ਸਰਕਾਰ ਨੂੰ ਆਪਣੇ ਕਦਮਾਂ ’ਤੇ ਸਫਾਈ ਦੇਣੀ ਜ਼ਰੂਰੀ

04/09/2020 2:24:28 AM

ਵਿਪਿਨ ਪੱਬੀ

ਸਰਬ ਪਾਰਟੀ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਨੂੰ ਵਧਾਉਣ ਦੇ ਸੰਕੇਤ ਦਿੱਤੇ ਹਨ। ਇਸ ਦਾ ਹੁਕਮ ਮੋਦੀ ਨੇ 25 ਮਾਰਚ ਨੂੰ ਦਿੱਤਾ ਸੀ। ਦੇਸ਼ ’ਚ ਲਾਕਡਾਊਨ ਨੂੰ ਵਧਾਉਣ ਜਾਂ ਫਿਰ ਇਸ ਨੂੰ ਅੰਸ਼ਿਕ ਤੌਰ ’ਤੇ ਹਟਾਉਣ ’ਤੇ ਚਰਚੇ ਅਤੇ ਬਹਿਸ ਜਾਰੀ ਸੀ। ਹਾਲਾਂਿਕ ਕੋਈ ਵੀ ਇਸ ਨੂੰ ਹਟਾਉਣ ਲਈ ਨਹੀਂ ਕਹਿ ਰਿਹਾ। ਇਸ ਦੁੱਖ ਭਰੀ ਘੜੀ ’ਚ ਸਰਕਾਰ ਨੂੰ ਲੋਕਾਂ ਦੇ ਮਨਾਂ ਨੂੰ ਮਹਿਸੂਸ ਕਰਦੇ ਹੋਏ ਉਨ੍ਹਾਂ ਦੇ ਖਦਸ਼ੇ ਦੂਰ ਕਰਨੇ ਚਾਹੀਦੇ ਹਨ। ਮੋਦੀ ਸਰਕਾਰ ਦੀ ਹਮੇਸ਼ਾ ਤੋਂ ਇਕ ਪੱਖੀ ਗੱਲਬਾਤ ਕਰਨ ਦੀ ਪ੍ਰਵਿਰਤੀ ਰਹੀ ਹੈ। ਮੋਦੀ ਸਰਕਾਰ ਨੇ ਲੱਗਦਾ ਹੈ ਕਿ ਇਹ ਸਹੁੰ ਖਾਧੀ ਹੋਈ ਹੈ ਿਕ ਉਹ ਲੋਕਾਂ ਦੇ ਕਿਸੇ ਵੀ ਸਵਾਲ ਭਾਵੇਂ ਮੀਡੀਆ ਤੋਂ ਹੀ ਹੋਣ, ਦਾ ਜਵਾਬ ਨਹੀਂ ਦੇਵੇਗੀ। ਸੱਤਾ ’ਚ ਪਰਤਣ ਤੋਂ ਬਾਅਦ ਤੋਂ ਹੀ ਮੋਦੀ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਨੂੰ ਸਿੱਧੇ ਤੌਰ ’ਤੇ ਦੇਣ ਤੋਂ ਨਾਂਹ ਕੀਤੀ ਹੈ। ਮੋਦੀ ਦਾ ਸ਼ੱਕੀ ਰਿਕਾਰਡ ਦੱਸਦਾ ਹੈ ਕਿ ਉਨ੍ਹਾਂ ਨੇ ਕੋਈ ਵੀ ਇਕ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਅਤੇ ਨਾ ਹੀ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਦਿੱਤਾ। ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਉਨ੍ਹਾਂ ਵਰਗਾ ਪ੍ਰਧਾਨ ਮੰਤਰੀ ਨਹੀਂ ਦੇਖਿਆ ਗਿਆ, ਜੋ ਲੋਕਾਂ ਦੇ ਸਵਾਲਾਂ ਤੋਂ ਮੂੰਹ ਫੇਰਦਾ ਹੋਵੇ।

