ਭਾਰਤ ’ਚ ਬੱਚੀਆਂ ਦੀ ਸਿੱਖਿਆ ਦੇ ਗੰਭੀਰ ਹਾਲਾਤ

Sunday, Sep 24, 2023 - 02:17 PM (IST)

ਭਾਰਤ ’ਚ ਬੱਚੀਆਂ ਦੀ ਸਿੱਖਿਆ ਦੇ ਗੰਭੀਰ ਹਾਲਾਤ

ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਹੁਣੇ ਜਿਹੇ ਹੀ ਦਿਹਾਤੀ ਭਾਰਤ ’ਚ ਪ੍ਰਾਇਮਰੀ ਸਿੱਖਿਆ ਦੀ ਸਥਿਤੀ 2023 ਬਾਰੇ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ’ਚ ਦਿੱਤੇ ਗਏ ਅੰਕੜੇ ਸਪੱਸ਼ਟ ਤੌਰ ’ਤੇ ਇਹ ਦੱਸਦੇ ਹਨ ਕਿ ਭਾਰਤ ਦੇ ਪਿੰਡਾਂ ’ਚ ਹੁਣ ਬੱਚੀਆਂ ਦੀ ਸਿੱਖਿਆ ਨੂੰ ਲੈ ਕੇ ਉਤਸ਼ਾਹ ਵਧ ਰਿਹਾ ਹੈ। ਸਰਵੇਖਣ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਅੱਜ ਭਾਰਤ ਦੇ 78 ਫੀਸਦੀ ਦਿਹਾਤੀ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਗ੍ਰੈਜੂਏਸ਼ਨ ਜਾਂ ਇਸ ਤੋਂ ਅੱਗੇ ਦੀ ਪੜ੍ਹਾਈ ਕਰੇ। 82 ਫੀਸਦੀ ਮਾਪੇ ਆਪਣੇ ਬੇਟਿਆਂ ਨੂੰ ਗ੍ਰੈਜੂਏਟ ਜਾਂ ਉਸ ਤੋਂ ਅੱਗੇ ਪੜ੍ਹਾਉਣਾ ਚਾਹੁੰਦੇ ਹਨ।

ਸਰਵੇਖਣ ’ਚ ਦਿੱਤੇ ਇਹ ਅੰਕੜੇ ਭਾਰਤ ’ਚ ਬੱਚੀਆਂ ਦੀ ਸਿੱਖਿਆ ਨੂੰ ਲੈ ਕੇ ਬਦਲਦੇ ਨਜ਼ਰੀਏ ਨੂੰ ਉਜਾਗਰ ਕਰਦੇ ਹਨ ਪਰ ਦੇਖਿਆ ਜਾਵੇ ਤਾਂ ਅੱਜ ਵੀ ਦੇਸ਼ ਦੀ ਅੱਧੀ ਆਬਾਦੀ ਨੂੰ ਸਿੱਖਿਅਤ ਕਰਨ ਅਤੇ ਆਰਥਿਕ ਪੱਖੋਂ ਸਵੈ-ਨਿਰਭਰ ਬਣਾਉਣ ਦੇ ਰਾਹ ’ਚ ਬਹੁਤ ਚੁਣੌਤੀਆਂ ਹਨ। ਬੱਚੀਆਂ ਦੀ ਪੜ੍ਹਾਈ ਦਾ ਰਾਹ ਇੰਨਾ ਸੌਖਾ ਅੱਜ ਵੀ ਨਹੀਂ ਹੈ।

ਇਸੇ ਸਰਵੇਖਣ ’ਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਾਇਮਰੀ ਪੱਧਰ ’ਤੇ ਪੜ੍ਹਾਈ ਛੱਡਣ ਵਾਲੇ ਬੱਚਿਆਂ ’ਚ ਤਿੰਨ ਚੌਥਾਈ ਬੱਚੀਆਂ ਅਤੇ ਇਕ ਚੌਥਾਈ ਬੱਚੇ ਹਨ। ਇਹ ਸਪੱਸ਼ਟ ਤੌਰ ’ਤੇ ਜ਼ਾਹਿਰ ਕਰਦਾ ਹੈ ਕਿ ਪ੍ਰਾਇਮਰੀ ਪੱਧਰ ’ਤੇ ਗਰਲਜ਼ ਡ੍ਰਾਪਆਊਟ ਦਾ ਅਨੁਪਾਤ ਮੁੰਡਿਆਂ ਦੇ ਮੁਕਾਬਲੇ ਵੱਧ ਹੈ। ਸਿੱਖਿਆ ਮਾਹਿਰਾਂ ਦੀ ਮੰਨੀਏ ਤਾਂ ਅੱਜ ਵੀ ਭਾਰਤ ਦੇ ਕਈ ਪਿੰਡ ਅਜਿਹੇ ਹਨ ਜਿੱਥੇ ਉੱਚ ਸਿੱਖਿਆ ਲਈ ਸਕੂਲ ਨਹੀਂ ਹਨ। ਬੱਚੀਆਂ ਦੀ ਪੜ੍ਹਾਈ ਦਾ ਪੱਧਰ ਕੀ ਹੈ, ਇਸ ਨੂੰ ਇਕ ਸਰਵੇਖਣ ਰਿਪੋਰਟ ਤੋਂ ਸਮਝਿਆ ਜਾ ਸਕਦਾ ਹੈ।

