ਆਪਣੀ ਔਲਾਦ ’ਚ ਡਿਪ੍ਰੈਸ਼ਨ ਦੇ ਇਨ੍ਹਾਂ ਸੰਕੇਤਾਂ ਨੂੰ ਪਛਾਣੋ

09/10/2020 4:09:13 AM

ਦਿਵਿਆ ਕਾਂਚੀਭੋਤਲਾ

2019 ’ਚ 93 ਹਜ਼ਾਰ ਬਾਲਿਗਾਂ ਦੀ ਮਾਨਸਿਕ ਰੋਗਾਂ, ਪਰਿਵਾਰਕ ਤੇ ਰਿਸ਼ਤਿਅਾਂ ਦੀਅਾਂ ਸਮੱਸਿਆਵਾਂ ਅਤੇ ਨਸ਼ੀਲੀਅਾਂ ਦਵਾਈਅਾਂ ਦੀ ਦੁਰਵਰਤੋਂ ਕਾਰਨ ਖੁਦਕੁਸ਼ੀ ਕਰਨ ਨਾਲ ਮੌਤ ਹੋਈ। ਡਬਲਯੂ.ਐੱਚ.ਓ. ਦੀ 2017 ਦੀ ਰਿਪੋਰਟ ਅਨੁਸਾਰ ਭਾਰਤ ’ਚ 57 ਮਿਲੀਅਨ ਲੋਕ ਡਿਪ੍ਰੈਸ਼ਨ ਨਾਲ ਪੀੜਤ ਹਨ। ਡਿਪ੍ਰੈਸ਼ਨ ਨਾ ਸਿਰਫ ਬਾਲਿਗਾਂ ਸਗੋਂ ਬੱਚਿਅਾਂ, ਅੱਲ੍ਹੜਾਂ ਅਤੇ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਕ ਸਰਵੇਖਣ ’ਚ ਦੱਸਿਆ ਗਿਆ ਕਿ 22-25 ਸਾਲ ਦੇ ਦਰਮਿਆਨ ਦੇ 65 ਫੀਸਦੀ ਨੌਜਵਾਨਾਂ ’ਚ, ਜਿਨ੍ਹਾਂ ਨੇ ਸਰਵੇਖਣ ਦਾ ਜਵਾਬ ਦਿੱਤਾ ਸੀ, ਸ਼ੁਰੂਆਤੀ ਡਿਪ੍ਰੈਸ਼ਨ ਦੇ ਲੱਛਣ ਸਨ। 2012 ’ਚ ਡਬਲਯੂ. ਐੱਚ. ਓ. ਨੇ ‘‘ਮੈਂਟਲ ਹੈਲਥ ਸਟੇਟਸ ਆਫ ਐਡੋਲੇਸੈਂਟਸ ਇਨ ਸਾਊਥ-ਈਸਟ ਏਸ਼ੀਆ : ਐਵੀਡੈਂਸ ਫਾਰ ਐਕਸ਼ਨ’’ ਰਿਪੋਰਟ ਜਾਰੀ ਕੀਤੀ, ਜਿਸ ’ਚ ਕਿਹਾ ਗਿਆ ਸੀ ਕਿ ਭਾਰਤ ’ਚ 4 ’ਚੋਂ 1 ਅੱਲ੍ਹੜ ਡਿਪ੍ਰੈਸ਼ਨ ਪੀੜਤ ਸੀ।

