ਕੌਮਾਂਤਰੀ ਬਜ਼ੁਰਗ ਦਿਵਸ ’ਤੇ ਵਿਸ਼ੇਸ਼: ਪਰਿਵਾਰ ਦੀ ਨੀਂਹ ਹੁੰਦੇ ਹਨ ਬਜ਼ੁਰਗ

10/01/2021 3:19:47 AM

ਦੇਵੇਂਦਰਰਾਜ ਸੁਥਾਰ 
ਹਰ ਸਾਲ 1 ਅਕਤੂਬਰ ਨੂੰ ਬਜ਼ੁਰਗਾਂ ਦੇ ਨਾਲ ਹੋਣ ਵਾਲੀ ਬੇਇਨਸਾਫੀ ਅਤੇ ਘਟੀਆ ਸਲੂਕ ’ਤੇ ਰੋਕ ਲਗਾਉਣ ਦੇ ਮਕਸਦ ਨਾਲ ਕੌਮਾਂਤਰੀ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ। ਬਜ਼ੁਰਗਾਂ ਦੇ ਨਾਲ ਵਿਤਕਰਾ ਹੋਣਾ ਆਮ ਗੱਲ ਹੈ ਪਰ ਉਹ ਸ਼ਾਇਦ ਹੀ ਕਦੀ ਇਸ ਦੀ ਸ਼ਿਕਾਇਤ ਕਰਦੇ ਹਨ ਅਤੇ ਇਸ ਨੂੰ ਸਮਾਜਿਕ ਪ੍ਰਥਾ ਮੰਨ ਲੈਂਦੇ ਹਨ। ਇਸ ਵਿਤਕਰੇ ਤੋਂ ਸੁਰੱਖਿਆ ਦੇ ਬਾਰੇ ’ਚ ਉਹ ਬਹੁਤ ਘੱਟ ਜਾਗਰੂਕ ਹੁੰਦੇ ਹਨ। ਜਦੋਂ ਕਦੀ ਕਿਤੇ ਬਜ਼ੁਰਗਾਂ ਦੇ ਤ੍ਰਿਸਕਾਰ ਦੀ ਗੱਲ ਉੱਠਦੀ ਹੈ ਤਾਂ 2-4 ਸ਼ਬਦਾਂ ’ਚ ਬਿਆਨ, ਟਿੱਪਣੀ, ਆਲੋਚਨਾ ਅਤੇ ਵਿਚਾਰਾਂ ਰਾਹੀਂ ਦੁੱਖ ਪ੍ਰਗਟ ਕਰ ਲਿਆ ਜਾਂਦਾ ਹੈ।

ਆਧੁਨਿਕਤਾ ਨੇ ਲੋਕਾਂ ਦੀ ਸੋਚ ’ਚ ਤਬਦੀਲੀ ਲਿਆਉਣ ਦੇ ਨਾਲ-ਨਾਲ ਬਜ਼ੁਰਗਾਂ ਪ੍ਰਤੀ ਆਦਰ ਦਾ ਭਾਵ ਵੀ ਖਤਮ ਕਰ ਦਿੱਤਾ ਹੈ। ਆਧੁਨਿਕ ਸਮਾਜ ਉਨ੍ਹਾਂ ਨੂੰ ਘਰ ’ਚ ਰੱਖਣਾ ਕੂੜੇ ਦੇ ਸਮਾਨ ਸਮਝਦਾ ਹੈ ਅਤੇ ਉਨ੍ਹਾਂ ਨੂੰ ਬਿਰਧ ਆਸ਼ਰਮ ’ਚ ਧੱਕ ਿਦੱਤਾ ਜਾਂਦਾ ਹੈ ਜਾਂ ਫਿਰ ਉਹ ਘਰ ’ਚ ਇੰਨੇ ਤੰਗ ਕੀਤੇ ਜਾਂਦੇ ਹਨ ਕਿ ਖੁਦ ਹੀ ਘਰ ਛੱਡ ਕੇ ਚਲੇ ਜਾਂਦੇ ਹਨ।

