ਸ਼੍ਰੀ ਰਾਮ ਮੰਦਰ : ਇਕ ਗਤੀਮਾਨ ਗੌਰਵ ਗਾਥਾ
Friday, Jan 10, 2025 - 05:00 PM (IST)
11 ਜਨਵਰੀ 2025 ਨੂੰ, ਅਯੁੱਧਿਆ ਵਿਚ ਸ਼੍ਰੀ ਰਾਮ ਜਨਮ ਭੂਮੀ ਵਿਖੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੇ ਅਭਿਸ਼ੇਕ ਹੋਣ ਨੂੰ ਇਕ ਸਾਲ ਹੋ ਜਾਵੇਗਾ। ਪਿਛਲੇ ਸਾਲ 22 ਜਨਵਰੀ 2024 ਨੂੰ, ਪੌਸ਼ ਸ਼ੁਕਲ ਦੁਆਦਸ਼ੀ ਵਾਲੇ ਦਿਨ, ਆਰ. ਐੱਸ. ਐੱਸ. ਮੁਖੀ ਡਾ. ਮੋਹਨ ਰਾਓ ਭਾਗਵਤ ਦੀ ਮੌਜੂਦਗੀ ਵਿਚ, ਬਾਲ ਸ਼੍ਰੀ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕਰਨ ਦੀ ਰਸਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰ ਕਮਲਾਂ ਨਾਲ ਕੀਤੀ ਗਈ ਸੀ ਅਤੇ ਦੇਖਦਿਆਂ ਹੀ ਦੇਖਦਿਆਂ ਅੱਜ ਇਕ ਸਾਲ ਪੂਰਾ ਹੋ ਰਿਹਾ ਹੈ, ਜਿਸ ਲਈ ਸਾਡੇ ਹਿੰਦੂ ਸਮਾਜ ਦੇ ਕਰੋੜਾਂ ਰਾਮ ਭਗਤਾਂ ਨੇ ਦੇਸ਼ ਭਰ ਵਿਚ ਸੰਘਰਸ਼ ਕੀਤਾ ਅਤੇ ਇਹ ਸੰਘਰਸ਼ ਨਾ ਸਿਰਫ਼ ਸੜਕਾਂ ’ਤੇ ਸਗੋਂ ਅਦਾਲਤਾਂ ਵਿਚ ਵੀ ਲੰਬੇ ਸਮੇਂ ਤੱਕ ਜਾਰੀ ਰਿਹਾ, ਇਸ ਨੂੰ ਕੋਈ ਨਹੀਂ ਭੁੱਲ ਸਕਦਾ।
ਪਰ ਲੰਬੇ ਸੰਘਰਸ਼ ਅਤੇ ਵੱਖ-ਵੱਖ ਪੱਧਰਾਂ ’ਤੇ ਹਿੰਦੂ ਜਾਗ੍ਰਿਤੀ ਦੇ ਵੱਖ-ਵੱਖ ਪ੍ਰੋਗਰਾਮਾਂ ਦੀ ਸਫਲਤਾ ਅਤੇ ਇਸ ਤੋਂ ਪੈਦਾ ਹੋਈ ਵਿਸ਼ਾਲ ਏਕਤਾ ਦੇ ਕਾਰਨ, ਅੱਜ ਅਸੀਂ ਅਯੁੱਧਿਆ ਵਿਚ ਸ਼ਾਨਦਾਰ ਰਾਮ ਮੰਦਰ ਦੀ ਉਸਾਰੀ ਦੇਖ ਰਹੇ ਹਾਂ।
ਅਯੁੱਧਿਆ ਵਿਚ ਸ਼੍ਰੀ ਰਾਮ ਜਨਮ ਭੂਮੀ ਦੇ ਸ਼ਾਨਦਾਰ ਨਿਰਮਾਣ ਲਈ ਕਾਨੂੰਨੀ ਲੜਾਈ ਅਦਾਲਤਾਂ ਵਿਚ ਲੰਬੇ ਸਮੇਂ ਤੱਕ ਲੜੀ ਗਈ ਸੀ। ਇਸੇ ਤਰ੍ਹਾਂ ਸਮੇਂ-ਸਮੇਂ ’ਤੇ ਸੜਕਾਂ ’ਤੇ ਜਨ ਅੰਦੋਲਨ ਆਯੋਜਿਤ ਕਰ ਕੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਫਿਰ ਸਾਲ 1989 