''ਮਾਂ ਬੋਲੀ ਭਾਰਤ ਦੀ ਆਤਮਾ ਹੈ''

03/14/2021 10:45:31 AM

ਰਮੇਸ਼ ਪੋਖਰਿਯਾਲ ‘ਨਿਸ਼ੰਕ’, ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰੀ
ਨਵੀਂ ਦਿੱਲੀ- ਦੁਨੀਆ ਵਿਚ ਬੋਲੀਆਂ ਜਾਣ ਵਾਲੀਆਂ 6,000 ਭਾਸ਼ਾਵਾਂ ’ਚੋਂ 43 ਫੀਸਦੀ ਲੁਪਤ ਹੋ ਜਾਣ ਦੇ ਖ਼ਤਰੇ ਵਿਚ ਹਨ। ਇਨ੍ਹਾਂ ਵਿਚੋਂ ਸਿਰਫ ਕੁਝ ਸੌ ਭਾਸ਼ਾਵਾਂ ਦੀ ਵਰਤੋਂ ਸਿੱਖਿਆ ਪ੍ਰਣਾਲੀ ’ਚ ਤੇ ਲੋਕਾਂ ਦੀ ਸੰਪਰਕ ਭਾਸ਼ਾ ਵਜੋਂ ਕੀਤੀ ਜਾਂਦੀ ਹੈ ਅਤੇ ਡਿਜੀਟਲ ਦੁਨੀਆ ’ਚ ਤਾਂ ਸੌ ਤੋਂ ਵੀ ਘੱਟ ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ। ਸਾਨੂੰ ਸਮਝਣਾ ਚਾਹੀਦਾ ਹੈ ਕਿ ਭਾਸ਼ਾ ਵਿਅਕਤੀ ਅਤੇ ਕਮਿਊਨਿਟੀ ਲਈ ਸੰਚਾਰ ਅਤੇ ਪਛਾਣ ਦਾ ਇਕ ਸਾਧਨ ਹੈ। ਜੇਕਰ ਮੈਂ ਸੁਆਮੀ ਵਿਵੇਕਾਨੰਦ ਦੇ ਸ਼ਬਦਾਂ ਵਿਚ ਕਹਾਂ ਤਾਂ ‘‘ਆਮ ਲੋਕਾਂ ਨੂੰ ਉਨ੍ਹਾਂ ਦੀ ਮਾਂ ਬੋਲੀ ਵਿਚ ਹੀ ਸਿੱਖਿਆ ਮੁਹੱਈਆ ਕਰੋ, ਉਨ੍ਹਾਂ ਨੂੰ ਵਿਚਾਰ ਦਿਓ; ਉਹ ਜਾਣਕਾਰੀ ਪ੍ਰਾਪਤ ਕਰਨਗੇ, ਪਰ ਕੁਝ ਹੋਰ ਵੀ ਜ਼ਰੂਰੀ ਹੈ; ਉਨ੍ਹਾਂ ਨੂੰ ਸੱਭਿਆਚਾਰ ਦਿਓ।’’ ਹਰ ਭਾਸ਼ਾ ਆਪਣੇ ਸੱਭਿਆਚਾਰ, ਸਮਾਜ ਦੇ ਸੋਚਣ ਅਤੇ ਰਹਿਣ ਦੇ ਤਰੀਕੇ ਦਾ ਪ੍ਰਤੀਬਿੰਬ ਹੁੰਦੀ ਹੈ। ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਅੰਤਰ-ਸੱਭਿਆਚਾਰਕ ਸੰਵਾਦ ਨੂੰ ਉਤਸ਼ਾਹਿਤ ਕਰਦੇ ਹੋਏ ਭਾਸ਼ਾ ਵਿਕਾਸ ਦੇ ਲਈ ਲੋਕਾਂ ਨੂੰ ਆਪਸ ’ਚ ਜੋੜਨ ਦੀ ਭੂਮਿਕਾ ਨਿਭਾਉਂਦੀ ਹੈ। ਸਹਿਯੋਗ ਨੂੰ ਮਜ਼ਬੂਤ ਕਰਨ, ਸਮਾਵੇਸ਼ੀ ਗਿਆਨ-ਯੁਕਤ ਸਮਾਜਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਭਾਸ਼ਾ ਗੁਣਵੱਤਾ ਭਰਪੂਰ ਸਿੱਖਿਆ ਪ੍ਰਾਪਤ ਕਰਨ ’ਚ ਸਹਾਇਤਾ ਕਰਦੀ ਹੈ।