ਡਿਪ੍ਰੈਸ਼ਨ ਇਕ ਗੁੰਝਲਦਾਰ ਬੀਮਾਰੀ ਹੈ, ਜੋ ਜੈਵਿਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਮੇਤ ਕਈ ਕਾਰਕਾਂ ਦੇ ਕਾਰਨ ਹੁੰਦੀ ਹੈ। ਬਚਪਨ ’ਚ ਹੋਣ ਵਾਲੇ ਅਾਤਮਘਾਤੀ ਤਜਰਬੇ, ਵਾਰ-ਵਾਰ ਸਥਾਨ ਬਦਲਣ, ਜ਼ਿੰਦਗੀ ਦੀਅਾਂ ਨਾਂਹ-ਪੱਖੀ ਘਟਨਾਵਾਂ, ਵਿੱਦਿਅਕ ਅਸਫਲਤਾਵਾਂ, ਘੱਟ ਉਮਰ ’ਚ ਰਿਸ਼ਤੇ ਬਣਾਉਣ ਨਾਲ ਹੋਈਅਾਂ ਸਮੱਸਿਆਵਾਂ, ਮਾਨਸਿਕ ਬੀਮਾਰੀ ਦੇ ਪਰਿਵਾਰਕ ਇਤਿਹਾਸ ਦੇ ਨਾਲ-ਨਾਲ ਸਕੂਲ ਅਤੇ ਪਰਿਵਾਰ ’ਚ ਤਣਾਅ ਬੱਚਿਅਾਂ ਅਤੇ ਅੱਲ੍ਹੜਾਂ ’ਚ ਡਿਪ੍ਰੈਸ਼ਨ ਦੇ ਲਈ ਵੱਖ-ਵੱਖ ਮਾਤਰਾ ਨਾਲ ਜੁੜੇ ਹੋਏ ਹਨ।

ਬੱਚਿਅਾਂ, ਅੱਲ੍ਹੜਾਂ ਅਤੇ ਨੌਜਵਾਨਾਂ ’ਚ ਡਿਪ੍ਰੈਸ਼ਨ ਨੂੰ ਵੱਖ-ਵੱਖ ਪ੍ਰਤੀਨਿਧਤਾ ਦੇ ਕਾਰਨ ਪਛਾਣਨਾ ਔਖਾ ਹੋ ਸਕਦਾ ਹੈ ਪਰ ਇਥੇ ਕੁਝ ਸੰਕੇਤ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਬੱਚੇ ਅਤੇ ਅੱਲ੍ਹੜ ’ਚ ਦੇਖ ਸਕਦੇ ਹੋ :

* ਮਿੱਤਰਾਂ ਤੋਂ ਦੂਰੀ ਜਾਂ ਗੱਲਬਾਤ ’ਚ ਕਮੀ

* ਉਦਾਸੀਨਤਾ, ਰੁਚੀ ’ਚ ਕਮੀ

* ਸਕੂਲ ’ਚ ਪ੍ਰਦਰਸ਼ਨ ’ਚ ਗਿਰਾਵਟ

* ਬਹੁਤ ਜ਼ਿਆਦਾ ਭੋਜਨ ਕਰਨਾ ਜਾਂ ਭੁੱਖ ਬਿਲਕੁਲ ਨਾ ਲੱਗਣੀ ਅਚਾਨਕ ਭਾਰ ’ਚ ਤਬਦੀਲੀ ਦਾ ਕਾਰਨ ਬਣਦਾ ਹੈ।

* ਦੁੱਖ, ਚਿੜਚਿੜਾਪਨ, ਚੀਕਣਾ, ਬਿਨਾਂ ਕਿਸੇ ਕਾਰਨ ਦੇ ਰੋਣਾ ਜਾਂ ਥੋੜ੍ਹੀ ਜਿਹੀ ਆਲੋਚਨਾ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਨੀ।

