ਸੁਪਰੀਮ ਕੋਰਟ ਨੇ ''ਏਕ ਭਾਰਤ, ਸ੍ਰੇਸ਼ਠ ਭਾਰਤ'' ਦੀ ਭਾਵਨਾ ਨੂੰ ਮਜ਼ਬੂਤ ਕੀਤਾ
Tuesday, Dec 12, 2023 - 05:37 PM (IST)
ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਨੇ ਧਾਰਾ 370 ਅਤੇ 35 (ਏ) ਨੂੰ ਰੱਦ ਕਰਨ ਬਾਰੇ ਇਕ ਇਤਿਹਾਸਿਕ ਫ਼ੈਸਲਾ ਸੁਣਾਇਆ। ਆਪਣੇ ਫ਼ੈਸਲੇ ਰਾਹੀਂ ਅਦਾਲਤ ਨੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੈ, ਜਿਸ ਦਾ ਹਰ ਭਾਰਤੀ ਸਨਮਾਨ ਕਰਦਾ ਹੈ। ਸੁਪਰੀਮ ਕੋਰਟ ਨੇ ਸਹੀ ਕਿਹਾ ਕਿ 5 ਅਗਸਤ 2019 ਨੂੰ ਲਏ ਗਏ ਫ਼ੈਸਲੇ ਦਾ ਉਦੇਸ਼ ਸੰਵਿਧਾਨਕ ਏਕੀਕਰਣ ਨੂੰ ਵਧਾਉਣਾ ਸੀ, ਨਾ ਕਿ ਵਿਘਨ ਪਾਉਣਾ। ਅਦਾਲਤ ਨੇ ਇਸ ਤੱਥ ਨੂੰ ਵੀ ਮਾਨਤਾ ਦਿੱਤੀ ਹੈ ਕਿ ਆਰਟੀਕਲ 370 ਸਥਾਈ ਰੂਪ ਵਿਚ ਨਹੀਂ ਸੀ।
ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਲੁਭਾਉਣੇ ਨਜ਼ਾਰਿਆਂ, ਸ਼ਾਂਤ ਵਾਦੀਆਂ ਅਤੇ ਸ਼ਾਨਦਾਰ ਪਹਾੜਾਂ ਨੇ ਪੀੜ੍ਹੀਆਂ ਤੋਂ ਕਵੀਆਂ, ਕਲਾਕਾਰਾਂ ਅਤੇ ਸਾਹਸੀ ਲੋਕਾਂ ਦੇ ਦਿਲਾਂ ਨੂੰ ਮੋਹਿਤ ਕੀਤਾ ਹੈ। ਇਹ ਉਹ ਥਾਂ ਹੈ ਜਿੱਥੇ ਸ੍ਰੇਸ਼ਠਤਾ ਅਸਾਧਾਰਨ ਨੂੰ ਮਿਲਦੀ ਹੈ, ਜਿੱਥੇ ਹਿਮਾਲਿਆ ਆਸਮਾਨ ਤੱਕ ਪਹੁੰਚਦਾ ਹੈ ਅਤੇ ਜਿੱਥੇ ਇਸ ਦੀਆਂ ਝੀਲਾਂ ਅਤੇ ਨਦੀਆਂ ਦੇ ਪ੍ਰਾਚੀਨ ਪਾਣੀ ਸਵਰਗ ਨੂੰ ਦਰਸਾਉਂਦੇ ਹਨ ਪਰ ਪਿਛਲੇ ਸੱਤ ਦਹਾਕਿਆਂ ਤੋਂ ਇਨ੍ਹਾਂ ਸਥਾਨਾਂ ਨੇ ਹਿੰਸਾ ਅਤੇ ਅਸਥਿਰਤਾ ਦੇ ਸਭ ਤੋਂ ਭੈੜੇ ਰੂਪਾਂ ਨੂੰ ਦੇਖਿਆ ਹੈ, ਜਿਸਦੇ ਇਹ ਸ਼ਾਨਦਾਰ ਲੋਕ ਕਦੇ ਵੀ ਹੱਕਦਾਰ ਨਹੀਂ ਸਨ।
