ਪ੍ਰਧਾਨ ਮੰਤਰੀ ਜੀ ਖੁਦ ਧਿਆਨ ਦਿਓ! ‘ਸ਼ਾਂਤੀ ਲਈ ਤਰਸ ਰਹੇ ਮਣੀਪੁਰ ਵਾਸੀ’

Wednesday, Jul 17, 2024 - 04:26 AM (IST)

ਪ੍ਰਧਾਨ ਮੰਤਰੀ ਜੀ ਖੁਦ ਧਿਆਨ ਦਿਓ! ‘ਸ਼ਾਂਤੀ ਲਈ ਤਰਸ ਰਹੇ ਮਣੀਪੁਰ ਵਾਸੀ’

ਸਾਡੇ ਦੇਸ਼ ’ਚ  ਉੱਤਰ-ਪੂਰਬ ਦੇ 7 ਸੂਬੇ ਅਰੁਣਾਚਲ ਪ੍ਰਦੇਸ਼, ਆਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ ਜੰਗੀ ਨਜ਼ਰੀਏ ਨਾਲ ਬੇਹੱਦ ਮਹੱਤਵਪੂਰਨ ਹੋਣ ਦੇ ਕਾਰਨ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕਰਦੇ ਹਨ। 
ਇਨ੍ਹਾਂ ’ਚੋਂ ਮਣੀਪੁਰ ’ਚ ਹਾਲਾਤ ਲੰਬੇ ਸਮੇਂ ਤੋਂ ਕਾਫੀ ਗੰਭੀਰ ਬਣੇ ਹੋਏ ਹਨ। ਉੱਥੇ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਕੁਕੀ ਅਤੇ ਮੈਤੇਈ ਭਾਈਚਾਰਿਆਂ ਵਿਚਾਲੇ ਜਾਰੀ ਫਿਰਕੂ ਸੰਘਰਸ਼ ਦੇ ਨਤੀਜੇ ਵਜੋਂ ਲਗਭਗ 230 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 65,000 ਤੋਂ ਵੱਧ ਲੋਕ ਬੇਘਰ ਹੋ ਕੇ ਰਾਹਤ ਕੈਂਪਾਂ ’ਚ ਰਹਿ ਰਹੇ ਹਨ। 
ਸਰਕਾਰ ਦੇ ਦਾਅਵਿਆਂ ਦੇ ਉਲਟ ਸੂਬੇ ’ਚ ਹਿੰਸਾ ਰੁਕ ਨਹੀਂ ਰਹੀ ਜੋ ਇਸੇ ਸਾਲ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 17 ਜਨਵਰੀ ਨੂੰ ‘ਮੋਰੇਹ’ ਇਲਾਕੇ ’ਚ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ਦੇ ਵਾਹਨ ’ਤੇ ਹਮਲਾ ਕਰ ਕੇ 2 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਅੱਤਵਾਦੀਆਂ   ਨੇ ਸੁਰੱਖਿਆ ਦਸਤਿਆਂ ਦੀ ਇਕ ਚੌਕੀ ’ਤੇ ਵੀ ਬੰਬ ਸੁੱਟੇ ਅਤੇ ਗੋਲੀਬਾਰੀ ਕੀਤੀ। 
* 15 ਫਰਵਰੀ ਨੂੰ ‘ਕੁਕੀ’ ਅਤੇ ‘ਜੋ’ ਜਨਜਾਤੀ ਦੀ ਬਹੁਲਤਾ ਵਾਲੇ ‘ਚੁਰਾਚਾਂਦਪੁਰ’ ਜ਼ਿਲੇ ’ਚ ਭੜਕੀ ਭੀੜ  ਵੱਲੋਂ ਐੱਸ. ਪੀ. ਅਤੇ ਡੀ. ਸੀ. ਦਫਤਰਾਂ ’ਤੇ ਪੱਥਰਾਅ ਤੇ ਅੱਗਜ਼ਨੀ ਨਾਲ ਦੋ ਨਾਗਰਿਕਾਂ ਦੀ ਮੌਤ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। 
