ਸੰਭਲ ਜਾਮਾ ਮਸਜਿਦ: ਇਤਿਹਾਸ ਦੇ ਝਰੋਖੇ ’ਚੋਂ
Tuesday, Dec 10, 2024 - 05:32 PM (IST)
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਵਿਚ ਜਾਮਾ ਮਸਜਿਦ, ਜੋ ਹੁਣ ਅਦਾਲਤ ਦੇ ਹੁਕਮਾਂ ਵਾਲੇ ਸਰਵੇਖਣ ਨੂੰ ਲੈ ਕੇ ਵਿਵਾਦ ਦੇ ਕੇਂਦਰ ਵਿਚ ਹੈ, 1526 ਵਿਚ ਬਾਬਰ ਦੇ ਇਕ ਅਧਿਕਾਰੀ ਵਲੋਂ ਬਣਵਾਈ ਗਈ ਸੀ। ਮਸਜਿਦ ਬਾਰੇ ਹੋਰ ਬਹੁਤ ਕੁਝ ਅਸਪੱਸ਼ਟ ਹੈ ਜੋ ਪੌਰਾਣਿਕ ਕਥਾਵਾਂ, ਇਤਿਹਾਸ ਅਤੇ ਕਾਨੂੰਨੀ ਦਸਤਾਵੇਜ਼ਾਂ ਵਿਚ ਗੁਆਚ ਗਿਆ ਹੈ।
ਮਸਜਿਦ ਦੇ ਸਰਵੇਖਣ ਕਾਰਨ ਭੜਕੀ ਹਿੰਸਾ, ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ ਸੀ, ਦੇ ਪੰਜ ਦਿਨ ਬਾਅਦ, 29 ਨਵੰਬਰ ਨੂੰ ਸੁਪਰੀਮ ਕੋਰਟ ਨੇ ਪਟੀਸ਼ਨਰਾਂ ਨੂੰ ਇਸ ਮਾਮਲੇ ’ਤੇ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਅਤੇ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤਾ ਕਿ ਮਾਮਲੇ ਦੀ ਸੁਣਵਾਈ ਹੋਣ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ।
ਹਿੰਦੂ ਧਿਰਾਂ ਨੇ ਸੰਭਲ ਅਦਾਲਤ ’ਚ ਦਾਅਵਾ ਕੀਤਾ ਸੀ ਕਿ ਅਸਲ ’ਚ ਉਸ ਜਗ੍ਹਾ ’ਤੇ ਭਗਵਾਨ ਵਿਸ਼ਵਕਰਮਾ ਵਲੋਂ ਬਣਾਇਆ ਗਿਆ ਸ਼੍ਰੀ ਹਰੀ ਹਰ ਮੰਦਰ ਸੀ, ਜਿਸ ਨੂੰ ਮਸਜਿਦ ਬਣਾਉਣ ਲਈ ਢਾਹ ਦਿੱਤਾ ਗਿਆ ਸੀ।
ਉਨ੍ਹਾਂ ਨੇ ਇਕ ਪ੍ਰਚੱਲਿਤ ਮਾਨਤਾ ਦਾ ਹਵਾਲਾ ਦਿੱਤਾ ਕਿ ਭਗਵਾਨ ਵਿਸ਼ਨੂੰ ਦੇ 10ਵੇਂ ਅਵਤਾਰ ਕਲਕੀ, ਕਲਯੁੱਗ (ਹਿੰਦੂ ਮਿਥਿਹਾਸ ਦੇ ਅਨੁਸਾਰ ਸੰਸਾਰ ਦਾ ਮੌਜੂਦਾ ਯੁੱਗ) ਵਿਚ ਸੰਭਲ ਵਿਚ ਪ੍ਰਗਟ ਹੋਣਗੇ।
