ਸਿਰਫ ਸਲਾਹ ਨਹੀਂ, ਕੋਰੋਨਾ ਨਾਲ ਲੜਨ ’ਚ ਸਹਿਯੋਗ ਦਿਓ

Friday, May 28, 2021 - 03:09 AM (IST)

ਸਿਰਫ ਸਲਾਹ ਨਹੀਂ, ਕੋਰੋਨਾ ਨਾਲ ਲੜਨ ’ਚ ਸਹਿਯੋਗ ਦਿਓ

ਅਵਿਨਾਸ਼ ਰਾਏ ਖੰਨਾ (ਰਾਸ਼ਟਰੀ ਉੱਪ-ਪ੍ਰਧਾਨ ਭਾਜਪਾ) 
ਜਦੋਂ ਕੋਈ ਬੀਮਾਰੀ ਮਹਾਮਾਰੀ ਦਾ ਰੂਪ ਧਾਰ ਲੈਂਦੀ ਹੈ ਤਾਂ ਉਸ ਦਾ ਸਾਹਮਣਾ ਕਰਨ ਲਈ ਜਿਸ ਤਰ੍ਹਾਂ ਇਕ ਮਰੀਜ਼ ਆਪਣੇ ਨਿੱਜੀ ਜਾਂ ਪਰਿਵਾਰਕ ਪੱਧਰ ’ਤੇ ਸੰਘਰਸ਼ ਕਰਦਾ ਹੈ, ਉਸੇ ਤਰ੍ਹਾਂ ਮਹਾਮਾਰੀ ਨਾਲ ਸਾਰੇ ਸਮਾਜ ਨੂੰ ਇਕੱਠੇ ਹੋ ਕੇ ਸਮੂਹਿਕ ਤੌਰ ’ਤੇ ਸੰਘਰਸ਼ ਕਰਨਾ ਪੈਂਦਾ ਹੈ।

ਮਹਾਮਾਰੀ ਦੇ ਦੌਰ ’ਚ ਜਿਸ ਤਰ੍ਹਾਂ ਸਰਕਾਰ ਨੂੰ ਇਕ ਐਮਰਜੈਂਸੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ, ਲਗਭਗ ਉਸੇ ਤਰ੍ਹਾਂ ਸਮਾਜ ਦੇ ਸਾਰੇ ਛੋਟੇ-ਵੱਡੇ ਗੈਰ-ਸਰਕਾਰੀ ਸੰਗਠਨਾਂ ਦੇ ਮੋਢਿਆਂ ’ਤੇ ਵੀ ਇਕ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ। ਮਹਾਮਾਰੀ ਦੇ ਦੌਰ ’ਚ ਜੇਕਰ ਸਰਕਾਰੀ ਯੋਜਨਾਵਾਂ ਦੇ ਨਾਲ ਸਾਰੇ ਗੈਰ-ਸਰਕਾਰੀ ਸੰਗਠਨ ਅਤੇ ਦੇਸ਼ ਦਾ ਹਰੇਕ ਨਾਗਰਿਕ ਇਕ ਸੁਰ ਅਤੇ ਇਕ ਤਰੰਗ ਵਾਂਗ ਕੰਮ ਕਰਨ ਤਾਂ ਵੱਡੀ ਤੋਂ ਵੱਡੀ ਮਹਾਮਾਰੀ ਨੂੰ ਵੀ ਹਰਾਇਆ ਜਾ ਸਕਦਾ ਹੈ।

