ਸ਼ਿਆਮਾ ਪ੍ਰਸਾਦ ਮੁਖਰਜੀ : ਸਾਂਝੇ ਭਾਰਤ ਦੇ ਵੱਡੇ ਹਮਾਇਤੀ

07/06/2021 3:27:28 AM

ਅਰਜੁਨ ਰਾਮ ਮੇਘਵਾਲ (ਕੇਂਦਰੀ ਸੰਸਦੀ ਰਾਜ ਮੰਤਰੀ)
ਮਨੁੱਖਤਾਵਾਦੀ ਸੱਭਿਆਚਾਰ ਦੇ ਅਕਸ ਨਾਲ ਅੱਗੇ ਵਧਦੀ ਰਹੀ ਭਾਰਤ ਦੀ ਬੇਮਿਸਾਲ ਯਾਤਰਾ ਦੀ ਕਹਾਣੀ ਪਿੱਛੇ ਦਰਅਸਲ ਇਸ ਪਵਿੱਤਰ ਧਰਤੀ ਦੀਆਂ ਦੂਰ–ਦ੍ਰਿਸ਼ਟੀ ਨਾਲ ਭਰਪੂਰ ਸ਼ਖ਼ਸੀਅਤਾਂ ਦੇ ਵਿਚਾਰਾਂ ਦਾ ਵੱਡਾ ਯੋਗਦਾਨ ਹੈ। ਜਦੋਂ ਉੱਤਰ–ਆਧੁਨਿਕ ਯੁਗ ਵਿਚ ਭਾਰਤ ਦਾ ਵਿਚਾਰ ਆਪਣਾ ਸੰਦਰਭ ਗ੍ਰਹਿਣ ਕਰ ਰਿਹਾ ਹੈ, ਅਜਿਹੇ ਵੇਲੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕਾਰਵਾਈ, ਦੂਰ–ਦ੍ਰਿਸ਼ਟੀ ਤੇ ਕਾਰਜ ਸੱਚੀ ਭਾਵਨਾ ਨਾਲ ਇਕਜੁੱਟ ਭਾਰਤ ਦੇ ਨਿਰਮਾਣ ਲਈ ਰਾਸ਼ਟਰੀ ਚੇਤੰਨਤਾ ਪੈਦਾ ਕਰ ਰਹੇ ਸਨ। ਉਨ੍ਹਾਂ ਦੀ 120ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਸੂਝਬੂਝ ਬਾਰੇ ਜਾਣਨਾ ਸਾਡੇ ਸਭਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਚਿਤ ਹੋਵੇਗਾ।

ਬ੍ਰਿਟਿਸ਼ ਹਕੂਮਤ ਦੌਰਾਨ ਇਕ ਬੰਗਾਲੀ ਪਰਿਵਾਰ ’ਚ ਜਨਮੇ ਡਾ. ਮੁਖਰਜੀ ਨੇ ਅੰਗਰੇਜ਼ ਹਾਕਮਾਂ ਦੇ ਦਮਨ ਦੇ ਸਮਾਜਿਕ ਤੇ ਆਰਥਿਕ ਨਤੀਜੇ ਵੇਖੇ ਸਨ ਅਤੇ ਉਨ੍ਹਾਂ ਇਹ ਵੀ ਦੇਖਿਆ ਸੀ ਕਿ ਭਾਰਤੀ ਸੱਭਿਆਚਾਰ ਤੇ ਕਦਰਾਂ–ਕੀਮਤਾਂ ਉਤੇ ਉਨ੍ਹਾਂ ਦੇ ਹਮਲਿਆਂ ਦਾ ਹੌਲ਼ੀ–ਹੌਲ਼ੀ ਕਿਵੇਂ ਮਾੜਾ ਅਸਰ ਪੈਣ ਲੱਗਿਆ ਸੀ। ਚਿੱਤ ਨੂੰ ਪਰੇਸ਼ਾਨ ਕਰ ਦੇਣ ਵਾਲੇ ਅਜਿਹੇ ਹਾਲਾਤ ਤੇ ਰਾਸ਼ਟਰੀ ਜ਼ਮੀਰ ਜਗਾਉਣ ਦੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਨੇ ਉਨ੍ਹਾਂ ਨੂੰ ਰਾਸ਼ਟਰਵਾਦੀ ਕਦਰਾਂ–ਕੀਮਤਾਂ ਨਾਲ ਭਰਪੂਰ ਬਣਾ ਦਿੱਤਾ ਸੀ। ਡਾ. ਮੁਖਰਜੀ ਦੇ ਵਿਚਾਰ ਬੇਹੱਦ ਸਪੱਸ਼ਟ ਸਨ; ਇਸੇ ਲਈ ਉਨ੍ਹਾਂ ਨੇ ਸਾਰੇ ਮੰਚਾਂ ਉਤੇ ਆਪਣੀ ਜ਼ੋਰਦਾਰ ਆਵਾਜ਼ ਉਠਾਈ ਸੀ ਅਤੇ ਉਨ੍ਹਾਂ ਨੇ ਸਮਾਜਿਕ ਤਾਣਾ–ਬਾਣਾ ਮਜ਼ਬੂਤ ਕਰਦਿਆਂ ਆਮ ਜਨਤਾ ਵਿਚ ਦੇਸ਼–ਭਗਤੀ ਦੀ ਭਾਵਨਾ ਭਰੀ ਸੀ।

