ਤਾਈਵਾਨ ਦੀ ਫਾਕਸਕਾਨ ਕੰਪਨੀ ਨੇ ਚੀਨ ਨੂੰ ਛੱਡ ਕੇ ਭਾਰਤ ਨੂੰ ਆਪਣੀ ਮੰਜ਼ਿਲ ਚੁਣਿਆ
Thursday, Apr 07, 2022 - 04:27 PM (IST)
ਤਾਈਵਾਨ ਨੇ ਚੀਨ ਤੋਂ ਕਿਨਾਰਾ ਕਰਦੇ ਹੋਏ ਆਪਣੇ ਦੇਸ਼ ਦੀ ਸਭ ਤੋਂ ਵੱਡੀ ਸੈਮੀ-ਕੰਡਕਟਰ ਬਣਾਉਣ ਵਾਲੀ ਕੰਪਨੀ ਫਾਕਸਕਾਨ ਦੀ ਸਥਾਪਨਾ ਹੁਣ ਭਾਰਤ ’ਚ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ, ਹਾਲ ਹੀ ’ਚ ਫਾਕਸਕਾਨ ਨੇ ਤਾਈਵਾਨ ਦੀ ਰਾਜਧਾਨੀ ਤਾਈਪੇ ’ਚ ਆਪਣੀਆਂ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਲਾਂਚਿੰਗ ਕੀਤੀ ਸੀ ਅਤੇ ਇਸ ਦੌਰਾਨ ਉਸ ਨੇ ਭਾਰਤ ’ਚ ਆਪਣੀਆਂ ਬੈਟਰੀ ਵਾਲੀ ਗੱਡੀਆਂ ਦੀ ਮੈਨੂਫੈਕਚਰਿੰਗ ਦਾ ਐਲਾਨ ਵੀ ਕੀਤਾ ਸੀ। ਫਾਕਸਕਾਨ ਦੇ ਕੋਲ ਚੀਨ ਜਾਣ ਦਾ ਬਦਲ ਮੌਜੂਦ ਹੈ, ਜਿੱਥੇ ਉਸ ਨੂੰ ਭਾਰਤ ਦੀ ਤੁਲਨਾ ’ਚ ਵਧੀਆ ਸਹੂਲਤਾਂ ਮਿਲਦੀਆਂ ਹਨ ਪਰ ਇਸ ਤਾਈਵਾਨ ਦੀ ਕੰਪਨੀ ਨੇ ਚੀਨ ਨੂੰ ਛੱਡ ਕੇ ਭਾਰਤ ਨੂੰ ਚੁਣਿਆ ਹੈ।
ਦਰਅਸਲ ਜਿਸ ਰਫਤਾਰ ਨਾਲ ਭਾਰਤ ਆਪਣੇ ਨਿਰਮਾਣ ਅਤੇ ਬਰਾਮਦ ਖੇਤਰ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਤਾਈਵਾਨ, ਜਾਪਾਨ ਅਤੇ ਦੱਖਣੀ ਕੋਰੀਆ ਨੂੰ ਭਾਰਤ ਦੀ ਤਕਨੀਕ ਅਤੇ ਬਿਹਤਰ ਵਿਵਸਥਾ ’ਤੇ ਭਰੋਸਾ ਹੋ ਗਿਆ ਹੈ। ਫਾਕਸਕਾਨ, ਵਿਜਸਟ੍ਰਾਨ, ਪੈਗਾਟ੍ਰਾਨ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ’ਚ ਇਹ ਕੰਪਨੀਆਂ ਭਾਰਤ ’ਚ 6630 ਕਰੋੜ ਰੁਪਏ ਦਾ ਭਾਰਤ ’ਚ ਨਿਵੇਸ਼ ਕਰਨਗੀਆਂ ਭਾਵ ਲਗਭਗ ਇਕ ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ।
ਫਾਕਸਕਾਨ ਇੰਡੀਆ ਭਾਰਤ ’ਚ ਈ-ਸਕੂਟਰ ਦੇ ਪੁਰਜ਼ੇ ਬਣਾਉਣ ਲਈ ਏਥਰ ਕੰਪਨੀ ਨਾਲ ਰਲ ਕੇ ਕੰਮ ਕਰੇਗੀ, ਜਿਸ ਨਾਲ ਈ-ਸਕੂਟਰ ਦੀ ਕੀਮਤ ’ਚ ਕਮੀ ਆਵੇਗੀ, ਇਸ ਦਾ ਅਸਰ ਭਾਰਤੀ ਬਾਜ਼ਾਰਾਂ ’ਤੇ ਇਹ ਪਵੇਗਾ ਕਿ ਆਮ ਆਦਮੀ ਜੋ ਸਕੂਟਰ ਦੀ ਉੱਚੀ ਕੀਮਤ ਹੋਣ ਦੇ ਕਾਰਨ ਇਸ ਨੂੰ ਨਹੀਂ ਖਰੀਦ ਸਕਦਾ ਸੀ, ਹੁਣ ਉਹ ਵੱਡੀ ਗਿਣਤੀ ’ਚ ਈ-ਸਕੂਟਰ ਖਰੀਦੇਗਾ। ਨਾਲ ਹੀ ਵਿਦੇਸ਼ੀ ਬਾਜ਼ਾਰਾਂ ’ਚ ਇਸ ਦੀ ਬਰਾਮਦ ’ਚ ਵੀ ਮੁਕਾਬਲੇਬਾਜ਼ੀ ਵਧੇਗੀ ਅਤੇ ਘੱਟ ਕੀਮਤ ਕਾਰਨ ਭਾਰਤ ’ਚ ਬਣੇ ਈ-ਸਕੂਟਰ ਵਿਦੇਸ਼ੀ ਬਾਜ਼ਾਰਾਂ ’ਚ ਵੱਧ ਗਿਣਤੀ ’ਚ ਵਿਕਣਗੇ। ਏਥਰ ਕੰਪਨੀ ਫਾਕਸਕਾਨ ਇੰਡੀਆ ਦੀ ਸਹਾਇਕ ਕੰਪਨੀ ਹੈ ਜੋ ਭਾਰਤ ’ਚ ਫਾਕਸਕਾਨ ਦੇ ਸਾਰੇ ਕੰਮ ਕਰਦੀ ਹੈ। ਉਂਝ ਵੀ ਫਾਕਸਕਾਨ ਖੁਦ ਹੀ ਸੈਮੀ-ਕੰਡਕਟਰ ਬਣਾਉਂਦੀ ਹੈ ਜਿਸ ਦੇ ਕਾਰਨ ਇਹ ਈ-ਵਾਹਨ ਬਣਾਉਣ ਵਾਲੀਆਂ ਕੰਪਨੀਆਂ ਤੋਂ ਅੱਗੇ ਹੈ ਕਿਉਂਕਿ ਦੂਸਰੀਆਂ ਕੰਪਨੀਆਂ ਸੈਮੀ-ਕੰਡਕਟਰ ਲਈ ਫਾਕਸਕਾਨ ਜਾਂ ਫਿਰ ਦੂਸਰੀਆਂ ਸੈਮੀ- ਕੰਡਕਟਰ ਬਣਾਉਣ ਵਾਲੀਆਂ ਕੰਪਨੀਆਂ ’ਤੇ ਨਿਰਭਰ ਰਹਿੰਦੀਆਂ ਹਨ, ਕੋਰੋਨਾ ਮਹਾਮਾਰੀ ਕਾਰਨ ਕੌਮਾਂਤਰੀ ਬਾਜ਼ਾਰ ’ਚ ਵਾਹਨ ਨਿਰਮਾਤਾਵਾਂ ਦੇ ਸਾਹਮਣੇ ਸੈਮੀ-ਕੰਡਕਟਰਜ਼ ਦੀ ਕਮੀ ਦੀ ਸਮੱਸਿਆ ਆਈ ਸੀ ਪਰ ਇਹ ਔਕੜ ਫਾਕਸਕਾਨ ਦੇ ਸਾਹਣੇ ਨਹੀਂ ਆਈ।
ਏਥਰ ਦੇ ਉਤਪਾਦਾਂ ਦੀ ਵਿਕਰੀ ’ਚ ਹਰ ਮਹੀਨੇ 20 ਫੀਸਦਾ ਵਾਧਾ ਹੋ ਰਿਹਾ ਹੈ। ਇਸ ਲਈ ਏਥਰ ਆਪਣੇ ਈ- ਸਕੂਟਰ ਦੇ 99 ਫੀਸਦੀ ਪੁਰਜ਼ੇ ਭਾਰਤ ’ਚ ਹੀ ਬਣਾਉਂਦੀ ਹੈ ਪਰ ਜੋ ਬਚੇ ਪੁਰਜ਼ੇ ਹਨ ਉਨ੍ਹਾਂ ਨੂੰ ਬਾਹਰੋਂ ਮੰਗਵਾਉਣਾ ਪੈਂਦਾ ਹੈ। ਜਿਹੜੇ ਵੈਂਡਰਾਂ ਤੋਂ ਐਥਰ ਆਪਣੇ ਪੁਰਜ਼ੇ ਬਰਾਮਦ ਕਰਵਾਉਂਦੀ ਹੈ, ਇਸ ਵਧੀ ਹੋਈ ਵਿਕਰੀ ਨੂੰ ਦੇਖਦੇ ਹੋਏ ਵੈਂਡਰਾਂ ਕੋਲੋਂ ਸਾਮਾਨ ਮੰਗਵਾਉਣ ’ਚ ਬੜੀ ਪ੍ਰੇਸ਼ਾਨੀ ਹੁੰਦੀ ਹੈ। ਇਸ ਲਈ ਐਥਰ ਨੇ ਪੁਰਜ਼ਿਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਹੀ ਫਾਕਸਕਾਨ ਨਾਲ ਇਕ ਕਰਾਰ ਕੀਤਾ ਹੈ। ਜਿਸ ਨਾਲ ਬਾਜ਼ਾਰ ’ਚ ਤਿਆਰ ਉਤਪਾਦ ਨੂੰ ਉਤਾਰਨ ’ਚ ਕੋਈ ਔਕੜ ਨਾ ਆਵੇ।