ਸਿਹਤ ਸਬੰਧੀ ਮਾਹਿਰਾਂ ਦੇ ਵਿਚਾਰਾਂ ਦੇ ਆਧਾਰ ’ਤੇ ਭਾਰਤ ਸਰਕਾਰ ਨੇ ਨਾਗਰਿਕਾਂ ਨੂੰ ਕੋਰੋਨਾ ਪੀੜਤ ਹੋਣ ਤੋਂ ਬਚਣ ਲਈ ਕਈ ਪ੍ਰੋਟੋਕਾਲ ਐਲਾਨੇ ਹਨ ਜਿਵੇਂ ਕਿ ਮਾਸਕ ਲਗਾਉਣਾ, ਸਮਾਜਿਕ ਦੂਰੀ, ਜਿੰਨਾ ਸੰਭਵ ਹੋ ਸਕੇ ਘਰ ’ਚ ਰਹਿਣਾ, ਭੀੜ-ਭੜੱਕੇ ਤੋਂ ਬਚਣਾ, ਨਿਯਮਿਤ ਹੱਥ ਧੋਣੇ ਅਤੇ ਸਭ ਤੋਂ ਪ੍ਰਮੁੱਖ ਆਪਣੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਭਾਵ ਇਮਿਊਨਿਟੀ ਨੂੰ ਦਰੁਸਤ ਰੱਖਣਾ।

ਇਕ ਵਿਅਕਤੀ ਦੇ ਕੋਰੋਨਾਗ੍ਰਸਤ ਹੋਣ ’ਤੇ ਪੂਰਾ ਪਰਿਵਾਰ ਤਣਾਅ ’ਚ ਆ ਜਾਂਦਾ ਹੈ। ਅਜਿਹੇ ਸਮੇਂ ’ਚ ਉਨ੍ਹਾਂ ਨੂੰ ਉਚਿਤ ਅਤੇ ਲੋੜੀਂਦੇ ਇਲਾਜ ਸਹਾਇਤਾ ਦੀ ਲੋੜ ਹੁੰਦੀ ਹੈ। ਸਮਾਜ ’ਚ ਜਦੋਂ ਕੋਈ ਇਕ ਬੀਮਾਰੀ ਮਹਾਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਸੁਭਾਵਿਕ ਤੌਰ ’ਤੇ ਮੈਡੀਕਲ ਸਹਾਇਤਾ ਦੇ ਨਾਂ ’ਤੇ ਦਵਾਈਆਂ ਅਤੇ ਹੋਰ ਯੰਤਰਾਂ ਆਦਿ ਦੀ ਵੀ ਘਾਟ ਸਾਹਮਣੇ ਆਉਣ ਲੱਗਦੀ ਹੈ। ਆਮ ਹਾਲਾਤ ’ਚ ਸਰਕਾਰਾਂ ਇਹ ਸੋਚ ਵੀ ਨਹੀਂ ਸਕਦੀਆਂ ਕਿ ਦੇਸ਼ ਦੀ ਬਹੁਤ ਵੱਡੀ ਆਬਾਦੀ ਨੂੰ ਆਕਸੀਜਨ ਦੀ ਘਾਟ ਹੋਣ ’ਤੇ ਕਿੰਨੀ ਵੱਡੀ ਗਿਣਤੀ ’ਚ ਆਕਸੀਜਨ ਦੇ ਸਿਲੰਡਰਾਂ ਦੀ ਲੋੜ ਪੈ ਸਕਦੀ ਹੈ। ਮਹਾਮਾਰੀ ਦਾ ਅਰਥ ਹੈ ਕਿ ਅਚਾਨਕ ਬੜੇ ਵੱਡੇ ਪੱਧਰ ’ਤੇ ਸਮੱਸਿਆ ਦਾ ਪੈਦਾ ਹੋਣਾ। ਇਸ ਹਾਲਤ ’ਚ ਸਿਰਫ ਸਰਕਾਰ ਇੰਨੇ ਵੱਡੇ ਪੱਧਰ ’ਤੇ ਯੰਤਰ ਮੁਹੱਈਆ ਕਰਵਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕਰ ਰਹੀ ਹੈ।