26 ਸਾਲਾਂ ਦੀ ਉਮਰ ’ਚ ਉਨ੍ਹਾਂ ਯੂਨੀਵਰਸਿਟੀਜ਼ ਆਫ ਬ੍ਰਿਟਿਸ਼ ਐਂਪਾਇਰ ਕਾਨਫ਼ਰੰਸ ’ਚ ਕਲਕੱਤਾ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਸੀ। ਬਾਅਦ ’ਚ 33 ਸਾਲ ਦੀ ਉਮਰੇ 1934 ’ਚ ਸ਼ਿਆਮਾ ਪ੍ਰਸਾਦ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਵਾਈਸ–ਚਾਂਸਲਰ ਨਿਯੁਕਤ ਹੋਏ ਸਨ। ਅਦਾਲਤ ਅਤੇ ਬੰਗਲੌਰ ਸਥਿਤ ਕੌਂਸਲ ਆਫ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਦੇ ਮੈਂਬਰ ਵਜੋਂ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਵਰਨਣਯੋਗ ਰਹੀ ਸੀ। ਉਨ੍ਹਾਂ ਦੇ ਨਿਵੇਕਲੇ ਤਰ੍ਹਾਂ ਦੇ ਪ੍ਰਸ਼ਾਸਨਾਂ ਨੇ ਅਜਿਹੇ ਵਧੀਆ ਮਾਹੌਲ ਦੀ ਉਸਾਰੀ ਕੀਤੀ ਸੀ ਕਿ ਗਿਆਨ ਪ੍ਰਾਪਤੀ ਦੇ ਚਾਹਵਾਨਾਂ ਨੂੰ ਹਰ ਪ੍ਰਸ਼ਨ ਦਾ ਉੱਤਰ ਮਿਲ ਜਾਂਦਾ ਸੀ।

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਕਜੁੱਟ ਭਾਰਤ ਲਈ ਰਾਸ਼ਟਰਵਾਦ ਦੇ ਇਕ ਸਦਾਬਹਾਰ ਪ੍ਰਚਾਰਕ ਬਣੇ ਰਹੇ ਅਤੇ ਉਹ ਅੰਗਰੇਜ਼ਾਂ ਦੁਆਰਾ ਸੰਸਥਾਗਤ ਢਾਂਚਿਆਂ ਰਾਹੀਂ ਫਿਰਕੂ ਆਧਾਰ ਉਤੇ ਪਾਈਆਂ ਵੰਡੀਆਂ ਦਾ ਖ਼ਾਤਮਾ ਕਰਨ ਦੇ ਵੀ ਸਮਰਥਕ ਬਣੇ ਰਹੇ। ਉਹ 1941–42 ਦੌਰਾਨ ਬੰਗਾਲ ਦੇ ਪਹਿਲੇ ਮੰਤਰੀ ਮੰਡਲ ’ਚ ਵਿੱਤ ਮੰਤਰੀ ਸਨ। 1940 ’ਚ ਹਿੰਦੂ ਮਹਾ ਸਭਾ ਦੀ ਬੰਗਾਲ ਇਕਾਈ ਦੇ ਵਰਕਿੰਗ ਪ੍ਰਧਾਨ ਦੇ ਅਹੁਦੇ ਤੋਂ ਉਹ 1944 ’ਚ ਇਸੇ ਜਥੇਬੰਦੀ ਦੇ ਪ੍ਰਧਾਨ ਵੀ ਬਣੇ। ਉਨ੍ਹਾਂ ਸਹਿਣਸ਼ੀਲਤਾ ਤੇ ਫਿਰਕੂ ਸਤਿਕਾਰ ਦੀਆਂ ਹਿੰਦੂ ਕਦਰਾਂ–ਕੀਮਤਾਂ ਉਤੇ ਜ਼ੋਰ ਦਿੱਤਾ। ਬਾਅਦ ’ਚ ਉਨ੍ਹਾਂ ਨੇ ਮੁਹੰਮਦ ਅਲੀ ਜਿੰਨਾਹ ਦੀ ਮੁਸਲਿਮ ਲੀਗ ਦੇ ਫਿਰਕੂ ਤੇ ਵੱਖਵਾਦੀ ਏਜੰਡਾ ਦਾ ਵਿਰੋਧ ਕਰਨ ਦੀ ਲੋੜ ਮਹਿਸੂਸ ਕੀਤੀ।

ਡਾ. ਭੀਮ ਰਾਓ ਅੰਬੇਡਕਰ ਅਤੇ ਡਾ. ਐੱਸ ਪੀ ਮੁਖਰਜੀ ਦੀਆਂ ਗਤੀਵਿਧੀਆਂ ਤੋਂ ਨਿਰੰਤਰ ਮਿਲਣ ਵਾਲੀ ਸੇਧ ਨੇ ਸਾਡੇ ਵਿਚਾਰਾਂ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਆਜ਼ਾਦ ਰਾਸ਼ਟਰ ਦੀ ਏਕਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਸੁਭਾਵਕ ਚਿੰਤਾਵਾਂ ਦੂਰ ਕੀਤੀਆਂ ਹਨ। ਇਨ੍ਹਾਂ ਦੋਵੇਂ ਮਹਾਨ ਸ਼ਖ਼ਸੀਅਤਾਂ ਨੇ ਉਸ ਵੇਲੇ ਦੀ ਸਰਕਾਰ ਦੀਆਂ ਕੁਝ ਅਜਿਹੀਆਂ ਗ਼ਲਤ ਨੀਤੀਆਂ ਦਾ ਯੋਜਨਾਬੰਦੀ ਪੜਾਅ ਉਤੇ ਹੀ ਵਿਰੋਧ ਕੀਤਾ; ਜੋ ਆਜ਼ਾਦ ਭਾਰਤ ਦੀਆਂ ਰਾਸ਼ਟਰਵਾਦੀ ਕੋਸ਼ਿਸ਼ਾਂ ਦੇ ਰਾਹ ’ਚ ਅੜਿੱਕਾ ਬਣ ਸਕਦੀਆਂ ਸਨ। ਰਾਸ਼ਟਰੀ ਅਖੰਡਤਾ ਦੇ ਮੁੱਦਿਆਂ ਉਤੇ ਮਤਭੇਦਾਂ ਕਾਰਨ ਗ਼ੈਰ–ਕਾਂਗਰਸੀ ਕੈਬਨਿਟ ਸਹਿਯੋਗੀ ਨੇ ਨਹਿਰੂ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਨਹਿਰੂ-ਲਿਆਕਤ ਸੰਧੀ ਤੋਂ ਐਨ ਪਹਿਲਾਂ 1950 ’ਚ ਕੈਬਨਿਟ ਛੱਡਣ ਦੀ ਸ਼ੁਰੂਆਤ ਕੀਤੀ ਸੀ। ਉਹ ਤਹਿ ਦਿਲੋਂ ਸ਼ਰਨਾਰਥੀਆਂ ਦੀ ਭਲਾਈ ਲਈ ਸਮਰਪਿਤ ਹੋ ਗਏ ਅਤੇ ਉਨ੍ਹਾਂ ਸ਼ਰਨਾਰਥੀਆਂ ਤੱਕ ਰਾਹਤ ਪਹੁੰਚਾਉਣ ਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕਈ ਵਿਆਪਕ ਦੌਰੇ ਕੀਤੇ।