ਭਾਰਤ ਐੱਫ.ਆਈ.ਐੱਚ. ਨੇ ਫਾਕਸਕਾਨ ਨਾਲ ਇਲੈਕਟ੍ਰਾਨਿਕ ਯੰਤਰਾਂ ਲਈ ਹੀ ਇਹ ਕਰਾਰ ਕੀਤਾ ਹੈ ਜਿਸ ’ਚ ਪ੍ਰਿੰਟਿੰਡ ਸਰਕਿਟ ਬੋਰਡ, ਬੈਟਰੀ ਮੈਨੇਜਮੈਂਟ ਸਿਸਟਮ, ਡੈਸ਼ਬੋਰਡ ਅਸੈਂਬਲੀ, ਪੇਰੀਫੇਰਲ ਕੰਟ੍ਰੋਲਿੰਗ ਯੂਨਿਟ ਅਤੇ ਡ੍ਰਾਈਵ ਕੰਟ੍ਰੋਲ ਯੂਨਿਟ ਵਰਗੇ ਕੰਪੋਨੈਂਟ ਭਾਰਤ ਐੱਫ.ਆਈ.ਐੱਚ ਏਥਰ ਕੰਪਨੀ ਲਈ ਭਾਰਤ ’ਚ ਹੀ ਬਣਵਾਏਗੀ। ਈ-ਸਕੂਟਰ ਦੀ ਮੋਟਰ ਨੂੰ ਵੀ ਭਾਰਤ ਦੇ ਕੋਇੰਬਟੂਰ ਸ਼ਹਿਰ ’ਚ ਮਹੇਲੇ ਸਮੂਹ ਕੰਪਨੀ ਬਣਾਉਂਦੀ ਹੈ, ਿਸਰਫ ਇੰਨਾ ਹੀ ਨਹੀਂ ਫਾਕਸਕਾਨ ਕੰਪਨੀ ਭਾਰਤ ’ਚ ਅਮਰੀਕੀ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਫਿਸਕਰ ਆਈ.ਐੱਨ.ਸੀ. ਲਈ ਵੀ ਜਲਦੀ ਹੀ ਭਾਰਤ ’ਚ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਹੈ ਜਿਸ ਦੇ ਲਈ ਫਾਕਸਕਾਨ ਫਿਸਕਰ ਕੰਪਨੀ ਨਾਲ ਕੰਟ੍ਰੈਕਟ ਸਾਈਨ ਕਰ ਚੁੱਕੀ ਹੈ।
ਫਾਕਸਕਾਨ ਨੇ ਭਾਰਤ ਐੱਫ.ਆਈ.ਐੱਚ. ਨਾਲ ਇਸ ਲਈ ਵੀ ਕੰਟ੍ਰੈਕਟ ਸਾਈਨ ਕੀਤਾ ਹੈ ਕਿਉਂਕਿ ਇਹ ਕੰਪਨੀ ਭਾਰਤ ਐੱਫ.ਆਈ.ਐੱਚ ਭਾਰਤ ’ਚ ਮੋਬਾਇਲ ਫੋਨ ਵੀ ਬਣਾਉਂਦੀ ਹੈ। ਭਾਰਤ ਦੇ ਬਾਹਰ ਵੀ ਫਾਕਸਕਾਨ ਐਪਲ ਕੰਪਨੀ ਲਈ ਆਈਫੋਨ ਬਣਾਉਂਦੀ ਹੈ, ਐਥਰ ਕੰਪਨੀ ਫਾਕਸਕਾਨ ਦੀ ਇਸ ਮੁਹਾਰਤ ਦੀ ਵਰਤੋਂ ਆਪਣੀ ਈ- ਸਕੂਟਰ ’ਚ ਕਰਨਾ ਚਾਹੁੰਦੀ ਹੈ।