ਇਕ ਪਾਸੇ ਦਵਾਈਆਂ ਮੁਹੱਈਆ ਕਰਾਉਣਾ, ਹਰ ਛੋਟੇ-ਛੋਟੇ ਖੇਤਰ ਦੇ ਪੱਧਰ ’ਤੇ ਵੈਕਸੀਨੇਸ਼ਨ ਕੇਂਦਰ ਸਥਾਪਤ ਕਰਨਾ ਅਤੇ ਸਾਰੇ ਦੇਸ਼ ’ਚ ਵੈਕਸੀਨ ਪਹੁੰਚਾਉਣੀ ਆਦਿ ਬਹੁਤ ਵੱਡੇ ਕੰਮ ਦਿਖਾਈ ਦਿੰਦੇ ਹਨ ਪਰ ਦੂਜੇ ਪਾਸੇ ਸਾਡੇ ਦੇਸ਼ ਦੀ ਸਿਆਸਤ ਹਰ ਕਦਮ ’ਤੇ ਇਕ ਸਪਲਾਈਕਰਤਾ ਸਮੂਹ ਨਾਲੋਂ ਵੱਧ ਕੋਈ ਜ਼ਿੰਮੇਵਾਰੀ ਨਿਭਾਉਂਦੀ ਹੋਈ ਦਿਖਾਈ ਨਹੀਂ ਦਿੰਦੀ। ਜਦੋਂ ਵੈਕਸੀਨ ਬਣ ਕੇ ਤਿਆਰ ਹੋ ਰਹੀ ਸੀ ਤਾਂ ਉਸ ਦੇ ਬਾਰੇ ’ਚ ਸਾਡੇ ਵਿਰੋਧੀ ਮਿੱਤਰ ਇਹ ਕੂੜ ਪ੍ਰਚਾਰ ਕਰ ਰਹੇ ਸਨ ਕਿ ਇਹ ਭਾਜਪਾ ਦਾ ਟੀਕਾ ਹੈ। ਜਦੋਂ ਵੈਕਸੀਨ ਬਣ ਕੇ ਤਿਆਰ ਹੋ ਗਈ ਤਾਂ ਸੁਭਾਵਿਕ ਤੌਰ ’ਤੇ ਉਸ ਦੇ ਉਤਪਾਦਨ ਦੇ ਅਨੁਪਾਤ ’ਚ ਹੀ ਹੌਲੀ-ਹੌਲੀ ਲੋਕਾਂ ਦੀ ਵਰਗ ਅਨੁਸਾਰ ਹੀ ਵੈਕਸੀਨੇਸ਼ਨ ਕੀਤੀ ਜਾਣੀ ਸੀ। ਇਥੇ ਵਿਰੋਧੀ ਪਾਰਟੀਆਂ ਨੇ ਵੈਕਸੀਨ ਦੀ ਘਾਟ ਦਾ ਕੂੜ ਪ੍ਰਚਾਰ ਸ਼ੁਰੂ ਕਰ ਦਿੱਤਾ।

ਵਿਰੋਧੀ ਪਾਰਟੀਆਂ ਨਾਲ ਸਬੰਧਤ ਆਮ ਵਰਕਰ ਤੋਂ ਲੈ ਕੇ ਰਾਸ਼ਟਰੀ ਨੇਤਾਵਾਂ ਤੱਕ ਸਾਰੇ ਵੈਕਸੀਨ ਲਗਵਾ ਰਹੇ ਹਨ ਅਤੇ ਫਿਰ ਵੀ ਵੈਕਸੀਨ ਦੀਆਂ ਕਮੀਆਂ ਕੱਢਣ ਤੋਂ ਬਾਜ਼ ਨਹੀਂ ਆ ਰਹੇ। ਕੋਰੋਨਾ ਦੇ ਬਾਅਦ ਨਵਾਂ ਸਟ੍ਰੇਨ, ਹੁਣ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸੌਖਾ ਕੰਮ ਨਹੀਂ ਹੈ।