* ਸਰੀਰਕ ਦਰਦ ਦੀਅਾਂ ਅਸਪੱਸ਼ਟ ਸ਼ਿਕਾਇਤਾਂ-ਸਿਰ ਦਰਦ, ਪੇਟ ਦਰਦ, ਪਿੱਠ ਦਰਦ।

* ਧਿਆਨ ਕੇਂਦਰਿਤ ਕਰਨ ਅਤੇ ਫੈਸਲਾ ਲੈਣ ’ਚ ਔਕੜ।

* ਮੌਤ ਦੇ ਪ੍ਰਤੀ ਬਹੁਤ ਰੁੱਝੇ ਰਹਿਣਾ-ਖੁਦਕੁਸ਼ੀ ਦੇ ਬਾਰੇ ਗੱਲ ਕਰਨੀ ਜਾਂ ਮਜ਼ਾਕ ਕਰਨਾ।

* ਗੈਰ-ਜ਼ਿੰਮੇਵਾਰਾਨਾ ਵਤੀਰਾ, ਜ਼ਿੰਮੇਵਾਰੀ ਦੀ ਘਾਟ।

* ਸ਼ਰਾਬ, ਡਰੱਗਸ ਦੀ ਵਰਤੋਂ।

* ਸੋਸ਼ਲ ਮੀਡੀਆ ਦੀ ਬਹੁਤ ਹੀ ਜ਼ਿਆਦਾ ਵਰਤੋਂ ਕਰਨੀ।

ਤੁਸੀਂ ਕਿਵੇਂ ਮਦਦ ਕਰ ਸਕਦੇ ਹੋ :

* ਇਸ ਬਾਰੇ ਗੱਲ ਕਰੋ, ਪਰ ਸੁਣੋ ਵੱਧ!

ਡਿਪ੍ਰੈਸ਼ਨ ਇਕ ਘੋਰ ਕਲੰਕ ਦੇ ਨਾਲ ਜੁੜਿਆ ਹੋਇਆ ਹੈ ਜੋ ਕਿਸੇ ਵਿਅਕਤੀ ਨੂੰ ਇਸ ਬਾਰੇ ਮਦਦ ਲੈਣਾ ਤਾਂ ਦੂਰ, ਗੱਲ ਤੱਕ ਕਰਨ ਤੋਂ ਰੋਕਦਾ ਹੈ। ਇਕ ਬਹੁਪੱਖੀ ਕੌਮਾਂਤਰੀ ਅਧਿਐਨ ’ਚ, ਭਾਰਤ ’ਚ ਡਿਪ੍ਰੈਸ਼ਨ ਦੇ ਸ਼ਿਕਾਰ 20-37 ਫੀਸਦੀ ਲੋਕਾਂ ਨੇ ਸਿੱਧੇ ਵਿਤਕਰੇ (‘ਯਤਨ ਕਿਉਂ ਕਰੀਏ’ ਪ੍ਰਭਾਵ) ਦੇ ਕਾਰਨ ਕੁਝ ਮਹੱਤਵਪੂਰਨ ਕਾਰਜਾਂ ਨੂੰ ਕਰਨ ਤੋਂ ਖੁਦ ਨੂੰ ਰੋਕ ਦਿੱਤਾ ਸੀ। ਇਹ ਬਾਲਿਗਾਂ ’ਤੇ ਕੀਤਾ ਇਕ ਅਧਿਐਨ ਸੀ, ਇਕ ਨੌਜਵਾਨ ’ਤੇ ਦਬਾਅ ਹੋਰ ਵੀ ਵਧ ਹੁੰਦਾ ਹੈ, ਖਾਸ ਕਰ ਕੇ ਜਦੋਂ ਉਹ ਸਰੀਰਕ ਤਬਦੀਲੀਅਾਂ ’ਚੋਂ ਲੰਘ ਰਿਹਾ ਹੁੰਦਾ ਅਤੇ ਉਸ ’ਚ ਬਹੁਤ ਜ਼ਿਆਦਾ ਆਤਮ ਜਾਗਰੂਕਤਾ ਨਹੀਂ ਹੁੰਦੀ।

