ਦੇਸ਼ ਦਾ ਅਕਸ ਧੁੰਦਲਾ ਕਰ ਰਹੇ ਸੈਕਸ ਸ਼ੋਸ਼ਣ ਦੇ ਦੋਸ਼ਾਂ ’ਚ ਘਿਰੇ ਕੁਝ ਨੇਤਾ

06/30/2024 3:18:33 AM

ਅਕਸਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵਿਰੁੱਧ ਸੈਕਸ ਸ਼ੋਸ਼ਣ ਦੇ ਦੋਸ਼ ਲੱਗਦੇ ਰਹਿੰਦੇ ਹਨ, ਜਿਨ੍ਹਾਂ ’ਚੋਂ ਕੁਝ ਆਗੂਆਂ ਵਿਰੁੱਧ ਦੋਸ਼ਾਂ ਦੇ ਸਾਬਤ ਹੋਣ ’ਤੇ ਉਨ੍ਹਾਂ ਨੂੰ ਸਜ਼ਾ ਵੀ ਹੋਈ ਹੈ। ਬੀਤੇ ਸਾਲ 15 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ‘ਰਾਮਦੁਲਾਰ ਗੋਂਡ’ ਨੂੰ 2014 ਦੇ ਜਬਰ-ਜ਼ਨਾਹ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ 25 ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।

* 24 ਅਪ੍ਰੈਲ, 2024 ਨੂੰ ਝਾਰਖੰਡ ਦੀ ਇਕ ਮੁਟਿਆਰ ਨੇ ਪੱਛਮੀ ਬੰਗਾਲ ’ਚ ਅਸਦੁਦੀਨ ਓਵੈਸੀ ਦੀ ਪਾਰਟੀ ‘ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ’ (ਏ.ਆਈ.ਐੱਮ.ਆਈ.ਐੱਮ.) ਨੇਤਾ ਅਤੇ ਪਾਰਟੀ ਦੀ ਵਰਧਮਾਨ ਸ਼ਾਖਾ ਦੇ ਪ੍ਰਧਾਨ ਦਾਨਿਸ਼ ਅਜ਼ੀਜ਼ ਨੂੰ ਇਕ ਮੁਟਿਆਰ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 8 ਮਈ, 2024 ਨੂੰ ਮੁਰਾਦਾਬਾਦ (ਉੱਤਰ ਪ੍ਰਦੇਸ਼) ’ਚ ਸਪਾ ਆਗੂ ’ਤੇ ਇਕ ਸਾਬਕਾ ਵਿਧਾਇਕ ਦੀ ਧੀ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ, ਉਸ ਦਾ ਅਸ਼ਲੀਲ ਵੀਡੀਓ ਬਣਾਉਣ ਅਤੇ 6 ਕਰੋੜ ਰੁਪਏ ਵਸੂਲ ਕਰਨ ਦਾ ਦੋਸ਼ ਲਾਇਆ।

* 31 ਮਈ, 2024 ਨੂੰ ਜਦ (ਐੱਸ.) ਦੇ ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦੇ ਸੰਸਦ ਮੈਂਬਰ ਪੋਤੇ ਪ੍ਰਜਵਲ ਰੇਵੰਨਾ ਨੂੰ ਕਈ ਔਰਤਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ।

* 7 ਜੂਨ ਨੂੰ ਸੰਬਲਪੁਰ (ਓਡਿਸ਼ਾ) ’ਚ ਇਕ 18 ਸਾਲਾ ਮੁਟਿਆਰ ਨੇ ਬੀਜੂ ਜਨਤਾ ਦਲ (ਬੀਜਦ) ਦੇ ਇਕ ਆਗੂ ’ਤੇ ਉਸ ਨਾਲ 3 ਸਾਲ ਤੱਕ ਲਗਾਤਾਰ ਜਬਰ-ਜ਼ਨਾਹ ਕਰਨ ਅਤੇ ਉਸ ਦੇ ਨਾਲ ਕੁੱਟ-ਮਾਰ ਕਰਨ ਦਾ ਦੋਸ਼ ਲਾਇਆ।

* 23 ਜੂਨ ਨੂੰ ਜਦ (ਐੱਸ.) ਨੇਤਾ ਪ੍ਰਜਵਲ ਰੇਵੰਨਾ ਦੇ ਵੱਡੇ ਭਰਾ ਸੂਰਜ ਰੇਵੰਨਾ ਨੂੰ ਇਕ ਪਾਰਟੀ ਵਰਕਰ ਨੌਜਵਾਨ ਨੂੰ ਜ਼ਬਰਦਸਤੀ ਚੁੰਮਣ ਅਤੇ ਉਸ ਦੇ ਬੁੱਲ੍ਹ ਅਤੇ ਗੱਲ੍ਹਾਂ ਨੂੰ ਕੱਟਣ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ।

