ਹੁਣ ਹੁਨਰਮੰਦ ਨਵੀਂ ਪੀੜ੍ਹੀ ਦੀ ਅਹਿਮੀਅਤ

Sunday, Aug 23, 2020 - 03:52 AM (IST)

ਹੁਣ ਹੁਨਰਮੰਦ ਨਵੀਂ ਪੀੜ੍ਹੀ ਦੀ ਅਹਿਮੀਅਤ

ਡਾ. ਜਯੰਤੀਲਾਲ ਭੰਡਾਰੀ

ਬਿਨਾਂ ਸ਼ੱਕ ਭਾਰਤ ਦੀ ਹੁਨਰਮੰਦ ਨਵੀਂ ਪੀੜ੍ਹੀ ਦੇਸ਼ ਅਤੇ ਦੁਨੀਆ ਦੀ ਲੋੜ ਦਿਖਾਈ ਦੇ ਰਹੀ ਹੈ। ਹਾਲ ਹੀ ’ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੌਸ਼ਲ ਭਾਰਤ ਮਿਸ਼ਨ ਦੀ ਪੰਜਵੀਂ ਵਰ੍ਹੇਗੰਢ ਦੇ ਮੌਕੇ ’ਤੇ ਆਪਣੇ ਸੰਬੋਧਨ ’ਚ ਕਿਹਾ ਕਿ ਸਥਾਨਕ ਅਤੇ ਵਿਸ਼ਵ ਦੋਵਾਂ ਹੀ ਪੱਧਰਾਂ ’ਤੇ ਭਾਰਤੀ ਹੁਨਰਮੰਦ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧ ਗਏ। ਅਜਿਹੇ ’ਚ ਇਨ੍ਹਾਂ ਮੌਕਿਅਾਂ ਨੂੰ ਮੁੱਠੀ ’ਚ ਕਰਨ ਲਈ ਰੋਜ਼ਗਾਰ ਦੀਆਂ ਨਵੀਆਂ ਲੋੜਾਂ ਅਨੁਸਾਰ ਪ੍ਰਾਸੰਗਿਕ ਬਣੇ ਰਹਿਣਾ ਜ਼ਰੂਰੀ ਹੈ।

ਬਿਨਾਂ ਸ਼ੱਕ ਭਾਰਤ ਦੀਆਂ ਪ੍ਰਤਿਭਾਵਾਂ ਦੇਸ਼ ਅਤੇ ਦੁਨੀਆ ਦੇ ਆਰਥਿਕ ਵਿਕਾਸ ’ਚ ਨਵੀਂ ਪ੍ਰਭਾਵੀ ਭੂਮਿਕਾ ਨਿਭਾਉਣ ਦੇ ਰਾਹ ’ਤੇ ਅੱਗੇ ਵਧ ਰਹੀਆਂ ਹਨ। ਚਾਰੇ ਪਾਸੇ ਭਾਰਤੀ ਪ੍ਰਤਿਭਾਵਾਂ ਦੀ ਅਹਿਮੀਅਤ ਦਿਖਾਈ ਦੇ ਰਹੀ ਹੈ। ਦੁਨੀਆ ’ਚ ਕੋਰੋਨਾ ਦੀਆਂ ਚੁਣੌਤੀਆਂ ਦਰਮਿਆਨ ਭਾਰਤੀ ਪ੍ਰਤਿਭਾਵਾਂ ਦਾ ਮਹੱਤਵ ਇਸ ਲਈ ਵਧ ਗਿਆ ਹੈ ਕਿਉਂਕਿ ਉਨ੍ਹਾਂ ਦੀਆਂ ਮੁੱਠੀਆਂ ’ਚ ਨਵੇਂ ਦੌਰ ਦੀਆਂ ਮੁਹਾਰਤਾਂ ਹਨ। ਵਿਸ਼ਵ ਪ੍ਰਸਿੱਧ ਕੰਸਲਟੈਂਸੀ ਫਰਮ ਕੇ. ਪੀ. ਐੱਮ. ਜੀ. ਦੇ 2020 ਗਲੋਬਲ ਟੈਕਨਾਲੋਜੀ ਇੰਡਸਟਰੀ ਇਨੋਵੇਸ਼ਨ ਸਰਵੇ ਅਨੁਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਲਾਕਚੇਨ ਇੰਟਰਨੈੱਟ ਆਫ ਥਿੰਗਸ ਦੇ ਖੇਤਰ ’ਚ ਨਵੀਆਂ ਖੋਜਾਂ ਅਤੇ ਖੋਜ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਚੀਨ ਦੇ ਨਾਲ ਦੂਸਰੇ ਨੰਬਰ ’ਤੇ ਹੈ।