ਸਾਡੇ ਦੇਸ਼ ਦੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨੇ ਇਸ ਦੌਰ ’ਚ ਆਪਣੀ ਭਰਪੂਰ ਹਮਦਰਦੀ ਅਤੇ ਨਰਮੀ ਦਾ ਸਬੂਤ ਦਿੱਤਾ। ਦੇਸ਼ ਦੇ ਕੋਨੇ-ਕੋਨੇ ’ਚ ਸਥਾਪਤ ਮੰਦਰਾਂ, ਗੁਰਦੁਆਰਿਆਂ ਅਤੇ ਇਥੋਂ ਤੱਕ ਕਿ ਮਸਜਿਦਾਂ ਅਤੇ ਚਰਚਾਂ ਤੋਂ ਵੀ ਮਾਸਕ, ਸੈਨੇਟਾਈਜ਼ਰ, ਭੋਜਨ ਦੇ ਪੈਕੇਟ ਅਤੇ ਦਵਾਈਆਂ ਆਦਿ ਵੰਡਣ ਦੀਆਂ ਕਈ ਖ਼ਬਰਾਂ ਅਸੀਂ ਦੇਖੀਆਂ ਅਤੇ ਸੁਣੀਆਂ ਹਨ। ਰਿਸ਼ੀਕੇਸ਼ ਦੇ ਇਕ ਪ੍ਰਸਿੱਧ ਪ੍ਰਮਾਰਥ ਨਿਕੇਤਨ ਆਸ਼ਰਮ ਤੋਂ ਪਤਾ ਲੱਗਾ ਕਿ ਇਸ ਆਸ਼ਰਮ ’ਚ ਪਿਛਲੇ ਸਾਲ ਤੋਂ ਹੀ ਲਗਭਗ 100 ਬਿਸਤਰਿਆਂ ਵਾਲਾ ਕੋਰੋਨਾ ਹਸਪਤਾਲ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਰੋਨਾ ਪੀੜਤ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ। ਛੋਟੀ-ਮੋਟੀ ਸਹਾਇਤਾ ਸਮੱਗਰੀ ਦੀ ਵੰਡ ਤਾਂ ਇਥੋਂ ਦਾ ਲਗਾਤਾਰ ਨਿਯਮ ਹੈ ਪਰ ਪਿਛਲੇ ਹਫਤੇ ਹੀ ਪੂਜਨੀਕ ਸਵਾਮੀ ਚਿਦਾਨੰਦ ਸਰਸਵਤੀ ਜੀ ਨੇ 25 ਆਕਸੀਜਨ ਕੰਸਨਟ੍ਰੇਟਰ ਕੋਰੋਨਾ ਮਰੀਜ਼ਾਂ ਲਈ ਸਮਰਪਿਤ ਕੀਤੇ। ਇਕ ਕੰਸਨਟ੍ਰੇਟਰ ਲਗਭਗ 1 ਲੱਖ ਰੁਪਏ ਕੀਮਤ ਦਾ ਹੈ ਅਤੇ ਇਸ ਆਸ਼ਰਮ ਦੀ ਸਹਾਇਤਾ ਨਾਲ ਲਗਭਗ 2 ਹਫਤਿਆਂ ਦੇ ਅੰਦਰ 100 ਕੰਸਟਟ੍ਰੇਟਰ ਮੰਗਵਾ ਕੇ ਜਨਤਾ ਲਈ ਸਮਰਪਿਤ ਕੀਤੇ ਜਾ ਰਹੇ ਹਨ। ਇਹ ਅਸਲੀ ਸਹਾਇਤਾ ਦੀ ਅਨੋਖੀ ਉਦਾਹਰਣ ਹੈ।

ਅੱਜ ਦੇਸ਼ ਦੇ ਹਰੇਕ ਵਿਅਕਤੀ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਵੱਖ-ਵੱਖ ਪ੍ਰਕਾਰ ਦੇ ਵਿਚਾਰ ਸਲਾਹ ਦੇ ਰੂਪ ’ਚ ਦੇਣ ਦੀ ਥਾਂ ਆਪਣੀ ਸਹਾਇਤਾ ਦੀ ਉਦਾਹਰਣ ਪੇਸ਼ ਕਰਨ। ਇਸ ਤਰ੍ਹਾਂ ਲੋਕਾਂ ਦੀਆਂ ਸਹਾਇਤਾ ਕੋਸ਼ਿਸ਼ਾਂ ਨੂੰ ਦੇਖ ਕੇ ਭਗਵਾਨ ਵੀ ਸਹਾਇਤਾ ਕਰਨ ਲਈ ਮਜਬੂਰ ਹੋ ਜਾਂਦੇ ਹਨ।


author

Bharat Thapa

Content Editor

Related News