ਬਾਅਦ ’ਚ ਉਨ੍ਹਾਂ 21 ਅਕਤੂਬਰ, 1951 ਨੂੰ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ ਤੇ ਉਸੇ ਤੋਂ ਅਜੋਕੀ ਭਾਰਤੀ ਜਨਤਾ ਪਾਰਟੀ ਬਣੀ; ਜੋ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ‘ਨਾਗਰਿਕਤਾ ਸੋਧ ਕਾਨੂੰਨ 2019’, ਅਫ਼ਗ਼ਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਜਿਹੇ ਗੁਆਂਢੀ ਦੇਸ਼ਾਂ ’ਚ ਧਾਰਮਿਕ ਆਧਾਰ ਉਤੇ ਜ਼ੁਲਮ ਝੱਲਦੇ ਰਹੇ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਈਸਾਈਆਂ ਸਮੇਤ ਗ਼ੈਰ–ਕਾਨੂੰਨੀ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਰਾਖੀ ਤੇ ਉਨ੍ਹਾਂ ਨੂੰ ਰਾਹਤ ਵਜੋਂ ਸਾਹਮਣੇ ਆਇਆ।

ਜੰਮੂ ਤੇ ਕਸ਼ਮੀਰ ਬਾਰੇ ਦੋਵੇਂ ਆਗੂਆਂ ਦੇ ਬੇਹੱਦ ਸਪੱਸ਼ਟ ਤੇ ਤਰਕਪੂਰਨ ਵਿਚਾਰਾਂ ਨੇ ਭਾਰਤ ਦੀ ਪ੍ਰਭੂਸੱਤਾ ਲਈ ਕਦੇ ਵੀ ਸਮਝੌਤਾ ਨਾ ਕਰਨ ਦੇ ਸਟੈਂਡ ਦੀ ਵਕਾਲਤ ਕੀਤੀ। 1951–52 ਦੀਆਂ ਪਹਿਲੀਆਂ ਆਮ ਚੋਣਾਂ ਦੌਰਾਨ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਅਗਵਾਈ ਹੇਠ ਸਿਆਸੀ ਪਾਰਟੀ ਪ੍ਰਜਾ ਪ੍ਰੀਸ਼ਦ ਤੇ ਜਨ ਸੰਘ ਨੇ ਬਿਲਕੁਲ ਡਾ. ਬੀ.ਆਰ. ਅੰਬੇਡਕਰ ਜਿਹਾ ਸਟੈਂਡ ਅਪਣਾਇਆ ਸੀ ਤੇ ਆਖਿਆ ਸੀ ਕਿ ਭਾਰਤੀ ਸੰਵਿਧਾਨ ਦੀ ਧਾਰਾ 370 ਦਾ ਖ਼ਾਤਮਾ ਕਰ ਕੇ ਰਾਜ ਨੂੰ ਪੂਰੀ ਤਰ੍ਹਾਂ ਭਾਰਤੀ ਸੰਵਿਧਾਨ ਅਧੀਨ ਲਿਆਂਦਾ ਜਾਵੇ। ਇਹ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਮਾਸਟਰ ਤਾਰਾ ਸਿੰਘ ਦੇ ਸੰਘਰਸ਼ ਦਾ ਹੀ ਨਤੀਜਾ ਸੀ ਕਿ ਅੱਧਾ ਪੰਜਾਬ ਤੇ ਬੰਗਾਲ ਭਾਰਤ ਦਾ ਅਟੁੱਟ ਅੰਗ ਬਣੇ ਰਹੇ।