ਬਜ਼ੁਰਗਾਂ ਦੀ ਭਲਾਈ ਲਈ ਸਿਹਤ ਪ੍ਰੋਗਰਾਮ ਅਤੇ ਨੀਤੀਆਂ ਨੂੰ ਉਨ੍ਹਾਂ ਅਨੁਸਾਰ ਬਣਾਉਣ ਦੇ ਮਕਸਦ ਨਾਲ ਦੇਸ਼ ’ਚ ਪਹਿਲੀ ਵਾਰ ਦੇਸ਼ ਪੱਧਰੀ ਸਰਵੇਖਣ ‘ਲਾਂਗਿਟੂਡੀਨਲ ਏਜਿੰਗ ਸਟੱਡੀਜ਼ ਆਫ ਇੰਡੀਆ’ ਕੀਤਾ ਗਿਆ। ਸਰਵੇਖਣ ਰਿਪੋਰਟ ਮੁਤਾਬਕ ਪਿੰਡਾਂ ’ਚ 60 ਸਾਲ ਤੋਂ ਵੱਧ ਉਮਰ ਦੇ 6.3 ਫੀਸਦੀ ਬਜ਼ੁਰਗ ਇਕੱਲੇ ਜ਼ਿੰਦਗੀ ਗੁਜ਼ਾਰ ਰਹੇ ਹਨ ਜਦਕਿ ਸ਼ਹਿਰਾਂ ’ਚ ਇਕਲਾਪੀ ਜ਼ਿੰਦਗੀ ਜਿਊਣ ਵਾਲੇ ਬਜ਼ੁਰਗ 4.1 ਫੀਸਦੀ ਹਨ। ਸ਼ਹਿਰ ’ਚ 32.6 ਫੀਸਦੀ ਬਜ਼ੁਰਗ ਆਪਣੇ ਬੱਚਿਆਂ ਜਾਂ ਹੋਰਨਾਂ ਵਿਅਕਤੀਆਂ ਦੇ ਨਾਲ ਰਹਿ ਰਹੇ ਹਨ ਜਦਕਿ ਪਿੰਡਾਂ ’ਚ 25.6 ਫੀਸਦੀ ਆਪਣੇ ਬੱਚਿਆਂ ਨਾਲ ਰਹਿ ਰਹੇ ਹਨ। ਆਪਣੀ ਪਤਨੀ ਅਤੇ ਹੋਰਨਾਂ ਲੋਕਾਂ ਨਾਲ ਪਿੰਡਾਂ ’ਚ 21.5 ਫੀਸਦੀ ਅਤੇ ਸ਼ਹਿਰ ’ਚ 17.5 ਫੀਸਦੀ ਬਜ਼ੁਰਗ ਰਹਿ ਰਹੇ ਹਨ। ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿਣ ਵਾਲੇ ਬਜ਼ੁਰਗਾਂ ਦੀ ਗਿਣਤੀ ਸ਼ਹਿਰਾਂ ’ਚ ਆਸ ਅਨੁਸਾਰ ਵੱਧ ਹੈ। ਪਿੰਡਾਂ ’ਚ ਇਸ ਤਰ੍ਹਾਂ 40.6 ਫੀਸਦੀ ਬਜ਼ੁਰਗ ਰਹਿ ਰਹੇ ਹਨ ਜਦਕਿ ਸ਼ਹਿਰ ’ਚ 40.7 ਫੀਸਦੀ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਬਜ਼ੁਰਗਾਂ ਦਾ ਇਕੱਲਾਪਨ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਪਰਿਵਾਰ, ਸਮਾਜ ਅਤੇ ਸਰਕਾਰ ਦੀ ਉਦਾਸੀਨਤਾ ਦਾ ਕੌੜਾ ਸੱਚ ਹੈ। ਬਜ਼ੁਰਗ ਲੋਕਾਂ ਦਾ ਵੱਡਾ ਫੀਸਦੀ ਖੁਦ ਨੂੰ ਸਮਾਜ ਨਾਲੋਂ ਕੱਟਿਆ ਹੋਇਆ ਅਤੇ ਮਾਨਸਿਕ ਤੌਰ ’ਤੇ ਅਪਮਾਨਿਤ ਮਹਿਸੂਸ ਕਰ ਰਿਹਾ ਹੈ। ਇਹ ਗੈਰ-ਸੰਵੇਦਨਸ਼ੀਲਤਾ ਬਜ਼ੁਰਗਾਂ ਲਈ ਬੜੀ ਦੁਖਦਾਈ ਹੈ। ਬਜ਼ੁਰਗਾਂ ਨੂੰ ਤੰਗ ਕਰਨਾ ਘਰ ਤੋਂ ਸੁਰੂ ਹੁੰਦਾ ਹੈ ਅਤੇ ਇਸ ਨੂੰ ਅੰਜਾਮ ਉਹ ਲੋਕ ਦਿੰਦੇ ਹਨ ਜਿਨ੍ਹਾਂ ’ਤੇ ਉਹ ਸਭ ਤੋਂ ਜ਼ਿਆਦਾ ਭਰੋਸਾ ਕਰਦੇ ਹਨ।

