ਅਧਿਆਪਕਾਂ ਵੱਲੋਂ ਵਿਦਿਆਰਥੀ-ਵਿਦਿਆਰਥਣਾਂ ਨਾਲ ਕੁੱਟ-ਮਾਰ ਅਧਿਆਪਨ ਦੇ ਕਿੱਤੇ ’ਤੇ ਭੱਦਾ ਧੱਬਾ

Monday, Jul 29, 2024 - 02:16 AM (IST)

ਅਧਿਆਪਕਾਂ ਵੱਲੋਂ ਵਿਦਿਆਰਥੀ-ਵਿਦਿਆਰਥਣਾਂ ਨਾਲ ਕੁੱਟ-ਮਾਰ ਅਧਿਆਪਨ ਦੇ ਕਿੱਤੇ ’ਤੇ ਭੱਦਾ ਧੱਬਾ

ਜ਼ਿੰਦਗੀ ’ਚ ਮਾਤਾ-ਪਿਤਾ ਪਿੱਛੋਂ ਅਧਿਆਪਕ ਦੀ ਹੀ ਸਰਬਉੱਚ ਥਾਂ ਮੰਨੀ ਗਈ ਹੈ। ਅਧਿਆਪਕ ਹੀ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਗਿਆਨਵਾਨ ਬਣਾਉਂਦਾ ਹੈ ਪਰ ਅੱਜ ਕੁਝ ਅਧਿਆਪਕ ਆਪਣੀ ਮਰਿਆਦਾ ਨੂੰ ਭੁੱਲ ਕੇ ਬੱਚਿਆਂ ’ਤੇ ਗੈਰ-ਮਨੁੱਖੀ ਅੱਤਿਆਚਾਰ ਕਰ ਰਹੇ ਹਨ, ਜੋ ਪਿਛਲੇ ਇਕ ਹਫਤੇ ’ਚ ਸਾਹਮਣੇ ਆਈਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 21 ਜੁਲਾਈ ਨੂੰ ਲਖਨਊ ’ਚ ਠਾਕੁਰਗੰਜ ਸਥਿਤ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਿਕਾ ਨੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੀ ਗੱਲ੍ਹ ’ਤੇ ਇਕ ਮਿੰਟ ’ਚ ਤਾਬੜਤੋੜ 8 ਥੱਪੜ ਮਾਰ ਦਿੱਤੇ ਅਤੇ ਉਸ ਦਾ ਕੰਨ ਵੀ ਫੜ ਕੇ ਖਿੱਚਿਆ। ਕੰਨ ’ਚੋਂ ਖੂਨ ਨਿਕਲਣ ਕਾਰਨ ਵਿਦਿਆਰਥੀ ਦੇ ਪਿਤਾ ਨੇ ਅਧਿਆਪਿਕਾ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

* 22 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਚੌਥੀ ਜਮਾਤ ਦਾ ਇਕ ਵਿਦਿਆਰਥੀ ਜਦੋਂ ਆਪਣੀ ਅਧਿਆਪਿਕਾ ਰਜਨੀ ਲਈ ਜਾਮਣ ਅਤੇ ਨਿੰਬੂ ਤੋੜ ਕੇ ਨਹੀਂ ਲਿਆਇਆ ਤਾਂ ਗੁੱਸੇ ’ਚ ਆਈ ਅਧਿਆਪਿਕਾ ਨੇ ਕੁੱਟ-ਕੁੱਟ ਕੇ ਨਾ ਸਿਰਫ ਉਸ ਦੀ ਚਮੜੀ ਉਧੇੜ ਦਿੱਤੀ ਸਗੋਂ ਇਕ ਘੰਟੇ ਤੱਕ ਕਮਰੇ ’ਚ ਬੰਦ ਕਰ ਦਿੱਤਾ।

