ਇਸ ਔਖੇ ਸਮੇਂ ’ਚ ਸਿਆਸਤ ਕਰ ਕੇ ਕੋਵਿਡ ਯੋਧਿਆਂ ਦਾ ਮਨੋਬਲ ਨਾ ਤੋੜੋ
Friday, May 14, 2021 - 12:01 PM (IST)

ਸ਼ਵੇਤ ਮਲਿਕ
ਰਾਹੁਲ ਗਾਂਧੀ ਅਤੇ ਕਾਂਗਰਸ ਅੱਜ ਕੋਰੋਨਾ ਦੀ ਲੜਾਈ ’ਚ ਵੀ ਸਿਆਸਤ ਕਰ ਰਹੇ ਹਨ ਅਤੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਜੋ ਬੇਹੱਦ ਨਿੰਦਣਯੋਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੀ ਅਗਵਾਈ ’ਚ ਕੇਂਦਰ ਸਰਕਾਰ ਅਤੇ ਭਾਜਪਾ ਦੇ ਵਰਕਰ ਦੇਸ਼ ਵਾਸੀਆਂ ਨੂੰ ਮਹਾਮਾਰੀ ਤੋਂ ਬਚਾਉਣ ’ਚ ਲੱਗੇ ਹਨ। ਸਾਡੇ ਕੋਰੋਨਾ ਯੋਧਿਆਂ ਦੇ ਸਹਿਯੋਗ ਨਾਲ ਮੌਜੂਦਾ ਸਮੇਂ ’ਚ ਕੋਵਿਡ-19 ਵਿਸ਼ਵ ਪੱਧਰੀ ਮਹਾਮਾਰੀ ਵਿਰੁੱਧ ਇਕ ਉਤਸ਼ਾਹੀ ਲੜਾਈ ਲੜੀ ਜਾ ਰਹੀ ਹੈ। ਸਾਡਾ ਦੇਸ਼ ਦੁਨੀਆ ’ਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾ ਰਿਹਾ ਹੈ।
2020 ’ਚ ਮਹਾਮਾਰੀ ਦੀ ਲਪੇਟ ’ਚ ਆਉਣ ਦ ੇ ਬਾਅਦ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮਹਾਮਾਰੀ ਵਿਰੁੱਧ ਲੜਾਈ ’ਚ ਸਰਕਾਰ ਦੇ ਸਾਰੇ ਅੰਗਾਂ ਦੇ ਨਾਲ ਰਲ ਕੇ ਕੰਮ ਕਰ ਰਹੇ ਹਨ। ਪਹਿਲ ਵਾਲੇ ਖੇਤਰ ਮੈਡੀਕਲ ਸਮਰੱਥਾਵਾਂ ’ਚ ਵਾਧਾ ਕਰ ਰਹੇ ਹਨ ਅਤੇ ਪੀੜਤ ਲੋਕਾਂ ਲਈ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾ ਰਹੇ ਹਨ।