ਮੋਦੀ ਕੋਲ ਆਪਣੇ ਵਿਚਾਰਾਂ ਨੂੰ ਬਾਹਰ ਕੱਢਣ ਲਈ ਕਈ ਪਲੇਟਫਾਰਮ ਮੌਜੂਦ ਹਨ, ਜਿਸ ’ਚ ਰਾਸ਼ਟਰ ਨੂੰ ਸੰਬੋਧਿਤ ਕਰਨਾ, ਜਨਤਕ ਬੈਠਕਾਂ ਕਰਨਾ ਅਤੇ ਇਥੋਂ ਤਕ ਕਿ ਸੋਸ਼ਲ ਮੀਡੀਆ ਵੀ ਸ਼ਾਮਲ ਹੈ, ਜਿਥੇ ਉਨ੍ਹਾਂ ਤੋਂ ਕੋਈ ਸਵਾਲ ਨਹੀਂ ਕਰ ਸਕਦਾ। ਨਾਗਰਿਕਾਂ ਕੋਲ ਅਧਿਕਾਰ ਹੈ ਕਿ ਉਹ ਮੋਦੀ ਤੋਂ ਸਵਾਲ-ਜਵਾਬ ਕਰਨ ਅਤੇ ਸਰਕਾਰ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਹਾਸਲ ਕਰਨ। ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਇਸ ਮਹਾਮਾਰੀ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ ਅਤੇ ਸਰਕਾਰ ਇਸ ਮੁਸ਼ਕਿਲ ਤੋਂ ਕਿਵੇਂ ਕਾਬੂ ਪਾਉਣਾ ਚਾਹੁੰਦੀ ਹੈ। ਨਾਗਰਿਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਸਰਕਾਰ ਵਲੋਂ ਮਹਾਮਾਰੀ ਨਾਲ ਨਜਿੱਠਣ ਲਈ ਕਿਹੜੇ ਪ੍ਰਬੰਧ ਕੀਤੇ ਗਏ ਹਨ। ਆਪਣੇ ਰਾਸ਼ਟਰ ਦੇ ਨਾਂ ਸੰਦੇਸ਼ਾਂ ’ਚ ਮੋਦੀ ਨੇ ਅਜਿਹੇ ਕਦਮਾਂ ਨੂੰ ਚੁੱਕਣ ਪ੍ਰਤੀ ਕੋਈ ਵੀ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ। ਲੋਕ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਦੇਸ਼ ’ਚ ਕਾਫੀ ਸਹੂਲਤਾਂ ਹਨ ਅਤੇ ਹੋਰਨਾਂ ਨੂੰ ਕਿਵੇਂ ਪੈਦਾ ਕੀਤਾ ਜਾਵੇਗਾ। ਮਿਸਾਲ ਦੇ ਤੌਰ ’ਤੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਵਾਈਆਂ ਉਪਲੱਬਧ ਕਰਵਾਉਣ ਦੀ ਧਮਕੀ ਭਰੇ ਬਿਆਨ ’ਤੇ ਭਾਰਤ ਦਾ ਕੀ ਵਤੀਰਾ ਹੈ। ਕਿਸੇ ਵੀ ਭਰੋਸੇਯੋਗ ਸੂਚਨਾ ਦੀ ਘਾਟ ’ਚ ਸਾਰੇ ਮੁੱਦੇ ਇੱਛਾਵਾਂ ਦੇ ਖੇਤਰ ’ਚ ਬੱਝ ਕੇ ਰਹਿ ਜਾਂਦੇ ਹਨ। ਮੋਦੀ ਨੇ ਹੁਣ ਤਕ ਲੋਕਾਂ ਨੂੰ ਹੁਣੇ ਜਿਹੇ ਤਾੜੀਆਂ ਵਜਾਉਣ ਅਤੇ ਦੀਵੇ ਜਗਾਉਣ ਲਈ ਕੀਤੀ ਗਈ ਅਪੀਲ ਬਾਰੇ ਕੋਈ ਵੀ ਸਪੱਸ਼ਟੀਕਰਨ ਮੁਹੱਈਆ ਨਹੀਂ ਕਰਵਾਇਆ। ਕੋਰੋਨਾ ਵਾਇਰਸ ਨਾਲ ਲੜਨ ਵਾਲੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਲਈ ਤਾੜੀ ਵਜਾਉਣ ਦਾ ਮਕਸਦ ਸਮਝ ਆਇਆ ਹੈ। ਤਾੜੀ ਵਜਾਉਣ ਦਾ ਮਤਲਬ ਅਜਿਹੇ ਲੋਕਾਂ ਦਾ ਧੰਨਵਾਦ ਪ੍ਰਗਟ ਕਰਨਾ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨਾ ਸੀ। ਅਜਿਹਾ ਹੀ ਸ਼ੁਕਰੀਆ ਕਈ ਹੋਰ ਦੇਸ਼ਾਂ, ਜਿਵੇਂ ਇਟਲੀ, ਸਪੇਨ ਅਤੇ ਬਾਅਦ ’ਚ ਬ੍ਰਿਟੇਨ ’ਚ ਵੀ ਪ੍ਰਗਟ ਕੀਤਾ ਗਿਆ। ਇਸ ਪ੍ਰਕਿਰਿਆ ’ਚ ਦੇਸ਼ ਦੇ ਸਾਰੇ ਵਰਗਾਂ ਨੇ ਹਿੱਸਾ ਲਿਆ। ਹਾਲਾਂਕਿ ਕੁਝ ਮੂਰਖ ਲੋਕਾਂ ਨੇ ਘਰਾਂ ’ਚੋਂ ਬਾਹਰ ਨਿਕਲ ਕੇ ਜਲੂਸ ਕੱਢਿਆ ਅਤੇ ਮੋਦੀ ਦੀ ਅਪੀਲ ਦਾ ਜਸ਼ਨ ਮਨਾਇਆ। ਮੋਮਬੱਤੀਆਂ, ਦੀਵੇ ਜਾਂ ਫਿਰ ਮੋਬਾਇਲ ਫੋਨ ਦੀ ਟਾਰਚ ਲਾਈਟ ਨੂੰ ਜਗਾਉਣ ਦੇ ਮਕਸਦ ਬਾਰੇ ਕੁਝ ਸਮਝ ਨਹੀਂ ਆਇਆ ਅਤੇ ਨਾ ਹੀ ਇਸ ਬਾਰੇ ਕੋਈ ਵਿਆਖਿਆ ਕੀਤੀ ਗਈ।