* 26 ਅਪ੍ਰੈਲ ਨੂੰ ‘ਵਿਸ਼ਨੂੰਪੁਰ’ ਜ਼ਿਲੇ ’ਚ ‘ਕੁਕੀ’ ਅੱਤਵਾਦੀਆਂ ਨੇ  ਸੈਂਟਰ ਫੋਰਸ ਦੀ ਚੌਕੀ ’ਤੇ ਬੰਬਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ 2 ਜਵਾਨ ਸ਼ਹੀਦ ਅਤੇ 2 ਹੋਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। 
* 8 ਜੂਨ  ਨੂੰ ‘ਜਿਰੀਬਾਮ’ ਜ਼ਿਲੇ ’ਚ ਅੱਤਵਾਦੀਆਂ ਨੇ 2 ਪੁਲਸ ਚੌਕੀਆਂ,  1 ਫਾਰੈਟ ਆਫਿਸ ਅਤੇ 70 ਮਕਾਨਾਂ ਨੂੰ ਅੱਗ ਲਗਾ ਕੇ ਸਵਾਹ ਕਰ ਦਿੱਤਾ। 
* 10 ਜੂਨ ਨੂੰ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਕਾਫਿਲੇ ’ਤੇ ਹਮਲੇ ’ਚ 2 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਇਹ ਹਮਲਾ ਮੁੱਖ ਮੰਤਰੀ ਦੇ  ਹਿੰਸਾਗ੍ਰਸਤ ਖੇਤਰ ਦੇ  ਦੌਰੇ ’ਤੇ ਆਉਣ ਤੋਂ 2 ਦਿਨ ਪਹਿਲਾਂ ਹੋਇਆ ਸੀ। 
* 14 ਜੁਲਾਈ ਨੂੰ ਸਵੇਰੇ ਭਾਰੀ ਹਥਿਆਰਾਂ ਨਾਲ  ਲੈਸ ਸ਼ੱਕੀ ਕੁਕੀ  ਅੱਤਵਾਦੀਆਂ ਨੇ ‘ਜਿਰੀਬਾਨ’ ਜ਼ਿਲੇ ’ਚ ‘ਮੈਤੇਈ’ ਬਹੁਲ ਪਿੰਡ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ  ਬਣਾ ਕੇ ਸੀ. ਆਰ. ਪੀ. ਐੱਫ. ਦੇ ਜਵਾਨ ਅਜੇ  ਕੁਮਾਰ  ਝਾਅ ਦੀ ਗੋਲੀ ਮਾਰ ਕੇ ਹੱਤਿਆ ਅਤੇ 3 ਹੋਰ ਜਵਾਨਾਂ ਨੂੰ ਜ਼ਖਮੀ ਕਰ ਦਿੱਤਾ। 
ਇਕ ਅੱਖੀਂ ਵੇਖਣ ਵਾਲੇ ਦੇ ਅਨੁਸਾਰ, ‘‘ਜਿਸ ਸਟੀਕਤਾ ਨਾਲ  ਹਮਲੇ ਕੀਤੇ ਗਏ ਉਸ ਤੋਂ ਸਪੱਸ਼ਟ ਹੈ ਕਿ ਅੱਤਵਾਦੀ ਅਤਿਆਧੁਨਿਕ ਹਥਿਆਰਾਂ ਦੀ ਵਰਤੋਂ ਕਰ ਰਹੇ ਸਨ।’’ 
* 16 ਜੁਲਾਈ  ਨੂੰ ਇੰਫਾਲ ਈਸਟ ਦੇ ‘ਕੋਂਥਾ ਖਾਬਮ’ ’ਚ ਇਕ ਅਖਬਾਰ ‘ਨਾਹਰੋਲਗੀ ਥੌਡਾਂਗ’ ਦੇ ਸੰਪਾਦਕ ‘ਖੋਈਰੋਮ ਲੋਇਲਕਪਾ’ ਦੀ ਰਿਹਾਇਸ਼ ’ਤੇ ਅਣਪਛਾਤੇ  ਹਮਲਾਵਰਾਂ ਨੇ ਗੋਲੀਆਂ ਚਲਾਈਆਂ ਜਿਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। 
ਇਸ ਹਿੰਸਾਗ੍ਰਸਤ ਸੂਬੇ ’ਚ ਹਾਲਾਂਕਿ ਸਰਕਾਰ ਵੱਲੋਂ ਹਾਲਾਤ ਕਾਬੂ ’ਚ ਦੱਸੇ ਜਾਂਦੇ ਹਨ ਪਰ ਹਕਕੀਤ ਇਸ ਦੇ ਉਲਟ ਹੀ ਲੱਗਦੀ ਹੈ ਅਤੇ ਅੱਤਵਾਦੀਆਂ ਦੇ ਕਬਜ਼ੇ ’ਚੋਂ ਤਰ੍ਹਾਂ-ਤਰ੍ਹਾਂ ਦੇ ਦੇਸੀ-ਵਿਦੇਸ਼ੀ ਹਥਿਆਰ ਬਰਾਮਦ ਹੋ ਰਹੇ ਹਨ। 
