ਨਾ ਮਿਲਣ ’ਤੇ ਇਹ ਕਹਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਕਿ ‘‘ਸੂਬੇ ’ਚ ਤ੍ਰਿਣਮੂਲ ਕਾਂਗਰਸ ਪੁਲਸ ਅਤੇ ਗੁੰਡਿਆਂ ਦੇ ਜ਼ੋਰ ’ਤੇ ਸੱਤਾ ’ਚ ਹੈ। ਇਹ ਗੁੰਡਿਆਂ ਦੀ ਮਦਦ ਨਾਲ ਸੱਤਾ ’ਚ ਰਹਿਣਾ ਚਾਹੁੰਦੀ ਹੈ।’’

*15 ਮਾਰਚ ਨੂੰ ਹੀ ਆਪਣੀ ਟਿਕਟ ਕੱਟੀ ਜਾਣ ਤੋਂ ਨਾਰਾਜ਼ ਆਸਾਮ ਦੇ ਬਾਰਪੇਟਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਬਦੁੱਲ ਖਾਲਿਕ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਦੋਸ਼ ਲਾਇਆ, ‘‘ਪ੍ਰਦੇਸ਼ ਕਾਂਗਰਸ ਪ੍ਰਧਾਨ ਭੂਪੇਨ ਕੁਮਾਰ ਬੋਰਾ ਅਤੇ ਪ੍ਰਦੇਸ਼ ਇੰਚਾਰਜ ਜਨਰਲ ਸਕੱਤਰ ਜਤਿੰਦਰ ਸਿੰਘ ਦੇ ਰਵੱਈਏ ਨੇ ਸੂਬੇ ’ਚ ਪਾਰਟੀ ਦੀਆਂ ਸੰਭਾਵਨਾਵਾਂ ਖ਼ਤਮ ਕਰ ਦਿੱਤੀਆਂ ਹਨ। ਇੱਥੇ ਜਨਤਾ ਦੇ ਮੁੱਦੇ ਪਿੱਛੇ ਰਹਿ ਗਏ ਹਨ।’’

*16 ਮਾਰਚ ਨੂੰ ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਅਜੈ ਪ੍ਰਤਾਪ ਸਿੰਘ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ’ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇਹ ਕਹਿ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਕਿ ‘‘ਭਾਜਪਾ ’ਚ ਭ੍ਰਿਸ਼ਟ ਲੋਕਾਂ ਨੂੰ ਪੁਸ਼ਤਪਨਾਹੀ ਮਿਲ ਰਹੀ ਹੈ ਅਤੇ ਇਹ ਸਿਆਸੀ ਵਪਾਰੀਆਂ ਦਾ ਅੱਡਾ ਬਣ ਗਈ ਹੈ।’’

*16 ਮਾਰਚ ਨੂੰ ਹੀ ਤੇਲੰਗਾਨਾ ਪ੍ਰਦੇਸ਼ ‘ਬਹੁਜਨ ਸਮਾਜ ਪਾਰਟੀ’ (ਬਸਪਾ) ਦੇ ਸੂਬਾ ਪ੍ਰਧਾਨ ਆਰ. ਐੱਸ. ਪ੍ਰਵੀਨ ਕੁਮਾਰ ਨੇ ਪ੍ਰਧਾਨਗੀ ਅਹੁਦੇ ਅਤੇ ਪਾਰਟੀ ਦੀ ਮੈਂਬਰਸ਼ਿਪ ਦੋਵਾਂ ਤੋਂ ਅਸਤੀਫਾ ਦੇ ਕੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਨਾਲ ਨਾਤਾ ਜੋੜਦੇ ਹੋਏ ਕਿਹਾ, ‘‘ਬੀ.ਆਰ.ਐੱਸ. ਨਾਲ ਗਠਜੋੜ ਖਤਮ ਕਰਨ ਲਈ ਮਾਇਆਵਤੀ ਨੇ ਮੇਰੇ ਉੱਪਰ ਦਬਾਅ ਪਾਇਆ ਸੀ ਜੋ ਮੈਨੂੰ ਪਸੰਦ ਨਹੀਂ ਆਇਆ ਅਤੇ ਮੈਂ ਬੀ.ਆਰ.ਐੱਸ. ’ਚ ਸ਼ਾਮਲ ਹੋਣ ਲਈ ਬਸਪਾ ਹੀ ਛੱਡ ਦਿੱਤੀ।’’