ਇਕ ਮਾਪੇ ਖੁੱਲ੍ਹੇ ਅਤੇ ਸਵਾਗਤਪੂਰਨ ਮਨ ਨਾਲ ਆਪਣੇ ਬੱਚੇ ਨੂੰ ਆਪਣੀਅਾਂ ਭਾਵਨਾਵਾਂ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ, ਉਹ ਚੁਣੌਤੀਅਾਂ ਨੂੰ ਸਾਂਝਾ ਕਰ ਸਕਦੇ ਹਨ, ਬਿਨਾਂ ਹੈਰਾਨ ਹੋਏ ਆਪਣੇ ਬੱਚੇ ਦੇ ਨਾਲ ਆਹਮਣੇ-ਸਾਹਮਣੇ ਗੱਲ ਕਰਨੀ ਉਨ੍ਹਾਂ ਦੀ ਮਾਨਸਿਕ ਸਿਹਤ ਵਧਾਉਣ ਲਈ ਲੰਬੇ ਸਮੇਂ ਤੱਕ ਸਹਾਇਕ ਹੋਵੇਗਾ। ਉਨ੍ਹਾਂ ਦੀਅਾਂ ਭਾਵਨਾਵਾਂ ਨੂੰ ਸੁਣਨਾ ਅਤੇ ਪ੍ਰਵਾਨ ਕਰਨਾ ਅਤੇ ਉਨ੍ਹਾਂ ਨੂੰ ਸਾਂਝਾ ਕਰਨ ਲਈ ਪ੍ਰੇਰਿਤ ਕਰਨਾ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਨੂੰ ਡਿਪ੍ਰੈਸ਼ਨ ’ਚੋਂ ‘ਬਾਹਰ’ ਲਿਆਉਣ ਦਾ ਯਤਨ ਜਾਂ ਗੱਲ ਨਹੀਂ ਕਰਨੀ ਹੈ। ਤੁਹਾਡਾ ਧਿਆਨ ਉਪਦੇਸ਼ ਦੇਣ ’ਤੇ ਨਹੀਂ ਸੁਣਨ ’ਤੇ ਹੋਣਾ ਚਾਹੀਦਾ ਹੈ।

ਦਿਆਲੂ ਬਣੋ : ਘਰ ਅਤੇ ਸਕੂਲ ’ਚ ਇਕ ਖੁੱਲ੍ਹਾ, ਪਿਆਰ ਭਰਿਆ, ਉਤਸ਼ਾਹਜਨਕ ਮਾਹੌਲ ਬਣਾਓ। ਸਾਰੇ ਮਾਤਾ-ਪਿਤਾ ਆਪਣੇ ਬੱਚਿਅਾਂ ਲਈ ਸਰਵਸ੍ਰੇਸ਼ਠ ਚਾਹੁੰਦੇ ਹਨ ਪਰ ਬਚਪਨ ਦੌਰਾਨ ਨਾਂਹ-ਪੱਖੀ ਮਾਪਿਅਾਂ ਦੇ ਪ੍ਰਭਾਵਾਂ ਦੇ ਸੰਪਰਕ ’ਚ ਆਉਣ ਨਾਲ, ਜਿਵੇਂ ਕਿ ਆਲੋਚਨਾਤਮਕ ਅਤੇ ਨਿੰਦਾ ਕਰਨ ਵਾਲੇ ਮਾਤਾ-ਪਿਤਾ ਜਾਂ ਵਿੱਦਿਅਕ ਸ਼ੈਲੀ ਆਪਣੇ ਬਾਰੇ ’ਚ ਨਾਂਹ-ਪੱਖੀ ਭਾਵਨਾਵਾਂ ਨੂੰ ਜਨਮ ਦੇ ਸਕਦੀ ਹੈ। ਇਸ ਨਾਲ ਡਿਪ੍ਰੈਸ਼ਨ ਹੋ ਸਕਦਾ ਹੈ। ਘਰ ’ਚ ਸਖਤ ਅਤੇ ਤਣਾਅਪੂਰਨ ਮਾਹੌਲ ਇਕ ਬੱਚੇ ’ਚ ਅਸੁਰੱਖਿਆ ਅਤੇ ਡਰ ਦੀ ਭਾਵਨਾ ਪੈਦਾ ਕਰਦਾ ਹੈ, ਜੋ ਬੱਚਿਅਾਂ ਅਤੇ ਅੱਲ੍ਹੜਾਂ ’ਚ ਜੈਵ ਰਸਾਇਣਕ ਪਰਿਵਰਤਨਾਂ ਦਾ ਇਕ ਪ੍ਰਵਾਹ ਸ਼ੁਰੂ ਕਰ ਦਿੰਦਾ ਹੈ, ਜੋ ਤਣਾਅ, ਇਕੱਲੇਪਨ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਡਿਪ੍ਰੈਸ਼ਨ ’ਚ ਯੋਗਦਾਨ ਪਾ ਸਕਦਾ ਹੈ। ਇਸ ਦੇ ਉਲਟ, ਉਤਸ਼ਾਹਿਤ ਅਤੇ ਪ੍ਰੇਮ ਨਾਲ ਭਰੇ ਘਰ ’ਚ ਸੁਰੱਖਿਆ ਦੀ ਭਾਵਨਾ ਇਕ ਨੌਜਵਾਨ ਦੀ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਨੂੰ ਬਣਾ ਸਕਦੀ ਹੈ।

