ਵਾਤਾਵਰਣੀ ਤੰਤਰ ਨੂੰ ਲੰਬੇ ਸਮੇਂ ਤੱਕ ਨੁਕਸਾਨ ਪਹੁੰਚਾ ਰਹੇ ਪਲਾਸਟਿਕ ਬੈਗ

07/03/2024 6:33:01 PM

ਦੁਨੀਆ ਭਰ ’ਚ ਪਲਾਸਟਿਕ ਦੇ ਲਿਫਾਫੇ ਪ੍ਰਦੂਸ਼ਣ ਦਾ ਪ੍ਰਮੁੱਖ ਸਰੋਤ ਹਨ, ਜੋ ਨਾ ਸਿਰਫ ਧਰਤੀ ’ਤੇ ਸਗੋਂ ਸਮੁੰਦਰੀ ਜੀਵਨ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ ਅਤੇ ਸਾਡੇ ਵਾਤਾਵਰਣੀ ਤੰਤਰ ਦੀ ਤਬਾਹੀ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਇਨ੍ਹਾਂ ਦੀਆਂ ਲਿਫਾਫਿਆਂ ਨੂੰ ਗਲਣ ’ਚ ਸੈਂਕੜੇ ਸਾਲ ਲੱਗਦੇ ਹਨ। ਇਕ ਪਲਾਸਟਿਕ ਬੈਗ ਨੂੰ ਸੜਨ ’ਚ 1000 ਸਾਲ ਤੱਕ ਲੱਗ ਸਕਦੇ ਹਨ।

ਪਲਾਸਟਿਕ ਦੇ ਲਿਫਾਫੇ ਧਰਤੀ ’ਤੇ ਰਹਿਣ ਵਾਲੇ ਮਨੁੱਖਾਂ ਸਮੇਤ ਕਈ ਜੀਵ-ਜੰਤੂਆਂ, ਹੋਰ ਜੀਵਾਂ ਨੂੰ ਤਾਂ ਨੁਕਸਾਨ ਪਹੁੰਚਾਉਂਦੇ ਹਨ, ਮਹਾਸਾਗਰਾਂ ਸਮੇਤ ਸਾਰੇ ਜਲ ਸਰੋਤਾਂ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹਨ, ਜਿਸ ਨਾਲ ਵਾਤਾਵਰਣੀ ਤੰਤਰ ਨੂੰ ਲੰਬੇ ਸਮੇਂ ਤੱਕ ਨੁਕਸਾਨ ਪਹੁੰਚਦਾ ਹੈ। ਦੁਨੀਆ ਭਰ ’ਚ ਹਰ ਸਾਲ ਲੱਖਾਂ ਟਨ ਪਲਾਸਟਿਕ ਕਚਰਾ ਜਲ ਸਰੋਤਾਂ ’ਚ ਸੁੱਟ ਦਿੱਤਾ ਜਾਂਦਾ ਹੈ, ਜਿਸ ਦਾ ਵਧੇਰੇ ਹਿੱਸਾ ਮਹਾਸਾਗਰਾਂ ’ਚ ਚਲਾ ਜਾਂਦਾ ਹੈ। ਇਸ ਪਲਾਸਟਿਕ ਕਚਰੇ ’ਚ ਪਲਾਸਟਿਕ ਬੈਗ ਸਮੇਤ ਸਿੰਗਲ ਵਰਤੋਂ ਵਾਲਾ ਪਲਾਸਟਿਕ ਵੀ ਵੱਡੀ ਗਿਣਤੀ ’ਚ ਹੁੰਦਾ ਹੈ ਜੋ ਜੰਗਲੀ ਜੀਵਾਂ, ਪਾਣੀ ਵਾਲੇ ਜੀਵਾਂ ਅਤੇ ਵਾਤਾਵਰਣੀ ਤੰਤਰ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ।

