ਸੜਕ ਹਾਦਸਿਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ
Wednesday, Nov 10, 2021 - 03:31 AM (IST)

ਅਲੀ ਖਾਨ
ਇਕ ਰਿਪੋਰਟ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਭਾਰਤ ’ਚ ਸੜਕ ਹਾਦਸਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਰਿਪੋਰਟ ਦੇ ਅੰਕੜਿਆਂ ਮੁਤਾਬਕ 2019 ’ਚ ਸੜਕ ਹਾਦਸਿਆਂ ਦੀ ਕੁੱਲ ਗਿਣਤੀ 4,49,002 ਸੀ, ਜਦਕਿ 2018 ’ਚ ਇਹ ਅੰਕੜਾ 4,67,044 ਅਤੇ ਸਾਲ 2017 ’ਚ 4,64,910 ਸੀ। ਇਸ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਜ਼ਿਆਦਾਤਰ ਗਿਣਤੀ ਦਾ ਮੁੱਖ ਕਾਰਨ ਵਾਹਨਾਂ ਦੀ ਰਫਤਾਰ ਦਾ ਤੇਜ਼ ਹੋਣਾ ਹੈ।
ਓਧਰ ਗੈਰ-ਸਰਕਾਰੀ ਸੰਗਠਨ ਇੰਡੀਆ ਵਿਜ਼ਨ ਸੰਸਥਾਨ ਦੇ 2020 ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ 40 ਫੀਸਦੀ ਕਮਰਸ਼ੀਅਲ ਵਾਹਨ ਡਰਾਈਵਰ ਅੰਧਰਾਤੇ ਦੀ ਸਮੱਸਿਆ ਤੋਂ ਪੀੜਤ ਹਨ। 2019-20 ’ਚ 12 ਸੂਬਿਆਂ ’ਚ 15,000 ਡਰਾਈਵਰਾਂ ਦੀ ਜਾਂਚ ’ਚ 40 ਫੀਸਦੀ ਨੂੰ ਧੁੰਦਲਾ ਦਿਖਾਈ ਦੇਣ ਦੀ ਸ਼ਿਕਾਇਤ ਮਿਲੀ, ਜਦਕਿ 30,000 ਟਰੱਕ ਡਰਾਈਵਰਾਂ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਹੈ ਿਕ ਉਨ੍ਹਾਂ ਨੇ ਕਦੀ ਅੱਖਾਂ ਦੀ ਜਾਂਚ ਨਹੀਂ ਕਰਵਾਈ। ਅਧਿਐਨ ’ਚ ਦਾਅਵਾ ਕੀਤਾ ਹੈ ਕਿ ਹਰ ਚੌਥਾ ਡਰਾਈਵਰ ਅੰਧਰਾਤੇ ਦਾ ਸ਼ਿਕਾਰ ਹੈ ਅਤੇ ਉਸ ਨੂੰ ਸੜਕ ’ਤੇ 20 ਤੋਂ 30 ਮੀਟਰ ਦੀ ਦੂਰੀ ’ਤੇ ਸਾਫ ਨਜ਼ਰ ਨਹੀਂ ਆਉਂਦਾ। ਅਜਿਹੇ ’ਚ ਅੰਧਰਾਤੇ ਦੀ ਬੀਮਾਰੀ ਵੀ ਸੜਕ ਹਾਦਸਿਆਂ ਨੂੰ ਵਧਾਉਣ ’ਚ ਵੱਡੀ ਭੂਮਿਕਾ ਨਿਭਾਅ ਰਹੀ ਹੈ ਜੋ ਬੇਹੱਦ ਚਿੰਤਾਜਨਕ ਹੈ।
ਅਜਿਹੇ ’ਚ ਆਮ ਆਦਮੀ ਦੇ ਮਨ ’ਚ ਸਵਾਲ ਉੱਠਦਾ ਹੈ ਕਿ ਇਨ੍ਹਾਂ ਸੜਕ ਹਾਦਸਿਆਂ ਦੀ ਗਿਣਤੀ ’ਚ ਲਗਾਤਾਰ ਹੁੰਦੇ ਵਾਧੇ ’ਤੇ ਰੋਕ ਲਾਉਣ ਲਈ ਸਰਕਾਰ ਵੱਲੋਂ ਕੀ ਯਤਨ ਕੀਤੇ ਜਾ ਰਹੇ ਹਨ? ਜੇਕਰ ਯਤਨ ਕੀਤੇ ਵੀ ਗਏ ਹਨ ਤਾਂ ਸੜਕ ਹਾਦਸਿਆਂ ’ਚ ਲਗਾਤਾਰ ਵਾਧਾ ਕਿਉਂ ਹੋ ਰਿਹਾ ਹੈ? ਸੜਕ ਹਾਦਸਿਆਂ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਹਾਲ ਹੀ ’ਚ ਕੇਂਦਰ ਸਰਕਾਰ ਨੇ ਸੰਵੇਦਨਸ਼ੀਲ ਦਾ ਸਬੂਤ ਦਿੰਦੇ ਹੋਏ ਟਰੱਕ-ਬੱਸ ਡਰਾਈਵਰਾਂ ਦਾ ਅੰਧਰਾਤਾ ਦੂਰ ਕਰਨ ਲਈ ਦੇਸ਼ ਪੱਧਰੀ ਮੈਗਾ ਅੱਖਾਂ ਦੇ ਜਾਂਚ ਕੈਂਪ ਦੀ ਲੜੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ’ਚ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ। ਇਸ ਅਧੀਨ ਸ਼ਹਿਰਾਂ ਅਤੇ ਕਸਬਿਆਂ ’ਚ ਰਾਸ਼ਟਰੀ ਰਾਜਮਾਰਗਾਂ ਦੇ ਕੰਢੇ ਕਮਰਸ਼ੀਅਲ ਵਾਹਨ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਕਰ ਕੇ ਨਜ਼ਰ ਦੀਆਂ ਐਨਕਾਂ ਦਿੱਤੀਆਂ ਜਾਣਗੀਆਂ। ਦੱਸ ਦੇਈਏ ਕਿ ਇਹ ਜਾਂਚ ਕੈਂਪ ਲਗਾਉਣ ਦੀ ਲੜੀ ਆਉਣ ਵਾਲੇ ਜਨਵਰੀ ਮਹੀਨੇ ਤੋਂ ਸ਼ੁਰੂ ਹੋਵੇਗੀ।
ਓਧਰ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਸੜਕ ਹਾਦਸਿਆਂ ’ਤੇ ਰੋਕ ਲਾਉਣ ਦੇ ਇਰਾਦੇ ਨਾਲ ਖਰੜਾ ਤਿਆਰ ਕੀਤਾ ਹੈ, ਜਿਸ ’ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਦੋਪਹੀਆ ਚਾਲਕ ਇਹ ਯਕੀਨੀ ਬਣਾਵੇਗਾ ਕਿ ਪਿੱਛੇ ਬੈਠਣ ਵਾਲੇ 9 ਮਹੀਨੇ ਤੋਂ 4 ਸਾਲ ਦੇ ਬੱਚੇ ਨੂੰ ਕਰੈਸ਼ ਹੈਲਮੇਟ ਪਹਿਨਾਇਆ ਗਿਆ ਹੋਵੇ। ਮੰਤਰਾਲਾ ਵੱਲੋਂ ਜਾਰੀ ਖਰੜਾ ਨੋਟੀਫਿਕੇਸ਼ਨ ਅਨੁਸਾਰ, 4 ਸਾਲ ਤਕ ਦੇ ਬੱਚਿਆਂ ਨੂੰ ਲਿਜਾਂਦੇ ਸਮੇਂ ਮੋਟਰਸਾਈਕਲ ਦੀ ਸਪੀਡ 40 ਕਿ. ਮੀ. ਪ੍ਰਤੀ ਘੰਟੇ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮੋਟਰਸਾਈਕਲ ਚਲਾਉਣ ਵਾਲਾ ਇਹ ਯਕੀਨੀ ਬਣਾਵੇਗਾ ਕਿ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਨਾਲ ਬੰਨ੍ਹੀ ਰੱਖਣ ਲਈ ਸੇਫਟੀ ਹਾਰਨੇਸ ਦੀ ਵਰਤੋਂ ਕੀਤੀ ਜਾਵੇ। ਦੱਸ ਦੇਈਏ ਕਿ ਸੇਫਟੀ ਹਾਰਨੇਸ ਬੱਚੇ ਵੱਲੋਂ ਪਹਿਨੀ ਜਾਣ ਵਾਲੀ ਇਕ ਅਜਿਹੀ ਜੈਕੇਟ ਹੁੰਦੀ ਹੈ, ਜਿਸ ਦੇ ਆਕਾਰ ’ਚ ਫੇਰਬਦਲ ਕੀਤਾ ਜਾ ਸਕਦਾ ਹੈ। ਉਸ ਸੁਰੱਖਿਆ ਜੈਕੇਟ ਨਾਲ ਜੁੜੇ ਫੀਤੇ ਇਸ ਤਰ੍ਹਾਂ ਲੱਗੇ ਹੁੰਦੇ ਹਨ ਕਿ ਉਸ ਨੂੰ ਵਾਹਨ ਦੇ ਡਰਾਈਵਰ ਵੀ ਆਪਣੇ ਮੋਢਿਆਂ ਨਾਲ ਜੋੜ ਸਕਦੇ ਹਨ।