ਇਹ ਯਕੀਨੀ ਬਣਾਉਣ ਲਈ ਯਤਨ ਜਾਰੀ ਹਨ ਕਿ ਸਾਰਾ ਸਰਕਾਰੀ ਤੰਤਰ ਕੋਵਿਡ ਨਾਲ ਨਜਿੱਠਣ ਲਈ ਲੋੜੀਂਦੀ ਦਵਾਈ ਅਤੇ ਹੋਰਨਾਂ ਸਮੱਗਰੀਆਂ ਨਾਲ ਲੈਸ ਹੋਵੇ। 2020 ’ਚ 8 ਲੰਬੇ ਮਹੀਨਿਆਂ ਲਈ, ਸਰਕਾਰ ਨੇ 80 ਕਰੋੜ ਭਾਰਤੀਆਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ। ਅਜੇ ਵੀ ਉਹੀ ਕੀਤਾ ਜਾ ਰਿਹਾ ਹੈ। ਭਾਰਤ ਨੂੰ ਆਤਮਨਿਰਭਰ ਬਣਾਉਣ ਲਈ 20 ਲੱਖ ਕਰੋੜ ਦਾ ਰਾਹਤ ਪੈਕੇਜ ਜਾਰੀ ਕੀਤਾ ਗਿਆ। ਕੋਰੋਨਾ ਵਾਇਰਸ ਨੂੰ ਹਰਾਉਣ ਲਈ ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਦੇ ਨਾਲ ਰਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀਆਂ ਦੇ ਨਾਲ ਕਈ ਬੈਠਕਾਂ ਦੀ ਪ੍ਰਧਾਨਗੀ ਕੀਤੀ ਹੈ।
ਇਸ ਚੁਣੌਤੀਪੂਰਨ ਸਮੇਂ ਦੌਰਾਨ ਕਾਂਗਰਸ ਪਾਰਟੀ ਦਾ ਆਚਰਣ ਦੁਖੀ ਕਰਨ ਵਾਲਾ ਹੈ ਜਦਕਿ ਭਾਜਪਾ ਦੇ ਮੈਂਬਰ ਨਿਸ਼ਚਿਤ ਤੌਰ ’ਤੇ ਲੋਕਾਂ ਦੀ ਮਦਦ ਕਰਨ ’ਚ ਸ਼ਲਾਘਾਯੋਗ ਕੰਮ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਮੁੱਖ ਮੰਤਰੀਅਾਂ ਵੱਲੋਂ ਪੈਦਾ ਕੀਤੇ ਜਾ ਰਹੇ ਭਰਮ ਨੂੰ ਦੇਖਦੇ ਹੋਏ ਦੁੱਖ ਆਉਂਦਾ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਇਸ ਔਖੇ ਸਮੇਂ ’ਚ ਵੀ ਸਿਆਸਤ ਕਰ ਰਹੇ ਹਨ। ਜਦ ਭਾਰਤ ਕੋਵਿਡ-19 ਨਾਲ ਬਹੁਤ ਹੀ ਹਿੰਮਤ ਦੇ ਨਾਲ ਲੜ ਰਿਹਾ ਹੈ ਤਦ ਕਾਂਗਰਸ ਦੇ ਚੋਟੀ ਦੇ ਨੇਤਾ ਜਨਤਾ ਨੂੰ ਗੁੰਮਰਾਹ ਕਰ ਕੇ ਆਪਣੇ ਸਿਆਸੀ ਵਿਰੋਧਾਭਾਸ ਕਾਰਨ ਝੂਠਾ ਭਰਮ ਅਤੇ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਪਿਛਲੇ ਸਾਲ ਜਦੋਂ ਸਾਡੇ ਵਿਗਿਆਨੀ, ਡਾਕਟਰ ਅਤੇ ਇਨੋਵੇਟਰਜ਼ ਸਮੇਂ ਸਿਰ ਟੀਕਾ ਵਿਕਸਿਤ ਕਰਨ ’ਚ ਮਿਹਨਤ ਕਰ ਰਹੇ ਸਨ, ਉਦੋਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਇਨ੍ਹਾਂ ਯਤਨਾਂ ਦਾ ਮਜ਼ਾਕ ਉਡਾਉਣ ਦਾ ਕੋਈ ਮੌਕਾ ਨਹੀਂ ਛੱਡਿਆ।
