ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨਾਲ ਦੇਸ਼ ਹੋਰ ਮਜ਼ਬੂਤ ਹੋ ਕੇ ਉਭਰਿਆ

Friday, Oct 22, 2021 - 03:35 AM (IST)

ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨਾਲ ਦੇਸ਼ ਹੋਰ ਮਜ਼ਬੂਤ ਹੋ ਕੇ ਉਭਰਿਆ

–ਨਰਿੰਦਰ ਮੋਦੀ ਮਾਣਯੋਗ ਪ੍ਰਧਾਨ ਮੰਤਰੀ
ਭਾਰਤ ਨੇ 21 ਅਕਤੂਬਰ, 2021 ਨੂੰ 100 ਕਰੋੜ ਖ਼ੁਰਾਕਾਂ ਦਾ ਟੀਕਾਕਰਨ ਪੂਰਾ ਕਰ ਲਿਆ ਹੈ ਅਤੇ ਇਹ ਪ੍ਰਾਪਤੀ ਟੀਕਾਕਰਨ ਸ਼ੁਰੂ ਹੋਣ ਦੇ ਸਿਰਫ਼ 9 ਮਹੀਨਿਆਂ ਅੰਦਰ ਹਾਸਲ ਕਰ ਲਈ ਗਈ ਹੈ। ਕੋਵਿਡ–19 ਨਾਲ ਨਜਿੱਠਦਿਆਂ ਇਹ ਇਕ ਸ਼ਾਨਦਾਰ ਸਫ਼ਰ ਰਿਹਾ ਹੈ, ਖ਼ਾਸ ਤੌਰ ’ਤੇ ਜਦੋਂ ਅਸੀਂ 2020 ਦੇ ਸ਼ੁਰੂ ’ਚ ਵਾਪਰੀਆਂ ਘਟਨਾਵਾਂ ਨੂੰ ਹੁਣ ਯਾਦ ਕਰਦੇ ਹਾਂ। ਮਨੁੱਖਤਾ ਤਦ 100 ਸਾਲਾਂ ’ਚ ਇਕ ਵਾਰ ਆਉਣ ਵਾਲੀ ਮਹਾਮਾਰੀ ਦਾ ਸਾਹਮਣਾ ਕਰ ਰਹੀ ਸੀ ਤੇ ਕਿਸੇ ਨੂੰ ਇਸ ਵਾਇਰਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਸਾਨੂੰ ਯਾਦ ਹੈ ਕਿ ਉਦੋਂ ਹਾਲਾਤ ਕਿਵੇਂ ਅਣਕਿਆਸੇ ਜਿਹੇ ਸਨ ਤੇ ਅਸੀਂ ਇਕ ਅਜਿਹੇ ਅਣਪਛਾਤੇ ਤੇ ਅਦਿੱਖ ਦੁਸ਼ਮਣ ਦਾ ਸਾਹਮਣਾ ਕਰ ਰਹੇ ਸੀ, ਜੋ ਬੜੀ ਤੇਜ਼ੀ ਨਾਲ ਆਪਣਾ ਰੂਪ ਬਦਲਦਾ ਜਾ ਰਿਹਾ ਸੀ।

ਚਿੰਤਾ ਤੋਂ ਭਰੋਸੇ ਤੱਕ ਦੀ ਇਹ ਯਾਤਰਾ ਪੂਰੀ ਹੋ ਚੁੱਕੀ ਹੈ ਤੇ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇ ਫਲਸਰੂਪ ਸਾਡਾ ਦੇਸ਼ ਹੋਰ ਵੀ ਮਜ਼ਬੂਤ ਹੋ ਕੇ ਉਭਰਿਆ ਹੈ।