ਡਾ. ਮੁਖਰਜੀ ਹਕੀਕੀ ਤੌਰ ’ਤੇ ਰਾਸ਼ਟਰੀ ਅਖੰਡਤਾ ਕਾਰਨ ਸ਼ਹੀਦ ਹੋਏ ਸਨ। ਉਨ੍ਹਾਂ ਦੇ ਨਾਅਰੇ ‘ਏਕ ਦੇਸ਼ ਮੇਂ ਦੋ ਵਿਧਾਨ, ਦੋ ਨਿਸ਼ਾਨ, ਦੋ ਪ੍ਰਧਾਨ ਨਹੀਂ ਚਲੇਗਾ’ ਨੇ ਕਰੋੜਾਂ ਰਾਸ਼ਟਰਵਾਦੀਆਂ ਦੇ ਦਿਲਾਂ, ਮਨਾਂ ਤੇ ਆਤਮਾਵਾਂ ਉਤੇ ਅਮਿੱਟ ਛਾਪ ਛੱਡੀ। ਉਨ੍ਹਾਂ ਦੀ ਦੇਸ਼–ਭਗਤੀ ਦੀ ਦੂਰ–ਦ੍ਰਿਸ਼ਟੀ ਰਾਸ਼ਟਰ ਦੀ ਸਮੁੱਚੀ ਇਤਿਹਾਸਕ ਯਾਤਰਾ ਦੌਰਾਨ ਦੇਸ਼ ਪੱਧਰੀ ਜ਼ਮੀਰ ਜਗਾਉਂਦੀ ਰਹੀ ਤੇ ਉਸੇ ਸਦਕਾ ਮੋਦੀ ਸਰਕਾਰ ਨੇ ਆਖ਼ਰ 5 ਅਗਸਤ, 2019 ਨੂੰ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਦਿੱਤਾ।

ਡਾ. ਐੱਸ.ਪੀ. ਮੁਖਰਜੀ ਦਾ ਮਹਾਬੋਧੀ ਸੁਸਾਇਟੀ ਨਾਲ ਜੁੜਨਾ ਵੀ ਵਰਨਣਯੋਗ ਸੀ। ਇਸ ਸੁਸਾਇਟੀ ਦੇ ਪ੍ਰਧਾਨ ਵਜੋਂ ਉਨ੍ਹਾਂ ਭਾਰਤ ਦੇ ਹੋਰ ਦੇਸ਼ਾਂ ਨਾਲ ਸੱਭਿਆਚਾਰਕ ਸਬੰਧ ਹੋਰ ਮਜ਼ਬੂਤ ਕਰਨ ਵਿਚ ਚੋਖਾ ਯੋਗਦਾਨ ਪਾਇਆ। ਸਾਲ 1949 ’ਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬੋਧੀ ਕਲਾ–ਕ੍ਰਿਤੀਆਂ ਤੇ ਹੋਰ ਪ੍ਰਾਚੀਨ ਵਸਤਾਂ ਇੰਗਲੈਂਡ ਤੋਂ ਲਿਆ ਕੇ ਉਨ੍ਹਾਂ ਨੂੰ ਸੌਂਪੀਆਂ ਸਨ। ਬਾਅਦ ’ਚ ਡਾ. ਮੁਖਰਜੀ ਬਰਮਾ, ਵੀਅਤਨਾਮ, ਸ੍ਰੀਲੰਕਾ ਕੰਬੋਡੀਆ ਅਤੇ ਦੱਖਣ–ਪੂਰਬ ਦੇ ਹੋਰ ਏਸ਼ੀਆਈ ਦੇਸ਼ਾਂ ਵਿਚ ਸੱਭਿਆਚਾਰਕ ਸਫ਼ੀਰ ਵਜੋਂ ਬੋਧੀ ਕਦਰਾਂ–ਕੀਮਤਾਂ ਦੇ ਆਧਾਰ ਉਤੇ ਸੱਭਿਆਚਾਰਕ ਸਬੰਧ ਮਜ਼ਬੂਤ ਕਰਨ ਲਈ ਗਏ ਸਨ। ਡਾ. ਅੰਬੇਡਕਰ ਵੀ ਭੰਡਾਰਾ ਉਪ ਚੋਣ ਹਾਰਨ ਤੋਂ ਬਾਅਦ ਬਰਮਾ ਗਏ ਸਨ ਅਤੇ ਉਨ੍ਹਾਂ 1954 ’ਚ ਵੇਸਾਕ ਦਿਵਸ ਦੇ ਜਸ਼ਨ ਵੇਖੇ ਸਨ। ਇਸ ਤੋਂ ਉਨ੍ਹਾਂ ਦੇ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਦੇ ਰੁਝਾਨ ਦੀ ਜਾਣਕਾਰੀ ਮਿਲਦੀ ਹੈ।