ਪਲਾਸਟਿਕ ਬੈਗ ਦਾ ਵਾਤਾਵਰਣ ਅਤੇ ਸਿਹਤ ’ਤੇ ਕਿੰਨਾ ਉਲਟ ਅਸਰ ਪੈਂਦਾ ਹੈ, ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਪਲਾਸਟਿਕ ਬੈਗ ਨਾਨ-ਬਾਇਓਡਿਗ੍ਰੇਡੇਬਲ ਹੁੰਦੇ ਹਨ ਭਾਵ ਇਹ ਗਲਦੇ ਨਹੀਂ। ਪਲਾਸਟਿਕ ਦੇ ਲਿਫਾਫੇ ਮੀਂਹ ਨੂੰ ਪ੍ਰਭਾਵਿਤ ਕਰਦੇ ਹੋਏ ਜਲ ਚੱਕਰ ’ਚ ਰੁਕਾਵਟ ਪਾਉਂਦੇ ਹਨ ਜੋ ਹੁਣ ਅਕਸਰ ਹੜ੍ਹ ਦਾ ਕਾਰਨ ਵੀ ਬਣਦੇ ਹਨ।

ਹਾਲਾਂਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਰੋਕਣ ਅਤੇ ਵਾਤਾਵਰਣ ਅਨੁਸਾਰ ਬਦਲਾਂ ਨੂੰ ਹੁਲਾਰਾ ਦੇਣ ਲਈ ਦੁਨੀਆ ਦੇ ਕਈ ਦੇਸ਼ਾਂ ’ਚ ਲੋਕਾਂ ’ਚ ਜਾਗਰੂਕਤਾ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਭਾਰਤ ਸਮੇਤ ਕਈ ਦੇਸ਼ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੇ ਲਿਫਾਫਿਆਂ ’ਤੇ ਪਾਬੰਦੀ ਵੀ ਲਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਅੱਜ ਵੀ ਪਲਾਸਟਿਕ ਦੇ ਲਿਫਾਫੇ ਕਰਿਆਨੇ ਦੀਆਂ ਦੁਕਾਨਾਂ ਤੋਂ ਲੈ ਕੇ ਫਲ-ਸਬਜ਼ੀ ਦੀਆਂ ਦੁਕਾਨਾਂ, ਮੈਡੀਕਲ ਸਟੋਰ ਆਦਿ ਹਰ ਥਾਂ ’ਤੇ ਮੌਜੂਦ ਹਨ।

ਦਰਅਸਲ ਸਹੂਲਤ ਅਤੇ ਘੱਟ ਕੀਮਤਾਂ ਕਾਰਨ ਇਹ ਸਾਡੀ ਜੀਵਨਸ਼ੈਲੀ ’ਚ ਸਰਬਪੱਖੀ ਹੋ ਗਈਆਂ ਹਨ ਅਤੇ ਗੰਭੀਰ ਚਿੰਤਾ ਦਾ ਕਾਰਨ ਇਹੀ ਹੈ ਕਿ ਸਾਧਾਰਨ ਜਿਹੇ ਦਿਸਣ ਵਾਲੇ ਪਲਾਸਟਿਕ ਦੇ ਇਹ ਲਿਫਾਫੇ ਅੱਜ ਦੁਨੀਆ ਭਰ ’ਚ ਜੀਅ ਦਾ ਜੰਜਾਲ ਬਣ ਚੁੱਕੇ ਹਨ। ਇਨ੍ਹਾਂ ’ਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਨਾਲ ਸਾਡੀ ਸਿਹਤ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਂਦੀਆਂ ਹਨ।

ਬੀਤੇ ਸਾਲਾਂ ’ਚ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ ਜਦੋਂ ਗਊਆਂ ਸਮੇਤ ਪਸ਼ੂਆਂ ਵੱਲੋਂ ਕੂੜੇ ਦੇ ਢੇਰ ਤੋਂ ਪਲਾਸਟਿਕ ਦੇ ਲਿਫਾਫੇ ਨਿਗਲਣ ਦੇ ਬਾਅਦ ਉਨ੍ਹਾਂ ਦੀਆਂ ਆਂਤੜੀਆਂ ’ਚ ਫਸ ਗਏ ਤੇ ਉਨ੍ਹਾਂ ਦੀ ਦਰਦਨਾਕ ਮੌਤ ਦਾ ਕਾਰਨ ਬਣੇ। ਖੇਤਾਂ ’ਚ ਪਲਾਸਟਿਕ ਦੇ ਲਿਫਾਫੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰਦੇ ਹਨ। ਇਹੀ ਨਹੀਂ, ਪਲਾਸਟਿਕ ਕਣ ਹੁਣ ਦੁੱਧ ਸਮੇਤ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਰਾਹੀਂ ਸਾਡੇ ਖੂਨ ਤੱਕ ਵੀ ਪਹੁੰਚ ਰਹੇ ਹਨ।

ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੇ ਲਿਫਾਫਿਆਂ ਦੇ ਵਾਤਾਵਰਣ ’ਤੇ ਹਾਨੀਕਾਰਕ ਅਸਰਾਂ ਬਾਰੇ ਵਿਸ਼ਵ ਪੱਧਰ ’ਤੇ ਜਾਗਰੂਕਤਾ ਵਧਾਉਣ ਲਈ ਹਰ ਸਾਲ 3 ਜੁਲਾਈ ਨੂੰ ‘ਕੌਮਾਂਤਰੀ ਪਲਾਸਟਿਕ ਬੈਗ ਮੁਕਤ ਦਿਵਸ’ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਪਲਾਸਟਿਕ ਦੇ ਲਿਫਾਫਿਆਂ ਦੀ ਬਜਾਏ ਕਾਗਜ਼ ਜਾਂ ਕੱਪੜੇ ਦੇ ਝੋਲਿਆਂ ਸਮੇਤ ਵਾਤਾਵਰਣ ਦੇ ਅਨੁਕੂਲ ਵਸਤੂਆਂ ਦੀ ਵਰਤੋਂ ਨੂੰ ਹੁਲਾਰਾ ਦੇਣਾ ਹੈ ਤਾਂ ਕਿ ਅਸੀਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਖਤਮ ਕਰ ਕੇ ਵਾਤਾਵਰਣ ਦੀ ਸੰਭਾਲ ਕਰਨ ’ਚ ਭਾਈਵਾਲ ਬਣੀਏ।

ਇਕ ਅਧਿਐਨ ਅਨੁਸਾਰ 1950 ਦੇ ਦਹਾਕੇ ਤੋਂ ਲੈ ਕੇ ਅੱਜ ਤੱਕ 8.3 ਬਿਲੀਅਨ ਮੀਟ੍ਰਿਕ ਟਨ ਤੋਂ ਵੀ ਵੱਧ ਪਲਾਸਟਿਕ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ, ਜਿਸ ਦਾ 79 ਫੀਸਦੀ ਹਿੱਸਾ ਲੈਂਡਫਿਲ ਜਾਂ ਕੁਦਰਤੀ ਵਾਤਾਵਰਣ ’ਚ ਸੁੱਟਿਆ ਜਾ ਰਿਹਾ ਹੈ। ਅਜਿਹੇ ’ਚ ਪਲਾਸਟਿਕ ਵਾਤਾਵਰਣ ’ਤੇ ਬੜਾ ਵੱਡਾ ਬੋਝ ਬਣ ਰਿਹਾ ਹੈ। ਬੰਗਲਾਦੇਸ਼ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਿਆ ਸੀ, ਜਿਸ ਨੇ ਉੱਥੇ ਆਏ ਤਬਾਹਕੁੰਨ ਹੜ੍ਹ ਦੌਰਾਨ ਪਾਣੀ ਨਿਕਾਸੀ ਪ੍ਰਣਾਲੀਆਂ ਨੂੰ ਰੋਕਣ ’ਚ ਪਲਾਸਟਿਕ ਦੇ ਲਿਫਾਫਿਆਂ ਦੀ ਅਹਿਮ ਭੂਮਿਕਾ ਨੂੰ ਦੇਖਦੇ ਹੋਏ 2002 ’ਚ ਪਤਲੇ ਪਲਾਸਟਿਕ ਦੇ ਲਿਫਾਫਿਆਂ ’ਤੇ ਪਾਬੰਦੀ ਲਾਈ ਸੀ।

ਉਸ ਦੇ ਬਾਅਦ ਦੱਖਣੀ ਅਫਰੀਕਾ, ਰਵਾਂਡਾ, ਚੀਨ, ਆਸਟ੍ਰੇਲੀਆ, ਇਟਲੀ ਆਦਿ ਕੁਝ ਹੋਰਨਾਂ ਦੇਸ਼ਾਂ ’ਚ ਵੀ ਇਨ੍ਹਾਂ ’ਤੇ ਪਾਬੰਦੀ ਲਾਈ ਗਈ। ਭਾਰਤ ’ਚ ਵੀ 1 ਜੁਲਾਈ, 2022 ਨੂੰ ਇਕਹਿਰੀ ਵਰਤੋਂ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਨੂੰ ਬਣਾਉਣ, ਦਰਾਮਦ, ਸਟੋਰ, ਵੰਡ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਾਈ ਜਾ ਚੁੱਕੀ ਹੈ।

