ਰਾਮ ਜਨਮ ਭੂਮੀ ਵਿਵਾਦ : ਕੀ ਫੈਸਲਾ ਆਵੇਗਾ?

10/21/2019 1:39:04 AM

ਵਿਨੀਤ ਨਾਰਾਇਣ

ਸੁਪਰੀਮ ਕੋਰਟ ’ਚ ਸਭ ਤੋਂ ਲੰਮਾ ਚੱਲਿਆ ਮੁਕੱਦਮਾ ਹੁਣ ਫੈਸਲੇ ਦੀ ਉਡੀਕ ’ਚ ਹੈ। ਅਦਾਲਤ ਦਾ ਫੈਸਲਾ 17 ਨਵੰਬਰ ਨੂੰ ਆਵੇਗਾ। ਦੋਵੇਂ ਧਿਰਾਂ ਬੇਸਬਰੀ ਨਾਲ ਇਸ ਦੀ ਉਡੀਕ ਕਰ ਰਹੀਆਂ ਹਨ। ਇਥੇ ਇਸ ਕੇਸ ’ਚ ਦੋਹਾਂ ਧਿਰਾਂ ਵਲੋਂ ਦਿੱਤੀਆਂ ਦਲੀਲਾਂ ਦਾ ਮੈਂ ਕੋਈ ਮੁਲਾਂਕਣ ਨਹੀਂ ਕਰਾਂਗਾ। ਇਹ ਅਧਿਕਾਰ ਤਾਂ ਮਾਣਯੋਗ ਸਰਵਉੱਚ ਅਦਾਲਤ ਦਾ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਫੈਸਲਾ ਜਿਸ ਦੇ ਪੱਖ ਵਿਚ ਆਵੇਗਾ, ਦੂਜਾ ਪੱਖ ਉਸ ਦਾ ਵਿਰੋਧ ਕਰੇਗਾ। ਇਹ ਵੀ ਨਿਸ਼ਚਿਤ ਹੈ ਕਿ ਜੇਕਰ ਫੈਸਲਾ ਹਿੰਦੂਆਂ ਦੇ ਹੱਕ ਵਿਚ ਆਉਂਦਾ ਹੈ ਤਾਂ ਮੁਸਲਮਾਨਾਂ ਨੂੰ ਉਤੇਜਿਤ ਅਤੇ ਅੰਦੋਲਿਤ ਕਰਨ ਦਾ ਭਾਰੀ ਯਤਨ ਉਨ੍ਹਾਂ ਦੇ ਰਾਜਨੇਤਾਵਾਂ ਵਲੋਂ ਕੀਤਾ ਜਾਵੇਗਾ। ਜੇਕਰ ਫੈਸਲਾ ਮੁਸਲਮਾਨਾਂ ਦੇ ਪੱਖ ਵਿਚ ਆਉਂਦਾ ਹੈ ਤਾਂ ਹਿੰਦੂ ਵੀ ਸੜਕਾਂ ’ਤੇ ਉਤਰ ਆਉਣਗੇ। ਦੋਵ¶ੇਂ» ਹੀ ਸਥਿਤੀਆਂ ਸਮਾਜ ਲਈ ਚੰਗੀਆਂ ਨਹੀਂ ਹੋਣਗੀਆਂ ਪਰ ਜਿਵੇਂ ਕਿ 1990 ਤੋਂ ਮੈਂ ਅਤੇ ਮੇਰੇ ਵਰਗੇ ਅਨੇਕਾਂ ਨਿਰਪੱਖ ਪੱਤਰਕਾਰ ਲਿਖਦੇ ਅਤੇ ਬੋਲਦੇ ਆਏ ਹਨ ਕਿ ਜਦੋਂ ਤਕ ਅਯੁੱਧਿਆ, ਕਾਸ਼ੀ ਅਤੇ ਮਥੁਰਾ ’ਚ ਸਾਡੇ ਸਭ ਤੋਂ ਪਵਿੱਤਰ ਤੀਰਥ ਅਸਥਾਨਾਂ ਉੱਤੋਂ ਮਸਜਿਦਾਂ ਨਹੀਂ ਹਟਣਗੀਆਂ, ਉਦੋਂ ਤਕ ਦੋਹਾਂ ਧਿਰਾਂ ਵਿਚਾਲੇ ਸਦਭਾਵਨਾ ਆ ਹੀ ਨਹੀਂ ਸਕਦੀ।

