ਵਿਸ਼ਵ ਓਜ਼ੋਨ ਦਿਵਸ ’ਤੇ ਵਿਸ਼ੇਸ਼, ਓਜ਼ੋਨ ਪਰਤ ਬਚੇਗੀ ਤਾਂ ਬਚਾਂਗੇ ਅਸੀਂ

09/16/2020 2:49:09 AM

ਰੋਹਿਤ ਕੌਸ਼ਿਕ

ਅੱਜ ਵਿਸ਼ਵ ਓਜ਼ੋਨ ਦਿਵਸ ਹੈ। ਇਹ ਦਿਨ ਸਾਨੂੰ ਚੌਗਿਰਦੇ ਨਾਲ ਜੁੜੇ ਵੱਖ-ਵੱਖ ਮੁੱਦਿਅਾਂ ’ਤੇ ਬਹੁਤ ਕੁਝ ਸੋਚਣ ਲਈ ਪ੍ਰੇਰਿਤ ਕਰਦਾ ਹੈ। ਅਸਲ ’ਚ ਓਜ਼ੋਨ ਪਰਤ ਦੀ ਹਾਲਤ ’ਚ ਉਤਰਾਅ-ਚੜ੍ਹਾਅ ਹੁੰਦਾ ਰਹਿੰਦਾ ਹੈ। ਸਮੇਂ-ਸਮੇਂ ’ਤੇ ਓਜ਼ੋਨ ਪਰਤ ਨੂੰ ਲੈ ਕੇ ਵੱਖ-ਵੱਖ ਅਧਿਐਨ ਸਾਹਮਣੇ ਆਉਂਦੇ ਰਹਿੰਦੇ ਹਨ। ਕਦੇ-ਕਦੇ ਇਨ੍ਹਾਂ ਅਧਿਐਨਾਂ ’ਚ ਆਪਸੀ ਵਿਰੋਧੀ ਗੱਲਾਂ ਵੀ ਸਾਹਮਣੇ ਆਉਂਦੀਅਾਂ ਹਨ। ਭਾਵ ਕਦੇ ਓਜ਼ੋਨ ਪਰਤ ਦੀ ਹਾਲਤ ’ਚ ਸੁਧਾਰ ਦੀ ਖੋਜ ਪ੍ਰਕਾਸ਼ਿਤ ਹੁੰਦੀ ਹੈ ਤਾਂ ਕਦੇ ਓਜ਼ੋਨ ਪਰਤ ਦੀ ਹਾਲਤ ਮਾੜੀ ਹੋਣ ਦੀ ਖੋਜ ਪ੍ਰਕਾਸ਼ਿਤ ਹੁੰਦੀ ਹੈ। ਅਜਿਹੀਅਾਂ ਆਪਸੀ ਵਿਰੋਧੀ ਖੋਜਾਂ ਸਾਨੂੰ ਭੁਲੇਖੇ ’ਚ ਪਾਉਂਦੀਅਾਂ ਹਨ। ਅਸਲ ’ਚ ਇਹ ਇਕ ਗੁੰਝਲਦਾਰ ਮਾਮਲਾ ਹੈ। ਇਸ ਲਈ ਓਜ਼ੋਨ ਪਰਤ ਨਾਲ ਸੰਬੰਧਤ ਖੋਜਾਂ ’ਚ ਵੱਖ-ਵੱਖ ਗੱਲਾਂ ਸਾਹਮਣੇ ਆਉਂਦੀਅਾਂ ਹਨ। ਵੱਖ-ਵੱਖ ਥਾਵਾਂ ’ਤੇ ਓਜ਼ੋਨ ਦੀ ਪਰਤ ਦੀ ਹਾਲਤ ਵੱਖ-ਵੱਖ ਹੋ ਸਕਦੀ ਹੈ। ਮੂਲ ਗੱਲ ਇਹ ਹੈ ਕਿ ਅੱਜ ਜਿਸ ਤਰ੍ਹਾਂ ਚੌਗਿਰਦੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਹ ਓਜ਼ੋਨ ਪਰਤ ਲਈ ਸ਼ੁੱਭ ਨਹੀਂ ਹੈ। ਚੌਗਿਰਦੇ ਮੁਤਾਬਕ ਜ਼ਿੰਦਗੀ ਜਿਊਣ ਦੇ ਢੰਗ ਨੂੰ ਅਪਣਾ ਕੇ ਹੀ ਅਸੀਂ ਓਜ਼ੋਨ ਪਰਤ ਨੂੰ ਬਚਾ ਸਕਦੇ ਹਾਂ।

ਦੱਸਣਯੋਗ ਹੈ ਕਿ ਇਸ ਸਾਲ ਮਾਰਚ ’ਚ ਕੋਪਰਨਿਕਸ ਐਟਮਾਸਫੇਅਰ ਮਾਨੀਟਰਿੰਗ ਦੇ ਵਿਗਿਆਨੀਅਾਂ ਨੂੰ ਆਰਕਟਿਕ ਖੇਤਰ ਉੱਪਰ ਇਕ ਵੱਡੀ ਖਾਲੀ ਥਾਂ ਨਜ਼ਰ ਆਈ। ਇਹ ਖਾਲੀ ਥਾਂ ਕੁਝ ਹੀ ਦਿਨਾਂ ’ਚ ਇਕ ਵੱਡੇ ਖੇਤਰ ’ਚ ਬਦਲ ਗਈ। ਮੰਨਿਆ ਜਾ ਰਿਹਾ ਸੀ ਕਿ ਇਹ ਛੇਕ ਉੱਤਰੀ ਧਰੁਵ ’ਤੇ ਘੱਟ ਤਾਪਮਾਨ ਕਾਰਨ ਬਣਿਆ ਸੀ। ਇਹ ਛੇਕ ਇੰਨਾ ਵੱਡਾ ਸੀ ਕਿ ਇਸ ਦਾ ਆਕਾਰ ਗ੍ਰੀਨਲੈਂਡ ਦੇਸ਼ ਦੇ ਲਗਭਗ ਬਰਾਬਰ ਸੀ। ਅਪ੍ਰੈਲ ’ਚ ਪਤਾ ਲੱਗਾ ਕਿ ਇਹ ਛੇਕ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਆਰਕਟਿਕ ਉੱਪਰ ਓਜ਼ੋਨ ਪਰਤ ਦਾ ਛੇਕ ਭਰ ਜਾਣ ਦਾ ਕੋਰੋਨਾ ਵਾਇਰਸ ਕਾਰਨ ਲਾਏ ਗਏ ਲਾਕਡਾਊਨ ਨਾਲ ਕੁਝ ਵੀ ਸੰਬੰਧ ਨਹੀਂ ਸੀ। ਉਸ ਨਾਲ ਇਸ ਦਾ ਕੁਝ ਵੀ ਲੈਣਾ-ਦੇਣਾ ਨਹੀਂ ਸੀ। ਇਹ ਛੇਕ ਬੇਹੱਦ ਮਜ਼ਬੂਤ ਅਤੇ ਬੇਮਿਸਾਲ ਹਵਾ ਅਤੇ ਲੰਬੇ ਸਮੇਂ ’ਚ ਪੋਲਰ ਵੋਰਟੇਕਸ ਦੇ ਕਾਰਨ ਸੰਭਵ ਹੋਇਆ ਸੀ।