ਇਹ ਸੱਚਮੁੱਚ ਇਕ ਭਗੀਰਥ ਕੋਸ਼ਿਸ਼ ਹੈ, ਜਿਸ ਵਿਚ ਸਮਾਜ ਦੇ ਬਹੁ–ਭਾਂਤ ਦੇ ਵਰਗ ਸ਼ਾਮਲ ਰਹੇ ਹਨ। ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਲੈਣ ਲਈ ਇਹ ਸਮਝੋ ਕਿ ਇਕ ਸਿਹਤ–ਸੰਭਾਲ ਕਰਮਚਾਰੀ ਨੂੰ ਹਰੇਕ ਟੀਕਾਕਰਨ ’ਚ ਸਿਰਫ਼ 2 ਮਿੰਟ ਲੱਗਦੇ ਹਨ। ਇਸ ਦਰ ਉੱਤੇ ਜੇ ਹਿਸਾਬ ਲਗਾਈਏ ਤਾਂ ਇਹ ਪ੍ਰਾਪਤੀ 41 ਲੱਖ ਮਾਨਵ–ਦਿਵਸਾਂ ਜਾਂ ਲਗਭਗ 11 ਹਜ਼ਾਰ ਮਾਨਵ ਸਾਲਾਂ ਦੇ ਬਰਾਬਰ ਕੋਸ਼ਿਸ਼ ਤੋਂ ਬਾਅਦ ਹਾਸਲ ਹੋਈ ਹੈ।

ਸਾਡੇ ’ਚੋਂ ਕੁਝ ਅਜਿਹੇ ਵੀ ਹਨ, ਜੋ ਰੋਜ਼ਮੱਰਾ ਦੀਆਂ ਸਾਧਾਰਨ ਲੋੜਾਂ ਦੇ ਮਾਮਲੇ ’ਚ ਵੀ ਸਿਰਫ਼ ਵਿਦੇਸ਼ੀ ਬ੍ਰਾਂਡਜ਼ ਉੱਤੇ ਹੀ ਭਰੋਸਾ ਕਰਦੇ ਹਨ ਪਰ ਕੋਵਿਡ–19 ਵੈਕਸੀਨ ਵਰਗੀ ਅਹਿਮ ਚੀਜ਼ ਦੇ ਮਾਮਲੇ ’ਚ ਭਾਰਤ ਦੀ ਜਨਤਾ ਨੇ ਸਰਬਸੰਮਤੀ ਨਾਲ ‘ਮੇਡ ਇਨ ਇੰਡੀਆ’ ਵੈਕਸੀਨਾਂ ਉੱਤੇ ਹੀ ਭਰੋਸਾ ਕੀਤਾ। ਇਹ ਇਕ ਮਿਸਾਲੀ ਤਬਦੀਲੀ ਹੈ।

ਜਦੋਂ ਭਾਰਤ ਨੇ ਆਪਣੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਤਾਂ ਬਹੁਤ ਸਾਰੇ ਲੋਕਾਂ ਨੂੰ 130 ਕਰੋੜ ਭਾਰਤੀਆਂ ਦੀਆਂ ਸਮਰੱਥਾਵਾਂ ਉੱਤੇ ਸ਼ੱਕ ਸੀ। ਕੁਝ ਨੇ ਆਖਿਆ ਕਿ ਭਾਰਤ ਨੂੰ ਇਸ ਕੰਮ ’ਚ ਤਿੰਨ ਤੋਂ ਚਾਰ ਸਾਲ ਲੱਗ ਜਾਣਗੇ। ਕੁਝ ਹੋਰਨਾਂ ਦਾ ਮੰਨਣਾ ਸੀ ਕਿ ਟੀਕਾਕਰਨ ਦੀ ਪ੍ਰਕਿਰਿਆ ’ਚ ਬਹੁਤ ਸਾਰੇ ਕੁਪ੍ਰਬੰਧ ਤੇ ਗੜਬੜੀਆਂ ਸਾਹਮਣੇ ਆਉਣਗੀਆਂ। ਕੁਝ ਨੇ ਤਾਂ ਇੱਥੋਂ ਤੱਕ ਵੀ ਆਖਿਆ ਸੀ ਕਿ ਭਾਰਤ ਸਪਲਾਈ–ਚੇਨਸ ਦਾ ਹੀ ਇੰਤਜ਼ਾਮ ਨਹੀਂ ਕਰ ਸਕੇਗਾ ਪਰ ਜਨਤਾ ਕਰਫ਼ਿਊ ਤੇ ਉਸ ਤੋਂ ਬਾਅਦ ਦੇ ਲਾਕਡਾਊਨਜ਼ ਵਾਂਗ ਭਾਰਤ ਦੀ ਜਨਤਾ ਨੇ ਦਿਖਾਇਆ ਕਿ ਨਤੀਜੇ ਕਿੰਨੇ ਸ਼ਾਨਦਾਰ ਹੋ ਸਕਦੇ ਹਨ।

