ਨਸ਼ਾ ਸਮੱਗਲਿੰਗ ’ਤੇ ਹੋਵੇ ਸਰਜੀਕਲ ਸਟ੍ਰਾਈਕ
Tuesday, Jun 20, 2023 - 05:43 PM (IST)

ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਜੂਨ ਦੇ ਦੂਸਰੇ ਹਫਤੇ ਸੂਬੇ ਦੇ ਸਰਹੱਦੀ ਜ਼ਿਲਿਆਂ ਦੇ ਦੌਰੇ ਦੌਰਾਨ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਉਪਰੰਤ ਨਸ਼ਿਆਂ ਦੇ ਵਪਾਰ ਦੀ ਰੋਕਥਾਮ ਤੇ ਅੰਤਰਰਾਸ਼ਟਰੀ ਸੀਮਾ ਦੀ ਹਿਫਾਜ਼ਤ ਲਈ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਘੇਰੇ ’ਚ ਪੈਂਦੇ ਪਿੰਡਾਂ ਵਿਚ ‘ਡਰੋੋਨ ਐਮਰਜੈਂਸੀ ਰਿਸਪਾਂਸ ਸਿਸਟਮ’ ਲਾਗੂ ਕਰਨ ਤੇ ‘ਵਿਲੇਜ ਡਿਫੈਂਸ ਕਮੇਟੀਆਂ’ ਬਣਾਉਣ ਦਾ ਐਲਾਨ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਪਾਕਿਸਤਾਨ ਸਿੱਧੇ ਤੌਰ ’ਤੇ ਸਾਡੇ ਨਾਲ ਯੁੱਧ ਤਾਂ ਨਹੀਂ ਕਰ ਸਕਦਾ ਪਰ ਉਹ ਸਾਡੇ ਨੌਜਵਾਨਾਂ ਨੂੰ ਹਥਿਆਰ ਅਤੇ ਨਸ਼ੇ ਮੁਹੱਈਆ ਕਰਵਾ ਕੇ ਅਸਿੱਧੇ ਢੰਗ ਨਾਲ ਯੁੱਧ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਸਤੇ ਰਾਜਪਾਲ ਨੇ ਉਸ ਦੇ ਵਿਰੁੱਧ ਸਰਜੀਕਲ ਸਟ੍ਰਾਈਕ ’ਤੇ ਜ਼ੋਰ ਦਿੱਤਾ।
ਸਰਜੀਕਲ ਸਟ੍ਰਾਈਕ ਵਾਲੀ ਪਰਿਭਾਸ਼ਾ ਦਾ ਪ੍ਰਯੋਗ ਕੇਵਲ ਚੋਣਾਂ ਵਿਚ ਹੀ ਜਸ ਖੱਟਣ ਵਾਸਤੇ ਨਹੀਂ ਕੀਤਾ ਗਿਆ ਬਲਕਿ ਆਮ ਜਨਤਕ ਬਹਿਸ ਦੌਰਾਨ ਕਈ ਵਾਰੀ ਅਣਜਾਣਪੁਣੇ ’ਚ ਅਨਿਸ਼ਚਿਤ ਢੰਗ ਨਾਲ ਇਸ ਸੰਕਲਪ ਦਾ ਇਸਤੇਮਾਲ ਬੇਰੋਕ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਜਦੋਂ ਵੀ ਕਿਤੇ ਘਿਣਾਉਣਾ ਕਾਂਡ ਵਾਪਰਦਾ ਹੈ ਤਾਂ ਗੁਆਂਢੀ ਮੁਲਕ ’ਤੇ ਸਰਜੀਕਲ ਸਟ੍ਰਾਈਕ ਕਰਨ ਵਾਲੀ ਮੰਗ ਉਠਦੀ ਹੈ। ਇਸ ਨਿਵੇਕਲੇ ਵਿਸ਼ੇ ਦੇ ਸਿਰਲੇਖ ਹੇਠ ਮੈਂ ਚਰਚਾ ਕਰਨੀ ਇਸ ਵਾਸਤੇ ਉੱਚਿਤ ਸਮਝਦਾ ਹਾਂ ਕਿਉਂਕਿ ਇਸ ਦਾ ਪ੍ਰਭਾਵ ਵਿਦਿਆਰਥੀ ਵਰਗ ’ਤੇ ਵੀ ਪੈਂਦਾ ਹੈ। ਇਸ ਵਾਸਤੇ ਸਰਜੀਕਲ ਸਟ੍ਰਾਈਕ ਦਾ ਸੰਕਲਪ, ਲੋੜ, ਪ੍ਰਯੋਗ ਤੇ ਕੌਮਾਂਤਰੀ ਪ੍ਰਭਾਵ ਬਾਰੇ ਅਧਿਐਨ ਤਰਕ ਸੰਗਤ ਢੰਗ ਨਾਲ ਕੀਤਾ ਜਾਵੇ।
ਧਾਰਨਾ ਤੇ ਹਾਲਾਤ
ਸਰਜੀਕਲ ਸਟ੍ਰਾਈਕ ਇਕ ਤੀਖਣ ਮਿਲਟਰੀ ਹਮਲਾ ਹੈ ਜੋ ਕਿ ਵਿਸ਼ੇਸ਼ ਤੌਰ ’ਤੇ ਮਿਲਟਰੀ ਟਾਰਗੈੱਟ ਨੂੰ ਕਿਰਿਆਹੀਣ ਕਰਨ ਖਾਤਰ ਸੰਕੋਚ ਵਿਧੀ ਨਾਲ ਕੀਤਾ ਜਾਂਦਾ ਹੈ ਤਾਂ ਕਿ ਨਿਸ਼ਾਨੇ ਵਾਲੀ ਥਾਂ ਦੇ ਇਰਦ -ਗਿਰਦ ਸਿਵਲੀਅਨ ਤੇ ਬਾਕੀ ਜਨਤਕ ਢਾਂਚੇ ਵਗੈਰਾ ਨੂੰ ਸਮਾਨਾਂਤਰ ਨੁਕਸਾਨ ਨਾ ਪਹੁੰਚੇ। ਮਕਸਦ ਨਿਰਧਾਰਤ ਲਕਸ਼ ਦੀ ਪ੍ਰਾਪਤੀ ਵੀ ਹੋ ਸਕਦਾ ਹੈ ਪਰ ਮਿਲਟਰੀ ਐਕਸ਼ਨ ਜੰਗ ਦਾ ਰੂਪ ਧਾਰਨ ਨਾ ਕਰ ਸਕੇ।
ਸਰਜੀਕਲ ਸਟ੍ਰਾਈਕ ਲੋੜ ਅਨੁਸਾਰ ਹਵਾਈ ਜਹਾਜ਼ਾਂ ਦੇ ਜ਼ਰੀਏ, ਪੈਰਾ ਡਰਾਪ ਆਪ੍ਰੇਸ਼ਨ ਜਾਂ ਫਿਰ ਜ਼ਮੀਨੀ ਕਮਾਂਡੋ ਵਰਗੀਆਂ ਸਪੈਸ਼ਲ ਫੋਰਸਿਜ਼ ਵਲੋਂ ਚੁਸਤ ਹਮਲੇ ਤੇ ਜ਼ਾਬਤੇ ’ਚ ਰਹਿ ਕੇ ਸੁਨਿਸ਼ਚਿਤਤਾ ਪੂਰਵਕ ਢੰਗ ਨਾਲ ਬੰਬਾਰੀ ਕਰਨਾ ਵੀ ਸਟ੍ਰਾਈਕ ਵਾਲੀ ਵਿਧੀ ’ਚ ਸ਼ਾਮਲ ਹੈ।
ਦੁਨੀਆ ਨੂੰ ਸਰਜੀਕਲ ਸਟ੍ਰਾਈਕ ਦੀ ਅਸਲੀ ਪਰਿਭਾਸ਼ਾ ਦੀ ਝਲਕ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ 27 ਜੂਨ 1976 ਨੂੰ ਫਲਸਤੀਨੀ ਲਿਬਰੇਸ਼ਨ ਫੋਰਸ ਨੇ ਯਾਤਰੀਆਂ ਦਾ ਹਵਾਈ ਜਹਾਜ਼ ਅਗਵਾ ਕਰ ਲਿਆ ਤੇ ਉਸ ਨੂੰ ਯੁਗਾਂਡਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੈ ਗਏ ਤਾਂ ਇਸਰਾਈਲੀ ਕਮਾਂਡੋ ਫੋਰਸ ਨੇ 4000 ਕਿ. ਮੀ. ਦੀ ਦੂਰੀ ਤੈਅ ਕਰ ਕੇ 3-4 ਜੁਲਾਈ 1976 ਨੂੰ ਬਣਾਏ ਗਏ 106 ਬੰਧਕਾਂ ’ਚੋਂ 102 ਨੂੰ ਸਹੀ ਸਲਾਮਤ ਬਚਾਅ ਲਿਆ।