ਆਪਣੇ ਬੱਚਿਅਾਂ ਦੇ ਮਿੱਤਰਾਂ ਨੂੰ ਜਾਣੋ ਅਤੇ ਉਨ੍ਹਾਂ ਦੇ ਮਿੱਤਰ ਬਣੋ–ਮੈਂ ਸੁਣਿਆ ਹੈ ਕਿ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਅਕਸਰ ਉਨ੍ਹਾਂ ਮਾਪਿਅਾਂ ਨੂੰ ਇਹ ਸਲਾਹ ਦਿੰਦੇ ਹਨ ਕਿ ਜੋ ਆਪਣੇ ਬੱਚਿਅਾਂ ਦੇ ਵਤੀਰੇ ਨੂੰ ਬਦਲਣਾ ਚਾਹੁੰਦੇ ਹਨ, ਉਹ ਕਹਿੰਦੇ ਹਨ ਕਿ ਜੇਕਰ ਅਸੀਂ ਆਪਣੇ ਬੱਚੇ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ ਅਤੇ ਉਸ ਦੇ ਕਿਸੇ ਵਤੀਰੇ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਦੇ ਦੋਸਤ- ਮਿੱਤਰ ਬਣ ਕੇ ਉਨ੍ਹਾਂ ਨੂੰ ਜਾਣਨਾ ਹੋਵੇਗਾ ਅਤੇ ਉਨ੍ਹਾਂ ਨੂੰ ਵੀ ਪ੍ਰਭਾਵਿਤ ਕਰਨਾ ਹੋਵੇਗਾ।

ਆਪਣੇ ਅੱਲ੍ਹੜਾਂ ਪ੍ਰਤੀ ਯਤਨਾਂ ਨੂੰ ਜਾਰੀ ਰੱਖੋ-ਤੁਹਾਡਾ ਅੱਲ੍ਹੜ ਜਾਂ ਬੱਚਾ ਤੁਹਾਨੂੰ ਵਾਰ-ਵਾਰ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਜਾਂ ਤੁਹਾਡੇ ਵਾਰ-ਵਾਰ ਕੀਤੇ ਗਏ ਯਤਨਾਂ ਦੇ ਬਾਵਜੂਦ ਸੰਵਾਦ ਨਹੀਂ ਕਰਦਾ ਹੈ। ਉਹ ਤੁਹਾਡੇ ਵਲੋਂ ਦਿੱਤੇ ਗਏ ਯਤਨਾਂ ਨੂੰ ਅਸਵੀਕਾਰ ਕਰ ਸਕਦੇ ਹਨ ਪਰ ਤੁਸੀਂ ਹਾਰ ਨਹੀਂ ਮੰਨਣੀ ਹੈ! ਘਰ ’ਚ ਆਹਮਣੇ-ਸਾਹਮਣੇ ਬੈਠ ਕੇ ਰੋਜ਼ਾਨਾ ਗੱਲਬਾਤ ਕਰਨੀ ਸਥਾਪਿਤ ਕਰਨਾ, ਸਕ੍ਰੀਨ ਸਮੇਂ ਨੂੰ ਸੀਮਤ ਕਰਨਾ ਅਤੇ ਇਕੱਠੇ ਕੁਝ ਸਰਗਰਮੀਅਾਂ ਕਰਨਾ ਇਨ੍ਹਾਂ ਰੁਕਾਵਟਾਂ ਨੂੰ ਤੋੜ ਦੇਵੇਗਾ।