ਵਿਗਿਆਨੀਅਾਂ ਦਾ ਮੰਨਣਾ ਹੈ ਕਿ ਇਸ ਦਾ ਬੰਦ ਹੋਣਾ ਸਿਰਫ ਸਾਲਾਨਾ ਚੱਕਰ ਕਾਰਨ ਸੰਭਵ ਹੋਇਆ ਹੈ ਪਰ ਇਸ ਨੂੰ ਸਥਾਈ ਹੱਲ ਨਹੀਂ ਮੰਨਿਆ ਜਾ ਸਕਦਾ। ਇਹ ਮੰਦਭਾਗਾ ਹੈ ਕਿ ਕਈ ਥਾਵਾਂ ’ਤੇ ਓਜ਼ੋਨ ਦੀ ਪਰਤ ਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਹੈ। ਕੁਝ ਸਮਾਂ ਪਹਿਲਾਂ ਓਜ਼ੋਨ ਪਰਤ ’ਤੇ ਕੰਮ ਕਰਨ ਵਾਲੇ ਕੋਲੋਰੇਡੋ ਯੂਨੀਵਰਸਿਟੀ ਦੇ ਵਿਗਿਆਨੀਅਾਂ ਨੇ ਉਪਗ੍ਰਹਿਆਂ ਰਾਹੀਂ ਕੀਤੇ ਗਏ ਅਧਿਐਨ ਦੌਰਾਨ ਇਹ ਪਾਇਆ ਕਿ ਕੁਝ ਥਾਵਾਂ ’ਤੇ ਪਿਛਲੇ 10 ਸਾਲਾਂ ਦੌਰਾਨ ਓਜ਼ੋਨ ਦੀ ਪਰਤ ’ਚ ਸਥਿਰਤਾ ਬਣੀ ਰਹੀ ਹੈ ਜਾਂ ਇਸ ’ਚ ਮਾਮੂਲੀ ਵਾਧਾ ਹੋਇਆ ਹੈ। ਸਮੁੱਚੀ ਦੁਨੀਆ ’ਚ ਓਜ਼ੋਨ ਪਰਤ ’ਤੇ ਹੋਈਅਾਂ ਕਈ ਖੋਜਾਂ ਦੌਰਾਨ ਇਹ ਗੱਲ ਸਾਹਮਣੇ ਆਈ ਕਿ 1997 ਦੇ ਨੇੜੇ-ਤੇੜੇ ਓਜ਼ੋਨ ਦੇ ਘੱਟ ਹੋਣ ਦੀ ਦਰ ’ਚ ਕਮੀ ਹੋ ਗਈ ਸੀ। ਵਿਗਿਆਨੀਅਾਂ ਨੇ ਇਸ ਸੰਬੰਧੀ 25 ਸਾਲ ਦੇ ਅੰਕੜਿਅਾਂ ਦਾ ਅਧਿਐਨ ਕੀਤਾ। ਉਹ ਇਸ ਸਿੱਟੇ ’ਤੇ ਪੁੱਜੇ ਕਿ ਲਗਾਤਾਰ ਖਰਾਬ ਹੁੰਦੀ ਜਾ ਰਹੀ ਓਜ਼ੋਨ ਪਰਤ ਦੀ ਹਾਲਤ ਕੁਝ ਥਾਵਾਂ ’ਤੇ ਹੁਣ ਚੰਗੀ ਹੈ। ਵਿਗਿਆਨੀਅਾਂ ਦਾ ਮੰਨਣਾ ਹੈ ਕਿ ਕੁਝ ਥਾਵਾਂ ’ਤੇ ਓਜ਼ੋਨ ਪਰਤ ਦੀ ਹਾਲਤ ’ਚ ਸੁਧਾਰ 1987 ਦੀ ਕੌਮਾਂਤਰੀ ਮਾਂਟ੍ਰੀਅਲ ਸੰਧੀ ਕਾਰਨ ਸੰਭਵ ਹੋਇਆ ਹੈ। ਇਸ ਸੰਧੀ ਦਾ ਮੰਤਵ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੀਅਾਂ ਗੈਸਾਂ ਅਤੇ ਤੱਤਾਂ ਦੀ ਲੀਕੇਜ ’ਤੇ ਰੋਕ ਲਾਉਣੀ ਸੀ। ਇਸ ਪਿੱਛੋਂ ਕੁਝ ਥਾਵਾਂ ’ਤੇ ਓਜ਼ੋਨ ਪਰਤ ਦੀ ਹਾਲਤ ਖਰਾਬ ਹੋਣ ਦੀਅਾਂ ਖਬਰਾਂ ਆਈਅਾਂ।