ਤੀਲਾ-ਤੀਲਾ ਜੋੜ ਕੇ ਆਪਣੇ ਬੱਚਿਆਂ ਲਈ ਆਸਰਾ (ਘਰ) ਬਣਾਉਣ ਵਾਲੇ ਇਹ ਪੁਰਾਣੀ ਪੀੜ੍ਹੀ ਦੇ ਲੋਕ ਹੁਣ ਖੁਦ ਆਸਰੇ ਦੀ ਭਾਲ ’ਚ ਦਰ-ਦਰ ਭਟਕ ਰਹੇ ਹਨ। ਅਜਿਹੇ ’ਚ ਇਨ੍ਹਾਂ ਦਾ ਟਿਕਾਣਾ ਬਣ ਰਹੇ ਹਨ ਬਿਰਧ ਆਸ਼ਰਮ, ਜਿੱਥੇ ਇਨ੍ਹਾਂ ਨੂੰ ਰਹਿਣ ਲਈ ਛੱਤ ਅਤੇ ਖਾਣ ਲਈ ਢਿੱਡ ਭਰਵੀਂ ਰੋਟੀ ਮਿਲ ਰਹੀ ਹੈ। ਬਸ ਇੱਥੇ ਘਾਟ ਹੈ ਤਾਂ ਉਸ ਔਲਾਦ ਦੀ, ਜਿਨ੍ਹਾਂ ਨੂੰ ਇਨ੍ਹਾਂ ਨੇ ਆਪਣਾ ਖੂਨ-ਪਸੀਨਾ ਇਕ ਕਰ ਕੇ ਪੜ੍ਹਾਇਆ-ਲਿਖਾਇਆ ਸੀ ਪਰ ਅੱਜ ਉਸੇ ਨੇ ਇਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ।

ਕੀ ਇਹੀ ਸੰਸਕਾਰ ਦਿੰਦੇ ਹਨ ਮਾਂ-ਬਾਪ ਆਪਣੇ ਬੱਚਿਆਂ ਨੂੰ, ਜਿਸ ਦੇ ਕਾਰਨ ਬੁਢਾਪੇ ’ਚ ਉਨ੍ਹਾਂ ਨੂੰ ਢਿੱਡ ਭਰਵੀਂ ਰੋਟੀ ਲਈ ਵੀ ਆਪਣੇ ਬੱਚਿਆਂ ਦੀ ਸੇਵਾ-ਚਾਕਰੀ ਕਰਨੀ ਪੈਂਦੀ ਹੈ ਅਤੇ ਘਰ ਦੇ ਮਾਲਕ ਨੂੰ ਆਪਣੇ ਹੀ ਘਰ ’ਚ ਨੌਕਰ ਜਾਂ ਨਫਰਤ ਵਾਲੇ ਵਿਅਕਤੀ ਵਾਂਗ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ? ਬਿਨਾਂ ਸ਼ੱਕ ਪਦਾਰਥਵਾਦੀ ਸੱਭਿਅਤਾ ਅਤੇ ਮਹਾਨਗਰਾਂ ’ਚ ਪੈਦਾ ਹੋਏ-ਪਲੇ ਸਮਾਜ ’ਚ ਲੋਕਾਂ ਦੀਆਂ ਅੱਖਾਂ ਚਕਾਚੌਂਧ ਨਾਲ ਚੁੰਧਿਆ ਗਈਆਂ ਹਨ, ਇਸ ਬਾਰੇ ਕਿਤੇ ਕੋਈ ਦੋ-ਰਾਵਾਂ ਨਹੀਂ ਹਨ।