ਮੌਜੂਦਾ ਮਾਮਲਾ ਮਸਜਿਦ ਦੇ ਕਾਨੂੰਨੀ ਵਿਵਾਦ ਨਾਲ ਜੁੜਿਆ ਕੋਈ ਪਹਿਲਾ ਮਾਮਲਾ ਨਹੀਂ ਹੈ। ਹਿੰਦੂ ਪੱਖ ਨੇ ਮੁਰਾਦਾਬਾਦ ਦੀ ਇਕ ਅਦਾਲਤ ਵਿਚ ਇਸ ਉੱਤੇ ਇਕ ਟਾਈਟਲ ਮੁਕੱਦਮਾ ਦਾਇਰ ਕੀਤਾ ਸੀ ਅਤੇ 1878 ਵਿਚ ਇਲਾਹਾਬਾਦ ਹਾਈ ਕੋਰਟ ਵਿਚ ਅਪੀਲ ਕੀਤੀ ਸੀ, ਪਰ ਇਸ ਨੂੰ ਤਤਕਾਲੀ ਚੀਫ਼ ਜਸਟਿਸ ਸਰ ਰੌਬਰਟ ਸਟੂਅਰਟ ਵਲੋਂ ਰੱਦ ਕਰ ਦਿੱਤਾ ਗਿਆ ਸੀ।
ਸੰਭਲ ਮਸਜਿਦ ਦਾ ਇਤਿਹਾਸ: ਸੰਭਲ ਮਸਜਿਦ ਨੂੰ ਦੇਸ਼ ਦੀ ਸਭ ਤੋਂ ਪੁਰਾਣੀ ਜੀਵਤ ਮੁਗਲ ਮਸਜਿਦ ਮੰਨਿਆ ਜਾਂਦਾ ਹੈ ਅਤੇ ਇਹ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ . ਆਈ.) ਦੇ ਅਧੀਨ ਇਕ ਸੁਰੱਖਿਅਤ ਸਮਾਰਕ ਹੈ। ਮਸਜਿਦ ਦਾ ਇਤਿਹਾਸ ਸੰਭਲ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਜ਼ਿਲੇ ਦੀ ਵੈੱਬਸਾਈਟ ਦੇ ਅਨੁਸਾਰ, 5ਵੀਂ ਸਦੀ ਈਸਾ ਪੂਰਵ ਦੇ ਦੌਰਾਨ, ਸੰਭਲ ਪੰਚਾਲ ਸ਼ਾਸਕਾਂ ਦਾ ਘਰ ਸੀ ਅਤੇ ਬਾਅਦ ਵਿਚ ਰਾਜਾ ਅਸ਼ੋਕ ਦੇ ਸਾਮਰਾਜ ਦਾ ਹਿੱਸਾ ਬਣ ਗਿਆ।
ਸੰਭਲ 1526 ਵਿਚ ਪਾਨੀਪਤ ਦੀ ਲੜਾਈ ਵਿਚ ਬਾਬਰ ਵਲੋਂ ਇਬਰਾਹਿਮ ਲੋਧੀ ਨੂੰ ਹਰਾਉਣ ਤੋਂ ਬਾਅਦ ਮੁਗਲਾਂ ਦੇ ਅਧੀਨ ਆ ਗਿਆ। ਉਸੇ ਸਾਲ, ਬਾਬਰ ਦੇ ਅਧੀਨ ਇਕ ਅਫਸਰ ਹਿੰਦੂ ਬੇਗ ਨੇ ਸੰਭਲ ਮਸਜਿਦ ਦਾ ਨਿਰਮਾਣ ਕਰਵਾਇਆ ਸੀ
ਬਾਬਰ ਦੇ ਰਾਜ ਦੌਰਾਨ ਬਣੀਆਂ ਸਿਰਫ਼ 3 ਮਸਜਿਦਾਂ ਆਧੁਨਿਕ ਸਮੇਂ ਤੱਕ ਬਚੀਆਂ ਹਨ। ਸੰਭਲ ਦੀ ਜਾਮਾ ਮਸਜਿਦ, ਪਾਨੀਪਤ ਦੀ ਕਾਬੁਲੀ ਬਾਗ ਮਸਜਿਦ (1527-28 ਈ.) ਅਤੇ ਅਯੁੱਧਿਆ ਦੀ ਬਾਬਰੀ ਮਸਜਿਦ (1529), ਜਿਨ੍ਹਾਂ ਨੂੰ ਕਾਰਸੇਵਕਾਂ ਨੇ 1992 ਵਿਚ ਢਾਹ ਦਿੱਤਾ ਸੀ।