ਵਿਗਿਆਨੀਅਾਂ ਨੇ 70 ਦੇ ਦਹਾਕੇ ’ਚ ਇਹ ਗੱਲ ਲੱਭੀ ਸੀ ਕਿ ਓਜ਼ੋਨ ਪਰਤ ਪਤਲੀ ਹੋ ਰਹੀ ਹੈ। 1980 ਦੇ ਆਸ-ਪਾਸ ਇਹ ਗੱਲ ਬਿਲਕੁਲ ਸਪੱਸ਼ਟ ਹੋ ਗਈ ਸੀ ਕਿ ਓਜ਼ੋਨ ਪਰਤ ਤੇਜ਼ੀ ਨਾਲ ਘੱਟ ਰਹੀ ਹੈ। ਇਸ ਲਈ ਮਨੁੱਖ ਵਲੋਂ ਬਣਾਏ ਗਏ ਵੱਖ-ਵੱਖ ਕਾਰਨ ਜ਼ਿੰਮੇਵਾਰ ਸਨ। ਵੱਖ-ਵੱਖ ਵਿਗਿਆਨਿਕ ਅਧਿਐਨਾਂ ਰਾਹੀਂ ਇਹ ਗੱਲ ਸਾਹਮਣੇ ਆਈ ਕਿ ਕਲੋਰੋ-ਫਲੋਰੋ ਕਾਰਬਨ ਨਾਮੀ ਗੈਸ ਓਜ਼ੋਨ ਪਰਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਹੀ ਹੈ। ਇਹ ਗੈਸ ਮੁੱਖ ਰੂਪ ’ਚ ਏਅਰਕੰਡੀਸ਼ਨਰ ਅਤੇ ਰੈਫਰੀਜਰੇਸ਼ਨ ’ਚ ਕੰਮ ਆਉਂਦੀ ਹੈ। ਇਸ ਦੇ ਨਾਲ ਹੀ ਵਾਤਾਵਰਣ ’ਚ ਉਚਾਈ ’ਤੇ ਉੱਡਣ ਵਾਲੇ ਜੈੱਟ ਹਵਾਈ ਜਹਾਜ਼ ਵੀ ਕੋਲੋਰੋ ਕਾਰਬਨ ਛੱਡਦੇ ਹਨ। ਇਸ ਗੈਸ ਰਾਹੀਂ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਦਾ ਦੇਖ ਕੇ ਵਿਗਿਆਨਿਕ ਜਗਤ ਚਿੰਤਤ ਸੀ। ਇਸ ਲਈ ਇਸ ਤਰ੍ਹਾਂ ਦੀਅਾਂ ਗੈਸਾਂ ਦੇ ਲੀਕ ਹੋਣ ਨੂੰ ਕੰਟਰੋਲ ’ਚ ਕਰਨ ਲਈ 1987 ’ਚ ਕੌਮਾਂਤਰੀ ਮਾਂਟ੍ਰੀਅਲ ਸੰਧੀ ਲਾਗੂ ਕੀਤੀ ਗਈ। ਵਿਗਿਆਨੀਅਾਂ ਦਾ ਮੰਨਣਾ ਹੈ ਕਿ ਕੁਝ ਥਾਵਾਂ ’ਤੇ ਓਜ਼ੋਨ ਪਰਤ ਦੀ ਸੁਧਰਦੀ ਹਾਲਤ ਉਕਤ ਸੰਧੀ ਦਾ ਨਤੀਜਾ ਹੈ। ਅਸਲ ’ਚ ਕੁਝ ਸਮਾਂ ਪਹਿਲਾਂ ਜਾਰੀ ਓਜ਼ੋਨ ਪਰਤ ਦੀ ਸੁਧਰਦੀ ਹਾਲਤ ਨਾਲ ਸੰਬੰਧਤ ਰਿਪੋਰਟ ਕਾਰਨ ਕੋਈ ਭੁਲੇਖਾ ਪਾਉਣਾ ਠੀਕ ਨਹੀਂ ਹੋਵੇਗਾ। ਕਈ ਥਾਵਾਂ ’ਤੇ ਓਜ਼ੋਨ ਪਰਤ ਦੀ ਹਾਲਤ ਬਹੁਤ ਚੰਗੀ ਨਹੀਂ ਹੈ।