ਬਦਕਿਸਮਤੀ ਨਾਲ ਸਦੀਆਂ ਦੇ ਬਸਤੀਵਾਦ ਖਾਸ ਕਰ ਕੇ ਆਰਥਿਕ ਅਤੇ ਮਾਨਸਿਕ ਅਧੀਨਗੀ ਕਾਰਨ ਅਸੀਂ ਇਕ ਕਿਸਮ ਦਾ ਉਲਝਣ ਵਾਲਾ ਸਮਾਜ ਬਣ ਗਏ ਹਾਂ। ਬਹੁਤ ਬੁਨਿਆਦੀ ਗੱਲਾਂ ’ਤੇ ਸਪਸ਼ਟ ਸਥਿਤੀ ਲੈਣ ਦੀ ਬਜਾਏ, ਅਸੀਂ ਟਕਰਾਅ ਦੀ ਇਜਾਜ਼ਤ ਦਿੱਤੀ, ਜਿਸ ਨਾਲ ਉਲਝਣਾਂ ਪੈਦਾ ਹੋ ਗਈਆਂ। ਅਫ਼ਸੋਸ ਦੀ ਗੱਲ ਹੈ ਕਿ ਜੰਮੂ ਅਤੇ ਕਸ਼ਮੀਰ ਅਜਿਹੀ ਮਾਨਸਿਕਤਾ ਦਾ ਵੱਡਾ ਸ਼ਿਕਾਰ ਹੋ ਗਿਆ।
ਮੈਨੂੰ ਆਪਣੇ ਜੀਵਨ ਦੇ ਮੁੱਢਲੇ ਦੌਰ ਤੋਂ ਹੀ ਜੰਮੂ ਅਤੇ ਕਸ਼ਮੀਰ ਅੰਦੋਲਨ ਨਾਲ ਜੁੜੇ ਰਹਿਣ ਦਾ ਮੌਕਾ ਮਿਲਿਆ ਹੈ। ਮੈਂ ਇਕ ਅਜਿਹੇ ਵਿਚਾਰਧਾਰਕ ਢਾਂਚੇ ਨਾਲ ਸਬੰਧਤ ਹਾਂ ਜਿੱਥੇ ਜੰਮੂ ਅਤੇ ਕਸ਼ਮੀਰ ਸਿਰਫ਼ ਇਕ ਸਿਆਸੀ ਮੁੱਦਾ ਨਹੀਂ ਸੀ ਪਰ ਇਹ ਸਮਾਜ ਦੀਆਂ ਇੱਛਾਵਾਂ ਦੇ ਸਮਾਧਾਨ ਬਾਰੇ ਸੀ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਕੋਲ ਨਹਿਰੂ ਮੰਤਰੀ ਮੰਡਲ ਵਿਚ ਇਕ ਮਹੱਤਵਪੂਰਨ ਵਿਭਾਗ ਸੀ ਅਤੇ ਉਹ ਲੰਬੇ ਸਮੇਂ ਤੱਕ ਸਰਕਾਰ ਵਿਚ ਰਹਿ ਸਕਦੇ ਸਨ। ਫਿਰ ਵੀ ਉਨ੍ਹਾਂ ਨੇ ਕਸ਼ਮੀਰ ਮੁੱਦੇ ’ਤੇ ਮੰਤਰੀ ਮੰਡਲ ਛੱਡ ਦਿੱਤਾ ਅਤੇ ਅੱਗੇ ਦੇ ਕਠਿਨ ਰਸਤੇ ਨੂੰ ਪ੍ਰਾਥਮਿਕਤਾ ਦਿੱਤੀ, ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ। ਉਨ੍ਹਾਂ ਦੇ ਯਤਨਾਂ ਅਤੇ ਬਲੀਦਾਨ ਸਦਕਾ ਕਰੋੜਾਂ ਭਾਰਤੀ ਕਸ਼ਮੀਰ ਮੁੱਦੇ ਨਾਲ ਭਾਵਨਾਤਮਕ ਤੌਰ ’ਤੇ ਜੁੜ ਗਏ।
ਕਈ ਵਰ੍ਹਿਆਂ ਬਾਅਦ ਅਟਲ ਜੀ ਨੇ ਸ੍ਰੀਨਗਰ ਵਿਚ ਇਕ ਜਨ ਸਭਾ ਵਿਚ ‘ਇਨਸਾਨੀਅਤ’, ‘ਜਮਹੂਰੀਅਤ’ ਅਤੇ ‘ਕਸ਼ਮੀਰੀਅਤ’ ਦਾ ਇਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ, ਜੋ ਹਮੇਸ਼ਾ ਇਕ ਮਹਾਨ ਪ੍ਰੇਰਨਾ ਸਰੋਤ ਵੀ ਰਿਹਾ ਹੈ।