ਅਮਰੀਕੀ ਇਤਿਹਾਸਕਾਰ ਹਾਵਰਡ ਕ੍ਰੇਨ ਨੇ ਆਪਣੇ ਪੇਪਰ ‘ਪੈਟਰੋਨੇਜ ਆਫ਼ ਜ਼ਹੀਰ ਅਲ-ਦੀਨ ਬਾਬਰ’ (1987 ਵਿਚ ਬੁਲੇਟਿਨ ਆਫ਼ ਏਸ਼ੀਆ ਇੰਸਟੀਚਿਊਟ ਵਿਚ ਪ੍ਰਕਾਸ਼ਿਤ) ਵਿਚ ਕਿਹਾ ਹੈ ਕਿ ਬਾਬਰ ਦੀਆਂ ਯਾਦਾਂ ਵਿਚ ਸੰਭਲ ਮਸਜਿਦ ਦਾ ਜ਼ਿਕਰ ਨਹੀਂ ਹੈ ਪਰ ਉਹ ਇਹ ਗੱਲ ਦੱਸਦੇ ਹਨ ਕਿ ਇਕ ਹਿੰਦੂ ਬੇਗ ਕੁਸੀਨ, ਜੋ ਉਨ੍ਹਾਂ ਦੇ ਨਾਲ ਕਾਬੁਲ ਤੋਂ ਆਇਆ ਸੀ, ਨੂੰ 1515-16 ਵਿਚ ਅਤੇ ਫਿਰ 1528-29 ਵਿਚ ਸੰਭਲ ਵਿਚ ਤਾਇਨਾਤ ਕੀਤਾ ਗਿਆ ਸੀ। ਮਸਜਿਦ ਉੱਤੇ ਲਿਖੇ ਸ਼ਿਲਾਲੇਖ ਅਨੁਸਾਰ ਹਿੰਦੂ ਬੇਗ ਨੇ ਜਾਮਾ ਮਸਜਿਦ ਦੀ ਉਸਾਰੀ ਕਰਵਾਈ ਸੀ।
ਅਮਰੀਕੀ ਇਤਿਹਾਸਕਾਰ ਕੈਥਰੀਨ ਐਸ਼ਰ ਨੇ 1992 ਵਿਚ ਪ੍ਰਕਾਸ਼ਿਤ ‘ਦਿ ਨਿਊ ਕੈਂਬ੍ਰਿਜ ਹਿਸਟਰੀ ਆਫ ਇੰਡੀਆਜ਼ ਆਰਕੀਟੈਕਚਰ ਆਫ ਮੁਗਲ ਇੰਡੀਆ’ ਵਿਚ ਮਸਜਿਦ ਬਾਰੇ ਵਿਸਥਾਰ ਵਿਚ ਲਿਖਿਆ ਹੈ। ਐਸ਼ਰ ਲਿਖਦੀ ਹੈ, ‘ਸੰਭਲ ਮਸਜਿਦ 1526 ਵਿਚ ਮੀਰ ਹਿੰਦੂ ਬੇਗ ਵਲੋਂ ਬਣਾਈ ਗਈ ਸੀ, ਜੋ ਬਾਬਰ ਅਤੇ ਹਮਾਯੂੰ ਦੋਹਾਂ ਦੇ ਦਰਬਾਰਾਂ ਵਿਚ ਇਕ ਮਹੱਤਵਪੂਰਨ ਸਰਦਾਰ ਸੀ।’
ਐਸ਼ਰ ਅੱਗੇ ਦੱਸਦੀ ਹੈ ਕਿ ਭਾਵੇਂ ਸੰਭਲ ਮਸਜਿਦ ਦੀ 17ਵੀਂ ਸਦੀ ਵਿਚ ਘੱਟੋ-ਘੱਟ ਦੋ ਵਾਰ ਮੁਰੰਮਤ ਕੀਤੀ ਗਈ ਸੀ ਪਰ ਇਸਦੀ ਮੂਲ ਸਥਿਤੀ ਦੇ ਕਾਫ਼ੀ ਹਿੱਸੇ ਅਜੇ ਵੀ ਮੌਜੂਦ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸਦੀ ਯੋਜਨਾ ਅਤੇ ਆਮ ਰੂਪ ਬਾਬਰ ਦੀ ਪਾਨੀਪਤ ਮਸਜਿਦ ਦੇ ਅਗਲੇ ਸਾਲ ਸ਼ੁਰੂ ਹੋਣ ਦਾ ਅੰਦਾਜ਼ਾ ਹੈ । ਉਹ ਲਿਖਦੀ ਹੈ ਕਿ ਸੰਭਲ ਦੀ ਮਸਜਿਦ 1398 ਵਿਚ ਦਿੱਲੀ ਸ਼ਹਿਰ ਉੱਤੇ ਤੈਮੂਰ ਦੇ ਹਮਲੇ ਤੋਂ ਬਾਅਦ ਬਣੀ ਸਭ ਤੋਂ ਵੱਡੀ ਮਸਜਿਦ ਸੀ। ਇਹ ਮਸਜਿਦ ਇਕ ਉੱਚੀ ਪਹਾੜੀ ’ਤੇ ਸਥਿਤ ਹੈ ਅਤੇ ਲੰਬੀ ਦੂਰੀ ਤੱਕ ਸ਼ਹਿਰ ਉੱਤੇ ਹਾਵੀ ਹੈ।
ਮੌਜੂਦਾ ਦਾਅਵਾ : ਹਿੰਦੂ ਦਾਅਵਾ ਕਰਦੇ ਹਨ ਕਿ ਇਸ ਸਥਾਨ ’ਤੇ ਇਕ ਮੰਦਰ ਮੌਜੂਦ ਹੈ, ਕਿਉਂਕਿ ਉਹ ਮੰਨਦੇ ਹਨ ਕਿ ਮਸਜਿਦ ਦੀ ਇਮਾਰਤ ’ਚ ਅਜੇ ਵੀ ਮੰਦਰ ਦੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ ਅਤੇ ਮੰਦਰ ਦੇ ਮਲਬੇ ਦੀ ਵਰਤੋਂ ਕਰ ਕੇ ਬਣਾਈ ਗਈ ਪ੍ਰਤੀਤ ਹੁੰਦੀ ਹੈ। ਇਨ੍ਹਾਂ ‘ਵਿਸ਼ੇਸ਼ਤਾਵਾਂ’ ਵਿਚ ਮਸਜਿਦ ਦੇ ਗੁੰਬਦ ਤੋਂ ਲਟਕਦੀ ਇਕ ਜ਼ੰਜੀਰ ਸ਼ਾਮਲ ਹੈ, ਜਿਸ ਬਾਰੇ ਉਹ ਮੰਨਦੇ ਹਨ ਕਿ ਇਸ ’ਚ ਕਦੀ ਇਕ ਘੰਟੀ ਲੱਗੀ ਹੁੰਦੀ ਸੀ। ਮਸਜਿਦ ਦੇ ਥੰਮ੍ਹ ਇਕ ਮੰਦਰ ਵਾਂਗ ਦਿਖਾਈ ਦਿੰਦੇ ਹਨ ਅਤੇ ਮਸਜਿਦ ਦੇ ਅੰਦਰ ‘ਪਰਿਕਰਮਾ’ ਲਈ ਇਕ ਰਸਤਾ ਮੌਜੂਦ ਹੈ।
ਇਨ੍ਹਾਂ ਵਿਚੋਂ ਕਈਆਂ ਦਾ ਜ਼ਿਕਰ ਏ.ਐੱਸ.ਆਈ. ਪ੍ਰਥਮ ਸਹਾਇਕ ਏ. ਸੀ.ਐੱਲ. ਕਾਰਲਾਈਲ ਵਲੋਂ 1874-76 ਦੀ ਏ.ਐੱਸ.ਆਈ. ਰਿਪੋਰਟ ’ਚ ਕੀਤਾ ਗਿਆ ਹੈ, ਜਿਸ ਦਾ ਸਿਰਲੇਖ ਹੈ ‘ਮੱਧ ਦੋਆਬ ਅਤੇ ਗੋਰਖਪੁਰ ’ਚ ਭ੍ਰਮਣ’। ਕਾਰਲਾਈਲ ਲਿਖਦੇ ਹਨ, ‘ਸੰਭਲ ਦੀ ਮੁੱਖ ਇਮਾਰਤ ਜਾਮਾ ਮਸਜਿਦ ਹੈ, ਜਿਸ ਬਾਰੇ ਹਿੰਦੂ ਦਾਅਵਾ ਕਰਦੇ ਹਨ ਕਿ ਉਹ ਅਸਲ ਵਿਚ ਹਰੀ ਮੰਦਰ ਦਾ ਮੰਦਰ ਸੀ।’