ਉਨ੍ਹਾਂ ਨੂੰ ਯੋਗ, ਧਿਆਨ ਅਤੇ ਸਾਹ ਨਾਲ ਜਾਣੂ ਕਰਵਾਓ, ਡਿਪ੍ਰੈਸ਼ਨ, ਦਿਮਾਗ ਅਤੇ ਸਰੀਰ ’ਚ ਇਕ ਜੈਵ ਰਸਾਇਣਕ ਪ੍ਰਕਿਰਿਆ ਵੀ ਹੈ। ਯੋਗ, ਧਿਆਨ ਅਤੇ ਸਾਹ ਦੀਅਾਂ ਕਿਰਿਆਵਾਂ ਵਰਗੀ ਸੁਦਰਸ਼ਨ ਕਿਰਿਆ ਨੂੰ ਆਰਟ ਆਫ ਲਿਵਿੰਗ ਨੇ ਸਿਖਾਇਆ ਹੈ ਜੋ ਨਿਊਰੋਕੈਮੀਕਲਸ ਅਤੇ ਹਾਰਮੋਨ ਨੂੰ ਰਿਲੀਜ਼ ਕਰਨ ’ਚ ਮਦਦ ਕਰਦਾ ਹੈ ਜੋ ਡਿਪ੍ਰੈਸ਼ਨ ਨੂੰ ਘੱਟ ਕਰ ਸਕਦਾ ਹੈ। ਲੰਬਾ ਸਾਹ ਲੈਣਾ, ਅੰਗਾਂ ਨੂੰ ਖਿੱਚ ਕੇ ਕਸਰਤ ਅਤੇ ਵਿਸ਼ਰਾਮ ਕਰਨ ਨਾਲ ਐਂਡੋਫਰਿਨ, ਸੇਰੋਟੋਨਿਨ ਅਤੇ ਜੀ. ਏ. ਬੀ. ਏ. ਵਰਗੇ ਨਿਊਰੋਕੈਮੀਕਲਸ ਮੁਕਤ ਹੁੰਦੇ ਹਨ ਜੋ ਕਿਸੇ ਵਿਅਕਤੀ ਨੂੰ ਖੁਸ਼ ਅਤੇ ਸੰਤੁਸ਼ਟ ਬਣਾਉਂਦੇ ਹਨ। ਇਨ੍ਹਾਂ ਸ਼ਕਤੀਸ਼ਾਲੀ ਵਿਧੀਅਾਂ ਨਾਲ ਉਨ੍ਹਾਂ ਨੂੰ ਜਾਣੂ ਕਰਵਾ ਕੇ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨਕਾਲ ਲਈ ਇਕ ਤੋਹਫਾ ਵੀ ਦੇ ਰਹੇ ਹੋ।