ਤਾਈਵਾਨ ਨੇ ਸਾਲ 2025 ਤੋਂ 2027 ਤੱਕ ਪੂਰੇ ਵਿਸ਼ਵ ਇਲੈਕਟ੍ਰਿਕ ਵਾਹਨਾਂ ਦੇ ਸੈਮੀ-ਕੰਡਕਟਰ ਨਿਰਮਾਣ ਲਈ 10 ਫੀਸਦੀ ਹਿੱਸਾ ਹਾਸਲ ਕਰਨ ਦਾ ਟੀਚਾ ਮਿੱਥਿਅਾ ਹੈ, ਤਾਈਵਾਨ ਅਾਪਣੇ ਇਸ ਟੀਚੇ ਦੀ ਪ੍ਰਾਪਤੀ ਨੂੰ ਲੈ ਕੇ ਇਸ ਲਈ ਵੀ ਅਾਸਵੰਦ ਹੈ ਕਿਉਂਂਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਉਸ ਦੇ ਕੋਲ ਤਕਨੀਕੀ ਅਤੇ ਮੁੱਢਲੇ ਢਾਂਚੇ ਦਾ ਪੂਰਾ ਵਿਕਸਤ ਤੰਤਰ ਤਾਈਵਾਨ ’ਚ ਮੌਜੂਦ ਹੈ ਜਿਸ ਨੂੰ ਉਹ ਦੂਸਰੇ ਦੇਸ਼ਾਂ ’ਚ ਵੀ ਲਗਾ ਰਹੀ ਹੈ, ਜਿਸ ਨਾਲ ਉਤਪਾਦਨ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ ਕਿਉਂਕਿ ਸਮੇਂ ਦੇ ਨਾਲ ਈ-ਸਕੂਟਰ ਅਤੇ ਈ-ਕਾਰਾਂ ਦੀ ਮੰਗ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਵਾਤਾਵਰਣ ਦੀ ਬਿਹਤਰੀ ਅਤੇ ਸਵੱਛ ਵਾਯੂਮੰਡਲ ਲਈ ਦੁਨੀਆ ਭਰ ਦੀਆਂ ਸਰਕਾਰਾਂ ਜਿੱਥੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ ਉੱਥੇ ਹੀ ਵਧਦੀਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਗਾਹਕ ਵੀ ਈ.ਵੀ ਦੇ ਪ੍ਰਤੀ ਆਕਰਸ਼ਿਤ ਹੋ ਰਹੇ ਹਨ। ਈ-ਵਾਹਨਾਂ ’ਤੇ ਕਈ ਦੇਸ਼ਾਂ ਦੀਆਂ ਸਰਕਾਰਾਂ ਸਬਸਿਡੀ ਦੇ ਰਹੀਆਂ ਹਨ ਤਾਂ ਉੱਥੇ ਹੀ ਗਾਹਕਾਂ ਦੀ ਜੇਬ ’ਤੇ ਵੀ ਇਹ ਓਨੀ ਭਾਰੀ ਨਹੀਂ ਪੈ ਰਹੀਆਂ ਹਨ। ਬੈਟਰੀ ਚਾਰਜਿੰਗ ’ਚ ਪੈਟ੍ਰੋਲ, ਡੀਜ਼ਲ ਭਰਵਾਉਣ ਦੀ ਤੁਲਨਾ ’ਚ ਬਹੁਤ ਘੱਟ ਖਰਚ ਆਉਂਦਾ ਹੈ, ਇਸ ਲਈ ਈ-ਵਾਹਨ ਗਾਹਕਾਂ ਦੀ ਪਸੰਦ ਬਣ ਰਹੇ ਹਨ। ਇਸ ਦੇ ਨਾਲ ਹੀ ਵਾਤਾਵਰਣ ਸੰਭਾਲ ਅਤੇ ਸਾਫ ਸੁਥਰੀ ਹਵਾ ਨੂੰ ਲੈ ਕੇ ਸਰਕਾਰਾਂ ਨਾਲ ਆਮ ਲੋਕਾਂ ’ਚ ਵੀ ਜਾਗਰੂਕਤਾ ਵਧੀ ਹੈ ਜਿਸ ਦੇ ਕਾਰਨ ਭਾਰਤ ਸਮੇਤ ਪੂਰੀ ਦੁਨੀਆ ’ਚ ਈ-ਵਾਹਨ ਦਾ ਭਵਿੱਖ ਉਜਵਲ ਹੈ ਤੇ ਇਸ ਵਧਦੇ ਈ-ਵਾਹਨ ਬਾਜ਼ਾਰ ’ਚ ਭਾਰਤ ਮੋਹਰੀ ਦੇਸ਼ ਬਣ ਕੇ ਉਭਰੇਗਾ।