ਇਸ ਦੇ ਇਲਾਵਾ ਸਰਕਾਰ ਨੂੰ ਸੜਕ ਹਾਦਸਿਆਂ ’ਤੇ ਰੋਕ ਲਾਉਣ ਲਈ ਸਰਕਾਰੀ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੀ ਦਰਕਾਰ ਹੈ। ਸਰਕਾਰੀ ਯਤਨਾਂ ਦੇ ਨਾਲ-ਨਾਲ ਲੋਕ ਜਾਗਰੂਕਤਾ ਇਕ ਬਹੁਤ ਵੱਡੀ ਭੂਮਿਕਾ ਨਿਭਾਅ ਸਕਦੀ ਹੈ। ਸੜਕ ਹਾਦਸਿਆਂ ’ਤੇ ਕਾਬੂ ਪਾਉਣ ਲਈ ਸਕੂਲੀ ਸਿਲੇਬਸ ’ਚ ਇਸ ਵਿਸ਼ੇ ਨੂੰ ਜੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਸੜਕ ਸੁਰੱਖਿਆ ਦਾ ਫਰਜ਼ ਹਰੇਕ ਨਾਗਰਿਕ ਦਾ ਹੈ, ਲਿਹਾਜ਼ਾ ਬੱਚਿਆਂ ਦੇ ਨਾਲ ਪਰਿਵਾਰ ’ਚ ਸਾਰੇ ਮੈਂਬਰਾਂ ਨੂੰ ਆਵਾਜਾਈ ਨਿਯਮਾਂ ਨਾਲ ਜੁੜੀ ਜਾਣਕਾਰੀ ਹੋਣੀ ਚਾਹੀਦੀ ਹੈ।
ਹਰ ਸਾਲ ਸੜਕ ਹਾਦਸਿਆਂ ’ਚ ਵੱਡੀ ਗਿਣਤੀ ’ਚ ਲੋਕਾਂ ਦੇ ਅਚਾਨਕ ਮੌਤ ਦੇ ਸ਼ਿਕਾਰ ਹੋਣ ਦੇ ਪਿੱਛੇ ਸਪੀਡ ਬ੍ਰੇਕਰ, ਸੜਕਾਂ ਦਾ ਖਰਾਬ ਹੋਣਾ, ਵਾਹਨਾਂ ਦੀ ਫਿੱਟਨੈੱਸ ’ਤੇ ਧਿਆਨ ਨਾ ਦੇਣਾ, ਸੜਕਾਂ ਦਾ ਸਹੀ ਰੱਖ-ਰਖਾਅ ਨਾ ਹੋਣਾ ਵਰਗੇ ਕਾਰਨ ਰਹੇ ਹਨ ਪਰ ਦੇਸ਼ ’ਚ ਬਾਈਕ ਚਾਲਕਾਂ ਵੱਲੋਂ ਸਟੰਟ ਕਰਨ ਦੇ ਕਾਰਨ ਦੂਸਰਿਆਂ ਦੀ ਜ਼ਿੰਦਗੀ ਨੂੰ ਖਤਰੇ ’ਚ ਪਏ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਵਾਹਨ ਚਾਲਕਾਂ ’ਤੇ ਰੋਕ ਲਗਾਉਣ ਲਈ ਮਾਪਿਆਂ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਹੋਵੇਗਾ।
ਇਹ ਦੇਖਿਆ ਗਿਆ ਹੈ ਕਿ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਵੀ ਹਾਦਸੇ ਹੋ ਰਹੇ ਹਨ। ਇਸ ਦੇ ਲਈ ਡਰਾਈਵਰਾਂ ਨੂੰ ਲੋੜੀਂਦੀ ਸਿਖਲਾਈ ਦੀ ਵਿਵਸਥਾ ਦਾ ਹੋਣਾ ਜ਼ਰੂਰੀ ਹੈ। ਸੜਕ ਹਾਦਸਿਆਂ ’ਤੇ ਕੰਟਰੋਲ ਲਈ ਸਖਤੀ ਦੇ ਨਾਲ ਟ੍ਰੈਫਿਕ ਦਾ ਪਾਲਣ ਜ਼ਰੂਰੀ ਹੈ। ਨਾਲ ਹੀ ਵੱਧ ਭੀੜਭਾੜ ਵਾਲੇ ਸ਼ਹਿਰਾਂ ’ਚ ਪੈਦਲ ਚੱਲਣ ਵਾਲਿਆਂ ਲਈ ਫੁੱਟਪਾਥ ਅਤੇ ਓਵਰਬ੍ਰਿਜ ਹੋਣ। ਟ੍ਰੈਫਿਕ ਸਿਗਨਲਾਂ ਦਾ ਆਧੁਨਿਕੀਕਰਨ ਕੀਤਾ ਜਾਵੇ। ਇਨ੍ਹਾਂ ਸਾਰੇ ਯਤਨਾਂ ਦੇ ਦਮ ’ਤੇ ਹੀ ਸੜਕ ਹਾਦਸਿਆਂ ’ਤੇ ਕਾਬੂ ਹੋ ਸਕੇਗਾ, ਨਹੀਂ ਤਾਂ ਨਹੀਂ।