ਪਿਛਲੇ ਸਾਲ 2019-20 ’ਚ ਦੇਸ਼ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ’ਚ 18 ਫੀਸਦੀ ਦਾ ਵਾਧਾ ਹੋਇਆ ਅਤੇ ਦੇਸ਼ ਡਿਜੀਟਲੀਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਜਿਹੇ ’ਚ ਡਿਜੀਟਲ ਹੁੰਦੀ ਹੋਈ ਭਾਰਤੀ ਅਰਥਵਿਵਸਥਾ ਤਹਿਤ ਭਾਰਤੀ ਹੁਨਰਮੰਦ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੱਧ ਗਏ ਹਨ। ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਕੋਵਿਡ-19 ਦਰਮਿਆਨ ਵੀ ਵਿਸ਼ਵ ਪੱਧਰੀ ਡਿਜੀਟਲ ਕੰਪਨੀਆਂ ਭਾਰਤ ’ਚ ਡਿਜੀਟਲੀਕਰਨ ਲਈ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਰਿਟੇਲ ਸੈਕਟਰ ਦੇ ਈ-ਕਾਮਰਸ ’ਚ ਵੱਡੀ ਮਾਤਰਾ ’ਚ ਨਿਵੇਸ਼ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਕੋਵਿਡ-19 ਦਰਮਿਆਨ ਭਾਰਤ ’ਚ ਡਿਜੀਟਲ ਅਰਥਵਿਵਸਥਾ ਤਹਿਤ ਡਿਜੀਟਲ ਭੁਗਤਾਨ ਉਦਯੋਗ, ਈ-ਕਾਮਰਸ ਅਤੇ ਡਿਜੀਟਲ ਮਾਰਕੀਟਿੰਗ ਵਰਗੇ ਸੈਕਟਰ ਤੇਜ਼ੀ ਨਾਲ ਅੱਗੇ ਵੱਧੇ ਹਨ ਅਤੇ ਇਨ੍ਹਾਂ ’ਚ ਰੋਜ਼ਗਾਰ ਦੇ ਮੌਕੇ ਵਧੇ ਹਨ।

ਇਹ ਵੀ ਵਰਨਣਯੋਗ ਹੈ ਕਿ ਭਾਰਤ ਵਲੋਂ ਬੀਤੇ ਜੂਨ ਅਤੇ ਜੁਲਾਈ 2020 ’ਚ ਟਿਕਟਾਕ, ਹੈਲੋ, ਯੂ. ਸੀ. ਬਰਾਊਜ਼ਰ, ਸ਼ੇਅਰਇਟ ਵਰਗੀਆਂ 106 ਚੀਨੀ ਐਪਜ਼ ’ਤੇ ਪਾਬੰਦੀ ਲਗਾਉਣ ’ਤੇ ਭਾਰਤੀ ਆਈ. ਟੀ. ਪ੍ਰਤਿਭਾਵਾਂ ਲਈ ਕਰੀਅਰ ਦੇ ਨਵੇਂ ਮੌਕੇ ਵਧ ਗਏ ਹਨ। ਭਾਰਤੀ ਖਪਤਕਾਰਾਂ ਨੂੰ ਹੁਣ ‘ਮੇਕ ਇਨ ਇੰਡੀਆ’ ਬਦਲਾਂ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ੀ ਕਰਨ ਵਾਲੇ ਭਾਰਤੀ ਐਪ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ‘ਡਿਜੀਟਲ ਇੰਡੀਆ ਆਤਮਨਿਰਭਰ ਭਾਰਤ ਇਨੋਵੇਟ ਚੈਲੇਂਜ’ ਸ਼ੁਰੂ ਕੀਤਾ ਹੈ। ਯਕੀਨੀ ਤੌਰ ’ਤੇ ਚੀਨੀ ਐਪ ’ਤੇ ਪਾਬੰਦੀ ਨਾਲ ਦੇਸੀ ਸਟਾਰਟਅਪ, ਆਈ. ਟੀ. ਐਕਸਪਰਟ ਅਤੇ ਆਈ. ਟੀ. ਕੰਪਨੀਆਂ ਨੂੰ ਹੁੰਗਾਰਾ ਮਿਲੇਗਾ।