ਭਾਰਤ ਦੇ ਪੇਂਡੂ ਵਿਕਾਸ ਮੰਤਰਾਲਾ ਵਲੋਂ ਜਾਰੀ ਇਕ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਮੌਜੂਦਾ ਸਮੇਂ ’ਚ ਭਾਰਤ ਦੇ ਲਗਭਗ 6.57 ਫੀਸਦੀ ਪਿੰਡਾਂ ’ਚ ਹੀ ਸੀਨੀਅਰ ਸੈਕੰਡਰੀ ਜਮਾਤ ਭਾਵ 11ਵੀਂ ਅਤੇ 12ਵੀਂ ਭਾਵ ਹਾਇਰ ਐਜੂਕੇਸ਼ਨ ਦੇ ਸਕੂਲ ਹਨ। ਦੇਸ਼ ਦੇ ਸਿਰਫ 11 ਫੀਸਦੀ ਪਿੰਡਾਂ ’ਚ ਹੀ 9ਵੀਂ ਅਤੇ 10ਵੀਂ ਦੀ ਪੜ੍ਹਾਈ ਲਈ ਹਾਈ ਸਕੂਲ ਹਨ।

ਜੇ ਸੂਬਾਵਾਰ ਦੇਖੀਏ ਤਾਂ ਅੱਜ ਵੀ ਦੇਸ਼ ਦੇ ਲਗਭਗ 10 ਸੂਬੇ ਅਜਿਹੇ ਹਨ ਜਿੱਥੇ 15 ਫੀਸਦੀ ਤੋਂ ਵੱਧ ਪਿੰਡਾਂ ’ਚ ਕੋਈ ਸਕੂਲ ਨਹੀਂ। ਪਿੰਡਾਂ ’ਚ ਉੱਚ ਸਿੱਖਿਆ ਅਦਾਰਿਆਂ ਦੀ ਕਮੀ ਕਾਰਨ ਮਾਤਾ-ਪਿਤਾ ਬੱਚੀਆਂ ਨੂੰ ਮੁੱਢਲੀ ਸਿੱਖਿਆ ਲਈ ਸਕੂਲਾਂ ’ਚ ਦਾਖਲ ਹੀ ਨਹੀਂ ਕਰਦੇ। ਜੇ ਦਾਖਲ ਕਰਵਾ ਵੀ ਦਿੱਤਾ ਜਾਂਦਾ ਹੈ ਤਾਂ ਸਕੂਲ ਦੂਰ ਹੋਣ ਕਾਰਨ ਉਹ ਆਪਣੀ ਬੱਚੀ ਨੂੰ ਪ੍ਰਾਇਮਰੀ ਤੱਕ ਪੜ੍ਹਾਉਣ ਪਿੱਛੋਂ ਘਰ ਬਿਠਾ ਲੈਂਦੇ ਹਨ ਕਿਉਂਕਿ ਹਾਈ ਸਕੂਲ ਅਤੇ ਇੰਟਰ ਦੀ ਪੜ੍ਹਾਈ ਉਨ੍ਹਾਂ ਦੇ ਪਿੰਡਾਂ ’ਚ ਉਪਲੱਬਧ ਨਹੀਂ ਹੁੰਦੀ।

ਡਿਵੈਲਪਮੈਂਟ ਇੰਟੈਲੀਜੈਂਸ ਯੂਨਿਟ ਵੱਲੋਂ ਕੀਤੇ ਗਏ ਸਰਵੇਖਣ ਦੇ ਅੰਕੜੇ ਮੁਤਾਬਕ ਪਿੰਡਾਂ ਦੇ ਲਗਭਗ 37 ਫੀਸਦੀ ਮਾਤਾ-ਪਿਤਾ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਪਰਿਵਾਰਕ ਕੰਮਾਂ ’ਚ ਹੱਥ ਵੰਡਾਉਣ ਕਾਰਨ ਉਨ੍ਹਾਂ ਦੀਆਂ ਬੇਟੀਆਂ ਨੂੰ ਪੜ੍ਹਾਈ ਅੱਧਵਾਟੇ ਹੀ ਛੱਡਣੀ ਪੈਂਦੀ ਹੈ। ਨਾਲ ਹੀ ਨਾਲ 21.1 ਫੀਸਦੀ ਮਾਪਿਆਂ ਨੇ ਇਹ ਮੰਨਿਆ ਕਿ ਕੁੜੀ ਪਰਿਵਾਰ ਦੀਆਂ ਘਰੇਲੂ ਜ਼ਿੰਮੇਵਾਰੀਆਂ ’ਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਮਾਂ ਦੇ ਕੰਮ ਕਰਨ, ਬੀਮਾਰ ਰਹਿਣ, ਛੋਟੇ ਭਰਾਵਾਂ-ਭੈਣਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਕਾਰਨ ਬੇਟੀਆਂ ਆਪਣੀ ਪੜ੍ਹਾਈ ਅੱਧਵਾਟੇ ਹੀ ਛੱਡ ਦਿੰਦੀਆਂ ਹਨ।

ਸੀਮਾ ਅਗਰਵਾਲ


author

Rakesh

Content Editor

Related News