*17 ਮਾਰਚ ਨੂੰ ਚੇਵੇਲਾ (ਆਂਧਰਾ ਪ੍ਰਦੇਸ਼) ਤੋਂ ‘ਭਾਰਤ ਰਾਸ਼ਟਰ ਸਮਿਤੀ’ (ਬੀ.ਆਰ.ਐੱਸ.) ਦੇ ਸੰਸਦ ਮੈਂਬਰ ਜੀ. ਰਣਜੀਤ ਰੈੱਡੀ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਅਤੇ ਕਿਹਾ, ‘‘ਸੂਬੇ ’ਚ ਮੌਜੂਦਾ ਸਿਆਸੀ ਹਾਲਾਤ ਕਾਰਨ ਮੈਨੂੰ ਬਦਲਵਾਂ ਰਾਹ ਅਪਣਾਉਣ ਦਾ ਫੈਸਲਾ ਲੈਣਾ ਪਿਆ।’’ ਉਹ ਬੀਤੇ ਸਾਲ ‘ਤੇਲਗੂ ਦੇਸ਼ਮ ਪਾਰਟੀ’ ਤੋਂ ਅਸਤੀਫਾ ਦੇ ਕੇ ਬੀ.ਆਰ.ਐੱਸ. ’ਚ ਸ਼ਾਮਲ ਹੋਏ ਸਨ।

*17 ਮਾਰਚ ਨੂੰ ਹੀ ਕਰਨਾਟਕ ਦੇ ਸਾਬਕਾ ਉੱਪ ਮੁੱਖ ਮੰਤਰੀ ਕੇ. ਐੱਸ. ਈਸ਼ਵਰੱਪਾ ਨੇ ਭਾਜਪਾ ਲੀਡਰਸ਼ਿਪ ਵਲੋਂ ਉਨ੍ਹਾਂ ਦੇ ਬੇਟੇ ਕੇ. ਈ. ਕੰਤੇਸ਼ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਨਾ ਦੇਣ ਤੋਂ ਨਾਰਾਜ਼ ਹੋ ਕੇ ਸ਼ਿਮੋਗਾ ਤੋਂ ਆਗਾਮੀ ਲੋਕ ਸਭਾ ਚੋਣਾਂ ਆਜ਼ਾਦ ਲੜਨ ਦਾ ਐਲਾਨ ਕਰਦੇ ਹੋਏ ਦੋਸ਼ ਲਾਇਆ ਕਿ ਸੂਬਾ ਭਾਜਪਾ ਪ੍ਰਧਾਨ ਯੇਦੀਯੁਰੱਪਾ ਉਨ੍ਹਾਂ ਦੇ ਬੇਟੇ ਕੇ. ਈ. ਕੰਤੇਸ਼ ਨੂੰ ਪਾਰਟੀ ਟਿਕਟ ਮਿਲਣ ’ਚ ਰੋੜਾ ਅਟਕਾ ਰਹੇ ਹਨ।

*18 ਮਾਰਚ ਨੂੰ ਹੀ ਕਰਨਾਟਕ ਦੇ ਬੈਂਗਲੁਰੂ ਉੱਤਰੀ ਤੋਂ ਦੁਬਾਰਾ ਚੋਣ ਲੜਨ ਲਈ ਟਿਕਟ ਨਾ ਦਿੱਤੇ ਜਾਣ ’ਤੇ ਨਾਰਾਜ਼ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਡੀ. ਵੀ. ਸਦਾਨੰਦ ਗੌੜਾ ਨੇ ਕਿਹਾ, ‘‘ਅਜਿਹਾ ਕਹਿਣ ਲਈ ਹੁਣ ਕੁਝ ਨਹੀਂ ਬਚਿਆ ਹੈ ਕਿ ਭਾਜਪਾ ਕਰਨਾਟਕ ਦੀਆਂ ਹੋਰ ਪਾਰਟੀਆਂ ਤੋਂ ਵੱਖਰੀ ਹੈ।’’

*18 ਮਾਰਚ ਨੂੰ ਹੀ ਮੱਧ ਪ੍ਰਦੇਸ਼ ਕਾਂਗਰਸ ਦੇ ਸਾਬਕਾ ਬੁਲਾਰੇ ਸਈਦ ਜ਼ਫਰ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਕਿਹਾ, ‘‘ਮੈਂ ਜਿੰਨੇ ਸਾਲ ਵੀ ਕਾਂਗਰਸ ’ਚ ਰਿਹਾ ਕਾਂਗਰਸ ਨੇ ਕਦੀ ਵੀ ਮੈਨੂੰ ਯੋਗਤਾ ਅਨੁਸਾਰ ਅਹੁਦਾ ਨਹੀਂ ਦਿੱਤਾ।’’

*ਅਤੇ ਹੁਣ 19 ਮਾਰਚ ਨੂੰ ਝਾਰਖੰਡ ਮੁਕਤੀ ਮੋਰਚਾ ਦੀ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਅਤੇ ਸਵ. ਦੁਰਗਾ ਸੋਰੇਨ ਦੀ ਪਤਨੀ ਸੀਤਾ ਸੋਰੇਨ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਈ। ਸੀਤਾ ਸੋਰੇਨ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਪਿੱਛੋਂ ਪਾਰਟੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਢੁੱਕਵਾਂ ਸਹਿਯੋਗ ਨਹੀਂ ਦਿੱਤਾ ਅਤੇ ਉਹ ਪਾਰਟੀ ’ਚ ਅਣਦੇਖੀ ਮਹਿਸੂਸ ਕਰ ਰਹੀ ਸੀ।

*19 ਮਾਰਚ ਨੂੰ ਹੀ ਕੇਂਦਰੀ ਸਿੱਖਿਆ ਮੰਤਰੀ ਅਤੇ ਭਾਜਪਾ ਦੇ ਗੱਠਜੋੜ ਸਹਿਯੋਗੀ ਪਸ਼ੂਪਤੀ ਕੁਮਾਰ ਪਾਰਸ ਨੇ ਬਿਹਾਰ ’ਚ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ’ਚ ਸ਼ਾਮਲ ਨਾ ਕਰ ਕੇ ਉਨ੍ਹਾਂ ਦੀ ‘ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ’ ਨਾਲ ਅਨਿਆਂ ਕਰਨ ਦਾ ਦੋਸ਼ ਲਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

*19 ਮਾਰਚ ਨੂੰ ਹੀ ਜਦ-ਯੂ (ਨਿਤੀਸ਼ ਕੁਮਾਰ ਦੀ ਪਾਰਟੀ) ਦੇ ਕੌਮੀ ਜਨਰਲ ਸਕੱਤਰ ਅਲੀ ਅਸ਼ਰਫ ਫਾਤਮੀ ਨੇ ਵੀ ਸੀਟਾਂ ਦੀ ਵੰਡ ਦੇ ਐਲਾਨ ’ਚ ਨਾਰਾਜ਼ਗੀ ਕਾਰਨ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਜਦ-ਯੂ ਵਲੋਂ ਰਾਜਦ (ਲਾਲੂ ਯਾਦਵ ਦੀ ਪਾਰਟੀ) ਨਾਲੋਂ ਗੱਠਜੋੜ ਤੋੜਨ ’ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਉਕਤ ਆਗੂਆਂ ਦੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਮੂਲ ਪਾਰਟੀ ਦੀ ਲੀਡਰਸ਼ਿਪ ਵਲੋਂ ਆਪਣੇ ਮੈਂਬਰਾਂ ਦੀ ਅਣਦੇਖੀ, ਉਨ੍ਹਾਂ ਦੀ ਗੱਲ ਨਾ ਸੁਣਨ ਆਦਿ ਕਾਰਨ ਸਿਆਸੀ ਪਾਰਟੀਆਂ ’ਚ ਲੋਕਤੰਤਰ ਨੂੰ ਖੋਰਾ ਲੱਗਣ ਨਾਲ ਦਲ-ਬਦਲੀ ਨੂੰ ਹੁਲਾਰਾ ਮਿਲ ਰਿਹਾ ਹੈ।

-ਵਿਜੇ ਕੁਮਾਰ


author

Harpreet SIngh

Content Editor

Related News