ਬ੍ਰਸੇਲਸ ਕਮਿਸ਼ਨ ਦੇ ਮੈਂਬਰ ਫ੍ਰਾਂਸ ਟਿਮਰਮੰਸ ਦੇ ਅਨੁਸਾਰ, ਪਲਾਸਟਿਕ ਦੇ ਲਿਫਾਫੇ ਸਿਰਫ 5 ਸੈਕੰਡ ’ਚ ਹੀ ਤਿਆਰ ਹੋ ਜਾਂਦੇ ਹਨ ਜਿਸ ਦੀ ਲੋਕ ਅਕਸਰ ਹੀ 5 ਮਿੰਟ ਹੀ ਵਰਤੋਂ ਕਰਦੇ ਹਨ ਪਰ ਇਸ ਨੂੰ ਗਲ ਕੇ ਨਸ਼ਟ ਹੋਣ ’ਚ ਸੈਂਕੜੇ ਸਾਲ ਲੱਗ ਸਕਦੇ ਹਨ।

ਹਰ ਸਾਲ ਉਤਪਾਦਿਤ ਪਲਾਸਟਿਕ ਕਚਰੇ ’ਚ ਸਭ ਤੋਂ ਵੱਧ ਪਲਾਸਟਿਕ ਕਚਰਾ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦਾ ਹੀ ਹੁੰਦਾ ਹੈ ਅਤੇ ਇਸ ਦਾ ਖਤਰਾ ਇਸੇ ਤੋਂ ਸਮਝਿਆ ਜਾ ਸਕਦਾ ਹੈ ਕਿ ਅਜਿਹੇ ਪਲਾਸਟਿਕ ’ਚੋਂ ਸਿਰਫ 20 ਫੀਸਦੀ ਹੀ ਰੀਸਾਈਕਲ ਹੋ ਸਕਦਾ ਹੈ, ਲਗਭਗ 39 ਫੀਸਦੀ ਪਲਾਸਟਿਕ ਨੂੰ ਜ਼ਮੀਨ ਦੇ ਅੰਦਰ ਦੱਬ ਕੇ ਨਸ਼ਟ ਕੀਤਾ ਜਾਂਦਾ ਹੈ ਜੋ ਜ਼ਮੀਨ ’ਚ ਗੰਡੋਇਆਂ ਵਰਗੇ ਜ਼ਮੀਨ ਨੂੰ ਉਪਜਾਊ ਬਣਾਉਣ ਵਾਲੇ ਜੀਵਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ।

15 ਫੀਸਦੀ ਪਲਾਸਟਿਕ ਨੂੰ ਸਾੜ ਕੇ ਤਬਾਹ ਕੀਤਾ ਜਾਂਦਾ ਹੈ ਅਤੇ ਪਲਾਸਟਿਕ ਨੂੰ ਸਾੜਨ ਦੀ ਇਸ ਪ੍ਰਕਿਰਿਆ ’ਚ ਵੱਡੀ ਮਾਤਰਾ ’ਚ ਵਾਤਾਵਰਣ ’ਚ ਜ਼ਹਿਰੀਲੀਆਂ ਗੈਸਾਂ ਦੀ ਨਿਕਾਸੀ ਹੋਣ ਨਾਲ ਹਾਈਡ੍ਰੋਕਾਰਬਨ, ਕਾਰਬਨ ਮੋਨੋਡਾਈਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਫੇਫੜਿਆਂ ਦੇ ਕੈਂਸਰ ਤੇ ਦਿਲ ਦੇ ਰੋਗਾਂ ਸਮੇਤ ਕਈ ਬੀਮਾਰੀਆਂ ਦਾ ਕਾਰਨ ਬਣਦੀਆਂ ਹਨ।

ਯੋਗੇਸ਼ ਕੁਮਾਰ ਗੋਇਲ


Rakesh

Content Editor

Related News