ਕੁਝ ਵਿਗਿਆਨੀਅਾਂ ਦਾ ਮੰਨਣਾ ਹੈ ਕਿ ਸਿਰਫ ਕਲੋਰੋ-ਫਲੋਰੋ ਕਾਰਬਨ ਹੀ ਓਜ਼ੋਨ ਪਰਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਸਗੋਂ ਕੁਝ ਹੋਰ ਕਾਰਨ ਵੀ ਇਸ ਲਈ ਜ਼ਿੰਮੇਵਾਰ ਹੁੰਦੇ ਹਨ। ਸਨ ਸਪੋਟ, ਜਵਾਲਾਮੁਖੀ ਅਤੇ ਮੌਸਮ ਵਰਗੇ ਕਾਰਨ ਓਜ਼ੋਨ ਪਰਤ ਦਾ ਰੂਪ ਨਿਰਧਾਰਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਨ ਸਪੋਟ ਰਾਹੀਂ ਪਰਾਬੈਂਗਨੀ ਕਿਰਨਾਂ ਓਜ਼ੋਨ ਪਰਤ ਨੂੰ ਮਜ਼ਬੂਤ ਬਣਾਉਂਦੀਅਾਂ ਹਨ ਜਦੋਂ ਕਿ ਜਵਾਲਾਮੁਖੀ ’ਚੋਂ ਨਿਕਲਣ ਵਾਲੀਅਾਂ ਸਲਫਿਊਰਸ ਗੈਸਾਂ ਓਜ਼ੋਨ ਪਰਤ ਨੂੰ ਕਮਜ਼ੋਰ ਕਰਦੀਅਾਂ ਹਨ। ਇਸ ਤੋਂ ਇਲਾਵਾ ਵਾਤਾਵਰਣ ’ਚ ਸਥਿਤ ਠੰਡੀ ਹਵਾ ਉਚਾਈ ਅਤੇ ਅਕਸ਼ਾਂਸ਼ ਦੇ ਆਧਾਰ ’ਤੇ ਓਜ਼ੋਨ ਪਰਤ ਨੂੰ ਮਜ਼ਬੂਤ ਜਾਂ ਕਮਜ਼ੋਰ ਕਰ ਸਕਦੀ ਹੈ। ਫਿਲਹਾਲ ਇਹ ਠੀਕ ਹੈ ਕਿ ਕੁਝ ਥਾਵਾਂ ’ਤੇ ਓਜ਼ੋਨ ਪਰਤ ਦੀ ਹਾਲਤ ਸੁਧਾਰਨ ’ਚ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਪਰ ਨਾਸਾ ਅਤੇ ਕੁਝ ਯੂਨੀਵਰਸਿਟੀਅਾਂ ਦਾ ਮੰਨਣਾ ਹੈ ਕਿ ਅੱਜ ਕੁਝ ਥਾਵਾਂ ’ਤੇ ਓਜ਼ੋਨ ਪਰਤ ਦੀ ਵਧੀਆ ਹਾਲਤ ਲਈ ਕਲੋਰੋ-ਫਲੋਰੋ ਕਾਰਬਨ ਦੀ ਲੀਕੇਜ ’ਚ ਕਮੀ ਹੀ ਮੁੱਖ ਰੂਪ ਨਾਲ ਜ਼ਿੰਮੇਵਾਰ ਹੈ।