ਮੈਂ ਸ਼੍ਰੀ ਕ੍ਰਿਸ਼ਨ ਦਾ ਭਗਤ ਹਾਂ ਅਤੇ ਜਦੋਂ ਤੋਂ ਹੋਸ਼ ਸੰਭਾਲੀ ਹੈ, ਉਦੋਂ ਤੋਂ ਸ਼੍ਰੀ ਕ੍ਰਿਸ਼ਨ ਜਨਮ ਅਸਥਾਨ ਮਥੁਰਾ ਦੇ ਦਰਸ਼ਨ ਕਰਨ ਜਾਂਦਾ ਰਿਹਾ ਹਾਂ। ਹਰ ਵਾਰ ਉਥੇ ਖੜ੍ਹੀ ਮਸਜਿਦ ਦੇਖ ਕੇ ਮਨ ’ਚ ਕੋਈ ਖਿਆਲ ਆਉਂਦਾ ਹੈ ਅਤੇ ਉਸ ਪਲ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜਦੋਂ ਉਥੇ ਸਥਿਤ ਵਿਸ਼ਾਲ ਦੇਵਾਲਿਆ ਨੂੰ ਹਮਲਾਵਰਾਂ ਨੇ ਤੋੜ ਕੇ ਮਸਜਿਦ ਬਣਾਈ ਸੀ। ਅਸੀਂ ਉਸ ਦ੍ਰਿਸ਼ ਦੇ ਗਵਾਹ ਨਹੀਂ ਹਾਂ ਪਰ ਇਤਿਹਾਸ ਪੜ੍ਹ ਕੇ ਅਤੇ ਸੁਣ ਕੇ ਕਲਪਨਾ ਕਰਦੇ ਹਾਂ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਕਿ ਸਾਡੇ ਪੂਜਨੀਕ ਦੇਵਤਿਆਂ ਦੀ ਜਨਮ ਭੂਮੀ ’ਤੇ ਜਿਸ ਸਮੇਂ ਉਸ ਵਿਸ਼ਾਲ ਮੰਦਰ ਨੂੰ ਤੋੜਿਆ ਜਾ ਰਿਹਾ ਹੋਵੇਗਾ ਤਾਂ ਉਥੇ ਮੌਜੂਦ ਭਗਤਾਂ, ਸੰਤਾਂ ਅਤੇ ਆਮ ਜਨਤਾ ਨੂੰ ਕਿੰਨੀ ਮਾਨਸਿਕ ਪੀੜਾ ਹੋਈ ਹੋਵੇਗੀ। ਇਹ ਭਾਵ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹੋ ਜਿਹਾ ਹੋਵੇਗਾ, ਜਿਵੇਂ ਸਾਡੀ ਪੀੜ੍ਹੀ ਜਾਂ ਸਾਡੇ ਤੋਂ ਪਿਛਲੀਆਂ ਪੀੜ੍ਹੀਆਂ ਦਾ ਹੁੰਦਾ ਆਇਆ ਹੈ। ਉਹ ਵੀ ਉਦੋਂ ਤਕ, ਜਦੋਂ ਅਸੀਂ ਕੱਟੜਵਾਦੀ ਨਹੀਂ ਹਾਂ ਅਤੇ ਦੂਜੇ ਧਰਮਾਂ ਦਾ ਵੀ ਸਨਮਾਨ ਕਰਨਾ ਸਾਡੇ ਮਾਤਾ-ਪਿਤਾ ਨੇ ਸਾਨੂੰ ਬਚਪਨ ਤੋਂ ਸਿਖਾਇਆ ਹੈ ਪਰ ਆਪਣੇ ਹਿੰਦੂ ਧਰਮ ਪ੍ਰਤੀ ਸਾਡੀ ਡੂੰਘੀ ਆਸਥਾ ਹੈ। ਅਸੀਂ ਆਸ ਕਰਦੇ ਹਾਂ ਕਿ ਉਪਰ ਭਗਵਾਨ ਅਤੇ ਹੇਠਾਂ ਇਸ ਦੇਸ਼ ਦੇ ਸ਼ਾਸਕ ਸਦੀਆਂ ਦੀ ਸਾਡੀ ਇਸ ਪੀੜ ਨੂੰ ਛੇਤੀ ਦੂਰ ਕਰਨਗੇ।

