ਆਨਲਾਈਨ ਅਸ਼ਲੀਲ ਸਮੱਗਰੀ ਨਾਲ ਵਿਗੜਦੇ ਬੱਚੇ

Friday, Jun 26, 2026 - 05:35 PM (IST)

ਆਨਲਾਈਨ ਅਸ਼ਲੀਲ ਸਮੱਗਰੀ ਨਾਲ ਵਿਗੜਦੇ ਬੱਚੇ

ਸੋਸ਼ਲ ਮੀਡੀਆ ’ਤੇ ਬੱਚਿਆਂ ਲਈ ਆਸਾਨੀ ਨਾਲ ਉਪਲੱਬਧ ਅਸ਼ਲੀਲ ਸਮੱਗਰੀ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਿਨੀਂ ਆਗਰਾ ਤੋਂ ਸਾਹਮਣੇ ਆਏ ਇਕ ਮਾਮਲੇ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਬੱਚਿਆਂ ਲਈ ਆਨਲਾਈਨ ਡਿਜੀਟਲ ਪਲੇਟਫਾਰਮ ਕਿੰਨੇ ਸੁਰੱਖਿਅਤ ਹਨ। ਉੱਥੋਂ ਦੇ ਫ਼ਤੇਹਬਾਦ ਰੋਡ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨੇ ਇਕ ਪ੍ਰਚੱਲਿਤ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਤਰਾਜ਼ਯੋਗ ਕੰਟੈਂਟ ਦੇਖਣ ਤੋਂ ਬਾਅਦ ਇਕ ਸੋਸ਼ਲ ਮੀਡੀਆ ਇਨਫਲੂਐਂਸਰ ਖ਼ਿਲਾਫ਼ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚੇ ਮੋਬਾਈਲ ’ਤੇ ਰੀਲਾਂ ਦੇਖ ਰਹੇ ਸੀ, ਉਦੋਂ ਹੀ ਅਚਾਨਕ ਇਕ ਅਜਿਹੀ ਰੀਲ ਸਾਹਮਣੇ ਆ ਗਈ, ਜਿਸ ’ਚ ਅਸ਼ਲੀਲ ਅਤੇ ਦੋਹਰੇ ਅਰਥਾਂ ਵਾਲਾ ਕੰਟੈਂਟ ਸੀ।

ਇਸ ਕੰਟੈਂਟ ਨੂੰ ਦੇਖ ਕੇ ਬੱਚੇ ਅਸਹਿਜ ਅਤੇ ਪ੍ਰੇਸ਼ਾਨ ਹੋ ਗਏ। ਜਦੋਂ ਔਰਤ ਨੇ ਖ਼ੁਦ ਉਹ ਵੀਡੀਓ ਦੇਖੀ, ਤਾਂ ਉਹ ਵੀ ਕਾਫ਼ੀ ਪ੍ਰੇਸ਼ਾਨ ਹੋ ਗਈ। ਇਸ ਔਰਤ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਕੰਟੈਂਟ ਬੱਚਿਆਂ ਦੇ ਮਾਨਸਿਕ ਵਿਕਾਸ ਅਤੇ ਪਰਿਵਾਰਕ ਮਾਹੌਲ ਦੋਵਾਂ ਲਈ ਖ਼ਤਰਨਾਕ ਹੈ।

ਅੱਜਕੱਲ ਸਾਡੇ ਆਲੇ-ਦੁਆਲੇ ਇਹੀ ਕੁਝ ਹੋ ਰਿਹਾ ਹੈ। ਬੱਚਾ ਜੇਕਰ ਮਾਂ-ਬਾਪ ਨੂੰ ਤੰਗ ਕਰੇ ਤਾਂ ਉਸ ਦੇ ਹੱਥ ’ਚ ਮੋਬਾਈਲ ਫੜਾ ਦਿਓ, ਉਸ ਨੂੰ ਰੀਲ ਚਲਾਉਣ ਦਿਓ, ਚਾਹੇ ਉਸ ’ਚ ਅਸ਼ਲੀਲ ਫ਼ਿਲਮ ਹੀ ਕਿਉਂ ਨਾ ਚੱਲਣ ਲੱਗ ਪਵੇ!

ਇੰਟਰਨੈੱਟ ਦੀ ਵਧਦੀ ਵਰਤੋਂ ਨੇ ਸਾਡੇ ਲਈ ਇਕ ਪਾਸੇ ਜਿੱਥੇ ਜਾਣਕਾਰੀ ਦਾ ਭੰਡਾਰ ਖੋਲ੍ਹ ਦਿੱਤਾ ਹੈ, ਉੱਥੇ ਹੀ ਇਸ ਨਾਲ ਬੱਚਿਆਂ ਲਈ ਖੁੱਲ੍ਹੇ ਤੌਰ ’ਤੇ ਉਪਲਬਧ ਅਣਚਾਹੀ ਸਮੱਗਰੀ ਨਾਲ ਸੱਭਿਆਚਾਰਕ ਖ਼ਤਰੇ ਵੀ ਤੇਜ਼ੀ ਨਾਲ ਵਧੇ ਹਨ। ਹਾਲ ਹੀ ’ਚ ਇਕ ਸਰਵੇਖਣ ’ਚ ਭਾਰਤੀ ਮਾਤਾ-ਪਿਤਾ ਦੀ ਇਕ ਗੰਭੀਰ ਸਮੱਸਿਆ ਸਾਹਮਣੇ ਆਈ ਹੈ। ਇਸ ਸਰਵੇਖਣ ਮੁਤਾਬਕ ਦੇਸ਼ ਦੇ 300 ਤੋਂ ਵੱਧ ਸ਼ਹਿਰਾਂ ’ਚ ਹਰ ਦੂਜੇ ਪੇਰੈਂਟਸ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਇੰਟਰਨੈੱਟ ’ਤੇ ਜਾਂ ਤਾਂ ਗਲਤ ਕੰਟੈਂਟ ਦੇਖਿਆ ਹੈ ਜਾਂ ਉਹ ਸਾਈਬਰ ਬੁਲਿੰਗ ਦਾ ਸ਼ਿਕਾਰ ਹੋਏ ਹਨ। ਇੰਟਰਨੈੱਟ ’ਤੇ ਬੁਲਿੰਗ ਅਤੇ ਗਲਤ ਕੰਟੈਂਟ ਦੇ ਸਾਹਮਣੇ ਆਉਣ ਦਾ ਬੱਚਿਆਂ ਦੇ ਮਾਨਸਿਕ ਅਤੇ ਵਿਵਹਾਰਕ ਵਿਕਾਸ ’ਤੇ ਕਾਫ਼ੀ ਡੂੰਘਾ ਅਸਰ ਪੈ ਰਿਹਾ ਹੈ।

ਇੰਟਰਨੈੱਟ ’ਤੇ ਉਪਲਬਧ ਹਿੰਸਕ ਗੇਮਾਂ ਜਾਂ ਵੀਡੀਓਜ਼ ਬੱਚਿਆਂ ਦੇ ਦਿਮਾਗ ਨੂੰ ਇਸ ਕਦਰ ਪ੍ਰਭਾਵਿਤ ਕਰਦੇ ਹਨ ਕਿ ਉਹ ਅਸਲ ਜ਼ਿੰਦਗੀ ’ਚ ਵੀ ਗੱਲ-ਗੱਲ ’ਤੇ ਗੁੱਸਾ ਕਰਨ ਲੱਗਦੇ ਹਨ। ਸਰਵੇਖਣ ’ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਦਾ ਵਿਵਹਾਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹਮਲਾਵਰ ਹੋਇਆ ਹੈ। ਉਹ ਆਪਣੀਆਂ ਭਾਵਨਾਵਾਂ ’ਤੇ ਕੰਟਰੋਲ ਗੁਆਉਣ ਲੱਗਦੇ ਹਨ। ਸਾਈਬਰ ਬੁਲਿੰਗ (ਸਾਈਬਰ ਬੁਲਿੰਗ ਦਾ ਮਤਲਬ ਇੰਟਰਨੈੱਟ, ਸੋਸ਼ਲ ਮੀਡੀਆ, ਮੈਸੇਜਿੰਗ ਐਪਸ ਜਾਂ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰਕੇ ਕਿਸੇ ਵਿਅਕਤੀ ਨੂੰ ਡਰਾਉਣ, ਧਮਕਾਉਣ, ਨੀਵਾਂ ਦਿਖਾਉਣ ਜਾਂ ਪ੍ਰੇਸ਼ਾਨ ਕਰਨ ਦੀ ਆਨਲਾਈਨ ਪ੍ਰਕਿਰਿਆ ਹੈ) ਦਾ ਸ਼ਿਕਾਰ ਹੋਣ ’ਤੇ ਬੱਚੇ ਅਕਸਰ ਹੀਣਭਾਵਨਾ ਨਾਲ ਭਰ ਜਾਂਦੇ ਹਨ।

ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਬਾਹਰ ਜਾਣ ’ਤੇ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਣਗੇ ਜਾਂ ਉਨ੍ਹਾਂ ਨੂੰ ਦੁਬਾਰਾ ਨਿਸ਼ਾਨਾ ਬਣਾਇਆ ਜਾਵੇਗਾ। ਇਸ ਡਰ ਦੇ ਕਾਰਨ ਉਹ ਖ਼ੁਦ ਨੂੰ ਕਮਰੇ ’ਚ ਬੰਦ ਕਰ ਲੈਂਦੇ ਹਨ ਅਤੇ ਪਰਿਵਾਰ ਤੇ ਦੋਸਤਾਂ ਤੋਂ ਦੂਰ ਹੋ ਕੇ ਇਕੱਲੇਪਨ ਦਾ ਸ਼ਿਕਾਰ ਹੋ ਜਾਂਦੇ ਹਨ। ਆਨਲਾਈਨ ਡਰਾਏ-ਧਮਕਾਏ ਜਾਣ ਕਾਰਨ, ਬੱਚਿਆਂ ’ਚ ਨੀਂਦ ਨਾ ਆਉਣੀ, ਭੁੱਖ ਦੀ ਕਮੀ ਅਤੇ ਪੜ੍ਹਾਈ ’ਚ ਮਨ ਨਾ ਲੱਗਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਲੰਬੇ ਸਮੇਂ ਤੱਕ ਇਹ ਸਥਿਤੀ ਰਹਿਣ ’ਤੇ ਉਹ ਚਿੰਤਾ ਜਾਂ ਡਿਪ੍ਰੈਸ਼ਨ ਵੱਲ ਵਧ ਸਕਦੇ ਹਨ।

ਅੱਜ ਦੇ ਡਿਜੀਟਲ ਦੌਰ ’ਚ ਸੋਸ਼ਲ ਮੀਡੀਆ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਖ਼ਾਸਕਰ 13 ਤੋਂ 18 ਸਾਲ ਦੇ ਬੱਚੇ ਸਭ ਤੋਂ ਵੱਧ ਸਰਗਰਮ ਹਨ। ਅਮਰੀਕਾ ਦੀ ਕੈਲੀਫੋਰਨੀਆ ਅਦਾਲਤ ’ਚ ਮੇਟਾ ਨੇ ਵੱਡਾ ਖ਼ੁਲਾਸਾ ਕੀਤਾ। ਸੋਸ਼ਲ ਮੀਡੀਆ ’ਤੇ 13-15 ਸਾਲ ਦੇ ਕਰੀਬ 20 ਫੀਸਦੀ ਬੱਚੇ ਅਜਿਹੀਆਂ ਨਿਊਡ ਅਤੇ ਅਸ਼ਲੀਲ ਤਸਵੀਰਾਂ ਦੇਖ ਰਹੇ ਹਨ, ਜਿਨ੍ਹਾਂ ਨੂੰ ਉਹ ਦੇਖਣਾ ਨਹੀਂ ਚਾਹੁੰਦੇ। ਕੰਪਨੀ ਦੀ ਖੋਜ ਮੁਤਾਬਕ ਇਹ ਕੰਟੈਂਟ ਬਿਨਾਂ ਮੰਗੇ ਬੱਚਿਆਂ ਦੇ ਸਾਹਮਣੇ ਆਉਂਦਾ ਹੈ। ਐਲਗੋਰਿਦਮ ਦੀ ਵਜ੍ਹਾ ਕਰਕੇ ਅਜਿਹੀਆਂ ਫੀਡਸ ਵਾਰ-ਵਾਰ ਦਿਖਾਈ ਦਿੰਦੀਆਂ ਹਨ।

ਮਨੋਵਿਗਿਆਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਅਸ਼ਲੀਲ ਕੰਟੈਂਟ ਬੱਚਿਆਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ’ਤੇ ਨਾਂਹ-ਪੱਖੀ ਅਸਰ ਪਾ ਸਕਦਾ ਹੈ। ਇਸ ਸਮੇਂ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਸੀਮਤ ਪਾਬੰਦੀ ਲਗਾਉਣ ਦੀਆਂ ਮੰਗਾਂ ਦੁਨੀਆ ਭਰ ’ਚ ਤੇਜ਼ੀ ਨਾਲ ਵਧ ਰਹੀਆਂ ਹਨ। ਇਹ ਕੋਈ ਬੁਰਾ ਸੁਝਾਅ ਨਹੀਂ ਹੈ, ਹੋ ਸਕਦਾ ਹੈ ਕਿ ਇਸ ਨਾਲ ਸਾਡੇ ਦੇਸ਼ ਦੇ ਬੱਚਿਆਂ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਕੁਝ ਸੁਰੱਖਿਆ ਮਿਲ ਜਾਵੇ।

-ਡਾ. ਵਰਿੰਦਰ ਭਾਟੀਆ


author

Harpreet SIngh

Content Editor

Related News