ਓਜ਼ੋਨ ਵਾਤਾਵਰਣ ਦੇ ਸਟ੍ਰੇਟੋਸਫੀਅਰ ਹਿੱਸੇ ’ਚ ਧਰਤੀ ਦੀ ਸਤ੍ਹਾ ਤੋਂ ਉੱਪਰ 15 ਕਿਲੋਮੀਟਰ ਤੋਂ 40 ਕਿਲੋਮੀਟਰ ਤੱਕ ਦੀ ਉਚਾਈ ’ਚ ਪਾਈ ਜਾਂਦੀ ਹੈ। ਧਰਤੀ ’ਤੇ ਜੀਵਨ ਲਈ ਵਾਤਾਵਰਣ ’ਚ ਓਜ਼ੋਨ ਦੀ ਹਾਜ਼ਰੀ ਜ਼ਰੂਰੀ ਹੈ। ਇਹ ਸੂਰਜ ਤੋਂ ਆਉਣ ਵਾਲੀਅਾਂ ਪਰਾਬੈਂਗਨੀ ਕਿਰਨਾਂ ਨੂੰ ਸੁਕਾ ਕੇ ਅਜਿਹੇ ਵੱਖ-ਵੱਖ ਰਸਾਇਣਕ ਤੱਤਾਂ ਨੂੰ ਬਚਾਉਂਦੀ ਹੈ ਜੋ ਜੀਵਨ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਜਦੋਂ ਵਾਤਾਵਰਣ ’ਚ ਆਕਸੀਜਨ, ਪਰਾਬੈਂਗਨੀ ਕਿਰਨਾਂ ਨੂੰ ਸੁਕਾਉਂਦੀ ਹੈ ਤਾਂ ਰਸਾਇਣਕ ਪ੍ਰਕਿਰਿਆ ਰਾਹੀਂ ਓਜ਼ੋਨ ਦਾ ਨਿਰਮਾਣ ਹੁੰਦਾ ਹੈ। ਓਜ਼ੋਨ ਪਰਤਾਂ ਦੇ ਘਟਣ ਨਾਲ ਸੂਰਜ ’ਚੋਂ ਨਿਕਲਣ ਵਾਲੀਅਾਂ ਨੁਕਸਾਨਦੇਹ ਪਰਾਬੈਂਗਨੀ ਕਿਰਨਾਂ ਧਰਤੀ ’ਤੇ ਪਹੁੰਚ ਕੇ ਮਨੁੱਖਾਂ, ਜਾਨਵਰਾਂ, ਬੂਟਿਅਾਂ ਅਤੇ ਹੋਰ ਬਹੁਤ ਸਾਰੀਅਾਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਂਦੀਅਾਂ ਹਨ। ਪਰਾਬੈਂਗਨੀ ਕਿਰਨਾਂ ਨਾਲ ਚਮੜੀ ਦਾ ਕੈਂਸਰ, ਫੇਫੜਿਅਾਂ ਦਾ ਕੈਂਸਰ, ਸਰੀਰ ਦੀ ਰੋਗ-ਰੋਕੂ ਪ੍ਰਣਾਲੀ ਦਾ ਕਮਜ਼ੋਰ ਹੋਣਾ, ਅੱਖਾਂ ਦੇ ਰੋਗ, ਡੀ. ਐੱਨ. ਏ. ਦਾ ਟੁੱਟਣਾ ਅਤੇ ਸਨਬਰਨ ਵਰਗੇ ਰੋਗ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇਹ ਕਿਰਨਾਂ ਪੇਂਟ, ਪਲਾਸਟਿਕ ਅਤੇ ਸੀਮੈਂਟ ਵਰਗੀਅਾਂ ਵਸਤਾਂ ਲਈ ਵੀ ਨੁਕਸਾਨਦੇਹ ਸਿੱਧ ਹੁੰਦੀਅਾਂ ਹਨ।

ਸਭ ਤੋਂ ਪਹਿਲਾਂ ਸਵੀਡਨ ਨੇ 23 ਜਨਵਰੀ 1978 ਨੂੰ ਕਲੋਰੋ-ਫਲੋਰੋ ਕਾਰਬਨ ਵਾਲੇ ਐਰੋਸੋਲ ਸਪਰੇਅ ’ਤੇ ਪਾਬੰਦੀ ਲਾਈ ਸੀ। ਉਸ ਤੋਂ ਬਾਅਦ ਕੁਝ ਹੋਰ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ ਅਤੇ ਨਾਰਵੇ ਨੇ ਵੀ ਇਹੀ ਕਦਮ ਚੁੱਕੇ। ਯੂਰਪੀਅਨ ਭਾਈਚਾਰੇ ਨੇ ਇਸ ਤਰ੍ਹਾਂ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਇਥੋਂ ਤੱਕ ਕਿ ਅਮਰੀਕਾ ’ਚ ਵੀ ਰੈਫਰੀਜਰੇਸ਼ਨ ਵਰਗੇ ਮੰਤਵਾਂ ਲਈ ਕਲੋਰੋ-ਫਲੋਰੋ ਕਾਰਬਨ ਦੀ ਵਰਤੋਂ ਹੁੰਦੀ ਰਹੀ। ਮਾਂਟ੍ਰੀਅਲ ਸੰਧੀ ਤੋਂ ਬਾਅਦ ਹੀ ਸਭ ਦੇਸ਼ਾਂ ਨੇ ਕਲੋਰੋ-ਫਲੋਰੋ ਕਾਰਬਨ ਦੀ ਲੀਕੇਜ ਨੂੰ ਘੱਟ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ।