* 25 ਜੁਲਾਈ ਨੂੰ ਝਾਰਖੰਡ ਦੇ ਰਾਂਚੀ ’ਚ ਡੀ. ਏ. ਵੀ. ਗਾਂਧੀ ਨਗਰ ’ਚ ਪੜ੍ਹਨ ਵਾਲੇ 22 ਬੱਚਿਆਂ ਨੂੰ ਸਕੂਲ ਦੇ ਅਧਿਆਪਕ ਆਯੁਸ਼ ਕੁਮਾਰ ਨੇ ਖੇਡ ਮੁਕਾਬਲੇ ’ਚ ਚੰਗਾ ਪ੍ਰਦਰਸ਼ਨ ਨਾ ਕਰਨ ’ਤੇ ਬੈਲਟ ਅਤੇ ਡੰਡਿਆਂ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਕਈ ਵਿਦਿਆਰਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 26 ਜੁਲਾਈ ਨੂੰ ਪੰਜਾਬ ’ਚ ਫਿਲੌਰ ਨੇੜੇ ਪਿੰਡ ਲਸਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ 8 ਤੇ 10 ਸਾਲ ਦੇ ਬੱਚਿਆਂ ਨੂੰ ਹੋਮਵਰਕ ਪੂਰਾ ਨਾ ਕਰਨ ’ਤੇ ਅਧਿਆਪਕਾਂ ਨੇ ਨਾ ਸਿਰਫ ਥੱਪੜ ਮਾਰੇ ਸਗੋਂ ਡੰਡਿਆਂ ਨਾਲ ਕੁੱਟਿਆ। ਇਕ ਬੱਚੀ ਦੀ ਅੱਖ ਉਪਰ ਡੰਡੇ ਨਾਲ ਮਾਰਨ ਅਤੇ ਗੱਲ੍ਹ ’ਤੇ ਉਂਗਲਾਂ ਦੇ ਨਿਸ਼ਾਨ ਦੇਖੇ ਗਏ।

* 27 ਜੁਲਾਈ ਨੂੰ ਅਲਵਰ ਜ਼ਿਲੇ ਦੇ ਮਾਲਾਖੇੜਾ ਥਾਣਾ ਖੇਤਰ ਦੇ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੇ ਤੀਜੀ ਜਮਾਤ ਦੇ ਇਕ ਬੱਚੇ ਦੇ ਕੰਨ ’ਤੇ ਇੰਨੀ ਜ਼ੋਰ ਨਾਲ ਮਾਰਿਆ ਕਿ ਖੂਨ ਵਗਣ ਲੱਗ ਪਿਆ।

ਵਿਦਿਆਰਥੀ-ਵਿਦਿਆਰਥਣਾਂ ਨਾਲ ਅਧਿਆਪਕਾਂ ਦੇ ਇਕ ਵਰਗ ਵੱਲੋਂ ਇਸ ਤਰ੍ਹਾਂ ਦਾ ਆਚਰਣ ਇਸ ਆਦਰਸ਼ ਕਿੱਤੇ ’ਤੇ ਇਕ ਘਿਨੌਣਾ ਧੱਬਾ ਅਤੇ ਅਧਿਆਪਕ ਵਰਗ ’ਚ ਵੀ ਵਧ ਰਹੀ ਨੈਤਿਕ ਗਿਰਾਵਟ ਦਾ ਸਿੱਟਾ ਹੈ।

ਕਾਨੂੰਨੀ ਤੌਰ ’ਤੇ ਵੀ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਰੀਰਕ ਸਜ਼ਾ ਦੇਣ ’ਤੇ ਮਨਾਹੀ ਹੈ ਅਤੇ ਅਧਿਆਪਕ ਵੱਲੋਂ ਕਿਸੇ ਵਿਦਿਆਰਥੀ ਨੂੰ ਮਾਨਸਿਕ ਜਾਂ ਸਰੀਰਕ ਤਸੀਹੇ ਦੇਣ ’ਤੇ ਉਸ ਵਿਰੁੱਧ ਸਿੱਖਿਆ ਦੇ ਅਧਿਕਾਰ ਕਾਨੂੰਨ ਅਧੀਨ ਅਨੁਸ਼ਾਸਨੀ ਕਾਰਵਾਈ ਤੋਂ ਇਲਾਵਾ ਉਸ ਨੂੰ ਨੌਕਰੀ ਤੱਕ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ।

ਪਰ ਉਕਤ ਵਿਵਸਥਾਵਾਂ ਦੇ ਬਾਵਜੂਦ ਅਧਿਆਪਕਾਂ ਦੇ ਇਕ ਵਰਗ ਵੱਲੋਂ ਮਾਸੂਮ ਬੱਚੇ-ਬੱਚੀਆਂ ’ਤੇ ਇਸ ਤਰ੍ਹਾਂ ਦੇ ਅੱਤਿਆਚਾਰ ਨੂੰ ਕਦੇ ਵੀ ਢੁੱਕਵਾਂ ਨਹੀਂ ਕਿਹਾ ਜਾ ਸਕਦਾ।

-ਵਿਜੇ ਕੁਮਾਰ


author

Harpreet SIngh

Content Editor

Related News