ਮੁਸਲਿਮ ਭਰਾਵਾਂ ਨੂੰ ਨਿਮਰਤਾ ਨਾਲ ਅਪੀਲ

ਇਸ ਲਈ ਮੈਂ ਵਾਰ-ਵਾਰ ਆਪਣੇ ਮੁਸਲਮਾਨ ਭਰਾਵਾਂ ਨੂੰ ਬੜੀ ਨਿਮਰਤਾ ਨਾਲ ਇਹੀ ਅਪੀਲ ਕਰਦਾ ਆਇਆ ਹਾਂ ਕਿ ਉਹ ਇਸ ਪੀੜ ਨੂੰ ਸਮਝਣ ਅਤੇ ਭਵਿੱਖ ਵਿਚ ਆਪਸੀ ਸੁਹਿਰਦਤਾ ਦਾ ਵਾਤਾਵਰਣ ਬਣਾਉਣ ਲਈ ਖ਼ੁਦ ਹੀ ਹਿੰਦੂ ਧਰਮ ਦੇ ਇਨ੍ਹਾਂ 3 ਧਾਰਮਿਕ ਅਸਥਾਨਾਂ ਬਾਰੇ ਸੋਚਣ। ਤੁਰਕੀ ਦੀ ਰਾਜਧਾਨੀ ਇਸਤਾਂਬੁਲ ’ਚ ਮੱਧ ਯੁੱਗ ਦੀ ਇਕ ਇਤਿਹਾਸਿਕ ਇਮਾਰਤ, ਜਿਸ ਨੂੰ ‘ਸੋਫੀਆ ਮਸਜਿਦ’ ਕਹਿੰਦੇ ਸਨ, ਮੌਜੂਦ ਹੈ। ਦਰਅਸਲ, ਇਹ ਇਕ ਵਿਸ਼ਾਲ ਚਰਚ ਸੀ, ਜਿਸ ’ਤੇ ਮੁਸਲਿਮ ਸ਼ਾਸਕਾਂ ਨੇ ਜਬਰੀ ਕਬਜ਼ਾ ਕਰ ਕੇ ਮਸਜਿਦ ਬਣਾ ਦਿੱਤੀ ਸੀ ਪਰ ਤੁਰਕੀ ਦੀ ਦੂਰਦ੍ਰਿਸ਼ਟੀ ਵਾਲੇ ਆਧੁਨਿਕ ਸ਼ਾਸਕਾਂ ਨੇ ਇਸ ਦੀ ਸੰਵੇਦਨਸ਼ੀਲਤਾ ਨੂੰ ਸਮਝਿਆ ਅਤੇ ਉਸ ਨੂੰ ਮੁਸਲਮਾਨਾਂ ਦੀ ਇਬਾਦਤ ਲਈ ਬੰਦ ਕਰ ਦਿੱਤਾ। ਇੰਨਾ ਹੀ ਨਹੀਂ, ਮੁਸਲਿਮ ਹਮਲਾਵਰਾਂ ਨੇ ਯਿਸੂ ਮਸੀਹ ਦੇ ਜੀਵਨ ਨਾਲ ਸਬੰਧਤ ਕੰਧਾਂ ’ਤੇ ਜੋ ਵਿਸ਼ਾਲ ਚਿੱਤਰ ਬਣੇ ਸਨ, ਉਨ੍ਹਾਂ ’ਤੇ ਕਈ ਸਦੀਆਂ ਪਹਿਲਾਂ ਪਲੱਸਤਰ ਕਰ ਕੇ ਉਨ੍ਹਾਂ ਨੂੰ ਲੁਕੋ ਦਿੱਤਾ ਸੀ ਪਰ ਹੁਣ ਉਹ ਸਭ ਹਟਾ ਦਿੱਤਾ ਗਿਆ ਹੈ ਅਤੇ ਸੋਫੀਆ ਚਰਚ ਜਨਤਾ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੀ ਗਈ ਹੈ, ਜਿਥੇ ਜਾ ਕੇ ਤੁਹਾਨੂੰ ਮਸਜਿਦ ਹੋਣ ਦਾ ਕੋਈ ਸਬੂਤ ਨਹੀਂ ਮਿਲਦਾ। ਇਹ ਉਸ ਦੇਸ਼ ’ਚ ਹੋਇਆ, ਜੋ ਮੁਸਲਿਮ ਦੇਸ਼ ਹੈ, ਤਾਂ ਭਾਰਤ ਵਿਚ ਜਿੱਥੇ ਹਿੰਦੂ ਧਰਮ ਦੀ ਪ੍ਰੰਪਰਾ ਇਸਲਾਮ ਤੋਂ 4000 ਸਾਲ ਤੋਂ ਵੀ ਪਹਿਲਾਂ ਦੀ ਹੈ ਅਤੇ ਜਿਥੋਂ ਦੀ ਬਹੁਗਿਣਤੀ ਆਬਾਦੀ ਹਿੰਦੂ ਹੈ, ਉਥੇ ਇਹ ਕਿਉਂ ਨਹੀਂ ਹੋ ਸਕਦਾ?