ਵਾਤਾਵਰਣ ’ਚ ਸਭ ਥਾਵਾਂ ’ਤੇ ਓਜ਼ੋਨ ਦੀ ਨਮੀ ਬਰਾਬਰ ਨਹੀਂ ਰਹਿੰਦੀ। ਜਿਨ੍ਹਾਂ ਖੇਤਰਾਂ ’ਚ ਗਰਮੀ ਵੱਧ ਹੁੰਦੀ ਹੈ ਉਥੇ ਓਜ਼ੋਨ ਦੀ ਨਮੀ ਵਧੇਰੇ ਹੁੰਦੀ ਹੈ। ਧਰੁਵੀ ਖੇਤਰਾਂ ’ਚ ਇਸ ਦੀ ਨਮੀ ਘੱਟ ਹੁੰਦੀ ਹੈ। ਵਾਤਾਵਰਣ ’ਚ ਓਜ਼ੋਨ ਫੋਟੋ ਕੈਮੀਕਲ ਪ੍ਰਕਿਰਿਆ ਰਾਹੀਂ ਲਗਾਤਾਰ ਬਣਦੀ ਤੇ ਨਸ਼ਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਇਸ ਦਾ ਸੰਤੁਲਨ ਬਣਿਆ ਰਹਿੰਦਾ ਹੈ ਪਰ ਮਨੁੱਖ ਵਲੋਂ ਤਿਆਰ ਪ੍ਰਦੂਸ਼ਣ ਕਾਰਨ ਵਾਤਾਵਰਣ ’ਚ ਓਜ਼ੋਨ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਇਹ ਬਹੁਤ ਸਾਰੀਅਾਂ ਸਮੱਸਿਆਵਾਂ ਪੈਦਾ ਕਰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਵਾਤਾਵਰਣ ’ਚ ਓਜ਼ੋਨ ਦੀ ਹਰ 1 ਫੀਸਦੀ ਕਮੀ ’ਤੇ ਵੱਖ-ਵੱਖ ਰੋਗ ਵਧਣ ਦੀ ਸੰਭਾਵਨਾ 2 ਫੀਸਦੀ ਵੱਧ ਹੋ ਜਾਂਦੀ ਹੈ। ਜ਼ਿਆਦਾਤਰ ਵਿਕਸਿਤ ਦੇਸ਼ ਹੀ ਓਜ਼ੋਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤਾਂ ਦੀ ਲੀਕੇਜ ਵਧੇਰੇ ਕਰਦੇ ਹਨ। ਇਹ ਦੁਖਾਂਤ ਵੀ ਹੈ ਕਿ ਇਕ ਪਾਸੇ ਤਾਂ ਵਿਕਸਿਤ ਦੇਸ਼ ਖੁਦ ਪ੍ਰਦੂਸ਼ਣ ਫੈਲਾਅ ਰਹੇ ਹਨ, ਦੂਜੇ ਪਾਸੇ ਵਿਕਾਸਸ਼ੀਲ ਦੇਸ਼ਾਂ ਨੂੰ ਪ੍ਰਦੂਸ਼ਣ ਨਾ ਫੈਲਾਉਣ ਦਾ ਭਾਸ਼ਣ ਦੇ ਰਹੇ ਹਨ। ਇਸ ਖੋਖਲੇ ਆਦਰਸ਼ਵਾਦ ਕਾਰਨ ਅੱਜ ਵਾਤਾਵਰਣ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਦੇ ਸਭ ਦੇਸ਼ ਖੋਖਲੇ ਆਦਰਸ਼ਵਾਦ ਦੇ ਘੇਰੇ ’ਚੋਂ ਬਾਹਰ ਨਿਕਲ ਕੇ ਵਾਤਾਵਰਣ ਨੂੰ ਬਚਾਉਣ ਦਾ ਸਮੂਹਿਕ ਯਤਨ ਕਰਨ।


Bharat Thapa

Content Editor

Related News