ਭਾਰਤ ਵਿਚ ਸੱਭਿਆਚਾਰਕ ਵੰਨ-ਸੁਵੰਨਤਾ ਦੇ ਮੇਚ ਦਾ ਹੀ ਲਾਮਿਸਾਲ ਭਾਸ਼ਾ ਵਿਗਿਆਨ ਮੁਹੱਈਆ ਹੈ; ਭਾਸ਼ਾ ਨੂੰ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸੁਯੋਗ ਅਗਵਾਈ ਵਿਚ ਸਿੱਖਿਆ ਮੰਤਰਾਲੇ ਨੇ ਸਿੱਖਿਆ ਦੇ ਖੇਤਰ ’ਚ ਭਾਸ਼ਾਈ ਵੰਨ-ਸੁਵੰਨਤਾ ਅਤੇ ਬਹੁ-ਭਾਸ਼ਾਈ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮਾਂ-ਬੋਲੀਆਂ ਦੀ ਵਰਤੋਂ ਅਤੇ ਪ੍ਰਸਾਰ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਹਨ।

ਭਾਰਤ ਸਰਕਾਰ ਨੇ ਇਕ ਯੋਜਨਾ ਪੇਸ਼ ਕੀਤੀ ਹੈ, ਜਿਸ ਨੂੰ ‘ਭਾਰਤ ਦੀਆਂ ਲੁਪਤ ਹੋ ਜਾਣ ਦੇ ਖ਼ਤਰੇ ਵਾਲੀਆਂ ਭਾਸ਼ਾਵਾਂ ਦੀ ਸੁਰੱਖਿਆ ਅਤੇ ਸੰਭਾਲ ਯੋਜਨਾ’ (ਐੱਸ. ਪੀ. ਪੀ. ਈ. ਐੱਲ.) ਵਜੋਂ ਜਾਣਿਆ ਜਾਂਦਾ ਹੈ। ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੂਏਜਿਜ਼ (ਸੀ. ਆਈ. ਆਈ. ਐੱਲ.) ਮੈਸੂਰ ਇਸ ਯੋਜਨਾ ਤਹਿਤ 10,000 ਤੋਂ ਵੀ ਘੱਟ ਲੋਕਾਂ ਵੱਲੋਂ ਬੋਲੀਆਂ ਜਾਣ ਵਾਲੀਆਂ ਭਾਰਤ ਦੀਆਂ ਸਾਰੀਆਂ ਮਾਤ-ਭਾਸ਼ਾਵਾਂ/ਭਾਸ਼ਾਵਾਂ, ਅਰਥਾਤ ਲੁਪਤ ਹੋ ਜਾਣ ਦੇ ਖ਼ਤਰੇ ਵਾਲੀਆਂ ਭਾਸ਼ਾਵਾਂ ਦੀ ਸੁਰੱਖਿਆ, ਸੰਭਾਲ ਅਤੇ ਦਸਤਾਵੇਜ਼ੀ ਕਰਨ ਦਾ ਕੰਮ ਕਰਦਾ ਹੈ।

