ਨਿਤੀਸ਼ ਕੁਮਾਰ ਦੇ ਉੱਤਰਾਧਿਕਾਰੀ ਦੀ ਖੋਜ ਸੌਖੀ ਨਹੀਂ ਹੈ

Thursday, Apr 03, 2025 - 05:00 PM (IST)

ਨਿਤੀਸ਼ ਕੁਮਾਰ ਦੇ ਉੱਤਰਾਧਿਕਾਰੀ ਦੀ ਖੋਜ ਸੌਖੀ ਨਹੀਂ ਹੈ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (74) ਦੀ ਸਿਹਤ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਥੰਮ੍ਹਣ ਦਾ ਨਾਂ ਨਹੀਂ ਲੈ ਰਹੀ ਹੈ। ਚੋਣ ਪ੍ਰਬੰਧਕ ਤੋਂ ਆਗੂ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਨਿਤੀਸ਼ ਕੁਮਾਰ ਸਰੀਰਕ ਤੌਰ ’ਤੇ ਥੱਕੇ ਹੋਏ ਅਤੇ ਮਾਨਸਿਕ ਤੌਰ ’ਤੇ ਕਿਰਿਆਹੀਣ ਹੋ ਚੁੱਕੇ ਹਨ। ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਵੀ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਵਾਲ ਉਠਾਇਆ ਹੈ ਪਰ ਹਾਲ ਹੀ ’ਚ ਕੁਝ ਆਗੂਆਂ ’ਤੇ ਬੇਬਾਕ ਜਾਣਕਾਰੀ ਦੇ ਕੇ ਚਰਚਾ ’ਚ ਆਏ ਏ. ਆਈ. ਟੂਲ ਗ੍ਰੋਕ (ਸੋਸ਼ਲ ਮੀਡੀਆ ਐਕਸ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਿਤੀਸ਼ ਕੁਮਾਰ ਬਿਲਕੁਲ ਸਿਹਤਮੰਦ ਹਨ।

ਗ੍ਰੋਕ ਨੂੰ ਸੋਸ਼ਲ ਮੀਡੀਆ ਜਾਂ ਵੈੱਬਸਾਈਟਾਂ ’ਤੇ ਅਜਿਹੀ ਕੋਈ ਮੈਡੀਕਲ ਰਿਪੋਰਟ ਨਹੀਂ ਮਿਲੀ ਜਿਸ ਦੇ ਹਿਸਾਬ ਨਾਲ ਉਨ੍ਹਾਂ ਨੂੰ ਬੀਮਾਰ ਕਿਹਾ ਜਾਏ। ਕੁਝ ਦਿਨ ਪਹਿਲਾਂ ਇਕ ਜਨਤਕ ਪ੍ਰੋਗਰਾਮ ’ਚ ਰਾਸ਼ਟਰਗਾਨ ਦੌਰਾਨ ਨਿਤੀਸ਼ ਦੇ ਵਿਵਹਾਰ ਤੋਂ ਬਾਅਦ ਉਨ੍ਹਾਂ ਦੀ ਸਿਹਤ ’ਤੇ ਸਵਾਲ ਉੱਠਣ ਲੱਗੇ। ਉਨ੍ਹਾਂ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਜਦ (ਯੂ) ਅਤੇ ਸਹਿਯੋਗੀ ਭਾਜਪਾ ’ਚ ਵੀ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਸਰਗਰਮੀ ਦਿਖਾਈ ਦੇ ਰਹੀ ਹੈ। ਜਦ (ਯੂ) ਦੇ ਕਈ ਆਗੂ ਉਨ੍ਹਾਂ ਦੇ 48 ਸਾਲਾ ਬੇਟੇ ਨਿਸ਼ਾਂਤ ਕੁਮਾਰ ਨੂੰ ਸਿਆਸਤ ’ਚ ਲਿਆਉਣ ਦੀ ਮੰਗ ਕਰ ਚੁੱਕੇ ਹਨ।

ਪਰ ਹੁਣ ਸਵਾਲ ਨਿਤੀਸ਼ ਤੋਂ ਬਾਅਦ ਕੌਣ ਦਾ ਹੈ? ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਆਉਂਦੇ ਹਨ, ਲਲਨ ਸਵਰਨ ਹਨ। ਇਹੀ ਗੱਲ ਉਨ੍ਹਾਂ ਲਈ ਰੁਕਾਵਟ ਹੈ। ਅਟਕਲਾਂ ਹਨ ਕਿ ਨਿਤੀਸ਼ ਦੀ ਗੈਰ-ਹਾਜ਼ਰੀ ’ਚ ਅਤਿ ਪੱਛੜੀ ਜਾਤੀ ਕੋਲ ਹੀ ਜਾਏਗੀ। ਆਈ. ਏ. ਐੱਸ. ਰਹਿ ਚੁੱਕੇ ਅਤੇ ਪੱਛੜੀ ਜਾਤੀ ਦੇ ਹੀ ਮਨੀਸ਼ ਵਰਮਾ ਪਾਰਟੀ ਦੇ ਅੰਦਰ ਤੇਜ਼ੀ ਨਾਲ ਉੱਭਰਦੇ ਆਗੂ ਮੰਨੇ ਜਾਂਦੇ ਹਨ ਪਰ ਅਜਿਹੇ ਹੀ ਇਕ ਅਫਸਰ ਆਰ. ਸੀ. ਪੀ. ਸਿੰਘ ਦਾ ਬੁਰਾ ਹਸ਼ਰ ਦੇਖਿਆ ਜਾ ਚੁੱਕਾ ਹੈ।