ਮੇਰਾ ਹਮੇਸ਼ਾ ਪੱਕਾ ਵਿਸ਼ਵਾਸ ਸੀ ਕਿ ਜੰਮੂ ਅਤੇ ਕਸ਼ਮੀਰ ਵਿਚ ਜੋ ਕੁਝ ਹੋਇਆ, ਉਹ ਸਾਡੇ ਦੇਸ਼ ਅਤੇ ਉੱਥੇ ਰਹਿਣ ਵਾਲੇ ਲੋਕਾਂ ਨਾਲ ਵੱਡਾ ਵਿਸ਼ਵਾਸਘਾਤ ਸੀ। ਲੋਕਾਂ ਨਾਲ ਹੋ ਰਹੇ ਇਸ ਕਲੰਕ, ਇਸ ਬੇਇਨਸਾਫੀ ਨੂੰ ਮਿਟਾਉਣ ਲਈ ਜੋ ਕੁਝ ਵੀ ਕਰ ਸਕਦਾ ਸੀ, ਕਰਨ ਦੀ ਮੇਰੀ ਵੀ ਪ੍ਰਬਲ ਇੱਛਾ ਸੀ। ਮੈਂ ਹਮੇਸ਼ਾ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਕੰਮ ਕਰਨਾ ਚਾਹੁੰਦਾ ਸੀ।
ਬਹੁਤ ਬੁਨਿਆਦੀ ਸ਼ਬਦਾਂ ਵਿਚ - ਆਰਟੀਕਲ 370 ਅਤੇ 35 (ਏ) ਵੱਡੀਆਂ ਰੁਕਾਵਟਾਂ ਵਾਂਗ ਸਨ। ਇਹ ਇਕ ਅਟੁੱਟ ਕੰਧ ਵਾਂਗ ਜਾਪਦਾ ਸੀ ਅਤੇ ਪੀੜਤ ਗ਼ਰੀਬ ਅਤੇ ਦੱਬੇ-ਕੁਚਲੇ ਲੋਕ ਸਨ। ਆਰਟੀਕਲ 370 ਅਤੇ 35 (ਏ) ਨੇ ਇਹ ਸੁਨਿਸ਼ਚਿਤ ਕੀਤਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਕਦੇ ਵੀ ਉਹ ਅਧਿਕਾਰ ਅਤੇ ਵਿਕਾਸ ਨਹੀਂ ਮਿਲੇ ਜੋ ਉਨ੍ਹਾਂ ਦੇ ਬਾਕੀ ਸਾਥੀ ਭਾਰਤੀਆਂ ਨੂੰ ਮਿਲੇ। ਇਨ੍ਹਾਂ ਧਾਰਾਵਾਂ ਕਾਰਨ ਇਕੋ ਕੌਮ ਦੇ ਲੋਕਾਂ ਵਿਚ ਦੂਰੀਆਂ ਪੈਦਾ ਹੋ ਗਈਆਂ। ਇਸ ਦੂਰੀ ਕਾਰਨ ਸਾਡੇ ਦੇਸ਼ ਦੇ ਬਹੁਤ ਸਾਰੇ ਲੋਕ ਜੋ ਜੰਮੂ ਅਤੇ ਕਸ਼ਮੀਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰਨਾ ਚਾਹੁੰਦੇ ਸਨ, ਅਜਿਹਾ ਕਰਨ ਤੋਂ ਅਸਮਰੱਥ ਰਹੇ, ਭਾਵੇਂ ਕਿ ਉਨ੍ਹਾਂ ਨੇ ਉਥੋਂ ਦੇ ਲੋਕਾਂ ਦੇ ਦਰਦ ਨੂੰ ਸਪਸ਼ਟ ਤੌਰ ’ਤੇ ਮਹਿਸੂਸ ਕੀਤਾ।
ਇਕ ਕਾਰਜਕਰਤਾ ਦੇ ਰੂਪ ਵਿਚ ਜਿਸਨੇ ਪਿਛਲੇ ਕਈ ਦਹਾਕਿਆਂ ਤੋਂ ਇਸ ਮੁੱਦੇ ਨੂੰ ਨੇੜਿਓਂ ਦੇਖਿਆ ਹੈ, ਮੈਨੂੰ ਇਸ ਮੁੱਦੇ ਦੀਆਂ ਵਿਸ਼ੇਸ਼ਤਾਵਾਂ ਅਤੇ ਗੁੰਝਲਾਂ ਦੀ ਬਾਰੀਕੀ ਨਾਲ ਸਮਝ ਸੀ। ਫਿਰ ਵੀ ਮੈਂ ਇਕ ਗੱਲ ਬਾਰੇ ਬਹੁਤ ਸਪਸ਼ਟ ਸੀ - ਕਿ ਜੰਮੂ ਅਤੇ ਕਸ਼ਮੀਰ ਦੇ ਲੋਕ ਵਿਕਾਸ ਚਾਹੁੰਦੇ ਹਨ ਅਤੇ ਉਹ ਆਪਣੀ ਤਾਕਤ ਅਤੇ ਕੌਸ਼ਲ ਦੇ ਆਧਾਰ ’ਤੇ ਭਾਰਤ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੁੰਦੇ ਹਨ। ਉਹ ਆਪਣੇ ਬੱਚਿਆਂ ਲਈ ਬਿਹਤਰ ਜੀਵਨ ਦੀ ਗੁਣਵੱਤਾ, ਹਿੰਸਾ ਅਤੇ ਅਨਿਸ਼ਚਿਤਤਾ ਤੋਂ ਮੁਕਤ ਜੀਵਨ ਵੀ ਚਾਹੁੰਦੇ ਹਨ।