ਇਸ ਯੋਜਨਾ ਦੇ ਪਹਿਲੇ ਪੜਾਅ ਵਿਚ ਭਾਰਤ ਵਿਚੋਂ 117 ਲੁਪਤ ਹੋ ਜਾਣ ਦੇ ਖ਼ਤਰੇ ਵਾਲੀਆਂ ਭਾਸ਼ਾਵਾਂ/ਮਾਂ-ਬੋਲੀਆਂ ਨੂੰ ਪਹਿਲ ਦੇ ਆਧਾਰ ’ਤੇ ਅਧਿਐਨ ਅਤੇ ਦਸਤਾਵੇਜ਼ੀ ਕਰਨ ਲਈ ਚੁਣਿਆ ਗਿਆ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਨ੍ਹਾਂ ਭਾਸ਼ਾਵਾਂ ਦੀ ਸਾਂਭ-ਸੰਭਾਲ ਲਈ ਦੋ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦੇ ਨਾਂ ਹਨ-‘ਭਾਰਤ ਦੀਆਂ ਸਵਦੇਸ਼ੀ ਅਤੇ ਲੁਪਤ ਹੋ ਜਾਣ ਦੇ ਖ਼ਤਰੇ ਵਾਲੀਆਂ ਭਾਸ਼ਾਵਾਂ ਵਿਚ ਅਧਿਐਨ ਅਤੇ ਖੋਜ ਲਈ ਰਾਜ ਦੀਆਂ ਯੂਨੀਵਰਸਿਟੀਆਂ ਨੂੰ ਗ੍ਰਾਂਟ ਸਹਾਇਤਾ’ ਅਤੇ ‘ਕੇਂਦਰੀ ਯੂਨੀਵਰਸਿਟੀਆਂ ਵਿਚ ਲੁਪਤ ਹੋ ਜਾਣ ਦੇ ਖ਼ਤਰੇ ਵਾਲੀਆਂ ਭਾਸ਼ਾਵਾਂ ਲਈ ਕੇਂਦਰਾਂ ਦੀ ਸਥਾਪਨਾ’। ਸੀ. ਆਈ. ਐੱਲ. ਐੱਲ. ਦੇ ਨਾਲ ਵਿਗਿਆਨਿਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸੀ. ਐੱਸ. ਟੀ. ਟੀ.), ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ, ਕੇਂਦਰੀ ਹਿੰਦੀ ਸੰਸਥਾਨ, ਉਰਦੂ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਕੇਂਦਰ (ਸੀ. ਯੂ. ਐੱਲ. ਐੱਲ. ਸੀ.), ਸਿੰਧੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪ੍ਰੀਸ਼ਦ (ਐੱਨ. ਸੀ. ਪੀ. ਐੱਸ. ਐੱਲ.), ਅਤੇ ਉਰਦੂ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪ੍ਰੀਸ਼ਦ (ਐੱਨ. ਸੀ. ਪੀ. ਯੂ. ਐੱਲ.) ਨੇ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ, ਸੁਰੱਖਿਆ ਅਤੇ ਸਾਂਭ-ਸੰਭਾਲ ਦੇ ਖੇਤਰ ਵਿਚ ਸ਼ਾਨਦਾਰ ਕੰਮ ਕੀਤੇ ਹਨ।

ਇਸ ਤੋਂ ਇਲਾਵਾ ਕੇਂਦਰੀ ਭਾਰਤੀ ਭਾਸ਼ਾ ਸੰਸਥਾਨ (ਸੀ. ਆਈ. ਆਈ. ਐੱਲ.) ਦੀ ਸਲਾਹ ਨਾਲ ਨਵੋਦਿਆ ਵਿਦਿਆਲਿਆ ਨੇ ਹਾਲ ਹੀ ਵਿਚ ਐੱਨ. ਵੀ. ਐੱਸ. ਦੇ ਖੇਤਰੀ ਭਾਸ਼ਾ ਅਧਿਆਪਕਾਂ ਲਈ ਟੀਚਿੰਗ, ਪ੍ਰੀਖਣ ਅਤੇ ਮੁਲਾਂਕਣ ਬਾਰੇ ਇਕ ਆਨਲਾਈਨ ਕੋਰਸ ਆਯੋਜਿਤ ਕੀਤਾ ਹੈ। ਇਹ ਕੋਰਸ ਵਿਗਿਆਨ, ਸਮਾਜਿਕ ਵਿਗਿਆਨ ਅਤੇ ਗਣਿਤ ਰਾਹੀਂ ਭਾਸ਼ਾ ਨੂੰ ਸਿਖਾਉਣ ਅਤੇ ਭਾਸ਼ਾਈ ਕੁਸ਼ਲਤਾ ਨੂੰ ਵਧਾਉਣ ਲਈ ਕੁਦਰਤੀ ਭਾਸ਼ਾ ਪ੍ਰਕਿਰਿਆ (ਐੱਨ. ਐੱਲ. ਪੀ.) ਉਪਕਰਨ ਦੇ ਲਾਗੂ ਕਰਨ ’ਤੇ ਫੋਕਸ ਕਰਦਾ ਹੈ। ਰਾਸ਼ਟਰੀ ਏਕਤਾ ਅਤੇ ਅਖੰਡਤਾ ਲਿਆਉਣ ਵਿਚ ਇਹ ਪਾਠਕ੍ਰਮ ‘ਏਕ ਭਾਰਤ ਸ੍ਰੇਸ਼ਠ ਭਾਰਤ’ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।

