ਪਾਇਲਟ ਲਈ ਜਹਾਜ਼ ’ਚ ਜਗ੍ਹਾ ਨਹੀਂ

07/21/2020 3:44:35 AM

ਡਾ. ਵੇਦਪ੍ਰਤਾਪ ਵੈਦਿਕ

ਰਾਜਸਥਾਨ ਹਾਈਕੋਰਟ ਦਾ ਫੈਸਲਾ ਕਾਂਗਰਸ ਦੇ ਬਾਗੀ ਨੇਤਾ ਸਚਿਨ ਪਾਇਲਟ ਦੇ ਜਾਂ ਤਾਂ ਹੱਕ ’ਚ ਆਏਗਾ ਜਾਂ ਵਿਰੋਧ ’ਚ ਆਏਗਾ ਜਾਂ ਹੋ ਸਕਦਾ ਹੈ ਕਿ ਅਦਾਲਤ ਸਾਰੇ ਮਾਮਲੇ ਨੂੰ ਵਿਧਾਨ ਸਭਾ ਸਪੀਕਰ ’ਤੇ ਹੀ ਛੱਡ ਦੇੇਵੇ। ਹਰ ਹਾਲਤ ’ਚ ਹੁਣ ਸਚਿਨ ਪਾਇਲਟ ਦਾ ਰਾਜਸਥਾਨ ਦੀ ਕਾਂਗਰਸ ’ਚ ਰਹਿਣਾ ਲੱਗਭਗ ਅਸੰਭਵ ਹੈ। ਉਨ੍ਹਾਂ ਦਾ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਅਹੁਦਾ ਗਿਆ, ਉਪ-ਮੁੱਖ ਮੰਤਰੀ ਅਤੇ ਮੰਤਰੀ ਦਾ ਅਹੁਦਾ ਵੀ ਗਿਆ। ਹੁਣ ਉਹ ਆਮ ਵਿਧਾਇਕ ਹਨ। ਜੇ ਅਦਾਲਤ ਨੇ ਉਨ੍ਹਾਂ ਵਿਰੁੱਧ ਫੈਸਲਾ ਦੇ ਦਿੱਤਾ ਤਾਂ ਵਿਧਾਨ ਸਭਾ ਸਪੀਕਰ ਉਨ੍ਹਾਂ ਨੂੰ ਵਿਧਾਨ ਸਭਾ ਦਾ ਮੈਂਬਰ ਵੀ ਨਹੀਂ ਰਹਿਣ ਦੇਣਗੇ। ਦਲ-ਬਦਲ ਵਿਰੋਧੀ ਕਾਨੂੰਨ ਦੀ ਕਿੱਲੀ ’ਤੇ ਸਚਿਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲਟਕਾ ਦਿੱਤਾ ਜਾਵੇਗਾ। ਪਾਰਟੀ ਦੀ ਮੈਂਬਰਸ਼ਿਪ ਵੀ ਜਾਂਦੀ ਰਹੇਗੀ ਅਤੇ ਜੇ ਅਦਾਲਤ ਨੇ ਸਚਿਨ ਦੇ ਹੱਕ ’ਚ ਫੈਸਲਾ ਦੇ ਦਿੱਤਾ ਤਾਂ ਵਿਧਾਨ ਸਭਾ ਸਪੀਕਰ ਸ਼ਾਇਦ ਆਪਣਾ ਨੋਟਿਸ ਵਾਪਸ ਲੈ ਲੈਣਗੇ, ਫਿਰ ਅੱਗੇ ਕੀ ਹੋਵੇਗਾ? ਅੱਗੇ ਹੋਵੇਗਾ ਵਿਧਾਨ ਸਭਾ ਦਾ ਅਜਲਾਸ। ਸਚਿਨ ਧੜੇ ਦੇ ਮੈਂਬਰ ਤਾਂ ਵੀ ਕਾਂਗਰਸ ਦੇ ਮੈਂਬਰ ਮੰਨੇ ਜਾਣਗੇ। ਜੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਆਪਣੀ ਸਰਕਾਰ ਪ੍ਰਤੀ ਭਰੋਸੇ ਦੀ ਵੋਟ ਲਿਆਉਣਗੇ ਤਾਂ ਸਚਿਨ ਧੜਾ ਕੀ ਕਰੇਗਾ? ਉਹ ਜੇ ਇਸ ਪ੍ਰਸਤਾਵ ਦੇ ਹੱਕ ’ਚ ਵੋਟ ਦਿੰਦਾ ਹੈ ਤਾਂ ਉਹ ਆਪਣੀ ਨੱਕ ਕਟਵਾ ਲਵੇਗਾ ਅਤੇ ਜੇ ਵਿਰੋਧ ’ਚ ਵੋਟ ਦਿੰਦਾ ਹੈ ਤਾਂ ਦਲ-ਬਦਲ ਵਿਰੋਧੀ ਕਾਨੂੰਨ ਦੇ ਤਹਿਤ ਪੂਰੇ ਦਾ ਪੂਰਾ ਧੜਾ ਵਿਧਾਨ ਸਭਾ ਦੀ ਮੈਂਬਰਸ਼ਿਪ ਗੁਆ ਦੇਵੇਗਾ।