ਅੱਜ ਬਜ਼ੁਰਗਾਂ ਦੀ ਹਾਲਤ ਦਿਨ-ਬ-ਦਿਨ ਤਰਸਯੋਗ ਹੁੰਦੀ ਜਾ ਰਹੀ ਹੈ ਪਰ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ? ਵੇਖਿਆ ਜਾਵੇ ਤਾਂ ਇਸ ’ਚ ਦੋਸ਼ ਸਾਡਾ ਕਿਸੇ ਵੀ ਤਰ੍ਹਾਂ ਨਹੀਂ ਹੈ ਸਗੋਂ ਉਸ ਪੱਛਮੀ ਸੱਭਿਆਚਾਰ ਦਾ ਹੈ ਜਿਸ ਦੀ ਅੰਨ੍ਹੀ ਰੀਸ ਕਰਨ ਦੀ ਹੋੜ ’ਚ ਅਸੀਂ ਲੱਗੇ ਹੋਏ ਹਾਂ। ਬਿਨਾਂ ਕੁਝ ਸੋਚੇ-ਸਮਝੇ ਅਸੀਂ ਵੀ ਦੂਸਰਿਆਂ ਦੀ ਦੇਖਾ-ਦੇਖੀ ਇਕਹਿਰੀ ਪਰਿਵਾਰ ਪ੍ਰਣਾਲੀ ਨੂੰ ਅਪਣਾ ਕੇ ਆਪਣਿਆਂ ਤੋਂ ਹੀ ਕਿਨਾਰਾ ਕਰ ਰਹੇ ਹਾਂ। ਅਜਿਹਾ ਕਰ ਕੇ ਅਸੀਂ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਉਸ ਪਿਆਰ, ਸੰਸਕਾਰ, ਆਸ਼ੀਰਵਾਦ ਤੇ ਸਪਰਸ਼ ਤੋਂ ਵਾਂਝਿਆਂ ਕਰ ਰਹੇ ਹਾਂ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਸੰਵਾਰ ਸਕਦਾ ਹੈ। ਯਾਦ ਰੱਖੋ ਕਿਰਾਏ ਨਾਲ ਬੇਸ਼ੱਕ ਹੀ ਪਿਆਰ ਮਿਲ ਸਕਦਾ ਹੈ ਪਰ ਸੰਸਕਾਰ, ਆਸ਼ੀਰਵਾਦ ਤੇ ਦੁਆਵਾਂ ਨਹੀਂ । ਇਹ ਸਭ ਤਾਂ ਤੁਹਾਨੂੰ ਮਾਂ-ਬਾਪ ਤੋਂ ਹੀ ਮਿਲਦੀਆਂ ਹਨ।

ਨੌਜਵਾਨ ਪੀੜ੍ਹੀ ਅਤੇ ਬਜ਼ੁਰਗਾਂ ਦਰਮਿਆਨ ਦੂਰੀਆਂ ਵਧਣ ਦਾ ਇਕੋ-ਇਕ ਕਾਰਨ ਦੋਵਾਂ ਦੀ ਸੋਚ ਅਤੇ ਸਮਝ ’ਚ ਤਾਲਮੇਲ ਦੀ ਘਾਟ ਹੈ। ਦੁਨੀਆ ਦੇਖ ਚੁੱਕੇ ਆਪਣੇ ਵੱਡੇ-ਬਜ਼ੁਰਗਾਂ ਨੂੰ ਅੱਖੋਂ ਪਰੋਖੇ ਕਰ ਕੇ ਅੱਜਕਲ ਦੇ ਨੌਜਵਾਨ ਆਪਣੀ ਨਵੀਂ ਸੋਚ ਨਾਲ ਆਪਣੀ ਜ਼ਿੰਦਗੀ ਨੂੰ ਸੰਵਾਰਨਾ ਚਾਹੁੰਦੇ ਹਨ। ਉਨ੍ਹਾਂ ਦੀ ਆਜ਼ਾਦੀ ’ਚ ਰੋਕ-ਟੋਕ ਕਰਨ ਵਾਲੇ ਵੱਡੇ-ਬਜ਼ੁਰਗ ਉਨ੍ਹਾਂ ਨੂੰ ਪਸੰਦ ਨਹੀਂ। ਇਹੀ ਕਾਰਨ ਹੈ ਕਿ ਉਹ ਉਨ੍ਹਾਂ ਨੂੰ ਆਪਣੇ ਪਰਿਵਾਰ ’ਚ ਦੇਖਣਾ ਹੀ ਪਸੰਦ ਨਹੀਂ ਕਰਦੇ।