ਵਰਨਣਯੋਗ ਹੈ ਕਿ ਭਾਰਤੀ ਅਰਥਵਿਵਸਥਾ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਹੈ। ਨਾਲ ਹੀ ਭਾਰਤੀ ਬਾਜ਼ਾਰ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬਾਜ਼ਾਰ ਹੈ। ਦੇਸ਼ ’ਚ ਪ੍ਰਤਿਭਾਸ਼ਾਲੀ ਨਵੀਂ ਪੀੜ੍ਹੀ ਦੁਆਰਾ ਵਧਦੇ ਹੋਏ ਰੂਲ ਅਤੇ ਰੈਗੂਲੇਸ਼ਨ, ਸਟਾਰਟਅਪ, ਰਿਸਰਚ ਐਂਡ ਡਿਵੈਲਪਮੈਂਟ, ਆਊਟਸੋਰਸਿੰਗ ਅਤੇ ਕਾਰੋਬਾਰ ਸਬੰਧੀ ਅਨੁਕੂਲਤਾਵਾਂ ਦੇ ਕਾਰਨ ਕੋਵਿਡ-19 ਦਰਮਿਆਨ ਦੁਨੀਆ ਦੀਆਂ ਚੋਟੀ ਦੀਆਂ ਫਾਇਨਾਂਸ ਅਤੇ ਕਾਮਰਸ ਕੰਪਨੀਆਂ ਭਾਰਤ ਵੱਲ ਤੇਜ਼ੀ ਨਾਲ ਕਦਮ ਵਧਾਉਂਦੇ ਹੋਏ ਦਿਖਾਈ ਦੇ ਰਹੀਆਂ ਹਨ। ਇਸੇ ਤਰ੍ਹਾਂ ਦੇਸ਼ ’ਚ ਵਧਦੇ ਹੋਏ ਆਰਥਿਕ ਸੁਧਾਰਾਂ ਅਤੇ ਦਰਮਿਆਨੇ ਵਰਗ ਦੀ ਖਰਚ ਸ਼ਕਤੀ ਦੇ ਕਾਰਨ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਭਾਰਤ ਵੱਲ ਤੇਜ਼ੀ ਨਾਲ ਆਕਰਸ਼ਿਤ ਹੋ ਰਹੀਆਂ ਹਨ। ਇਸ ਨਾਲ ਅਰਥਵਿਵਸਥਾ ’ਚ ਨਵੇਂ ਆਰਥਿਕ ਮੌਕਿਆਂ ਦੀਆਂ ਚਮਕੀਲੀਆਂ ਸੰਭਾਵਨਾਵਾਂ ਅੱਗੇ ਵਧ ਰਹੀਆਂ ਹਨ। ਇਨ੍ਹਾਂ ਚਮਕੀਲੇ ਮੌਕਿਆਂ ਨੂੰ ਮੁੱਠੀਆਂ ’ਚ ਕਰਨ ਲਈ ਹੁਨਰਮੰਦ ਨੌਜਵਾਨ ਜ਼ਰੂਰ ਹੋਣਗੇ।

ਦੁਨੀਆ ਦੇ ਕਈ ਖੋਜ ਸੰਗਠਨਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਡਿਜੀਟਲੀਕਰਨ ਦੇ ਨਾਲ ਭਾਰਤ ’ਚ ਰੋਜ਼ਗਾਰ ਦੇ ਨਵੇਂ ਮੌਕੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਸ ’ਚ ਕੋਈ ਦੋਰਾਵਾਂ ਨਹੀਂ ਹਨ ਕਿ ਦੁਨੀਆ ਭਰ ’ਚ ਆਟੋਮੇਸ਼ਨ, ਰੋਬੋਟਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ ਜਿਥੇ ਕਈ ਖੇਤਰਾਂ ’ਚ ਰੋਜ਼ਗਾਰ ਘੱਟ ਹੋ ਰਹੇ ਹਨ, ਉਥੇ ਡਿਜੀਟਲ ਅਰਥਵਿਵਸਥਾ ’ਚ ਰੋਜ਼ਗਾਰ ਵਧ ਰਹੇ ਹਨ। ਯਕੀਨੀ ਤੌਰ ’ਤੇ ਡਿਜੀਟਲ ਅਰਥਵਿਵਸਥਾ ਤਹਿਤ ਭਾਰਤੀ ਪ੍ਰਤਿਭਾਵਾਂ ਲਈ ਮੌਕੇ ਦੇਸ਼ ’ਚ ਹੀ ਨਹੀਂ, ਦੁਨੀਆ ਦੇ ਕੋਨੇ-ਕੋਨੇ ’ਚ ਵੀ ਹੋਣਗੇ। ਕੁਝ ਸਮਾਂ ਪਹਿਲਾਂ ਵਿਸ਼ਵ ਬੈਂਕ ਸਮੇਤ ਕੁਝ ਸੰਗਠਨਾਂ ਨੇ ਆਪਣੀਆਂ ਵਿਸ਼ਵ ਪੱਧਰੀ ਰੋਜ਼ਗਾਰ ਨਾਲ ਸਬੰਧਤ ਰਿਪੋਰਟਾਂ ’ਚ ਕਿਹਾ ਹੈ ਕਿ ਆਉਣ ਵਾਲੇ 5-10 ਸਾਲਾਂ ’ਚ ਜਿਥੇ ਦੁਨੀਆ ’ਚ ਹੁਨਰ ਕਿਰਤ ਸ਼ਕਤੀ ਦਾ ਸੰਕਟ ਹੋਵੇਗਾ, ਉਥੇ ਭਾਰਤ ਕੋਲ ਕਿਰਤ ਸ਼ਕਤੀ ਜ਼ਿਆਦਾ ਗਿਣਤੀ ’ਚ ਹੋਵੇਗੀ। ਅਜਿਹੇ ’ਚ ਭਾਰਤ ਦੁਨੀਆ ਦੇ ਕਈ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ’ਚ ਵੱਡੀ ਗਿਣਤੀ ’ਚ ਹੁਨਰ ਕਿਰਤ ਸ਼ਕਤੀ ਭੇਜ ਕੇ ਲਾਭ ਉਠਾ ਸਕਦਾ ਹੈ।

ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਅਜੇ ਸੀਮਿਤ ਗਿਣਤੀ ’ਚ ਹੀ ਹੁਨਰਮੰਦ ਪ੍ਰਤਿਭਾਵਾਂ ਡਿਜੀਟਲ ਅਰਥਵਿਵਸਥਾ ਦੀਆਂ ਰੋਜ਼ਗਾਰ ਲੋੜਾਂ ਨੂੰ ਪੂਰਾ ਕਰ ਰਹੀਆਂ ਹਨ। ਡਿਜੀਟਲ ਦੁਨੀਆ ’ਚ ਕਰੀਅਰ ਬਣਾਉਣ ਲਈ ਡਿਜੀਟਲ ਅਰਥਵਿਵਸਥਾ ਦੀ ਮੁਹਾਰਤ ਨਾਲ ਚੰਗੀ ਅੰਗਰੇਜ਼ੀ, ਕੰਪਿਊਟਰ ਗਿਆਨ, ਕਮਿਊਨੀਕੇਸ਼ਨ ਸਕਿੱਲ, ਜਨ ਸੰਚਾਰ ਅਤੇ ਇਸ਼ਤਿਹਾਰੀ ਖੇਤਰ ਨਾਲ ਜੁੜੀਆਂ ਹੋਈਆਂ ਸਕਿੱਲਜ਼ ਲਾਭਦਾਇਕ ਹੁੰਦੀਆਂ ਹਨ। ਤਕਨੀਕੀ ਮੁਹਾਰਤ ਦੇ ਸੰਦਰਭ ’ਚ ਵੈੱਬ ਡਿਜ਼ਾਈਨ, ਸੋਸ਼ਲ ਮੀਡੀਆ, ਵੈੱਬ ਸਬੰਧਤ ਸਾਫਟਵੇਅਰ ਦਾ ਚੰਗਾ ਗਿਆਨ, ਵਿਸ਼ਲੇਸ਼ਨਾਤਮਕ ਹੁਨਰ ਅਤੇ ਖੋਜ ਹੁਨਰ ਵੀ ਲਾਭਦਾਇਕ ਹੁੰਦਾ ਹੈ।