ਇਸ ਤਰ੍ਹਾਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਸੇਵਾ ਕਰਦੇ ਹੋਏ ਅਸੀਂ ਤਿੰਨ ਥੰਮ੍ਹਾਂ ਨੂੰ ਪ੍ਰਮੁੱਖਤਾ ਦਿੱਤੀ- ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਸਮਝਣਾ, ਸਹਿਯੋਗੀ ਕਾਰਵਾਈਆਂ ਰਾਹੀਂ ਵਿਸ਼ਵਾਸ ਪੈਦਾ ਕਰਨਾ ਅਤੇ ਵਿਕਾਸ, ਵਿਕਾਸ ਅਤੇ ਹੋਰ ਵਿਕਾਸ ਨੂੰ ਪ੍ਰਾਥਮਿਕਤਾ ਦੇਣਾ।
ਸੰਨ 2014 ਵਿਚ ਸਾਡੇ ਦੁਆਰਾ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਜੰਮੂ ਅਤੇ ਕਸ਼ਮੀਰ ਵਿਚ ਘਾਤਕ ਹੜ੍ਹ ਆ ਗਏ, ਜਿਸ ਨਾਲ ਕਸ਼ਮੀਰ ਘਾਟੀ ਵਿਚ ਬਹੁਤ ਨੁਕਸਾਨ ਹੋਇਆ। ਸਤੰਬਰ 2014 ਵਿਚ ਮੈਂ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼੍ਰੀਨਗਰ ਗਿਆ ਅਤੇ ਪੁਨਰਵਾਸ ਲਈ ਵਿਸ਼ੇਸ਼ ਸਹਾਇਤਾ ਵਜੋਂ 1000 ਕਰੋੜ ਰੁਪਏ ਦਾ ਐਲਾਨ ਵੀ ਕੀਤਾ, ਜੋ ਸੰਕਟ ਦੇ ਸਮੇਂ ਲੋਕਾਂ ਦਾ ਸਮਰਥਨ ਕਰਨ ਲਈ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਮੈਨੂੰ ਜੀਵਨ ਦੇ ਵਿਭਿੰਨ ਖੇਤਰਾਂ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਇਨ੍ਹਾਂ ਗੱਲਾਂ-ਬਾਤਾਂ ਵਿਚ ਇਕ ਗੱਲ ਸਾਂਝੀ ਸੀ- ਲੋਕ ਨਾ ਸਿਰਫ਼ ਵਿਕਾਸ ਚਾਹੁੰਦੇ ਸਨ, ਬਲਕਿ ਉਹ ਦਹਾਕਿਆਂ ਤੋਂ ਚਲ ਰਹੇ ਭ੍ਰਿਸ਼ਟਾਚਾਰ ਤੋਂ ਵੀ ਮੁਕਤੀ ਚਾਹੁੰਦੇ ਸਨ। ਉਸੇ ਸਾਲ ਮੈਂ ਉਨ੍ਹਾਂ ਲੋਕਾਂ ਦੀ ਯਾਦ ਵਿਚ ਦੀਵਾਲੀ ਨਾ ਮਨਾਉਣ ਦਾ ਫ਼ੈਸਲਾ ਕੀਤਾ, ਜਿਨ੍ਹਾਂ ਨੂੰ ਅਸੀਂ ਜੰਮੂ ਅਤੇ ਕਸ਼ਮੀਰ ਵਿਚ ਗੁਆ ਦਿੱਤਾ। ਮੈਂ ਦੀਵਾਲੀ ਵਾਲੇ ਦਿਨ ਜੰਮੂ ਅਤੇ ਕਸ਼ਮੀਰ ਵਿਚ ਰਹਿਣ ਦਾ ਫ਼ੈਸਲਾ ਵੀ ਕੀਤਾ।