* 27 ਜੂਨ ਨੂੰ ਉੱਤਰਾਖੰਡ ’ਚ ਭਾਜਪਾ ਆਗੂ ਆਦਿਤਯ ਰਾਜ ਸੈਣੀ ਤੇ ਉਸ ਦੇ ਸਹਿਯੋਗੀ ਅਮਿਤ ਸੈਣੀ ਸਮੇਤ 6 ਲੋਕਾਂ ਵਿਰੁੱਧ ਇਕ 13 ਸਾਲਾ ਲੜਕੀ ਦੇ ਅਗਵਾ, ਸਮੂਹਿਕ ਜਬਰ-ਜ਼ਨਾਹ ਅਤੇ ਹੱਤਿਆ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 28 ਜੂਨ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ, ‘‘ਰਾਜ ਭਵਨ ’ਚ ਕਿਹੋ ਜਿਹਾ ਸ਼ਰਾਰਤੀ ਵਿਅਕਤੀ ਬੈਠਾ ਹੈ ਜਿਸ ਤੋਂ ਲੜਕੀਆਂ ਉੱਥੇ ਜਾਣ ਤੋਂ ਡਰਦੀਆਂ ਹਨ।’’

ਇਹੀ ਨਹੀਂ, ਇਨ੍ਹੀਂ ਦਿਨੀਂ ਸੀਨੀਅਰ ਭਾਜਪਾ ਆਗੂ ਅਤੇ ਕਰਨਾਟਕ ਦੇ 4 ਵਾਰ ਮੁੱਖ ਮੰਤਰੀ ਰਹੇ ਬੀ. ਐੱਸ. ਯੇਦੀਯੁਰੱਪਾ (81) ਵੀ ਸੈਕਸ ਸ਼ੋਸ਼ਣ ਦੇ ਦੋਸ਼ਾਂ ’ਚ ਘਿਰੇ ਹੋਏ ਹਨ।

ਇਸੇ ਸਾਲ 15 ਮਾਰਚ ਨੂੰ ਉਨ੍ਹਾਂ ਵਿਰੁੱਧ 17 ਸਾਲਾ ਇਕ ਲੜਕੀ ਦੀ ਮਾਂ ਨੇ ਦੋਸ਼ ਲਾਇਆ ਸੀ ਕਿ 2 ਫਰਵਰੀ, 2024 ਨੂੰ ਜਦੋਂ ਉਹ ਯੇਦੀਯੁਰੱਪਾ ਦੇ ਘਰ ਆਪਣੀ ਬੇਟੀ ਦੇ ਕਿਸੇ ਵਿਅਕਤੀ ਵੱਲੋਂ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਉਨ੍ਹਾਂ ਕੋਲੋਂ ਮਦਦ ਮੰਗਣ ਗਈ ਤਾਂ ਯੇਦੀਯੁਰੱਪਾ ਨੇ ਉਸ ਦੀ ਬੇਟੀ ਨਾਲ ਸੈਕਸ ਸ਼ੋਸ਼ਣ ਕੀਤਾ। ਕਰਨਾਟਕ ਦੀ ਕਾਂਗਰਸ ਸਰਕਾਰ ਨੇ ਸੀ. ਆਈ. ਡੀ. ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਦਾ ਹੁਕਮ ਦਿੱਤਾ ਸੀ।

* 27 ਜੂਨ ਨੂੰ ਬੈਂਗਲੁਰੂ ਸਥਿਤ ਪੋਕਸੋ ਮਾਮਲਿਆਂ ਲਈ ‘ਫਾਸਟ ਟ੍ਰੈਕ ਕੋਰਟ-1’ ’ਚ ਦਾਖਲ ਦੋਸ਼ ਪੱਤਰ ’ਚ ਸੀ. ਆਈ. ਡੀ. ਨੇ ਯੇਦੀਯੁਰੱਪਾ ਵਿਰੁੱਧ ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਸੰਭਾਲ ਐਕਟ ਦੀ ਧਾਰਾ 8 ਦੇ ਅਧੀਨ ਸੈਕਸ ਸ਼ੋਸ਼ਣ ਆਦਿ ਦੇ ਦੋਸ਼ ਲਗਾਏ ਹਨ।