ਬਿਨਾਂ ਸ਼ੱਕ ਇਸ ਸਮੇਂ ਪ੍ਰਤਿਭਾ ਦੇ ਸੰਦਰਭ ’ਚ ਭਾਰਤ ਡਿਜੀਟਲ ਅਰਥਵਿਵਸਥਾ ’ਚ ਪੂਰੀ ਤਰ੍ਹਾਂ ਲਾਭ ਦੀ ਸਥਿਤੀ ’ਚ ਹੈ ਪਰ ਕੋਰੋਨਾ ਮਹਾਮਾਰੀ ਦੇ ਬਾਅਦ ਦੀ ਦੁਨੀਆ ’ਚ ਮੌਜੂਦਾ ਆਈ. ਟੀ. ਪ੍ਰਤਿਭਾਵਾਂ ਨੂੰ ਉੱਭਰਦੀਆਂ ਤਕਨੀਕਾਂ ਦੇ ਹੁਨਰ ਨਾਲ ਮੁੜ ਤੋਂ ਲੈਸ ਕਰਨ ਅਤੇ ਦੁਨੀਆ ’ਚ ਖੁਦ ਨੂੰ ਖੜ੍ਹੇ ਕਰਨ ਲਈ ਰੂਲ ਅਤੇ ਰੈਗੂਲੇਸ਼ਨ ’ਤੇ ਜ਼ੋਰ ਦੇਣਾ ਹੋਵੇਗਾ। ਸਾਨੂੰ ਨਵੀਂ ਪੀੜ੍ਹੀ ਦੀਆਂ ਮੁੱਠੀਆਂ ’ਚ ਨਵੇਂ ਦੌਰ ਦੀ ਹੁਨਰ ਸਿਖਲਾਈ ਦੇ ਮੰਤਰ ਦੇਣੇ ਹੋਣਗੇ। ਸਾਨੂੰ ਨਵੀਂ ਪੀੜ੍ਹੀ ਨੂੰ ਚੰਗੀ ਆਨਲਾਈਨ ਐਜੂਕੇਸ਼ਨ ਦੇ ਰਾਹ ’ਤੇ ਅੱਗੇ ਵਧਾਉਣਾ ਹੋਵੇਗਾ। ਸਾਨੂੰ ਤਕਨੀਕ ਰਾਹੀਂ ਉੱਨਤ ਬਾਜ਼ਾਰ ਦਾ ਨਵਾਂ ਰਸਤਾ ਬਣਾਉਣ ਦੇ ਰਾਹ ’ਤੇ ਅੱਗੇ ਵਧਣਾ ਹੋਵੇਗਾ।

ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਵਰਚੁਅਲ ਰਿਐਲਿਟੀ, ਰੋੋਬੋਟਿਕ ਪ੍ਰੋਸੈੱਸ, ਆਟੋਮੇਸ਼ਨ, ਇੰਟਰਨੈੱਟ ਆਫ ਥਿੰਗਸ, ਬਿਗ ਡਾਟਾ ਐਨਾਲਿਸਿਸ, ਕਲਾਊਡ ਕੰਪਿਊਟਿੰਗ, ਬਲਾਕਚੇਨ ਅਤੇ ਸਾਈਬਰ ਸੁਰੱਖਿਅਾ ਵਰਗੇ ਖੇਤਰਾਂ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਨੂੰ ਮਾਹਿਰ ਬਣਾਉਣ ਲਈ ਫਿਊਚਰ ਸਕਿੱਲਸ ਪ੍ਰੋਗਰਾਮ ਨੂੰ ਕਾਰਗਰ ਢੰਗ ਨਾਲ ਅੱਗੇ ਵਧਾਉਣਾ ਹੋਵੇਗਾ।

ਅਸੀਂ ਆਸ ਕਰਦੇ ਹਾਂ ਕਿ ਦੇਸ਼ ਦੀ ਹੁਨਰਮੰਦ ਸਿੱਖਿਅਤ ਨਵੀਂ ਪੀੜ੍ਹੀ ਕੋਰੋਨਾ ਸੰਕਟ ਦੇ ਪਿੱਛੇ ਲੁਕੇ ਹੋਏ ਮੌਕਿਆਂ ਨੂੰ ਲੱਭੇਗੀ ਅਤੇ ਦੇਸ਼ ਅਤੇ ਦੁਨੀਆ ਦੀਆਂ ਨਵੀਆਂ ਰੋਜ਼ਗਾਰ ਲੋੜਾਂ ਦੇ ਮੱਦੇਨਜ਼ਰ ਨਵੇਂ ਕਾਰਜ ਸੱਭਿਆਚਾਰ ਦੀ ਅਗਵਾਈ ਕਰੇਗੀ। ਅਜਿਹੇ ’ਚ ਯਕੀਨੀ ਰੂਪ ਨਾਲ ਭਾਰਤੀ ਪ੍ਰਤਿਭਾਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੈਦਾ ਹੋਣ ਵਾਲੇ ਮੌਕਿਆਂ ਨੂੰ ਆਪਣੀਆਂ ਮੁੱਠੀਆਂ ’ਚ ਲੈਂਦੇ ਹੋਏ ਦਿਖਾਈ ਦੇਵੇਗੀ।

(ਲੇਖਕ ਪ੍ਰਸਿੱਧ ਅਰਥਸਾਸ਼ਤਰੀ ਹਨ)


author

Bharat Thapa

Content Editor

Related News