ਸਰਜੀਕਲ ਸਟ੍ਰਾਈਕ ਦਾ ਦੂਸਰਾ ਨਮੂਨਾ ਅਮਰੀਕਾ ਨੇ ਉਸ ਸਮੇਂ ਦਿੱਤਾ ਜਦੋਂ ਸੱਤ ਸਮੁੰਦਰ ਪਾਰ 2 ਮਈ 2011 ਨੂੰ ਓਸਾਮਾ ਬਿਨ ਲਾਦੇਨ ਤੇ ਉਸ ਦੇ 2 ਦਰਜਨ ਪਰਿਵਾਰਕ ਮੈਂਬਰਾਂ ਨੂੰ ਐਬਟਾਬਾਦ (ਪਾਕਿਸਤਾਨ) ਵਿਖੇ ਸਫਲਤਾਪੂਰਵਕ ਢੰਗ ਨਾਲ ਸਮੇਟ ਦਿੱਤਾ ਤੇ ਉਸ ਦੀ ਸੂਹ ਪਾਕਿਸਤਾਨ ਨੂੰ ਵੀ ਨਹੀਂ ਲੱਗਣ ਦਿੱਤੀ।
ਭਾਰਤ ਨੂੰ ਸਰਜੀਕਲ ਸਟ੍ਰਾਈਕ ਕਰਨ ਦੀ ਲੋੜ ਉਸ ਸਮੇਂ ਪਈ ਜਦੋਂ 18 ਸਤੰਬਰ 2016 ਨੂੰ ਉੜੀ ’ਚ ਫੌਜੀ ਕੈਂਪ ’ਤੇ ਫਿਦਾਈਨ ਹਮਲੇ ਦੌਰਾਨ ਸਾਡੇ 19 ਜਵਾਨ ਸ਼ਹੀਦ ਹੋ ਗਏ। ਦਰਅਸਲ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਪਾਲਤੂ ਸਰਗਣਿਆਂ ਨੇ ਪੰਜਾਬ ਵੱਲ ਰੁਖ ਕਰਦਿਆਂ 27 ਜੁਲਾਈ 2015 ਨੂੰ ਗੁਰਦਾਸਪੁਰ ਜ਼ਿਲੇ ’ਚ ਪਹਿਲਾਂ ਬੱਸ ਤੇ ਫਿਰ ਦੀਨਾਨਗਰ ਪੁਲਸ ਥਾਣੇ ’ਤੇ ਹਮਲਾ ਕੀਤਾ ਜਿਸ ਵਿਚ 4 ਪੁਲਸ ਕਰਮਚਾਰੀ, 3 ਸਿਵਲੀਅਨ ਤੇ 3 ਅੱਤਵਾਦੀ ਮਾਰੇ ਗਏ।
ਫਿਰ 2 ਜਨਵਰੀ 2016 ਨੂੰ ਪਠਾਨਕੋਟ ਏਅਰ ਫੋਰਸ ਸਟੇਸ਼ਨ ’ਚ 5 ਪਾਕਿਸਤਾਨੀ ਹਮਲਾਵਰ ਦਾਖਲ ਹੋ ਗਏ ਤੇ 17 ਘੰਟੇ ਚੱਲੇ ਆਪ੍ਰੇਸ਼ਨ ’ਚ ਸਾਰੇ ਅੱਤਵਾਦੀ ਮਾਰੇ ਗਏ, ਇਸ ਦੌਰਾਨ 6 ਸੁਰੱਖਿਆ ਕਰਮਚਾਰੀ ਵੀ ਸ਼ਹੀਦ ਹੋ ਗਏ।