ਮੋਦੀ ਦੇ ਇਸ ਕਦਮ ਦੀ ਵਿਆਖਿਆ ਅਤੇ ਸਿਧਾਂਤਾਂ ’ਤੇ ਬਾਅਦ ’ਚ ਕੋਈ ਪੀ. ਐੈੱਚ. ਡੀ. ਕਰਨਾ ਚਾਹੇਗਾ। ਪ੍ਰਧਾਨ ਮੰਤਰੀ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਅਜਿਹੇ ਕੰਮਾਂ ਪਿਛਲੇ ਤੱਥ ਬਾਰੇ ਦੱਸਿਆ ਜਾ ਸਕੇ। ਮੋਦੀ ਦੇ ਕੰਮ ਦੇ ਸਮਰਥਨ ’ਚ ਭਾਜਪਾ ਨੇਤਾਵਾਂ ਦੀ ਲੰਬੀ ਫੌਜ ਮੌਜੂਦ ਹੈ। ਉਸ ਦਾ ਮੰਨਣਾ ਹੈ ਕਿ ਇਹ ਨਕਸ਼ੱਤਰਾਂ ਅਤੇ ਜੋਤਿਸ਼ ਨਾਲ ਸਬੰਧਤ ਹੈ ਅਤੇ ਇਸ ਕਮਿਊਨਿਟੀ ਕਾਰਵਾਈ ਨਾਲ ਕੋਰੋਨਾ ਵਾਇਰਸ ਨਾਲ ਲੜਨ ’ਚ ਮਦਦ ਹਾਸਲ ਹੋਵੇਗੀ। ਕੁਝ ਹੋਰ ਲੋਕ ਵੀ ਹਨ, ਜੋ ਇਹ ਦਾਅਵਾ ਕਰਦੇ ਹਨ ਕਿ ਇਸ ਨੂੰ ਅਲੌਕਿਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਇਥੇ ਅਜਿਹੀਆਂ ਵੀ ਕਿਆਸ-ਅਰਾਈਆਂ ਸਨ ਕਿ ਮਿਤੀ ਅਤੇ ਸਮੇਂ ਦੀ ਚੋਣ ਭਾਰਤੀ ਜਨਤਾ ਪਾਰਟੀ ਦੇ ਗਠਨ ਨਾਲ ਜੁੜੀ ਹੈ ਅਤੇ ਪੂਰੇ ਦੇਸ਼ ਨੂੰ ਇਸ ਮੌਕੇ ਨੂੰ ਮਨਾਉਣਾ ਪਿਆ। ਕੁਝ ਬੌਧਿਕ ਤਰਕ ਵੀ ਦਿੱਤੇ ਗਏ ਕਿ ਅਜਿਹਾ ਕਰਨ ਨਾਲ ਆਪਣੀਆਂ ਭਾਵਨਾਵਾਂ ਨੂੰ ਉਠਾਉਣ ’ਚ ਮਦਦ ਮਿਲੇਗੀ, ਜੋ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਹੀਂ ਮੰਨਦੇ, ਦਾ ਮੰਨਣਾ ਹੈ ਕਿ ਕੋੋਰੋਨਾ ਵਾਇਰਸ ’ਤੇ ਰੋਕ ਲਾਉਣ ਦੇ ਯਤਨ ’ਚ ਸਾਰੇ ਲੋਕਾਂ ਦੀ ਹਿੱਸੇਦਾਰੀ ਨੂੰ ਸ਼ਾਮਲ ਕੀਤਾ ਗਿਆ। ਸਿਰਫ ਸਰਕਾਰ ਹੀ ਮਹਾਮਾਰੀ ਦੇ ਨਾਲ ਨਹੀਂ ਲੜ ਸਕਦੀ ਸਗੋਂ ਸਾਰੇ ਲੋਕਾਂ ਨੇ, ਜਿਨ੍ਹਾਂ ਨੇ ਇਸ ਪ੍ਰਕਿਰਿਆ ’ਚ ਹਿੱਸਾ ਲਿਆ, ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਲਈ ਸਫਲਤਾ ਜਾਂ ਅਸਫਲਤਾ ਦਾ ਸਿਹਰਾ ਸਿਰਫ ਸਰਕਾਰ ਨੂੰ ਹੀ ਨਹੀਂ ਜਾਂਦਾ ਸਗੋਂ ਉਨ੍ਹਾਂ ਲੋਕਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਯੋਗਦਾਨ ਦਿੱਤਾ। ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਕੀਤੀ ਗਈ ਇਸ ਤਰ੍ਹਾਂ ਦੀ ਅਪੀਲ ਦੇ ਪਿੱਛੇ ਵਿਚਾਰ ਦਾ ਵਖਿਆਨ ਕਰਨਾ ਚਾਹੀਦਾ, ਸਵਾਲਾਂ ਦੇ ਜਵਾਬ ਅਤੇ ਵਿਆਖਿਆ ਦੀ ਘਾਟ ’ਚ ਇਹ ਲਾਜ਼ਮੀ ਹੈ ਕਿ ਕਿਆਸ-ਅਰਾਈਆਂ ਅਤੇ ਅਫਵਾਹਾਂ ਦਾ ਬਾਜ਼ਾਰ ਗਰਮ ਰਹਿ ਸਕਦਾ ਸੀ। ਸਮਾਜ ਲਈ ਅਜਿਹੀਆਂ ਗੱਲਾਂ ਠੀਕ ਨਹੀਂ। ਸਰਕਾਰ ਨੂੰ ਨਾਗਰਿਕਾਂ ਦੇ ਅਸਲ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।


Bharat Thapa

Content Editor

Related News