ਜਦੋਂ ਹਰ ਕੋਈ ਮਾਲਕੀ ਸੰਭਾਲੇ, ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ। ਸਾਡੇ ਹੈਲਥ–ਕੇਅਰ ਕਰਮਚਾਰੀਆਂ ਨੇ ਲੋਕਾਂ ਦੇ ਟੀਕਾਕਰਨ ਲਈ ਬਿਖੜੇ ਪੈਂਡਿਆਂ ’ਚੋਂ ਲੰਘਦਿਆ ਪਰਬਤਾਂ ਤੇ ਦਰਿਆਵਾਂ ਨੂੰ ਵੀ ਪਾਰ ਕੀਤਾ। ਇਸ ਪ੍ਰਾਪਤੀ ਦਾ ਕ੍ਰੈਡਿਟ ਸਾਡੇ ਨੌਜਵਾਨਾਂ, ਸਮਾਜ–ਸੇਵਕਾਂ, ਹੈਲਥ–ਕੇਅਰ ਵਰਕਰਜ਼, ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਜਾਂਦਾ ਹੈ; ਅਸਲੀਅਤ ਇਹੀ ਹੈ ਕਿ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਵੈਕਸੀਨ ਲਗਵਾਉਣ ਪ੍ਰਤੀ ਝਿਜਕ ਨਾਮਾਤਰ ਹੀ ਹੈ।

ਸਾਲ 2020 ਦੇ ਆਰੰਭ ’ਚ, ਜਦੋਂ ਕੋਵਿਡ–19 ਤੇਜ਼ੀ ਨਾਲ ਪੂਰੀ ਦੁਨੀਆ ’ਚ ਫੈਲਦਾ ਜਾ ਰਿਹਾ ਸੀ, ਤਦ ਸਾਨੂੰ ਇਹ ਸਪੱਸ਼ਟ ਸੀ ਕਿ ਇਸ ਮਹਾਮਾਰੀ ਨਾਲ ਆਖਿਰ ਵੈਕਸੀਨਾਂ ਦੀ ਮਦਦ ਨਾਲ ਹੀ ਲੜਨਾ ਪਵੇਗਾ। ਅਸੀਂ ਪਹਿਲਾਂ ਤੋਂ ਹੀ ਤਿਆਰੀ ਆਰੰਭ ਦਿੱਤੀ ਸੀ। ਅਸੀਂ ਮਾਹਿਰਾਂ ਦੇ ਸਮੂਹ ਬਣਾਏ ਤੇ ਅਪ੍ਰੈਲ 2020 ਤੋਂ ਹੀ ਇਕ ਖ਼ਾਕਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।

180 ਤੋਂ ਵੱਧ ਦੇਸ਼ ਵੈਕਸੀਨਾਂ ਦੇ ਬਹੁਤ ਹੀ ਸੀਮਤ ਜਿਹੇ ਪੂਲ ਤੇ ਦਰਜਨ ਕੁ ਦੇਸ਼ਾਂ ਉੱਤੇ ਨਿਰਭਰ ਹਨ ਤੇ ਹਾਲੇ ਵੀ ਵੈਕਸੀਨਾਂ ਦੀ ਸਪਲਾਈ ਦੀ ਉਡੀਕ ਕਰ ਰਹੇ ਹਨ; ਜਦਕਿ ਭਾਰਤ 100 ਕਰੋੜ ਖ਼ੁਰਾਕਾਂ ਦਾ ਅੰਕੜਾ ਵੀ ਪਾਰ ਕਰ ਚੁੱਕਿਆ ਹੈ! ਉਸ ਸਥਿਤੀ ਦੀ ਕਲਪਨਾ ਕਰੋ ਜੇ ਭਾਰਤ ਪਾਸ ਆਪਣੀ ਖ਼ੁਦ ਦੀ ਵੈਕਸੀਨ ਨਾ ਹੁੰਦੀ। ਇੰਨੀ ਵੱਡੀ ਆਬਾਦੀ ਲਈ ਭਾਰਤ ਲੋੜੀਂਦੀਆਂ ਵੈਕਸੀਨਾਂ ਕਿਵੇਂ ਲੈਂਦਾ ਤੇ ਉਸ ਵਿਚ ਕੁੱਲ ਕਿੰਨੇ ਸਾਲ ਲੱਗ ਜਾਂਦੇ? ਇੱਥੇ ਇਸ ਪ੍ਰਾਪਤੀ ਦਾ ਕ੍ਰੈਡਿਟ ਭਾਰਤੀ ਵਿਗਿਆਨੀਆਂ ਤੇ ਉਨ੍ਹਾਂ ਉੱਦਮੀਆਂ ਨੂੰ ਜਾਣਾ ਚਾਹੀਦਾ ਹੈ, ਜੋ ਮੌਕੇ ’ਤੇ ਸਾਹਮਣੇ ਆਏ ਅਤੇ ਆਪਣੇ ਵੱਲੋਂ ਕੋਈ ਕਸਰ ਨਾ ਛੱਡੀ।

ਕਿਸੇ ਰਾਸ਼ਟਰ ’ਚ ਸਰਕਾਰਾਂ ਆਮ ਤੌਰ ’ਤੇ ਅੱਗੇ ਵਧਣ ਦੇ ਰਾਹ ’ਚ ਅੜਿੱਕਾ ਹੀ ਡਾਹੁੰਦੀਆਂ ਹਨ ਪਰ ਸਾਡੀ ਸਰਕਾਰ ਨੇ ਇਸ ਦੇ ਉਲਟ ਪ੍ਰਗਤੀ ਦੀ ਰਫ਼ਤਾਰ ਨੂੰ ਤੇਜ਼ ਕੀਤਾ ਤੇ ਹਰ ਲੋੜੀਂਦੀ ਚੀਜ਼ ਨੂੰ ਯੋਗ ਬਣਾਇਆ। ਸਰਕਾਰ ਨੇ ਪਹਿਲੇ ਹੀ ਦਿਨ ਤੋਂ ਵੈਕਸੀਨ ਨਿਰਮਾਤਾਵਾਂ ਨਾਲ ਭਾਈਵਾਲੀ ਕੀਤੀ ਤੇ ਉਨ੍ਹਾਂ ਨੂੰ ਸੰਸਥਾਗਤ ਸਹਾਇਤਾ, ਵਿਗਿਆਨਕ ਖੋਜ, ਫੰਡਿੰਗ ਦੀ ਸ਼ਕਲ ’ਚ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਤੇਜ਼ ਕਰ ਕੇ ਸਹਾਇਤਾ ਦਿੱਤੀ।