ਮੋਦੀ ਸਰਕਾਰ ਲਈ ਨਵਭਾਰਤ ਦੇ ਨਿਰਮਾਣ ਵਾਸਤੇ ਡਾ. ਮੁਖਰਜੀ ਦੇ ਦੂਰ–ਦ੍ਰਿਸ਼ਟੀ ਗਿਆਨ ਦੀ ਇਕ ਸੁਪਰ–ਪਾਵਰ ਤੇ 21ਵੀਂ ਸਦੀ ਦੇ ਵਿਸ਼ਵ ਆਗੂ ਵਜੋਂ ਇਕ ਮਾਰਗ–ਦਰਸ਼ਕ ਚਾਨਣ–ਮੁਨਾਰੇ ਦਾ ਕੰਮ ਕਰਦੀ ਹੈ। ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿਕਾਸ ਦੇ ਰਾਹ ਉਤੇ ਪ੍ਰਫੁੱਲਿਤ ਹੋ ਰਹੇ ਹਨ। ਇਸ ਖੇਤਰ ’ਚ ਆਮ ਲੋਕਾਂ ਦਾ ਜੀਵਨ ਆਸਾਨ ਬਣਾਉਣ ਵਾਸਤੇ ਕੇਂਦਰ ਸਰਕਾਰ ਦੇ ਕਾਨੂੰਨ ਪੂਰੀ ਮਦਦ ਕਰ ਰਹੇ ਹਨ। ਹੁਣ ਤੱਕ ਵਾਂਝਾ ਰਿਹਾ ਸਮਾਜ ਦਾ ਵਰਗ ਸਰਕਾਰ ਦੀ ਮੁੱਖ ਧਾਰਾ ਦੀ ਵਿਕਾਸ ਯੋਜਨਾ ਵਿਚ ਆ ਗਿਆ ਹੈ। ਜੰਮੂ–ਕਸ਼ਮੀਰ ਦੇ ਸਾਰੇ ਸਿਆਸੀ ਆਗੂਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਬੈਠਕ ਨੇ ਇਸ ਖੇਤਰ ਦੀਆਂ ਵਿਕਾਸ ਨਾਲ ਸਬੰਧਤ ਸੰਭਾਵਨਾਵਾਂ ਨੂੰ ਇਕ ਹੋਰ ਨਵਾਂ ਹੁਲਾਰਾ ਦਿੱਤਾ ਹੈ। ਮੋਦੀ ਸਰਕਾਰ ਦੀ ਸੱਤ ਸਾਲ ਲੰਬੀ ਯਾਤਰਾ ਦਾ ਆਧਾਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਆਦਰਸ਼ ਹਨ, ਜੋ ‘ਸਬ ਕਾ ਸਾਥ ਸਬ ਕਾ ਵਿਕਾਸ ਸਬ ਕਾ ਵਿਸ਼ਵਾਸ’ ਦੀ ਦੂਰ–ਦ੍ਰਿਸ਼ਟੀ ਨੂੰ ਪ੍ਰਣਾਏ ਹੋਏ ਹਨ।

ਹੁਣ ਰਾਸ਼ਟਰ ਜਦੋਂ ਭਾਰਤੀ ਰਾਸ਼ਟਰਵਾਦ ਦੇ ਮਾਰਗਦਰਸ਼ਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ, ਆਓ ਇਸ ਸ਼ਾਨਦਾਰ ਤੇ ਮਜ਼ਬੂਤ ਰਾਸ਼ਟਰ ਨਾਲ ਸਬੰਧਤ ਉਨ੍ਹਾਂ ਦੇ ਸ਼ਾਨਦਾਰ ਵਿਚਾਰਾਂ ਤੇ ਸੂਝ-ਬੂਝ ਨੂੰ ਯਾਦ ਕਰੀਏ।


Bharat Thapa

Content Editor

Related News