ਸੀ. ਆਈ. ਡੀ. ਦੇ ਅਨੁਸਾਰ (2 ਫਰਵਰੀ ਨੂੰ) ਜਦੋਂ ਯੇਦੀਯੁਰੱਪਾ ਲੜਕੀ ਦੀ ਮਾਂ ਨਾਲ ਗੱਲ ਕਰ ਰਹੇ ਸੀ ਉਦੋਂ ਉਨ੍ਹਾਂ ਨੇ ਨਾਬਾਲਿਗ ਲੜਕੀ ਦੀ ਬਾਂਹ ਆਪਣੇ ਸੱਜੇ ਹੱਥ ਨਾਲ ਫੜੀ ਹੋਈ ਸੀ। ਉਨ੍ਹਾਂ ਨੇ ਲੜਕੀ ਨੂੰ ਹਾਲ ਦੇ ਨਾਲ ਵਾਲੇ ਕਮਰੇ ’ਚ ਸੱਦਿਆ ਅਤੇ ਕਮਰਾ ਅੰਦਰੋਂ ਬੰਦ ਕਰ ਕੇ ਉਸ ਕੋਲੋਂ ਪੁੱਛਗਿੱਛ ਕਰਨ ਲੱਗੇ।

ਇਸ ਦੇ ਬਾਅਦ ਯੇਦੀਯੁਰੱਪਾ ਨੇ ਲੜਕੀ ਨੂੰ ਗਲਤ ਢੰਗ ਨਾਲ ਛੂਹਿਆ। ਇਸ ’ਤੇ ਲੜਕੀ ਨੇ ਯੇਦੀਯੁਰੱਪਾ ਦਾ ਹੱਥ ਝਟਕ ਦਿੱਤਾ ਤੇ ਉਨ੍ਹਾਂ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਯੇਦੀਯੁਰੱਪਾ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜੇਬ ’ਚੋਂ ਕੁਝ ਰਕਮ ਕੱਢ ਕੇ ਲੜਕੀ ਦੇ ਹੱਥਾਂ ’ਚ ਫੜਾ ਦਿੱਤੀ।

ਬਾਅਦ ’ਚ ਲੜਕੀ ਨੇ ਜਦੋਂ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ ਤਾਂ ਉਹ ਯੇਦੀਯੁਰੱਪਾ ਨਾਲ ਲੜਨ ਪੁੱਜ ਗਈ। ਇਸ ਦੌਰਾਨ ਲੜਕੀ ਨੇ ਯੇਦੀਯੁਰੱਪਾ ਨਾਲ ਹੋਈ ਬਹਿਸ ਨੂੰ ਰਿਕਾਰਡ ਕਰ ਲਿਆ। ਕੁਝ ਦਿਨਾਂ ਪਿੱਛੋਂ ਯੇਦੀਯੁਰੱਪਾ ਦੇ ਨੇੜਲੇ 3 ਵਿਅਕਤੀਆਂ ਨੇ ਪੀੜਤਾ ਦੀ ਮਾਂ ਨੂੰ ਉਹ ਵੀਡੀਓ ਹਟਾਉਣ ਲਈ ਰਾਜ਼ੀ ਕਰ ਲਿਆ ਅਤੇ ਇਸ ਦੇ ਬਦਲੇ ’ਚ ਯੇਦੀਯੁਰੱਪਾ ਅਤੇ 3 ਹੋਰਨਾਂ ਨੇ ਪੀੜਤ ਪਰਿਵਾਰ ਨੂੰ ਚੁੱਪ ਰਹਿਣ ਲਈ 2 ਲੱਖ ਰੁਪਏ ਦਿੱਤੇ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਅਸਲੀ ਵੀਡੀਓ ਤਾਂ ਪੀੜਤ ਲੜਕੀ ਦੇ ਫੋਨ ’ਚ ਸੀ।

ਸਿਆਸਤਦਾਨਾਂ ’ਤੇ ਇਸ ਤਰ੍ਹਾਂ ਦੇ ਦੋਸ਼ ਲੱਗਣ ਨਾਲ ਜਨਤਾ ਦੇ ਮਨ ’ਚ ਉਨ੍ਹਾਂ ਪ੍ਰਤੀ ਸਨਮਾਨ ’ਚ ਕਮੀ ਆਉਂਦੀ ਹੈ। ਇਸ ਲਈ ਇਸ ਤਰ੍ਹਾਂ ਦੇ ਮਾਮਲੇ ’ਚ ਜਿੰਨਾ ਜਲਦੀ ਫੈਸਲਾ ਸੁਣਾਇਆ ਜਾਵੇ ਓਨਾ ਹੀ ਚੰਗਾ ਹੋਵੇਗਾ, ਤਾਂ ਕਿ ਪੀੜਤ ਨੂੰ ਨਿਆਂ ਅਤੇ ਜੋ ਵੀ ਦੋਸ਼ੀ ਹੋਵੇ, ਉਸ ਨੂੰ ਸਜ਼ਾ ਮਿਲੇ। 
-ਵਿਜੇ ਕੁਮਾਰ


Harpreet SIngh

Content Editor

Related News