ਭਾਰਤ ਵਰਗੇ ਵੱਡੇ ਪੈਮਾਨੇ ਵਾਲੇ ਦੇਸ਼ ਵਿਚ, ਸਿਰਫ਼ ਉਤਪਾਦਨ ਕਰਨਾ ਹੀ ਕਾਫ਼ੀ ਨਹੀਂ ਹੁੰਦਾ। ਸਾਰਾ ਧਿਆਨ ਆਖਰੀ ਮੀਲ ਤੱਕ ਹਰ ਸੁਵਿਧਾ ਨੂੰ ਪਹੁੰਚਾਉਣਾ ਅਤੇ ਨਿਰਵਿਘਨ ਲਾਜਿਸਟਿਕਸ ’ਤੇ ਹੋਣਾ ਚਾਹੀਦਾ ਹੈ। ਇਸ ਮਾਮਲੇ ਦੀਆਂ ਚੁਣੌਤੀਆਂ ਨੂੰ ਸਮਝਣ ਲਈ, ਟੀਕੇ ਦੀ ਇਕ ਵਾਇਲ ਦੁਆਰਾ ਕੀਤੀ ਗਈ ਯਾਤਰਾ ਦੀ ਕਲਪਨਾ ਕਰੋ। ਪੁਣੇ ਜਾਂ ਹੈਦਰਾਬਾਦ ਦੇ ਇਕ ਪਲਾਂਟ ਤੋਂ, ਸ਼ੀਸ਼ੀ ਕਿਸੇ ਵੀ ਰਾਜ ਦੇ ਇਕ ਹੱਬ ਵਿਚ ਭੇਜੀ ਜਾਂਦੀ ਹੈ, ਜਿੱਥੋਂ ਇਸ ਨੂੰ ਜ਼ਿਲਾ ਹੱਬ ਵਿਚ ਲਿਜਾਇਆ ਜਾਂਦਾ ਹੈ। ਉੱਥੋਂ, ਇਹ ਇਕ ਟੀਕਾਕਰਨ ਕੇਂਦਰ ਪਹੁੰਚਦੀ ਹੈ। ਇਸ ਵਿਚ ਉਡਾਣਾਂ ਅਤੇ ਰੇਲ ਗੱਡੀਆਂ ਦੁਆਰਾ ਕੀਤੀਆਂ ਗਈਆਂ ਹਜ਼ਾਰਾਂ ਯਾਤਰਾਵਾਂ ਦੀ ਤਾਇਨਾਤੀ ਸ਼ਾਮਲ ਹੈ। ਇਸ ਸਾਰੀ ਯਾਤਰਾ ਦੌਰਾਨ, ਤਾਪਮਾਨ ਨੂੰ ਇਕ ਖਾਸ ਹੱਦ ਤੱਕ ਬਣਾ ਕੇ ਰੱਖਣਾ ਹੁੰਦਾ ਹੈ, ਜਿਸ ਦੀ ਕੇਂਦਰੀ ਨਿਗਰਾਨੀ ਰੱਖੀ ਜਾਂਦੀ ਹੈ। ਇਸ ਲਈ, 1 ਲੱਖ ਤੋਂ ਵੱਧ ਕੋਲਡ-ਚੇਨ ਉਪਕਰਣਾਂ ਦੀ ਵਰਤੋਂ ਕੀਤੀ ਗਈ ਸੀ। ਰਾਜਾਂ ਨੂੰ ਟੀਕਿਆਂ ਦੀ ਡਲਿਵਰੀ ਦੀ ਸਮਾਂ-ਸਾਰਣੀ ਦਾ ਅਗਾਊਂ ਨੋਟਿਸ ਦਿੱਤਾ ਗਿਆ ਸੀ, ਤਾਂ ਜੋ ਉਹ ਆਪਣੀ ਮੁਹਿੰਮ ਲਈ ਬਿਹਤਰ ਯੋਜਨਾ ਉਲੀਕ ਸਕਣ ਅਤੇ ਟੀਕੇ ਉਨ੍ਹਾਂ ਕੋਲ ਪਹਿਲਾਂ ਤੋਂ ਨਿਰਧਾਰਤ ਦਿਨਾਂ ਵਿਚ ਪਹੁੰਚ ਜਾਣ। ਸੁਤੰਤਰ ਭਾਰਤ ਦੇ ਇਤਿਹਾਸ ਵਿਚ ਇਹ ਇਕ ਬੇਮਿਸਾਲ ਯਤਨ ਰਿਹਾ ਹੈ।

ਇਨ੍ਹਾਂ ਸਾਰੇ ਯਤਨਾਂ ਨੂੰ ਕੋਵਿਡ ’ਚ ਇਕ ਮਜ਼ਬੂਤ ​​ਤਕਨੀਕੀ ਪਲੇਟਫਾਰਮ ਦੁਆਰਾ ਮੁਕੰਮਲ ਬਣਾਇਆ ਗਿਆ। ਇਸ ਨੇ ਇਹ ਯਕੀਨੀ ਬਣਾਇਆ ਕਿ ਵੈਕਸੀਨ ਮੁਹਿੰਮ ਇਕਸਾਰ, ਸਕੇਲੇਬਲ, ਟ੍ਰੈਕ ਕਰਨ ਯੋਗ ਅਤੇ ਪਾਰਦਰਸ਼ੀ ਬਣੀ ਰਹੇ। ਇਸ ਨਾਲ ਇਹ ਯਕੀਨੀ ਹੋ ਗਿਆ ਕਿ ਪੱਖਪਾਤ ਜਾਂ ਕਤਾਰ ਵਿਚ ਛਾਲ ਮਾਰ ਕੇ ਆ ਵੜਨ ਦੀ ਕੋਈ ਗੁੰਜਾਇਸ਼ ਨਹੀਂ ਸੀ। ਇਸ ਨੇ ਇਹ ਵੀ ਯਕੀਨੀ ਬਣਾਇਆ ਕਿ ਇਕ ਗਰੀਬ ਕਰਮਚਾਰੀ ਆਪਣੇ ਪਿੰਡ ਵਿਚ ਪਹਿਲੀ ਖੁਰਾਕ ਅਤੇ ਲੋੜੀਂਦੇ ਵਕਫ਼ੇ ਬਾਅਦ ਸ਼ਹਿਰ ਵਿਚ ਉਸੇ ਟੀਕੇ ਦੀ ਦੂਜੀ ਖੁਰਾਕ ਲੈ ਸਕਦਾ ਹੈ, ਜਿੱਥੇ ਉਹ ਕੰਮ ਕਰਦਾ ਹੈ। ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਲਈ ਰੀਅਲ-ਟਾਈਮ ਡੈਸ਼ਬੋਰਡ ਤੋਂ ਇਲਾਵਾ, ਕਿਊ ਆਰ-ਕੋਡਡ ਸਰਟੀਫਿਕੇਟ ਨੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਇਆ। ਅਜਿਹੇ ਯਤਨਾਂ ਦੀ ਭਾਰਤ ’ਚ ਹੀ ਨਹੀਂ ਸਗੋਂ ਵਿਸ਼ਵ ’ਚ ਸ਼ਾਇਦ ਹੀ ਕੋਈ ਮਿਸਾਲ ਮਿਲੇ।