ਸਾਰੀਆਂ ਧਿਰਾਂ ਸੰਜਮ ਵਰਤਣ

ਜੇਕਰ ਅਦਾਲਤ ਦਾ ਫੈਸਲਾ ਹਿੰਦੂਆਂ ਦੇ ਪੱਖ ਵਿਚ ਆਉਂਦਾ ਹੈ ਤਾਂ ਉਨ੍ਹਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ। ਖੁਸ਼ੀ ਅਤੇ ਉਤਸ਼ਾਹ ’ਚ ਅਜਿਹਾ ਕੁਝ ਨਾ ਕਰਨ, ਜਿਸ ਨਾਲ ਸਮਾਜ ਵਿਚ ਜ਼ਹਿਰ ਫੈਲੇ ਅਤੇ ਹਿੰਸਕ ਸੰਘਰਸ਼ ਹੋਵੇ, ਸਗੋਂ ਮੁਸਲਿਮ ਸਮਾਜ ਨੂੰ ਭਰੋਸਾ ਦੇਣਾ ਚਾਹੀਦਾ ਹੈ ਕਿ ਉਹ ਅਯੁੱਧਿਆ ਵਿਚ ਉਨ੍ਹਾਂ ਦੀ ਨਵੀਂ ਮਸਜਿਦ ਦੇ ਨਿਰਮਾਣ ’ਚ ਤਨ-ਮਨ ਅਤੇ ਧਨ ਨਾਲ ਸਹਿਯੋਗ ਕਰਨਗੇ। ਜੇਕਰ ਅਦਾਲਤ ਬਹੁਗਿਣਤੀ ਹਿੰਦੂਆਂ ਦੀ ਭਾਵਨਾ ਅਤੇ ਵਕੀਲਾਂ ਦੇ ਤਰਕ ਨੂੰ ਦਰਕਿਨਾਰ ਕਰ ਕੇ ਫੈਸਲਾ ਮੁਸਲਮਾਨਾਂ ਦੇ ਪੱਖ ਵਿਚ ਦੇ ਦਿੰਦੀ ਹੈ ਤਾਂ ਇਸ ਨੂੰ ਆਪਣੀ ਕਾਨੂੰਨੀ ਜਿੱਤ ਮੰਨ ਕੇ ਮੁਸਲਮਾਨਾਂ ਨੂੰ ਇਕ ਉਦਾਰ ਭਰਾ ਵਾਂਗ ਹਿੰਦੂਆਂ ਨੂੰ ਰਾਮ ਜਨਮ ਭੂਮੀ ਸੌਂਪ ਦੇਣੀ ਚਾਹੀਦੀ ਹੈ। ਇਹ ਕਹਿੰਦੇ ਹੋਏ ਕਿ ਅਸੀਂ ਕਾਨੂੰਨ ਦੀ ਲੜਾਈ ਜਿੱਤ ਗਏ ਪਰ ਹੁਣ ਅਸੀਂ ਤੁਹਾਡਾ ਦਿਲ ਜਿੱਤਣ ਦਾ ਕੰਮ ਕਰਾਂਗੇ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਫੈਸਲਾ ਜੋ ਵੀ ਆਵੇ, ਸਮਾਜ ਵਿਚ ਸੁਹਿਰਦਤਾ ਬਣੀ ਰਹੇ ਅਤੇ ਬਹੁਗਿਣਤੀ ਹਿੰਦੂਆਂ ਦੀ ਆਸਥਾ ਦੇ ਇੰਨੇ ਵੱਡੇ ਕੇਂਦਰ ’ਤੇ ਭਵਿੱਖ ਵਿਚ ਤਣਾਅ ਦੀ ਜਗ੍ਹਾ ਭਜਨ ਅਤੇ ਭਗਤੀ ਦਾ ਵਾਤਾਵਰਣ ਬਣੇ।

(www.vineetnarain.net)


Bharat Thapa

Content Editor

Related News