ਵਿਚ, ਪੂਰੇ ਦੇਸ਼ ਵਿਚ ਸ਼ਿਲਾਪੂਜਨ ਪ੍ਰੋਗਰਾਮ ਆਯੋਜਿਤ ਕੀਤੇ ਗਏ, ਹਾਲਾਂਕਿ ਇਸਦਾ ਵੀ ਉਸ ਸਮੇਂ ਦੀ ਕਾਂਗਰਸ ਸ਼ਾਸਿਤ ਸਰਕਾਰ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ ਅਤੇ ਬਹੁਤ ਸਾਰੇ ਰਾਮ ਭਗਤ ਆਪਣੇ ਪੂਜਾ ਅਤੇ ਸ਼ਰਧਾ ਸਥਾਨ ਪ੍ਰਾਪਤ ਕਰਨ ਲਈ ਅਦਾਲਤ ਵੀ ਗਏ ਸਨ ਅਤੇ ਸੁਪਰੀਮ ਕੋਰਟ ਨੇ ਤਾਰਕੁੰਡੇ ਵੱਲੋਂ ਸ਼ਿਲਾਪੂਜਨ ਯਾਤਰਾ ਨੂੰ ਰੋਕਣ ਲਈ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਸਾਰੀਆਂ ਸ਼ਿਲਾਵਾਂ ਨੂੰ ਅਯੁੱਧਿਆ ਆਉਣ ਦੀ ਇਜਾਜ਼ਤ ਦੇ ਦਿੱਤੀ।
ਇਸ ਤੋਂ ਬਾਅਦ, ਸਤੰਬਰ 1990 ਵਿਚ, ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿਚ, ਗੁਜਰਾਤ ਦੇ ਸੋਮਨਾਥ ਤੋਂ ਅਯੁੱਧਿਆ ਤੱਕ ਰਾਮ ਰੱਥ ਯਾਤਰਾ ਕੱਢੀ ਗਈ ਅਤੇ ਇਸ ਰਾਹੀਂ ਦੇਸ਼ ਦਾ ਪੂਰਾ ਮਾਹੌਲ ਰਾਮਮਈ ਹੋ ਗਿਆ। ਇਸ ਤੋਂ ਪਹਿਲਾਂ, ਸਾਲ 1982-83 ਦੌਰਾਨ ਦੇਸ਼ ਦੇ 3 ਸਥਾਨਾਂ ਤੋਂ ਏਕਤਾ ਯਾਤਰਾ ਕੱਢੀ ਗਈ ਸੀ ਅਤੇ ਲਗਭਗ 50 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਸੀ।
ਪਹਿਲੀ ਯਾਤਰਾ ਹਰਿਦੁਆਰ ਤੋਂ ਸ਼ੁਰੂ ਹੋਈ ਅਤੇ ਕੰਨਿਆਕੁਮਾਰੀ ਪਹੁੰਚਣੀ ਸੀ। ਦੂਜੀ ਯਾਤਰਾ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਰ ਤੋਂ ਸ਼ੁਰੂ ਹੋ ਕੇ ਰਾਮੇਸ਼ਵਰ ਧਾਮ ਜਾਣੀ ਸੀ, ਜਦੋਂ ਕਿ ਤੀਜੀ ਯਾਤਰਾ ਬੰਗਾਲ ਦੇ ਗੰਗਾਸਾਗਰ ਤੋਂ ਸੋਮਨਾਥ ਤੱਕ ਸੀ। ਇਹ ਤਿੰਨੋਂ ਯਾਤਰਾਵਾਂ ਇਕ ਖਾਸ ਦਿਨ ਨਾਗਪੁਰ ਵਿਚ ਦਾਖਲ ਹੋਣੀਆਂ ਸਨ। ਪੂਰੀ ਯੋਜਨਾ ਤਿਆਰ ਕਰਨ ਤੋਂ ਬਾਅਦ, ਅਸੀਂ ਇਨ੍ਹਾਂ ਯਾਤਰਾਵਾਂ ਦੇ ਸ਼ਹਿਰ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਨਾਗਪੁਰ ਪਹੁੰਚ ਗਏ। ਇਸ ਦੀ ਸਾਰੀ ਯੋਜਨਾਬੰਦੀ ਅਤੇ ਸੰਰਚਨਾ ਸੰਘ ਦੇ ਸੀਨੀਅਰ ਪ੍ਰਚਾਰਕ ਸਵਰਗੀ ਮੋਰੋਪੰਤ ਪਿੰਗਲੇ ਵੱਲੋਂ ਕੀਤੀ ਗਈ ਸੀ।