ਹਾਲਾਂਕਿ ਸਰ ਅਲੈਗਜ਼ੈਂਡਰ ਕਨਿੰਘਮ, ਜੋ ਉਸ ਸਮੇਂ ਏ. ਐੱਸ. ਆਈ. ਦੇ ਮਹਾਨਿਰਦੇਸ਼ਕ ਸਨ, ਉਹ ਕਾਰਲਾਈਲ ਨਾਲ ਅਸਹਿਮਤ ਸਨ ਅਤੇ ਉਨ੍ਹਾਂ ਨੇ ਆਪਣੀ ਰਿਪੋਰਟ ਵਿਚ ਇਕ ਟਿੱਪਣੀ ਜੋੜਦੇ ਹੋਏ ਕਿਹਾ, ‘ਮਸਜਿਦ ਉੱਤੇ ਲਿਖਿਆ ਸ਼ਿਲਾਲੇਖ, ਜਿਸ ਨੂੰ ਹਿੰਦੂ ਜਾਅਲੀ ਦੱਸ ਕੇ ਉਸਦੀ ਨਿੰਦਾ ਕਰਦੇ ਹਨ, ਮੈਨੂੰ ਬਿਲਕੁਲ ਅਸਲੀ ਲੱਗਦਾ ਹੈ।’
ਬਸਤੀਵਾਦੀ ਅਤੇ ਮੱਧਕਾਲੀ ਭਾਰਤ ਦੀ ਦਿੱਲੀ-ਆਧਾਰਤ ਇਤਿਹਾਸਕਾਰ ਅਤੇ ‘ਦਿ ਹਿੰਦੂਜ਼ ਆਫ਼ ਹਿੰਦੁਸਤਾਨ : ਏ ਸਿਵਲਾਈਜ਼ੇਸ਼ਨ ਜਰਨੀ’ (2023) ਦੀ ਲੇਖਕਾ ਮੀਨਾਕਸ਼ੀ ਜੈਨ ਨੇ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ ਕਿ ਮਸਜਿਦ ਦੀ ਥਾਂ ’ਤੇ ਇਕ ਮੰਦਰ ਦੀ ਹੋਂਦ ਦੇ ਸਬੂਤ ਮਿਲੇ ਹਨ। ਜੈਨ ਨੇ ਕਿਹਾ ਕਿ ਬਾਬਰ ਨੇ ਬਹੁਤ ਸੋਚ ਸਮਝ ਕੇ ਆਪਣੀਆਂ ਮਸਜਿਦਾਂ ਲਈ 3 ਥਾਵਾਂ ਦੀ ਚੋਣ ਕੀਤੀ ਸੀ। ‘ਪਾਨੀਪਤ ਉਸ ਦੀ ਜਿੱਤ ਦਾ ਸਥਾਨ ਸੀ ਪਰ ਅਯੁੱਧਿਆ ਅਤੇ ਸੰਭਲ ਹਿੰਦੂਆਂ ਲਈ ਮਹੱਤਵਪੂਰਨ ਸਨ, ਜਿਸ ਤੋਂ ਉਹ ਚੰਗੀ ਤਰ੍ਹਾਂ ਜਾਣੂ ਸੀ।’
‘ਇਸਲਾਮਿਕ ਵਾਸਤੂਕਲਾ’ ਜਾਂ ਕਿਸੇ ਵੀ ਧਾਰਮਿਕ ਵਾਸਤੂਕਲਾ ਦੀ ਪੂਰੀ ਧਾਰਨਾ ਹੀ ਗੁੰਮਰਾਹਕੁੰਨ ਹੈ। ਗੁੰਬਦ ਈਸਾਈ ਧਰਮ ਤੋਂ ਪਹਿਲਾਂ ਰੋਮਨਾਂ ਤੋਂ ਆਏ ਹਨ, ਮਹਿਰਾਬ ਸੁਮੇਰੀਅਨਾਂ ਤੋਂ । ਕਸ਼ਮੀਰ ਅਤੇ ਚੀਨ ਦੀਆਂ ਮਸਜਿਦਾਂ ਜਾਂ ਕੇਰਲਾ ਦੀਆਂ ਪੁਰਾਣੀਆਂ ਮਸਜਿਦਾਂ ਵਿਚ ਮੀਨਾਰਾਂ ਨਹੀਂ ਹਨ।
ਸੰਭਲ ਦੇ ਮਾਮਲੇ ਵਿਚ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਥਾਨ ’ਤੇ ਕਿਸੇ ਵਿਵਾਦ ਦਾ ਕੋਈ ਇਤਿਹਾਸ ਨਹੀਂ ਹੈ।
ਯਾਸ਼ੀ