ਨੌਜਵਾਨ ਪੀੜ੍ਹੀ ਦੀ ਇਸ ਸੋਚ ਅਨੁਸਾਰ ਵੱਡੇ-ਬਜ਼ੁਰਗਾਂ ਦੀ ਥਾਂ ਘਰ ’ਚ ਨਹੀਂ ਸਗੋਂ ਬਿਰਧ ਆਸ਼ਰਮ ’ਚ ਹੈ। ਉੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਸੋਚ ਦੇ ਅਤੇ ਹਮਉਮਰ ਲੋਕ ਮਿਲ ਜਾਣਗੇ, ਜੋ ਉਨ੍ਹਾਂ ਦੀਆਂ ਗੱਲਾਂ ਨੂੰ ਸੁਣਨਗੇ ਅਤੇ ਸਮਝਣਗੇ। ਉੱਥੇ ਉਹ ਖੁਸ਼ ਰਹਿ ਸਕਦੇ ਹਨ ਪਰ ਅਜਿਹੇ ਨੌਜਵਾਨਾਂ ਨੂੰ ਕੀ ਪਤਾ ਹੈ ਕਿ ਹਰ ਮਾਂ-ਬਾਪ ਦੀ ਖੁਸ਼ੀ ਆਪਣੇ ਪਰਿਵਾਰ ’ਚ ਅਤੇ ਆਪਣੇ ਬੱਚਿਆਂ ’ਚ ਹੁੰਦੀ ਹੈ। ਉਨ੍ਹਾਂ ਤੋਂ ਦੂਰ ਰਹਿ ਕੇ ਭਲਾ ਉਹ ਖੁਸ਼ ਕਿਵੇਂ ਰਹਿ ਸਕਦੇ ਹਨ? ਜੇਕਰ ਅਸੀਂ ਉਨ੍ਹਾਂ ਨੂੰ ਸਨਮਾਨ ਤੇ ਪਰਿਵਾਰ ’ਚ ਥਾਂ ਦੇਵਾਂਗੇ ਤਾਂ ਸ਼ਾਇਦ ਬਿਰਧ ਆਸ਼ਰਮ ਦੀ ਧਾਰਨਾ ਹੀ ਇਸ ਸਮਾਜ ’ਚੋਂ ਖਤਮ ਹੋ ਜਾਵੇਗੀ।

ਲੋੜ ਇਸ ਗੱਲ ਦੀ ਹੈ ਕਿ ਪਰਿਵਾਰ ’ਚ ਸ਼ੁਰੂ ਤੋਂ ਹੀ ਬਜ਼ੁਰਗਾਂ ਪ੍ਰਤੀ ਅਪਣੇਪਨ ਦਾ ਭਾਵ ਵਿਕਸਿਤ ਕੀਤਾ ਜਾਵੇ। ਔਲਾਦ ਨੂੰ ਵੀ ਚਾਹੀਦਾ ਹੈ ਕਿ ਜੋ ਫਰਜ਼ਾਂ ਦਾ ਦੋਸ਼ਾਲਾ ਲਈ ਬੈਠੇ ਹਨ, ਉਸ ਨੂੰ ਬਿਨਾਂ ਗਰਜ ਅਤੇ ਧੋਖੇ ਰਹਿਤ ਨਿਭਾਉਣ।


Bharat Thapa

Content Editor

Related News