ਆਮ ਆਦਮੀ ਪਾਰਟੀ ਤੇ ਨਵਜੋਤ ਸਿੱਧੂ ਦਾ ਭਵਿੱਖ?

10/18/2019 1:27:07 AM

ਸ਼ੰਗਾਰਾ ਸਿੰਘ ਭੁੱਲਰ

ਆਮ ਆਦਮੀ ਪਾਰਟੀ ਦਾ ਕਨਵੀਨਰ ਅਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਸਾਥੀਆਂ ਨਾਲ ਰਲ ਕੇ ਬੇਸ਼ੱਕ ਤੀਜੀ ਵਾਰ ਦਿੱਲੀ ਵਿਚ ਆਪਣਾ ਭਵਿੱਖ ਅਜ਼ਮਾਉਣ ਲਈ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੁਣੇ ਹੀ ਰੁੱਝ ਗਿਆ ਹੈ। ਫਿਰ ਵੀ ਪੰਜਾਬ ਵਿਚ ਇਸ ਪਾਰਟੀ ਦਾ ਭਵਿੱਖ ਅੱਧ ਵਿਚਾਲੇ ਲਟਕਿਆ ਹੋਇਆ ਹੈ। ਕਾਰਨ ਸਾਫ਼ ਹੀ ਹੈ। ਦਿੱਲੀ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਬਹੁਤੇ ਆਗੂ ਮੰਨਣ ਨੂੰ ਤਿਆਰ ਨਹੀਂ। ਦੂਜਾ ਜਿਨ੍ਹਾਂ ਵਿਚ ਥੋੜ੍ਹਾ ਬਹੁਤਾ ਦਮਖਮ ਸੀ, ਉਹ ਅਲੱਗ ਹੋ ਗਏ ਹਨ। ਜਿਨ੍ਹਾਂ ਵਿਚ ਹੋਰ ਵੀ ਕੁਝ ਕਰਨ ਦੀ ਇੱਛਾ ਸ਼ਕਤੀ ਹੈ, ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ। ਜਿਹੜੀ ਕੁਝ ਲੀਡਰਸ਼ਿਪ ਪੰਜਾਬ ਦੀ ਬਚੀ ਹੋਈ ਹੈ, ਉਹ ਪਿਛਲੇ ਢਾਈ ਤਿੰਨਾਂ ਸਾਲਾਂ ਵਿਚ ਆਪਣਾ ਕੱਦ-ਕਾਠ ਇਸ ਹੱਦ ਤਕ ਨਹੀਂ ਵਧਾ ਸਕੀ ਕਿ ਉਹ ਘੱਟੋ-ਘੱਟ ਜੇ ਸੱਤਾਧਾਰੀ ਧਿਰ ਕਾਂਗਰਸ ਨੂੰ ਨਹੀਂ ਤਾਂ ਦੂਜੀ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਜ਼ੋਰਦਾਰ ਟੱਕਰ ਦੇ ਸਕੇ। ਕੁਲ ਮਿਲਾ ਕੇ ਪੰਜਾਬ ਵਿਚ ਪਾਰਟੀ ਘਸੇ ਪਿਟੇ ਬਿਆਨਾਂ ਦੇ ਸਹਾਰੇ ਚਲ ਰਹੀ ਹੈ। ਇਹੋ ਪਾਰਟੀ ਜਿਹੜੀ ਢਾਈ ਤਿੰਨ ਵਰ੍ਹੇ ਪਹਿਲਾਂ ਇਸ ਸੂਬੇ ਦੀ ਨੰਬਰ ਇਕ ਪਾਰਟੀ ਬਣਨ ਦੇ ਐਨ ਨੇੜੇ ਤੇੜੇ ਪਹੁੰਚ ਗਈ ਸੀ, ਅੱਜ ਕਿਤੇ ਵੀ ਖੜ੍ਹੀ ਨਜ਼ਰ ਨਹੀਂ ਆ ਰਹੀ।