ਭਾਰਤ ’ਚ ਜੋ ਟੀਕਾ ਬਣਾਇਆ ਜਾਂਦਾ ਹੈ, ਉਹ ਰਾਸ਼ਟਰੀ ਮਾਣ ਦਾ ਵਿਸ਼ਾ ਹੋਣਾ ਚਾਹੀਦਾ ਹੈ। ਇਸ ਦੀ ਬਜਾਏ ਕਾਂਗਰਸੀ ਨੇਤਾਵਾਂ ਨੇ ਇਸ ਦਾ ਮਜ਼ਾਕ ਉਡਾਉਣ ਅਤੇ ਲੋਕ ਾਂ ਦੇ ਮਨ ’ਚ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਕਾਰਜ ਕਮੇਟੀ ਨੇ ਮੋਦੀ ਸਰਕਾਰ ਦੇ ਟੀਕਾਕਰਨ ’ਤੇ ਆਪਣੀ ਜ਼ਿੰਮੇਵਾਰੀ ਬਾਰੇ ਗੱਲ ਕੀਤੀ। ਕੀ ਕਾਂਗਰਸ ਪਾਰਟੀ ਅਤੇ ਉਸ ਦੀਆਂ ਸੂਬਿਆਂ ਦੀਆਂ ਸਰਕਾਰਾਂ ਦਰਮਿਆਨ ਸੰਚਾਰ ਦਾ ਇੰਨਾ ਫਰਕ ਹੈ? ਅਪ੍ਰੈਲ ’ਚ ਹੀ, ਕਾਂਗਰਸ ਦੇ ਚੋਟੀ ਦੇ ਨੇਤਾ ‘ਟੀਕਾਕਰਨ ਦੇ ਵਿਕੇਂਦਰੀਕਰਨ’ ਦਾ ਸੱਦਾ ਦੇ ਰਹੇ ਸਨ। ਭਾਰਤ ਸਰਕਾਰ ਨੇ ਪਹਿਲਾਂ ਹੀ ਯਕੀਨੀ ਬਣਾ ਲਿਆ ਹੈ ਕਿ ਪਹਿਲੇ ਕੁਝ ਪੜਾਵਾਂ ’ਚ ਸੂਬਿਆਂ ਨੂੰ 16 ਕਰੋੜ ਤੋਂ ਵੱਧ ਟੀਕੇ ਮੁਹੱਈਆ ਕਰ ਕੇ ਪਹਿਲ ਸਮੂਹਾਂ ’ਚ ਕਵਰੇਜ ਹਾਸਲ ਕਰ ਲਈ ਜਾਵੇਗੀ। ਹੁਣ ਵੀ, ਇਹ ਕੁੱਲ ਟੀਕਿਆਂ ਦਾ 50 ਫੀਸਦੀ ਮੁਫਤ ਦੇਣਾ ਜਾਰੀ ਹੈ।
ਉਹ ਸੂਬੇ ਜਿੱਥੇ ਭਾਜਪਾ ਜਾਂ ਐੱਨ. ਡੀ. ਏ. ਸਰਕਾਰ ਹੈ, ਉਨ੍ਹਾਂ ਨੇ ਗਰੀਬਾਂ ਅਤੇ ਵਾਂਝਿਆਂ ਦੀ ਮਦਦ ਲਈ ਆਪਣੇ ਸੰਕਲਪਾਂ ਦਾ ਐਲਾਨ ਕੀਤਾ ਅਤੇ ਮੁਫਤ ’ਚ ਵੈਕਸੀਨ ਮੁਹੱਈਆ ਕਰਵਾ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਮੁਫਤ ’ਚ ਵੈਕਸੀਨ ਮੁਹੱਈਆ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਇਕੋ ਜਿਹੇ ਫੈਸਲੇ ਦੇ ਨਾਲ ਬਾਹਰ ਆਉਣ। ਭਾਰਤ ’ਚ ਬਣਿਆ ਕੋਵਿਡ-19 ਦਾ ਟੀਕਾ ਕਿਸੇ ਵੀ ਸਿਆਸੀ ਪਾਰਟੀ ਜਾਂ ਨੇਤਾ ਦਾ ਨਹੀਂ ਹੈ। ਇਹ ਰਾਸ਼ਟਰ ਦਾ ਹੈ। ਫਿਰ ਵੀ ਕਾਂਗਰਸ ਪਾਰਟੀ ਕੋਈ ਸਹੀ ਕੰਮ ਨਹੀਂ ਕਰ ਸਕੀ, ਕੀਤਾ ਤ ਾਂ ਸਿਰਫ ਗਲਤ। ਜਦੋਂ ਮਹਾਮਾਰੀ ਹੋਈ, ਭਾਰਤ ਸਰਕਾਰ ਨੇ ਸਾਰੇ ਸੂਬਿਆਂ ਨਾਲ ਵੈਂਟੀਲੇਟਰ ਦੀ ਲੋੜ ਬਾਰੇ ਚਰਚਾ ਕੀਤੀ। ਹੁਣ ਤੱਕ ਲਗਭਗ 45,000 ਵੈਂਟੀਲੇਟਰ ਮਿਸ਼ਨ ਮੋਡ ’ਚ ਉਤਪਾਦਿਤ ਅਤੇ ਖਰੀਦੇ ਗਏ ਅਤੇ ਸਾਰੇ ਸੂਬਿਆਂ ਨੂੰ ਭੇਜੇ ਗਏ ਪਰ ਕੁਝ ਸੂਬਿਆਂ ਜਿੱਥੇ ਕਾਂਗਰਸ ਸਰਕਾਰਾਂ ਹਨ, ’ਚ ਇਹ ਵੈਂਟੀਲੇਟਰ ਬਿਨਾਂ ਵਰਤੋਂ ਦੇ ਪਏ ਹੋਏ ਹਨ। ਪੀ. ਐੱਮ. ਕੇਅਰਜ਼ ਫੰਡ ਰਾਹੀਂ ਭੇਜੇ ਗਏ ਵੈਂਟੀਲੇਟਰ ਦੇ ਦ੍ਰਿਸ਼ਾਂ ਨੂੰ ਦੇਖਣਾ ਦੁਖਦਾਈ ਹੈ।
ਮਹਾਮਾਰੀ ਦੇ ਵਿਰੁੱਧ ਇਸ ਲੜਾਈ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਸਮੇਤ ਚੋਟੀ ਦੇ ਕਾਂਗਰਸੀ ਨੇਤਾਵਾਂ ਦੇ ਆਚਰਣ ਨੂੰ ਕਪਟ ਅਤੇ ਤਰਸ ਲਈ ਯਾਦ ਕੀਤਾ ਜਾਵੇਗਾ। ਕਾਂਗਰਸ ਪਾਰਟੀ ਨੇ ਪਹਿਲੇ ਲਾਕਡਾਊਨ ਦਾ ਵਿਰੋਧ ਕੀਤਾ ਅਤੇ ਫਿਰ ਉਸੇ ਦੀ ਮੰਗ ਕੀਤੀ, ਕੋਵਿਡ ਦੀ ਦੂਸਰੀ ਲਹਿਰ ’ਤੇ ਕੇਂਦਰ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ।
ਜਦ ਵੱਡੇ ਪੱਧਰ ’ਤੇ ਕੇਰਲ ’ਚ ਚੋਣ ਰੈਲੀ ਕੀਤੀ ਉਦੋਂ ਤੁਸੀਂ ਕਿਹਾ ਕਿ ਤੁਹਾਨੂੰ ਕੋਵਿਡ-19 ਗਾਈਡਲਾਈਨ ਦੀ ਕੋਈ ਸੂਚਨਾ ਨਹੀਂ ਮਿਲੀ। ਜਦਕਿ ਹੋਰਨਾਂ ਥਾਵਾਂ ਲਈ ਤੁੁਹਾਨੂੰ ਕੋਵਿਡ-19 ਗਾਈਡਲਾਈਨ ਦੀ ਚਿੰਤਾ ਬਣੀ ਰਹੀ। ਅਜਿਹੇ ਹੋਰ ਪਹਿਲੂ ਵੀ ਹਨ ਜਿਨ੍ਹਾਂ ਬਾਰੇ ਜ਼ਿਆਦਾ ਵਿਚਾਰ ਕਰਨ ਦੀ ਲੋੜ ਹੈ। ਉਦਾਹਰਣ ਲਈ ਫਰਵਰੀ ਅਤੇ ਮਾਰਚ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਹੜੇ ਸੂਬੇ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਟ੍ਰੈਕ ਕਰਨ ’ਚ ਅਸਫਲ ਰਹੇ।
ਪੰਜਾਬ ਵਰਗੇ ਸੂਬਿਆਂ ’ਚ ਮੌਤ ਦੀ ਦਰ ਇੰਨੀ ਵੱਧ ਕਿਉਂ ਹੈ ਜਿੱਥੇ ਕਾਂਗਰਸ ਦੀ ਸਰਕਾਰ ਹੈ? ਇਹ ਕਾਂਗਰਸ ਵੱਲੋਂ ਆਪਣੇ ਮੁੱਖ ਮੰਤਰੀਆਂ ਤੋਂ ਪੁੱਛੇ ਜਾਣ ਵਾਲੇ ਸਵਾਲ ਹਨ। ਹੁਣ, ਕਾਂਗਰਸ ਪਾਰਟੀ ’ਚ ਇਕ ਨਵਾਂ ਰੁਝਾਨ ਚੱਲ ਰਿਹਾ ਹੈ-ਸਾਰਾ ਦੋਸ਼ ਸੈਂਟਰਲ ਵਿਸਟਾ ਪ੍ਰਾਜੈਕਟ ’ਤੇ ਮੜ੍ਹ ਦਿਓ। ਤੁਹਾਨੂੰ ਯਾਦ ਦਿਵਾਉਣਾ ਹੈ ਕਿ ਯੂ. ਪੀ. ਏ. ਦੇ ਸਮੇਂ ਹੀ ਇਕ ਨਵਾਂ ਸੰਸਦ ਭਵਨ ਦੇਣ ਦੀ ਲੋੜ ਦਾ ਮੁੱਦਾ ਉੱਠਿਆ ਸੀ। ਸਾਬਕਾ ਸਪੀਕਰ ਸ਼੍ਰੀਮਤੀ ਮੀਰਾ ਕੁਮਾਰ ਜੀ ਨੇ ਖੁਦ ਇਕ ਨਵੇਂ ਸੰਸਦ ਭਵਨ ਦੀ ਲੋੜ ਨੂੰ ਦਰਸਾਇਆ। ਫਿਰ ਵੀ, ਕਾਂਗਰਸ ਤੱਥਾਂ ’ਤੇ ਯਕੀਨ ਨਹੀਂ ਕਰਦੀ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਪਿਛਲੇ 70 ਸਾਲਾਂ ’ਚ ਸਾਨੂੰ ਜੋ ਸਿਹਤ ਢਾਂਚਾ ਵਿਰਾਸਤ ’ਚ ਮਿਲਿਆ, ਉਹ ਅਣਉਚਿਤ ਹੈ। ਇਹ ਕਹਿਣ ਦੀ ਲੋੜ ਨਹੀਂ ਹੈ ਕਿ ਇਨ੍ਹਾਂ 7 ਦਹਾਕਿਆਂ ’ਚ ਭਾਰਤ ਦੇ ਸਿਆਸੀ ਝਰੋਖੇ ’ਚ ਕਿਸ ਪਾਰਟੀ ਦਾ ਗਲਬਾ ਰਿਹਾ। ਕਾਂਗਰਸ ਨੂੰ ਖੁਦ ਤੋਂ ਕਈ ਵਾਰ ਇਹ ਪੁੱਛਣਾ ਚਾਹੀਦਾ ਹੈ ਕਿ ਜਾਣਬੁੱਝ ਕੇ ਜਾਂ ਐਵੇਂ ਹੀ, ਕੀ ਤੁਹਾਡਾ ਆਚਰਣ ਇਨ੍ਹਾਂ ਕੋਵਿਡ ਯੋਧਿਆਂ ਦੇ ਮਨੋਬਲ ਨੂੰ ਕਮਜ਼ੋਰ ਕਰਨਾ ਹੈ। ਕਾਂਗਰਸ ਰਾਸ਼ਟਰ ਹਿੱਤ ’ਚ ਝੂਠੀ ਬਿਆਨਬਾਜ਼ੀ ਤੋਂ ਬਾਜ਼ ਆਵੇ।