ਇਸ ਉਪਰਾਲੇ ਦਾ ਉਦੇਸ਼ ਭਾਰਤ ਦੇ ਸੰਵਿਧਾਨ ਦੀ ਅਨੁਸੂਚੀ Ⅷ ਵਿਚ ਸੂਚੀਬੱਧ 22 ਭਾਰਤੀ ਭਾਸ਼ਾਵਾਂ ਦੇ ਵਿਦਿਆਰਥੀਆਂ ਨੂੰ ਬਹੁ-ਭਾਸ਼ਾਈ ਐਕਸਪੋਜ਼ਰ ਪ੍ਰਦਾਨ ਕਰਨਾ ਹੈ। ਐੱਨ. ਸੀ. ਈ. ਆਰ. ਟੀ. ਨੇ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ, ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ 22 ਭਾਸ਼ਾਵਾਂ ਵਿਚ ਸਾਦੇ ਅਤੇ ਆਮ ਤੌਰ ’ਤੇ ਵਰਤੇ ਜਾਣ ਵਾਲੇ ਵਾਕਾਂ ਨਾਲ ਛੋਟੇ-ਛੋਟੇ ਸੰਵਾਦ ਤਿਆਰ ਕੀਤੇ ਹਨ।

ਕੇਂਦਰੀ ਵਿਦਿਆਲਿਆਂ ਵਿਚ ਡਿਜੀਟਲ ਭਾਸ਼ਾ ਪ੍ਰਯੋਗਸ਼ਾਲਾ ਦੀ ਸਥਾਪਨਾ ਇਕ ਹੋਰ ਮਹੱਤਵਪੂਰਨ ਉਪਰਾਲਾ ਹੈ। ਇਹ ਪ੍ਰਯੋਗਸ਼ਾਲਾਵਾਂ ਵਿਆਪਕ ਅਤੇ ਇੰਟਰਐਕਟਿਵ ਡਿਜੀਟਲ ਸਮੱਗਰੀ ਨੂੰ ਸੁਣਨ ਅਤੇ ਬੋਲਣ ਦੇ ਹੁਨਰ ਸਿੱਖਣ ਲਈ ਇਕ ਪਲੇਟਫਾਰਮ ਹਨ। ਭਾਸ਼ਾ ਲੈਬਜ਼ ਦੇ ਜ਼ਰੀਏ ਕੇਂਦਰੀ ਵਿਦਿਆਲਾ ਕੰਪਿਊਟਰ ਆਧਾਰਿਤ ਅਭਿਆਸਾਂ ਅਤੇ ਸਰਗਰਮੀਆਂ ਰਾਹੀਂ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਨਾਲ ਜੋੜਨਗੇ। ਪਹਿਲੇ ਪੜਾਅ ਵਿਚ ਕੇਂਦਰੀ ਵਿਦਿਆਲਿਆਂ ਵਿਚ ਅੰਗਰੇਜ਼ੀ ਸਾਫਟਵੇਅਰ ਦੇ ਨਾਲ 276 ਡਿਜੀਟਲ ਲੈਂਗੂਏਜ ਲੈਬਜ਼ (ਹਰੇਕ ਕੇਂਦਰੀ ਵਿਦਿਆਲਿਆ ਵਿਚ ਇਕ) ਦੀ ਸਥਾਪਨਾ ਕੀਤੀ ਗਈ ਸੀ।

ਬੱਚੇ ਦੀ ਭਾਸ਼ਾ ਅਤੇ ਅਧਿਆਪਨ ਦੇ ਮਾਧਿਅਮ ਵਿਚਲੇ ਮੌਜੂਦਾ ਪਾੜੇ ਨੂੰ ਭਰਿਆ ਜਾਵੇ। ਕਿਸੇ ਭਾਸ਼ਾ ਨੂੰ ਸਿੱਖਣ ਦਾ ਮਤਲਬ ਸਿਰਫ ਵਰਣਮਾਲਾ, ਅਰਥ, ਵਿਆਕਰਨ ਦੇ ਨਿਯਮਾਂ ਅਤੇ ਸ਼ਬਦਾਂ ਦੀ ਵਿਵਸਥਾ ਦਾ ਗਿਆਨ ਪ੍ਰਾਪਤ ਕਰਨਾ ਹੀ ਨਹੀਂ ਹੈ, ਸਗੋਂ ਇਹ ਸਬੰਧਤ ਸਮਾਜ ਦੇ ਸੱਭਿਆਚਾਰ ਨੂੰ ਜਜ਼ਬ ਕਰਦੇ ਹੋਏ ਗਿਆਨ ਪ੍ਰਾਪਤੀ ਦੇ ਹੁਨਰਾਂ ਨੂੰ ਵਧਾਉਣ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ।


DIsha

Content Editor

Related News