ਇਸ ਲਈ ਅਦਾਲਤ ’ਚ ਜਾਣ ਦਾ ਕੋਈ ਫਾਇਦਾ ਦਿਖਾਈ ਨਹੀਂ ਦਿੰਦਾ। ਇਸ ਸਮੇਂ ਰਾਜਸਥਾਨ ਦੀ ਕਾਂਗਰਸ ਵੀ ਸਚਿਨ ਧੜੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਮੁੱਖ ਮੰਤਰੀ ਗਹਿਲੋਤ ਨੇ ਸਚਿਨ ਲਈ ਜਿੰਨੇ ਕੌੜੇ ਬੋਲ ਬੋਲੇ ਹਨ, ਉਸ ਤੋਂ ਬਾਅਦ ਵੀ ਜੇ ਸਚਿਨ ਧੜਾ ਰਾਜਸਥਾਨ ਦੀ ਕਾਂਗਰਸ ’ਚ ਰਹਿੰਦਾ ਹੈ ਤਾਂ ਉਸ ਦੀ ਇੱਜ਼ਤ ਦੋ ਕੌੜੀ ਵੀ ਨਹੀਂ ਰਹਿ ਜਾਵੇਗੀ। ਅਜਿਹੇ ਹਾਲਾਤ ’ਚ ਸਚਿਨ ਦੇ ਧੜੇ ਲਈ ਆਪਣੀ ਚਮੜੀ ਬਚਾਉਣ ਦਾ ਕੀ ਰਾਹ ਹੈ? ਇਕ ਤਾਂ ਇਹ ਕਿ ਪੂਰੇ ਦਾ ਪੂਰਾ ਧੜਾ ਅਤੇ ਉਸ ਦੇ ਸੈਂਕੜੇ-ਹਜ਼ਾਰਾਂ ਵਰਕਰ ਕਾਂਗਰਸ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾਉਣ। ਦੂਜਾ ਇਹ ਕਿ ਸਚਿਨ ਸਮਰਥਕ ਵਿਧਾਨ ਸਭਾ ’ਚ ਟਿਕੇ ਰਹਿਣ ਅਤੇ ਗਹਿਲੋਤ ਭਗਤੀ ’ਚ ਮਗਨ ਹੋ ਜਾਣ ਪਰ ਖੁਦ ਸਚਿਨ ਵਿਧਾਨ ਸਭਾ ਤੋਂ ਅਸਤੀਫਾ ਦੇਣ ਅਤੇ ਰਾਜਸਥਾਨ ਦੀ ਸਿਆਸਤ ਛੱਡ ਕੇ ਦਿੱਲੀ ’ਚ ਆ ਬੈਠਣ। ਕਾਂਗਰਸ ਦੀ ਡੁੱਬਦੀ ਕਿਸ਼ਤੀ ਨੂੰ ਬਚਾਉਣ ਲਈ ਜੀਅ-ਜਾਨ ਲਾਉਣ। ਰਾਜਸਥਾਨ ’ਚ ਸਚਿਨ ਨੇ ਜੋ ਹਰਕਤ ਕਰ ਲਈ, ਉਸ ਦਾ ਉਹ ਹਰਜਾਨਾ ਵੀ ਭਰ ਦੇਣ ਅਤੇ ਆਪਣੀ ਸਿਆਸਤ ਨੂੰ ਕਿਸੇ ਨਾ ਕਿਸੇ ਰੂਪ ’ਚ ਜਿਊਂਦਾ ਰੱਖਣ। ਹੁਣ ਰਾਜਸਥਾਨ ਦੇ ਜਹਾਜ਼ ’ਚ ਪਾਇਲਟ ਲਈ ਕੋਈ ਜਗ੍ਹਾ ਨਹੀਂ ਬਚੀ ਹੈ।


Bharat Thapa

Content Editor

Related News