ਜੰਮੂ ਅਤੇ ਕਸ਼ਮੀਰ ਦੀ ਵਿਕਾਸ ਯਾਤਰਾ ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਫ਼ੈਸਲਾ ਕੀਤਾ ਕਿ ਸਾਡੀ ਸਰਕਾਰ ਦੇ ਮੰਤਰੀ ਅਕਸਰ ਉੱਥੇ ਜਾਣਗੇ ਅਤੇ ਲੋਕਾਂ ਨਾਲ ਪ੍ਰਤੱਖ ਤੌਰ ’ਤੇ ਗੱਲਬਾਤ ਕਰਨਗੇ। ਇਨ੍ਹਾਂ ਲਗਾਤਾਰ ਦੌਰਿਆਂ ਨੇ ਜੰਮੂ ਅਤੇ ਕਸ਼ਮੀਰ ਵਿਚ ਸਦਭਾਵਨਾ ਪੈਦਾ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ। ਮਈ 2014 ਤੋਂ ਮਾਰਚ 2019 ਤੱਕ 150 ਤੋਂ ਵੱਧ ਮੰਤਰੀ ਪੱਧਰੀ ਦੌਰੇ ਹੋਏ। ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ। ਸੰਨ 2015 ਦਾ ਵਿਸ਼ੇਸ਼ ਪੈਕੇਜ ਜੰਮੂ ਅਤੇ ਕਸ਼ਮੀਰ ਦੀਆਂ ਵਿਕਾਸ ਦੀਆਂ ਜ਼ਰੂਰਤਾਂ ਦੇ ਹੱਲ ਲਈ ਇਕ ਮਹੱਤਵਪੂਰਨ ਕਦਮ ਸੀ। ਇਸ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ, ਰੋਜ਼ਗਾਰ ਸਿਰਜਣਾ, ਟੂਰਿਜ਼ਮ ਪ੍ਰਮੋਸ਼ਨ ਅਤੇ ਹੈਂਡੀਕ੍ਰਾਫਟ ਉਦਯੋਗ ਲਈ ਸਹਾਇਤਾ ਲਈ ਪਹਿਲਾਂ ਸ਼ਾਮਲ ਸਨ।
ਅਸੀਂ ਨੌਜਵਾਨਾਂ ਦੇ ਸੁਪਨਿਆਂ ਨੂੰ ਜਗਾਉਣ ਦੀ ਇਸ ਦੀ ਸਮਰੱਥਾ ਨੂੰ ਪਛਾਣਦੇ ਹੋਏ ਜੰਮੂ ਅਤੇ ਕਸ਼ਮੀਰ ਵਿਚ ਖੇਡਾਂ ਦੀ ਸ਼ਕਤੀ ਦਾ ਇਸਤੇਮਾਲ ਕੀਤਾ। ਖੇਡ ਪਹਿਲਾਂ ਰਾਹੀਂ ਅਸੀਂ ਉਨ੍ਹਾਂ ਦੀਆਂ ਆਕਾਂਖਿਆਵਾਂ ਅਤੇ ਭਵਿੱਖਾਂ ’ਤੇ ਐਥਲੈਟਿਕ ਗਤੀਵਿਧੀਆਂ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਦੇਖਿਆ। ਖੇਡ ਸਥਾਨਾਂ ਨੂੰ ਅਪਗ੍ਰੇਡ ਕੀਤਾ ਗਿਆ, ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ ਕੋਚ ਉਪਲਬਧ ਕਰਵਾਏ ਗਏ। ਸਭ ਤੋਂ ਵਿਲੱਖਣ ਚੀਜ਼ਾਂ ਵਿਚੋਂ ਇਕ ਸਥਾਨਕ ਫੁੱਟਬਾਲ ਕਲੱਬਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨਾ ਸੀ। ਨਤੀਜੇ ਸ਼ਾਨਦਾਰ ਰਹੇ। ਪ੍ਰਤਿਭਾਸ਼ਾਲੀ ਫੁਟਬਾਲਰ ਅਫਸ਼ਾਂ ਆਸ਼ਿਕ ਦਾ ਨਾਮ ਮੇਰੇ ਦਿਮਾਗ ਵਿਚ ਆਉਂਦਾ ਹੈ। ਦਸੰਬਰ 2014 ਵਿਚ ਉਹ ਸ੍ਰੀਨਗਰ ਵਿਚ ਪੱਥਰਬਾਜ਼ੀ ਕਰਨ ਵਾਲੇ ਇਕ ਸਮੂਹ ਦਾ ਹਿੱਸਾ ਸੀ ਪਰ ਸਹੀ ਉਤਸ਼ਾਹ ਨਾਲ ਉਹ ਫੁੱਟਬਾਲ ਵੱਲ ਮੁੜੀ, ਉਸ ਨੂੰ ਟ੍ਰੇਨਿੰਗ ਲਈ ਭੇਜਿਆ ਗਿਆ ਅਤੇ ਉਸਨੇ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਨੂੰ ਇਕ ਫਿਟ ਇੰਡੀਆ ਡਾਇਲਾਗ ਵਿਚ ਉਸ ਨਾਲ ਹੋਈ ਗੱਲਬਾਤ ਯਾਦ ਹੈ, ਜਿੱਥੇ ਮੈਂ ਕਿਹਾ ਸੀ ਕਿ ‘ਬੈਂਡ ਇਟ ਲਾਈਕ ਬੈਕਹਮ’ (‘Bend it like Beckham’) ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਹੈ, ਕਿਉਂਕਿ ਹੁਣ ਇਹ ‘ਏਸ ਇਟ ਲਾਈਕ ਅਫਸ਼ਾਂ’ (‘Ace it like Afshan’) ਹੈ। ਹੋਰ ਨੌਜਵਾਨ ਕਿੱਕ ਬਾਕਸਿੰਗ, ਕਰਾਟੇ ਅਤੇ ਹੋਰ ਬਹੁਤ ਖੇਡਾਂ ਵਿਚ ਚਮਕਣ ਲੱਗੇ।
11 ਦਸੰਬਰ ਨੂੰ ਆਪਣੇ ਫ਼ੈਸਲੇ ਵਿਚ ਸੁਪਰੀਮ ਕੋਰਟ ਨੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ - ਜਿਸ ਨੇ ਸਾਨੂੰ ਯਾਦ ਦਿਵਾਇਆ ਹੈ ਕਿ ਜੋ ਚੀਜ਼ ਸਾਨੂੰ ਪਰਿਭਾਸ਼ਿਤ ਕਰਦੀ ਹੈ ਉਹ ਹੈ ਏਕਤਾ ਦੇ ਬੰਧਨ ਅਤੇ ਚੰਗੇ ਸ਼ਾਸਨ ਲਈ ਸਾਂਝੀ ਪ੍ਰਤੀਬੱਧਤਾ। ਅੱਜ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਪੈਦਾ ਹੋਣ ਵਾਲਾ ਹਰ ਬੱਚਾ ਇਕ ਸਾਫ਼-ਸੁਥਰੇ ਅਕਸ ਨਾਲ ਪੈਦਾ ਹੁੰਦਾ ਹੈ, ਜਿੱਥੇ ਉਹ ਜੀਵੰਤ ਆਕਾਂਖਿਆਵਾਂ ਨਾਲ ਭਰਪੂਰ ਭਵਿੱਖ ਨੂੰ ਚਿੱਤਰ ਸਕਦਾ ਹੈ। ਅੱਜ ਲੋਕਾਂ ਦੇ ਸੁਪਨੇ ਅਤੀਤ ਦੇ ਕੈਦੀ ਨਹੀਂ ਹਨ, ਬਲਕਿ ਭਵਿੱਖ ਦੀਆਂ ਸੰਭਾਵਨਾਵਾਂ ਹਨ। ਆਖਰਕਾਰ ਵਿਕਾਸ, ਲੋਕਤੰਤਰ ਅਤੇ ਮਾਣ-ਸਨਮਾਨ ਨੇ ਭਰਮ, ਨਿਰਾਸ਼ਾ ਅਤੇ ਉਦਾਸੀ ਦੀ ਥਾਂ ਲੈ ਲਈ ਹੈ।