ਜਦੋਂ ਅੱਤਵਾਦੀ ਹਮਲਿਆਂ ਦੀ ਹੱਦ ਹੁੰਦੀ ਦਿਸੀ ਫਿਰ ਸਰਕਾਰ ਨੇ ਤਤਕਾਲੀ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੀ ਦੇਖ-ਰੇਖ ਹੇਠ ਮਕਬੂਜ਼ਾ ਕਸ਼ਮੀਰ ’ਚ ਭਾਰਤੀ ਫੌਜ ਦੇ ਜਾਂਬਾਜ਼ ਜਵਾਨਾਂ ਨੇ 28/29 ਸਤੰਬਰ ਦੀ ਰਾਤ ਨੂੰ 7 ਪਾਕਿਸਤਾਨੀ ਲਾਂਚ ਪੈਡਸ ’ਤੇ ਇਕੋ ਵੇਲੇ ਹਮਲਾ ਕਰ ਕੇ ਦੁਸ਼ਮਣ ਨੂੰ ਅਰਥਪੂਰਨ ਨੁਕਸਾਨ ਪਹੁੰਚਾਇਆ। ਕੁਝ ਮੁਲਕਾਂ ਨੇ ਇਸ ਕਾਰਵਾਈ ਨੂੰ ਸਲਾਹਿਆ ਪਰ ਯੂ. ਐਨ. ਸਮੇਤ ਕਈਆਂ ਨੇ ਆਲੋਚਨਾ ਵੀ ਕੀਤੀ।
ਬਾਜ਼ ਵਾਲੀ ਨਜ਼ਰ
ਪੰਜਾਬ ਦੇ ਰਾਜਪਾਲ ਵਲੋਂ ਵਾਰ-ਵਾਰ ਸੂਬੇ ਦੇ ਸਰਹੱਦੀ ਜ਼ਿਲਿਆਂ ਦੇ ਦੌਰੇ ਦੌਰਾਨ ਦੇਸ਼ ਦੀ ਸੁਰੱਖਿਆ ਪ੍ਰਤੀ ਜਾਗਰੂਕ ਲਹਿਰ ਪੈਦਾ ਕਰਨ ’ਤੇ ਜ਼ੋਰ ਦੇਣ ਦੇ ਨਾਲ ਨਸ਼ਿਆਂ ਦੇ ਕੋਹੜ ਨੂੰ ਸਕੂਲਾਂ-ਕਾਲਜਾਂ ਤਕ ਪਹੁੰਚਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਨਸ਼ਾ ਸਮੱਗਲਰਾਂ ਨਾਲ ਕਿਤੇ ਨਾ ਕਿਤੇ ਬੀ. ਐੱਸ. ਐੱਫ ਤੇ ਪੁਲਸ ਦੇ ਕੁਝ ਜਵਾਨਾਂ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਡੇ ਮੁਲਕ ’ਚ ਨਸ਼ੇ ਭੇਜ ਕੇ ਲੁਕਵੇਂ ਰੂਪ ’ਚ ਜੰਗ ਲੜ ਰਿਹਾ ਹੈ। ਇਸ ਵਾਸਤੇ ਉਨ੍ਹਾਂ ਨੇ ਗੁਆਂਢੀ ਮੁਲਕ ਵਿਰੁੱਧ ਸਰਜੀਕਲ ਸਟ੍ਰਾਈਕ ’ਤੇ ਜ਼ੋਰ ਦਿੱਤਾ।
ਰਾਜਪਾਲ ਦੇ ਅਧਿਕਾਰ ਹੇਠ ਹੈ ਕਿ ਉਹ ਸੂਬੇ ਦੀ ਕਿਸੇ ਵੀ ਸਮੱਸਿਆ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਬਲਕਿ ਰਾਸ਼ਟਰਪਤੀ ਨੂੰ ਵੀ ਆਪਣੀ ਰਿਪੋਰਟ ਭੇਜ ਸਕਦਾ ਹੈ। ਇਸ ਬਾਰੇ ਕੋਈ ਦੋ ਰਾ ਇ ਨਹੀਂ ਅਤੇ ਨਾ ਹੀ ਮੈਂ ਕਿੰਤੂ-ਪ੍ਰੰਤੂ ਕਰਨਾ ਚਾਹੁੰਦਾ ਹਾਂ।