ਆਪਣਾ ਖਿਆਲ ਰੱਖੋ

ਡਿਪ੍ਰੈਸ਼ਨ ਨਾ ਸਿਰਫ ਇਕ ਵਿਅਕਤੀ ਸਗੋਂ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦਾ ਹੈ। ਭਾਰਤ ’ਚ ਇਕ ਔਸਤ ਪਰਿਵਾਰ ਇਕ ਡਿਪ੍ਰੈਸ਼ਨ ਗ੍ਰਸਤ ਮੈਂਬਰ ਦਾ ਇਲਾਜ ਕਰਵਾਉਣ ਲਈ ਘੱਟ ਤੋਂ ਘੱਟ 1500 ਰੁਪਏ ਮਹੀਨੇ ਦਾ ਖਰਚ ਕਰਦਾ ਹੈ। ਉਹ ਡਿਪ੍ਰੈਸ਼ਨ ’ਚੋਂ ਲੰਘ ਰਹੇ ਪਰਿਵਾਰ ਦੇ ਮੈਂਬਰ ਦੀ ਦੇਖਭਾਲ ਕਰਨ ਦੀ ਪ੍ਰਕਿਰਿਆ ’ਚ ਬਹੁਤ ਹੀ ਜ਼ਿਆਦਾ ਮਾਨਸਿਕ ਅਤੇ ਸਰੀਰਕ ਕਮਜ਼ੋਰੀ ਦਾ ਵੀ ਅਨੁਭਵ ਕਰਦੇ ਹਨ। ਖੁਦ ਦਾ ਧਿਆਨ ਰੱਖਣਾ ਓਨਾ ਹੀ ਜ਼ਰੂਰੀ ਹੈ, ਯੋਗ, ਧਿਆਨ ਅਤੇ ਸੁਦਰਸ਼ਨ ਕਿਰਿਆ ਦੀਅਾਂ ਤਕਨੀਕਾਂ ਨਾਲ ਮਨ ਨੂੰ ਸ਼ਾਂਤ ਕਰਨਾ, ਹੌਸਲਾ, ਲਚਕੀਲਾਪਨ ਵਧਾਉਣਾ ਅਤੇ ਕੇਂਦਰਿਤ ਹੋਣਾ ਸਿੱਖ ਸਕਦੇ ਹਨ। ਜਦੋਂ ਕਿਸੇ ਦਾ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਸਰੀਰ ਵਿਸ਼ਰਾਮ ’ਚ ਹੁੰਦਾ ਹੈ ਤਾਂ ਉਨ੍ਹਾਂ ਲਈ ਦੂਸਰਿਅਾਂ ਦੀ ਦੇਖਭਾਲ ਕਰਨੀ ਬੜੀ ਸੌਖੀ ਹੁੰਦੀ ਹੈ।

ਯਾਦ ਰੱਖੋ ਕਿ ਡਿਪ੍ਰੈਸ਼ਨ ਇਕ ਲਾਇਲਾਜ ਸਥਿਤੀ ਨਹੀਂ ਹੈ। ਮਨ ਅਤੇ ਸਰੀਰ ਦੀ ਉਚਿਤ ਦੇਖਭਾਲ ਅਤੇ ਹਾਂ-ਪੱਖੀ ਸਮਾਜਿਕ ਵਾਤਾਵਰਣ ’ਚ ਆਸਾਨੀ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਸੁਦਰਸ਼ਨ ਕਿਰਿਆ ਵਰਗੇ ਡਿਪ੍ਰੈਸ਼ਨ ਦੇ ਪ੍ਰਬੰਧਨ ਦੇ ਸਮੁੱਚੇ ਤਰੀਕੇ ਬੜੇ ਹੀ ਅਸਰਦਾਇਕ ਹਨ ਅਤੇ ਇਨ੍ਹਾਂ ਦਾ ਕੋਈ ਨਾਂਹ-ਪੱਖੀ ਭੈੜਾ ਪ੍ਰਭਾਵ ਨਹੀਂ ਹੈ।

(ਲੇਖਿਕਾ ਸੀਨੀਅਰ ਧਿਆਨ ਅਧਿਆਪਿਕਾ ਅਤੇ ਸ਼੍ਰੀ ਸ਼੍ਰੀ ਇੰਸਟੀਚਿਊਟ ਫਾਰ ਐਡਵਾਂਸਡ ਰਿਸਰਚ ਦੀ ਕਾਰਜਕਾਰੀ ਨਿਰਦੇਸ਼ਕ ਹਨ।)


Bharat Thapa

Content Editor

Related News