2015 ’ਚ ਮੇਰੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿਚ, ਮੈਂ ਕਿਹਾ ਸੀ ਕਿ ਸਾਡਾ ਦੇਸ਼ ‘ਟੀਮ ਇੰਡੀਆ’ ਦੇ ਕਾਰਨ ਅੱਗੇ ਵਧ ਰਿਹਾ ਹੈ ਅਤੇ ਇਹ ‘ਟੀਮ ਇੰਡੀਆ’ ਸਾਡੇ 130 ਕਰੋੜ ਲੋਕਾਂ ਦੀ ਇਕ ਵੱਡੀ ਟੀਮ ਹੈ। ਲੋਕਾਂ ਦੀ ਹਿੱਸੇਦਾਰੀ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ। ਜੇ ਅਸੀਂ 130 ਕਰੋੜ ਭਾਰਤੀਆਂ ਦੀ ਹਿੱਸੇਦਾਰੀ ਨਾਲ ਦੇਸ਼ ਨੂੰ ਚਲਾਉਂਦੇ ਹਾਂ ਤਾਂ ਸਾਡਾ ਦੇਸ਼ ਹਰ ਪਲ 130 ਕਰੋੜ ਕਦਮ ਅੱਗੇ ਵਧੇਗਾ। ਸਾਡੀ ਟੀਕਾਕਰਨ ਮੁਹਿੰਮ ਨੇ ਫਿਰ ਤੋਂ ਇਸ ‘ਟੀਮ ਇੰਡੀਆ’ ਦੀ ਸ਼ਕਤੀ ਨੂੰ ਦਿਖਾਇਆ ਹੈ। ਆਪਣੀ ਟੀਕਾਕਰਨ ਮੁਹਿੰਮ ’ਚ ਭਾਰਤ ਦੀ ਸਫਲਤਾ ਨੇ ਸਮੁੱਚੇ ਵਿਸ਼ਵ ਨੂੰ ਇਹ ਵੀ ਦਿਖਾਇਆ ਹੈ ਕਿ ‘ਲੋਕਤੰਤਰ ਸਭ ਕੁਝ ਦੇ ਸਕਦਾ ਹੈ’।

ਮੈਂ ਆਸ਼ਾਵਾਦੀ ਹਾਂ ਕਿ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਵਿਚ ਪ੍ਰਾਪਤ ਕੀਤੀ ਸਫਲਤਾ ਸਾਡੇ ਨੌਜਵਾਨਾਂ, ਸਾਡੇ ਖੋਜਕਾਰਾਂ ਅਤੇ ਸਰਕਾਰ ਦੇ ਸਾਰੇ ਪੱਧਰਾਂ ਨੂੰ ਜਨਤਕ ਸੇਵਾ ਡਲਿਵਰੀ ਦੇ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਉਤਸ਼ਾਹਿਤ ਕਰੇਗੀ, ਜੋ ਨਾ ਸਿਰਫ ਸਾਡੇ ਦੇਸ਼ ਲਈ ਸਗੋਂ ਵਿਸ਼ਵ ਲਈ ਵੀ ਇਕ ਮਿਸਾਲ ਹੋਵੇਗੀ।


author

Bharat Thapa

Content Editor

Related News