ਉਪਰੋਕਤ ਘਟਨਾਵਾਂ ਦੇਸ਼ ਦੇ ਹਿੰਦੂ ਸਮਾਜ ਦੇ ਆਮ ਲੋਕਾਂ ਵਿਚ ਭਗਵਾਨ ਸ਼੍ਰੀ ਰਾਮ ਪ੍ਰਤੀ ਆਪਣੇ ਆਦਰਸ਼ ਵਜੋਂ ਵਿਸ਼ਵਾਸ ਅਤੇ ਸ਼ਰਧਾ ਦੀ ਜਾਗ੍ਰਿਤੀ ਨੂੰ ਦਰਸਾਉਂਦੀਆਂ ਹਨ ਅਤੇ ਹਿੰਦੂ ਸਮਾਜ ਦੇ ਸਾਰੇ ਵਰਗਾਂ ਨੇ ਆਪਣੀ ਸਿੱਧੀ ਹਿੱਸੇਦਾਰੀ ਨਾਲ ਅਜਿਹੇ ਪ੍ਰੋਗਰਾਮਾਂ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ।
ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਬਾਅਦ ਵਿਚ ਅਦਾਲਤ ਵਿਚ, ਸਾਬਕਾ ਕਾਂਗਰਸੀ ਸੰਸਦ ਮੈਂਬਰ ਕਪਿਲ ਸਿੱਬਲ ਨੇ ਇਸ ਮਾਮਲੇ ਦਾ ਸਖ਼ਤ ਵਿਰੋਧ ਕੀਤਾ। ਸੁਪਰੀਮ ਕੋਰਟ ਵਿਚ ਲਗਭਗ 40 ਦਿਨ ਜਾਂ ਲਗਭਗ 170 ਘੰਟੇ ਨਿਯਮਿਤ ਸੁਣਵਾਈ ਹੋਈ ਅਤੇ ਇਸ ਤੋਂ ਬਾਅਦ, 9 ਨਵੰਬਰ 2019 ਨੂੰ, ਸੁਪਰੀਮ ਕੋਰਟ ਨੇ ਰਾਮ ਜਨਮਭੂਮੀ ਭਾਵ ਰਾਮਲੱਲਾ ਦੇ ਹੱਕ ਵਿਚ ਆਪਣਾ ਫੈਸਲਾ ਦਿੱਤਾ।
ਜਿਸ ਦਿਨ ਅਯੁੱਧਿਆ ਵਿਚ ਪ੍ਰਾਣ-ਪ੍ਰਤਿਸ਼ਠਾ ਦੀ ਰਸਮ ਹੋ ਰਹੀ ਸੀ, ਉਸੇ ਦਿਨ ਦੇਸ਼ ਭਰ ਵਿਚ ਲਗਭਗ 5 ਲੱਖ 59 ਹਜ਼ਾਰ 231 ਥਾਵਾਂ ’ਤੇ 9 ਲੱਖ 85 ਹਜ਼ਾਰ 625 ਪ੍ਰੋਗਰਾਮ ਕੀਤੇ ਗਏ ਸਨ, ਜਿਨ੍ਹਾਂ ਵਿਚ 27 ਕਰੋੜ 81 ਲੱਖ 54 ਹਜ਼ਾਰ 665 ਲੋਕ ਸਿੱਧੇ ਤੌਰ ’ਤੇ ਸ਼ਾਮਲ ਹੋਏ ਸਨ, ਜੋ ਕਿਸੇ ਕਾਰਨ ਕਰਕੇ ਅਯੁੱਧਿਆ ਨਹੀਂ ਪਹੁੰਚ ਸਕੇ ਸਨ। ਅਜਿਹੀਆਂ ਮੁਹਿੰਮਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹਿੰਦੂ ਸਮਾਜ ਪੁਨਰ ਜਾਗਰਣ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਤਿਆਰ ਹੈ ਅਤੇ ਇਹੀ ਭਾਵਨਾ ਅਯੁੱਧਿਆ ਵਿਚ ਮੰਦਰ ਪੁਨਰ ਨਿਰਮਾਣ ਪ੍ਰੋਗਰਾਮ ਦੌਰਾਨ ਦੇਖੀ ਗਈ ਸੀ ਜਿੱਥੇ ਹਰ ਘਰ ਨੇ ਆਪਣੀ ਸਮਰੱਥਾ ਅਨੁਸਾਰ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਓ-ਭਗਤ ’ਚ ਸਥਾਨਕ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਲਈ ਚਾਹ, ਰਿਫਰੈਸ਼ਮੈਂਟ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਸੀ।
ਇਹ ਦ੍ਰਿਸ਼ ਪੂਰੇ ਅਯੁੱਧਿਆ ਸ਼ਹਿਰ ਵਿਚ ਦੇਖਿਆ ਗਿਆ। ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ-ਪ੍ਰਤਿਸ਼ਠਾ ਨੂੰ ਲਗਭਗ ਇਕ ਸਾਲ ਹੋ ਰਿਹਾ ਹੈ ਅਤੇ ਇਸ ਦੌਰਾਨ ਛੋਟੇ ਵਪਾਰੀਆਂ ਦਾ ਕਾਰੋਬਾਰ ਵੀ ਵਾਹਵਾ ਵਧ ਰਿਹਾ ਹੈ ਅਤੇ ਦੁਕਾਨਦਾਰਾਂ ਦੀ ਆਮਦਨ ਵਿਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ।
ਮੰਦਰ ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਹੁਣ ਮੰਦਰ ਦੀ ਉਸਾਰੀ ਤੋਂ ਬਾਅਦ ਹਿੰਦੂ ਸਮਾਜ ਦੇ ਸਾਰੇ ਵਰਗਾਂ ਵਿਚ ਜੋ ਜਨ ਜਾਗ੍ਰਿਤੀ ਦਿਖਾਈ ਦੇ ਰਹੀ ਹੈ, ਉਹ ਯਕੀਨੀ ਤੌਰ ’ਤੇ ਦੇਸ਼ ਵਿਚ ਹਿੰਦੂਤਵ ਅਤੇ ਸੱਭਿਆਚਾਰਕ ਰਾਸ਼ਟਰਵਾਦ ਦਾ ਸਿੱਧਾ ਸਬੂਤ ਸਾਨੂੰ ਸਾਰਿਆਂ ਨੂੰ ਦਿਖਾਈ ਦੇ ਰਿਹਾ ਹੈ। ਬੰਗਲਾਦੇਸ਼ ਵਿਚ ਘੱਟਗਿਣਤੀ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਹੋ ਰਹੇ ਹਨ ਅਤੇ ਇੱਥੇ ਭਾਰਤ ਵਿਚ ਇਸ ’ਤੇ ਤਿੱਖਾ ਗੁੱਸਾ ਪ੍ਰਗਟ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ ਵਿਚ, ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਨਾਅਰੇ ‘ਏਕ ਹੈਂ ਤੋ ਸੇਫ ਹੈਂ’ ਦੇ ਅਰਥਾਂ ਨੂੰ ਸਮਝਣ ਲੱਗੇ ਹਨ।
–ਪ੍ਰਮੋਦ ਮਜੂਮਦਾਰ