ਦੱਸਣਯੋਗ ਹੈ ਕਿ ਕਿਸੇ ਵੀ ਮੁਲਕ ਨਾਲ ਜੰਗ ਲੜਨ ਜਾਂ ਸਰਜੀਕਲ ਵਰਗਾ ਆਪ੍ਰੇਸ਼ਨ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਕੈਬਨਿਟ ਵਲੋਂ ਫੈਸਲਾ ਲੈਣ ਤੋਂ ਬਾਅਦ ਹਥਿਆਰਬੰਦ ਸੈਨਾਵਾਂ ਦੇ ਸਰਵਉੱਚ ਕਮਾਂਡਰ ਵੱਲੋਂ ਰਾਸ਼ਟਰਪਤੀ ਤੋਂ ਰਸਮੀ ਤੌਰ ’ਤੇ ਪ੍ਰਵਾਨਗੀ ਲੈਣਾ ਲਾਜ਼ਮੀ ਹੁੰਦਾ ਹੈ।
ਮਕਬੂਜ਼ਾ ਕਸ਼ਮੀਰ ’ਚ ਸਿਖਲਾਈ ਕੈਂਪ ਤੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਰੱਖਿਆ ਮੰਤਰੀ ਦੀ ਦੇਖ-ਰੇਖ ਸਟ੍ਰਾਈਕ ਕਰਨ ਦਾ ਫੈਸਲਾ ਲਿਆ ਿਜਸ ਦੀ ਮਿੰਟ-ਟੂ-ਮਿੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਕਾਰੀ ਸੀ ਤੇ ਉਨ੍ਹਾਂ ਇਸ ਆਪ੍ਰੇਸ਼ਨ ਨੂੰ 28/29 ਸਤੰਬਰ ਨੂੰ ਕੰਟਰੋਲ ਰੂਮ ’ਚ ਬੈਠ ਕੇ ਦੇਖਿਆ।
ਜ਼ਿਕਰਯੋਗ ਇਹ ਵੀ ਹੈ ਕਿ ਪੁਲਵਾਮਾ ’ਚ ਸੀ. ਆਰ. ਪੀ. ਐੱਫ. ਦੇ ਪੁਲਵਾਮਾ ਦੇ 40 ਜਵਾਨ ਸ਼ਹੀਦਾਂ ਦਾ ਬਦਲਾ ਲੈਣ ਲਈ 26 ਫਰਵਰੀ 2019 ਨੂੰ ਭਾਰਤੀ ਹਵਾਈ ਫੌਜ ਦੇ 12 ਿਮਰਾਜ਼ ਫਾਈਟਰ ਜਹਾਜ਼ਾਂ ਨਾਲ ਜੈਸ਼-ਏ-ਮੁਹੰਮਦ ਦੇ ਮੁੱਖ ਹੈੱਡਕੁਆਰਟਰ ਬਾਲਾਕੋਟ (ਖੈਬਰ ਪੱਖਤੂਨ ਖਫਾ) ਜੋ ਕਿ ਐੱਲ. ਓ. ਸੀ. ਤੋਂ ਤਕਰੀਬਨ 70-80 ਕਿ. ਮੀ. ਦੂਰ ਸੀ ਤੇ ਬੰਬਾਰੀ ਕੀਤੀ । ਅਗਲੇ ਦਿਨ ਪਾਕਿਸਤਨ ਦੇ ਐੱਫ-16 ਜਹਾਜ਼ਾਂ ਨੇ ਵੀ ਭਾਰਤ ਵੱਲ ਨੂੰ ਰੁਖ ਕੀਤਾ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਆਪਣੇ ਮਿੱਗ-21 ਨਾਲ ਐੱਫ-16 ਨੂੰ ਮਾਰ ਡੇਗਿਆ ਅਤੇ ਆਪਣਾ ਜਹਾਜ਼ ਵੀ ਹਾਦਸਾਗ੍ਰਸਤ ਹੋ ਗਿਆ। ਅਭਿਨੰਦਨ ਜੰਗੀ ਕੈਦੀ ਬਣਾਇਆ ਗਿਆ ਤੇ ਉਸ ਨੂੰ ਕੁਝ ਮਿੱਤਰ ਦੇਸ਼ਾਂ ਦੀ ਦਖਲਅੰਦਾਜ਼ੀ ਕਾਰਨ ਪਾਕਿਸਤਾਨ ਨੂੰ ਅਭਿਨੰਦਨ ਨੂੰ ਭਾਰਤ ਨੂੰ ਸੌਂਪਣਾ ਪਿਆ।