ਇਨ੍ਹਾਂ ’ਚ 7.62 ਐੱਮ. ਐੱਮ. ਏ. ਕੇ. 56 ਅਸਾਲਟ ਰਾਈਫਲਾਂ, ਪੀ. ਟੀ. 22 ਰਾਈਫਲਾਂ, 22 ਇੰਚ ਦੀਆਂ ਸਿੰਗਲ ਬੈਰਲ ਬੰਦੂਕਾਂ, ਇੰਪ੍ਰੋਵਾਈਜ਼ਡ ਪ੍ਰਾਜੈਕਟਾਈਲ ਲਾਂਚਰ, ਚੀਨੀ ਹੈਂਡ ਗ੍ਰੇਨੇਡ, 51 ਐੱਮ. ਐੱਮ. ਮੋਰਟਾਰ, ਚੀਨੀ ਵਾਕੀ-ਟਾਕੀ ਸੈੱਟ, 1 ਐੱਸ. ਐੱਲ. ਆਰ., 38 ਪਿਸਟਲ, ਗ੍ਰੇਨੇਡ ਅਤੇ ਐਕਸਕੈਲਿਬਰ ਰਾਈਫਲਾਂ, ਐੱਮ. ਏ.-3, ਐੱਮ. ਏ. 2 ਅਤੇ .45 ਪਿਸਟਲ ਅਤੇ 9 ਐੱਮ. ਐੱਮ. ਪਿਸਟਲ ਆਦਿ ਸ਼ਾਮਲ ਹਨ।  
ਇਸੇ ਤਰ੍ਹਾਂ ਦੇ ਹਾਲਾਤ ’ਤੇ ਟਿੱਪਣੀ ਕਰਦੇ ਹੋਏ ਸਾਬਕਾ ਫੌਜ ਮੁਖੀ ਜਨਰਲ ਐੱਮ. ਐੱਮ. ਨਰਵਣੇ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ‘‘ਮਣੀਪੁਰ ’ਚ ਜੋ ਹੋ ਰਿਹਾ ਹੈ, ਉਸ ’ਚ ਵਿਦੇਸ਼ੀ ਏਜੰਸੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।’’
‘‘ਸਰਹੱਦੀ ਸੂਬਿਆਂ ’ਚ ਅਸਥਿਰਤਾ ਦੇਸ਼ ਦੀ ਸੁਰੱਖਿਆ ਲਈ ਚੰਗੀ ਨਹੀਂ ਹੈ। ਵੱਖ-ਵੱਖ ਬਾਗੀ ਗਰੁੱਪਾਂ ਨੂੰ ਮਿਲ ਰਹੀ ਕਥਿਤ ਚੀਨੀ ਮਦਦ ਕਈ ਸਾਲਾਂ ਤੋਂ ਜਾਰੀ ਹੈ।’’
ਆਬਜ਼ਰਵਰਾਂ ਅਨੁਸਾਰ ‘‘ਜੇ ਇਹ ਸੱਚ ਹੈ ਕਿ ਇਸ ’ਚ (ਮਣੀਪੁਰ ਹਿੰਸਾ) ਵਿਦੇਸ਼ੀ ਤਾਕਤਾਂ ਸ਼ਾਮਲ ਹਨ ਖਾਸ ਤੌਰ ’ਤੇ ਚੀਨ, ਜੋ ਇਨ੍ਹਾਂ ਬਾਗੀ ਸੰਗਠਨਾਂ ਨੂੰ ਮਦਦ ਦੇ ਰਿਹਾ ਹੈ, ਤਾਂ ਸਾਨੂੰ ਇਸ ਨੂੰ ਨਜ਼ਰਅੰਦਾਜ਼ ਨਾ ਕਰ ਕੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।’’
ਇਸ ਲਈ ਮਣੀਪੁਰ ਦੇ ਲਗਾਤਾਰ ਵਿਗੜ ਰਹੇ ਹਾਲਾਤ  ਨੂੰ ਹੋਰ ਖਰਾਬ ਹੋਣ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਜੀ ਨੂੰ ਖੁਦ ਤੁਰੰਤ ਇਸ ’ਤੇ ਧਿਆਨ ਦੇ ਕੇ ਪਹਿਲ ਦੇ ਆਧਾਰ ’ਤੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਇਸ ਸਰਹੱਦੀ ਸੂਬੇ ’ਚ ਆਮ  ਹਾਲਾਤ ਬਹਾਲ ਹੋਣ ਅਤੇ ਦੇਸ਼ ਅਤੇ ਸੂਬੇ ਦੀ ਸੁਰੱਖਿਆ ’ਤੇ ਆਂਚ ਨਾ ਆਵੇ।     
- ਵਿਜੇ ਕੁਮਾਰ 


author

Inder Prajapati

Content Editor

Related News