ਦੂਜੇ ਪਾਸੇ ਸਵਾਲ ਜਿਥੋਂ ਤਕ ਨਵਜੋਤ ਸਿੰਘ ਸਿੱਧੂ ਦਾ ਹੈ, ਉਸ ਦੇ ਸਿਤਾਰੇ ਵੀ ਫਿਲਹਾਲ ਗਰਦਿਸ਼ ਵਿਚ ਚਲ ਰਹੇ ਹਨ ਤਾਂ ਵੀ ਉਹ ਪੰਜਾਬੀਆ ਨੂੰ ਚੰਗੇ ਭਵਿੱਖ ਦੀ ਇਕ ਆਸ ਉਮੀਦ ਵਜੋਂ ਨਜ਼ਰ ਆ ਰਿਹਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਉਸਦੇ ਸਿਤਾਰੇ ਗਰਦਿਸ਼ ਵਿਚ ਸਨ। ਭਾਰਤੀ ਜਨਤਾ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਉਸ ਨੂੰ ਅੰਮ੍ਰਿਤਸਰੋਂ ਚੋਣ ਲੜਾਉਣ ਦੀ ਥਾਂ ਇਕ ਪਾਸੇ ਕਰ ਕੇ ਅਰੁਣ ਜੇਤਲੀ ਨੂੰ ਚੋਣ ਪਿੜ ਵਿਚ ਉਤਾਰ ਦਿੱਤਾ ਸੀ। ਭਾਵੇਂ ਜੇਤਲੀ ਚੋਣ ਹਾਰ ਗਿਆ ਸੀ ਪਰ ਇਸ ਨੂੰ ਆਪਣੀ ਹੇਠੀ ਸਮਝਦਿਆਂ ਨਵਜੋਤ ਸਿੱਧੂ ਨੇ ਭਾਜਪਾ ਨਾਲੋਂ ਆਪਣਾ ਰਸਤਾ ਹੀ ਅਲੱਗ ਕਰਦਿਆ ਕਾਂਗਰਸ ਦਾ ਪੱਲਾ ਫੜ ਲਿਆ ਸੀ। ਉਹ ਪੱਲਾ ਉਸਨੇ ਕੈਪਟਨ ਅਮਰਿੰਦਰ ਸਿੰਘ ਕਰ ਕੇ ਨਹੀਂ ਸਗੋਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਕਰ ਕੇ ਫੜਿਆ ਸੀ। ਇਸੇ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਕਦੀ ਵੀ ਪਸੰਦ ਨਹੀਂ ਸੀ ਕੀਤਾ। ਇਕ ਹੋਰ ਤੱਥ ਵੀ ਹੈ ਕਿ ਕਿਸੇ ਵੀ ਖੇਤਰ ਵਿਚ ਇਕ ਸਿਰਕਰਦਾ ਵਿਅਕਤੀ ਨੂੰ ਜਦੋਂ ਦੂਜਾ ਵਿਅਕਤੀ ਵਧੇਰੇ ਪ੍ਰਭਾਵਸ਼ਾਲੀ ਲਗਦਾ ਹੋਵੇ ਤਾਂ ਉਹ ਉਸ ਨੂੰ ਚਾਰੇ ਪਾਸੇ ਚਿੱਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸ ਨੂੰ ਦਿੱਲੀ ਦਾ ਥੋਪਿਆ ਹੋਇਆ ਬੰਦਾ ਸਮਝ ਕਦੀ ਵੀ ਉਸਦੀ ਬਹੁਤੀ ਪਿੱਠ ਨਹੀਂ ਪੂਰੀ। ਇਹ ਵੱਖਰੀ ਗੱਲ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਸਹਿੰਦੇ ਜ਼ਰੂਰ ਰਹੇ ਅਤੇ ਆਖ਼ਰ ਜਦੋਂ ਵਕਤ ਆਇਆ ਆਪਣੀ ਵਜ਼ਾਰਤ ਵਿਚੋਂ ਦੁੱਧ ਵਿਚੋਂ ਮੱਖੀ ਕੱਢਣ ਵਾਂਗ ਬਾਹਰ ਕੱਢ ਦਿੱਤਾ। ਬਿਨਾਂ ਸ਼ੱਕ 2017 ਵਿਚ ਸਿੱਧੂ ਅੰਮ੍ਰਿਤਸਰੋਂ ਚੋਣ ਜਿੱਤ ਕੇ ਮੰਤਰੀ ਵੀ ਬਣ ਗਿਆ ਅਤੇ ਇਸ ਸਮੇਂ ਦੌਰਾਨ ਉਸਨੇ ਕਾਂਗਰਸ ਹਾਈ ਕਮਾਂਡ ਦਾ ਦੂਜੇ ਸੂਬਿਆਂ ਵਿਚ ਪ੍ਰਚਾਰਕ ਬਣ ਕੇ ਬੜੀ ਖੁਸ਼ਨੂਦੀ ਤਾਂ ਹਾਸਲ ਕੀਤੀ ਹੀ ਸਗੋਂ ਪੰਜਾਬ ਵਿਚ ਵੀ ਉਹ ਆਮ ਲੋਕਾਂ ਦਾ ਇਕ ਚਹੇਤਾ ਚਿਹਰਾ ਬਣ ਗਿਆ ਸੀ। ਸ਼ਾਇਦ ਉਸ ਨੂੰ ਆਪਣੀ ਇਸ ਹਰਮਨ-ਪਿਆਰਤਾ ਦੀ ਹੀ ਨਜ਼ਰ ਲੱਗ ਗਈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦ ਹੋ ਜਾਣ ਕਰ ਕੇ ਉਸ ਨੂੰ ਵਜ਼ਾਰਤ ਵਿਚੋਂ ਬਾਹਰ ਆਉਣਾ ਪਿਆ। ਉਹੀਓ ਸਿੱਧੂ ਜਿਹੜਾ 2017 ਤੋਂ ਲੈ ਕੇ ਦੋ ਮਹੀਨੇ ਪਹਿਲਾਂ ਤਕ ਮੀਡੀਆ ਵਿਚ ਨਿੱਤ ਸੁਰਖੀਆਂ ਬਣ ਕੇ ਸਾਹਮਣੇ ਆਉਂਦਾ ਸੀ, ਹੁਣ ਅੰਮ੍ਰਿਤਸਰ ਵਿਚ ਆਪਣੇ ਘਰ ਵਿਚ ਮੌਜੂਦਾ ਦਰਪੇਸ਼ ਸਥਿਤੀ ਦਾ ਆਤਮ ਮੰਥਨ ਕਰਨ ਵਿਚ ਰੁੱਝਾ ਹੋਇਆ ਹੈ। ਉਸਦੀ ਇਹ ਚੁੱਪ ਸਮੁੰਦਰ ਵਿਚ ਤੂਫ਼ਾਨ ਆਉਣ ਤੋਂ ਪਹਿਲਾਂ ਵਰਗੀ ਖਾਮੋਸ਼ੀ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਵੇਂ ਨਵਜੋਤ ਸਿੱਧੂ ਦੀ ਕਾਂਗਰਸ ਵਿਚ ਸ਼ਮੂਲੀਅਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਨਾਲ ਰਲ ਜਾਣ ਦੇ ਚਰਚੇ ਸਨ, ਜੇ ਕਿਤੇ ਉਦੋਂ ਅਰਵਿੰਦ ਕੇਜਰੀਵਾਲ ਰਤਾ ਕੁ ਇਸ ਸਿਆਣਪ ਤੋਂ ਕੰਮ ਲੈ ਲੈਂਦਾ ਕਿ ਫਿਲਹਾਲ ਪੰਜਾਬ ਦੀ ਸਿਆਸਤ ਵਿਚ ਕਿਸੇ ਗ਼ੈਰ ਜੱਟ ਅਤੇ ਖ਼ਾਸ ਕਰ ਕੇ ਦਿੱਲੀ ਵਾਲੇ ਕੇਜਰੀਵਾਲ ਦਾ ਮੁੱਖ ਮੰਤਰੀ ਬਣ ਸਕਣਾ ਨਾਮੁਮਕਿਨ ਹੈ ਅਤੇ ਉਹ ਨਵਜੋਤ ਸਿੱਧੂ ਨੂੰ ਆਪਣੇ ਨਾਲ ਜੋੜ ਲੈਂਦਾ ਤਾਂ ਅੱਜ ਪੰਜਾਬ ਦੀ ਸਿਆਸਤ ਦਾ ਨਕਸ਼ਾ ਹੀ ਹੋਰ ਹੁੰਦਾ। ਕੇਜਰੀਵਾਲ ਦੀਆਂ ਕੀਤੀਆਂ ਕੁਝ ਭੁੱਲਾਂ ਨੇ ਉਸ ਦੇ ਪੈਰ ਪੰਜਾਬ ਦੀ ਸਿਆਸਤ ਤੋਂ ਤਾਂ ਉਖੇੜੇ ਹੀ, ਸਗੋਂ ਪਾਰਟੀ ਦੇ ਪੈਰ ਵੀ ਉਖੜ ਗਏ ਹਨ। ਕੇਜਰੀਵਾਲ ਨੂੰ ਇਹ ਵੀ ਸਮਝਣ ਦੀ ਜ਼ਰੂਰਤ ਸੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਦੀ ਵੀ ਦਿੱਲੀ ਦੀ ਲੀਡਰਸ਼ਿਪ ਨੂੰ ਆਪਣੇ ਉਪਰ ਬਹੁਤਾ ਹਾਵੀ ਨਹੀਂ ਹੋਣ ਦੇਵੇਗੀ। ਹਾਈ ਕਮਾਂਡ ਨੂੰ ਦਿੱਲੀ ਵਿਚ ਰਹਿ ਕੇ ਇਸ ’ਤੇ ਨਿਗਾਹ ਰੱਖਣੀ ਚਾਹੀਦੀ ਸੀ ਜਿਵੇਂ ਹੋਰ ਸਿਆਸੀ ਧਿਰਾਂ ਕਰਦੀਆਂ ਹਨ ਤਾਂ ਅੱਜ ਆਮ ਆਦਮੀ ਪਾਰਟੀ ਦੇ ਪੈਰ ਪੰਜਾਬ ਦੀ ਧਰਤੀ ’ਤੇ ਪੂਰੀ ਤਰ੍ਹਾਂ ਗੱਡੇ ਹੁੰਦੇ।

ਫਿਰ ਵੀ ਸਿਆਸਤ ਚੂੰਕਿ ਚਲਦੀ ਦਾ ਨਾਂ ਗੱਡੀ ਹੈ ਅਤੇ ਇਸ ਵਿਚ ਰੁਕਣਾ ਅਤੇ ਚਲਣਾ ਸੁਭਾਵਿਕ ਹੀ ਹੈ। ਦੂਜਾ ਪੰਜਾਬ ਦੀ ਰਾਜਨੀਤੀ ਵਿਚ ਕੈਪਟਨ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਤੁਰਤ ਪਿੱਛੋਂ ਹਾਲਾਤ ਕੁਝ ਅਜਿਹੇ ਬਣਨ ਲੱਗੇ ਹਨ, ਬਲਕਿ ਲਗਭਗ ਬਣ ਹੀ ਗਏ ਹਨ ਕਿ ਲੋਕ ਅੱਜ ਤੀਜੇ ਬਦਲ ਦੀ ਭਾਲ ਵਿਚ ਹਨ। ਕਾਂਗਰਸ ਤੋਂ ਲੋਕਾਂ ਨੂੰ ਜਿਸ ਤਰ੍ਹਾਂ ਆਸਾਂ ਉਮੀਦਾਂ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਬਜ਼ਬਾਗ਼ ਦਿਖਾਏ ਸਨ, ਉਹ ਇਸ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੇ। ਕਾਂਗਰਸ ਪਾਰਟੀ ਅਤੇ ਸਰਕਾਰ ਦੋਹਾਂ ਵਿਚ ਬੇਚੈਨੀ ਦਾ ਮਾਹੌਲ ਹੈ। ਅਫ਼ਸਰਸ਼ਾਹੀ ਏਨੀ ਮੂੰਹ ਜ਼ੋਰ ਹੋ ਗਈ ਹੈ ਕਿ ਲੋਕਾਂ ਦੇ ਚੁਣੇ ਇਕ ਨੁਮਾਇੰਦੇ ਵਿਧਾਇਕ ਨੂੰ ਦਫ਼ਤਰ ਵਿਚੋਂ ਬਾਹਰ ਚਲੇ ਜਾਣ ਨੂੰ ਕਹਿਣ ਦੀ ਜੁਅਰਤ ਵਿਖਾ ਰਹੀ ਹੈ। ਨਸ਼ਿਆਂ, ਬੇਰੁਜ਼ਗਾਰੀ ਦਾ ਆਲਮ ਬਰਕਰਾਰ ਹੈ। ਹਾਲਾਂਕਿ ਕੈਪਟਨ ਨੇ ਇਕ ਮਹੀਨੇ ਦੇ ਵਿਚ ਵਿਚ ਚੰਗੇ ਨਤੀਜੇ ਦੇਣ ਦਾ ਵਾਅਦਾ ਕੀਤਾ ਸੀ। ਕਿਸਾਨੀ ਖ਼ੁਦਕੁਸ਼ੀਆਂ ਨਾ ਕੇਵਲ ਜਿਉਂ ਦੀਆਂ ਤਿਉਂ ਜਾਰੀ ਹਨ ਸਗੋਂ ਰੋਜ਼ ਇਨ੍ਹਾਂ ਦੀ ਗਿਣਤੀ ਵਧਣ ਲੱਗੀ ਹੈ। ਪੰਜਾਬ ਦੇ ਜਿਨ੍ਹਾਂ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਮੁੜ ਸੱਤਾ ਵਿਚ ਲਿਆਂਦਾ, ਅੱਜ ਉਹੀਓ ਮੱਥੇ ’ਤੇ ਹੱਥ ਮਾਰਦੇ ਹਨ। ਪੰਜਾਬ ਦਾ ਖ਼ਜ਼ਾਨਾ ਢਾਈ ਸਾਲ ਪਹਿਲਾਂ ਵੀ ਖ਼ਾਲੀ ਸੀ ਅਤੇ ਅੱਜ ਵੀ ਖਾਲੀ ਹੈ ਪਰ ਇਹ ਸਿਰਫ਼ ਲੋਕਾਂ ਲਈ ਹੈ। ਮੁੱਖ ਮੰਤਰੀ, ਵਜ਼ੀਰਾਂ, ਵਿਧਾਇਕਾਂ ਅਤੇ ਅਫ਼ਸਰਸ਼ਾਹੀ ਲਈ ਇਹ ਪੂਰੀ ਤਰ੍ਹਾਂ ਭਰਿਆ ਪਿਆ ਹੈ। ਵਜ਼ੀਰਾਂ ਦਾ ਆਮਦਨ ਕਰ ਵੀ ਖਜ਼ਾਨੇ ਵਿਚੋਂ ਦਿੱਤਾ ਜਾਵੇਗਾ। ਮੁਲਾਜ਼ਮਾਂ ਨੂੰ ਭਾਵੇਂ ਤਨਖ਼ਾਹਾਂ ਨਾ ਮਿਲਣ। ਪਿਛਲੇ ਵੀਹ ਪੱਚੀ ਸਾਲਾਂ ਵਿਚ ਮੈਂ ਆਰਥਿਕ ਪੱਖੋਂ ਕਿਸੇ ਸਰਕਾਰ ਦੀ ਹਾਲਤ ਏਨੀ ਤਰਸਯੋਗ ਨਹੀਂ ਵੇਖੀ। ਉਂਝ ਦੂਜੇ ਪਾਸੇ ਇਸ ਦੇ ਖਰਚਿਆਂ ਦਾ ਵੀ ਅੰਤ ਕੋਈ ਨਹੀਂ। ਖਰਚੇ ਵੀ ਸਿਰਫ ਆਪਣਿਆਂ ਦਾ ਢਿੱਡ ਭਰਨ ਲਈ। ਨਵੇਂ ਸਲਾਹਕਾਰ, ਨਵੇਂ ਚੇਅਰਮੈਨ, ਡਾਇਰੈਕਟਰਾਂ ਅਤੇ ਹੋਰ ਅਦਾਰਿਆਂ ਦੇ ਮੈਂਬਰਾਂ ਦੀਆਂ ਨਿਯੁਕਤੀਆਂ।

ਮੋਟੇ ਤੌਰ ’ਤੇ ਲੋਕ ਕਾਂਗਰਸ ਹਕੂਮਤ ਤੋਂ ਢਾਈ ਪੌਣੇ ਤਿੰਨ ਸਾਲਾਂ ਵਿਚ ਹੀ ਅੱਕ ਗਏ ਹਨ। ਅਕਾਲੀਆਂ ਨੂੰ ਲੋਕਾਂ ਨੇ ਪਹਿਲਾਂ ਹੀ ਬੇਅਦਬੀ ਕਾਂਡ ਅਤੇ ਹੋਰ ਕਈ ਕਾਰਨਾਂ ਕਰ ਕੇ ਮੂੰਹ ਨਹੀਂ ਲਾਇਆ। ਨਤੀਜਾ ਸਾਹਮਣੇ ਹੈ। ਜਿਹੜੀ ਪਾਰਟੀ ਪੰਜਾਬ ’ਤੇ 10-10 ਸਾਲ ਲਗਾਤਾਰ ਹਕੂਮਤ ਕਰਦੀ ਰਹੀ ਹੈ, ਵਿਧਾਨ ਸਭਾ ਚੋਣਾਂ ਵਿਚ ਇਹ ਵਿਰੋਧੀ ਧਿਰ ਵੀ ਨਹੀਂ ਬਣ ਸਕੀ। ਤੀਜੇ ਨੰਬਰ ’ਤੇ ਆਈ। ਲੋਕ ਸਭਾ ਚੋਣਾਂ ਵਿਚ ਇਸ ਦੇ ਪੱਲੇ ਸਿਰਫ਼ ਦੋ ਸੀਟਾਂ ਪਈਆਂ, ਉਹ ਵੀ ਕੈਪਟਨ ਅਮਰਿੰਦਰ ਸਿੰਘ ਦੀ ਮਿਹਰਬਾਨੀ ਨਾਲ। ਕੈਪਟਨ ਨੇ ਪਟਿਆਲਿਓਂ ਆਪਣੀ ਪਤਨੀ ਪ੍ਰਨੀਤ ਕੌਰ ਨੂੰ ਜਿਤਾ ਲਿਆ ਅਤੇ ਬਠਿੰਡੇ ਤੇ ਫਿਰੋਜ਼ਪੁਰ ਤੋਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਜਿਤਾ ਦਿੱਤਾ। ਇਹ ਕੈਪਟਨ ਅਤੇ ਸੁਖਬੀਰ ਬਾਦਲ ਵਿਚ ਦੋਸਤਾਨਾ ਮੈਚਾਂ ਕਰ ਕੇ ਹੋਇਆ ਵਾਪਰਿਆ। ਇਥੋਂ ਹੀ ਨਵਜੋਤ ਸਿੱਧੂ ਪਿੱਟ ਉਠਿਆ ਸੀ। ਕਿਸੇ ਨੇ ਉਸਦਾ ਸਾਥ ਨਹੀਂ ਦਿੱਤਾ ਅਤੇ ਅੱਜ ਉਹ ਵਜ਼ਾਰਤ ਤੋਂ ਬਾਹਰ ਬੈਠਾ ਹੈ। ਪੰਜਾਬ ਦੀ ਮੌਜੂਦਾ ਸਿਆਸਤ ’ਤੇ ਇਕ ਪੰਛੀ ਝਾਤ ਮਾਰ ਕੇ ਵੇਖਿਆ ਜਾ ਸਕਦਾ ਹੈ ਕਿ ਕੇਂਦਰ ਵਿਚ ਕਾਂਗਰਸ ਦੇ ਪੈਰ ਨਹੀਂ ਲੱਗ ਸਕੇ, ਇਸ ਲਈ ਨਵਜੋਤ ਸਿੱਧੂ ਦੇ ਪੈਰ ਵੀ ਉਖੜ ਜਿਹੇ ਗਏ ਹਨ। ਪੰਜਾਬ ਕਾਂਗਰਸ ਵਿਚ ਉਹ ਭਾਵੇਂ ਵਿਧਾਇਕ ਹੈ ਪਰ ਉਹ ਪਹਿਲਾਂ ਜਿਵੇਂ ਮੰਤਰੀ ਦੀ ਹੈਸੀਅਤ ਵਿਚ ਖੁਲ੍ਹਾ ਖੇਡ ਰਿਹਾ ਸੀ, ਹੁਣ ਸ਼ਾਇਦ ਉਵੇਂ ਨਾ ਖੇਡ ਸਕੇ। ਕੈਪਟਨ ਨੂੰ ਉਸਦੀ ਚੁੱਪ ਤੋਂ ਕੁਝ ਤੌਖਲਾ ਤਾਂ ਹੋ ਸਕਦਾ ਹੈ ਪਰ ਜਿਵੇਂ ਸਰਕਾਰ ਦੇ ਪੌਣੇ ਤਿੰਨ ਸਾਲ ਲੰਘ ਗਏ ਹਨ, ਇਵੇਂ ਰਹਿੰਦਾ ਸਮਾਂ ਵੀ ਆਸਾਨੀ ਨਾਲ ਲੰਘ ਜਾਣ ਦੀ ਸੰਭਾਵਨਾ ਹੈ। ਉਂਜ ਇਸ ਦੌਰਾਨ ਆਮ ਆਦਮੀ ਪਾਰਟੀ ਜੇ ਚਾਹੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਅੰਦਰਖ਼ਾਤੇ ਆਪਣੇ ਨਾਲ ਜੋੜ ਕੇ ਉਸ ਨੂੰ ਵੱਡਾ ਅਹੁਦਾ ਲੈਣ ਲਈ ਰਾਜ਼ੀ ਕਰ ਲਵੇ ਤਾਂ ਯਕੀਨਨ ਸੂਬੇ ਦੇ ਸਿਆਸੀ ਸਮੀਕਰਣ ਬਦਲ ਸਕਣਗੇ। ਲੋਕ ਵੀ ਇਸ ਇੰਤਜ਼ਾਰ ਵਿਚ ਹਨ। ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਤੋਂ ਪੰਜਾਬ ਲਈ ਕੁਝ ਕਰਨ ਗੁਜ਼ਰਨ ਦੀ ਆਸ ਹੈ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਖੁੱਲ੍ਹ ਰਹੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੇ ਜਸ਼ਨਾਂ ਵਿਚੋਂ ਜਦੋਂ ਨਵਜੋਤ ਸਿੱਧੂ ਗਾਇਬ ਹੈ ਪਰ ਇਤਿਹਾਸ ਨੇ ਇਹ ਲਾਂਘਾ ਖੋਲ੍ਹੇ ਜਾਣ ਦਾ ਪੱਕਾ ਸਿਹਰਾ ਸਿੱਧੂ ਦੇ ਸਿਰ ਸਜਾ ਦਿੱਤਾ ਹੈ। ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਸਿੱਧੂ ਨੂੰ ਆਪਣਿਆਂ ਵਲੋਂ ਜਿਵੇਂ ਸਿਆਸੀ ਭੌਂਏ ਦ੍ਰਿਸ਼ ਤੋਂ ਪਾਸੇ ਕਰ ਦਿੱਤਾ ਗਿਆ ਹੈ, ਇਮਰਾਨ ਖ਼ਾਨ ਵਲੋਂ 9 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੇ ਉਦਘਾਟਨ ਮੌਕੇ ਸਿੱਧੂ ਉਸਦਾ ਮਹਿਮਾਨ ਹੋਵੇ।

-shangarasinghbhullar0gmail.com


Bharat Thapa

Content Editor

Related News