ਪਰ ਨਿਤੀਸ਼ ਨੂੰ ਮੋਢਿਆਂ ’ਤੇ ਚੁੱਕੀ ਰੱਖਣਾ ਭਾਜਪਾ ਦੀ ਇਕ ਮਜਬੂਰੀ ਹੈ। ਬਿਹਾਰ ’ਚ ਭਾਜਪਾ ਮੁੱਖ ਤੌਰ ’ਤੇ ਸਵਰਨਾਂ ਦੀ ਪਾਰਟੀ ਮੰਨੀ ਜਾਂਦੀ ਹੈ ਤਾਂ ਦੂਸਰੇ ਪਾਸੇ ਰਾਜਦ ਪੱਛੜੀਆਂ ਜਾਤੀਆਂ, ਖਾਸ ਕਰ ਕੇ ਯਾਦਵ ਅਤੇ ਮੁਸਲਮਾਨਾਂ ਦੇ ਦਮਖਮ ’ਤੇ ਟਿਕੀ ਹੈ। ਨਿਤੀਸ਼ ਨੇ ਰਾਜਦ ਨਾਲੋਂ ਅਤਿ ਪੱਛੜਿਆਂ ਅਤੇ ਦਲਿਤਾਂ ਤੋਂ ਅਤਿ ਦਲਿਤਾਂ ਨੂੰ ਕੱਟ ਕੇ ਨਵਾਂ ਖੇਮਾ ਤਿਆਰ ਕੀਤਾ ਅਤੇ ਉਸ ਦੇ ਸਿਰ ’ਤੇ 2005 ਤੋਂ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਹਨ।

ਸ਼ਰਾਬਬੰਦੀ ਨਾਲ ਇਕ ਨਵਾਂ ਵੋਟ ਬੈਂਕ ਤਿਆਰ ਕੀਤਾ। ਸਰਕਾਰ ਨੂੰ ਡੇਗਣ ਅਤੇ ਦੂਜੇ ਗੱਠਜੋੜ ਦੀ ਸਰਕਾਰ ਬਣਾਉਣ ’ਚ ਉਹ ਮਾਹਿਰ ਹਨ। ਉਂਝ ਤਾਂ 20 ਸਾਲਾਂ ’ਚ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੋਣਾ ਚਾਹੀਦਾ ਹੈ ਪਰ ਇਹ ਨੌਵਾਂ ਕਾਰਜਕਾਲ ਹੈ। ਓਧਰ ਭਾਜਪਾ ਬਿਹਾਰ ’ਚ ਆਪਣਾ ਮੁੱਖ ਮੰਤਰੀ ਬਣਾਉਣ ਲਈ ਲੰਬੇ ਸਮੇਂ ਤੋਂ ਬੇਤਾਬ ਹੈ ਪਰ ਇਹ ਮਹਾਰਾਸ਼ਟਰ ਨਹੀਂ, ਬਿਹਾਰ ਹੈ। ਨਿਤੀਸ਼ ਦੀ ਪਾਰਟੀ ’ਚ ਸ਼ਿੰਦੇ ਦੇ ਕੱਦ ਦਾ ਕੋਈ ਆਗੂ ਤਕ ਉੱਭਰ ਨਹੀਂ ਸਕਿਆ। ਘੱਟ ਸੀਟਾਂ ਤੋਂ ਬਾਅਦ ਵੀ ਸੱਤਾ ਦਾ ਸੰਤੁਲਨ ਅੱਜ ਵੀ ਨਿਤੀਸ਼ ਦੇ ਹੱਥ ’ਚ ਹੈ।

ਵਿਧਾਨ ਸਭਾ ਚੋਣਾਂ ਤੋਂ ਬਾਅਦ : ਓਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਲਾਨ ਕਰ ਚੁੱਕੇ ਹਨ ਕਿ ਇਸ ਸਾਲ ਅਕਤੂਬਰ-ਨਵੰਬਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਐੱਨ. ਡੀ. ਏ. ਦੀ ਅਗਵਾਈ ਨਿਤੀਸ਼ ਕੁਮਾਰ ਹੀ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਜੋ ਵੀ ਹੋਵੇਗਾ ਨਿਤੀਸ਼ ਦੀ ਸਹਿਮਤੀ ਨਾਲ ਹੋਵੇਗਾ। ਪੁੱਤਰ ਨੂੰ ਸਥਾਪਿਤ ਕਰਨ ਤੋਂ ਇਲਾਵਾ ਉਨ੍ਹਾਂ ਦਾ ਖੁਦ ਦਾ ਵੀ ਵੱਡਾ ਸਵਾਲ ਹੈ। ਭਾਜਪਾ ’ਚ ਉਪ-ਮੁੱਖ ਮੰਤਰੀ ਸਮਰਾਟ ਚੌਧਰੀ ਜਾਂ ਵਿਜੇ ਕੁਮਾਰ ਸਿਨ੍ਹਾ ਨੂੰ ਮੁੱਖ ਮੰਤਰੀ ਅਹੁਦੇ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਸਮਰਾਟ ਅਤਿ ਪੱਛੜੇ ਅਤੇ ਸਿਨ੍ਹਾ ਸਵਰਨ ਭੂਮੀਹਾਰ ਜਾਤੀ ਦੇ ਹਨ। ਇਕ ਦਾਅਵੇਦਾਰ ਕੇਂਦਰੀ ਮੰਤਰੀ ਗਿਰੀਰਾਜ ਨੂੰ ਵੀ ਮੰਨਿਆ ਜਾਂਦਾ ਹੈ ਪਰ ਮੋਦੀ-ਸ਼ਾਹ ਦੀ ਜੋੜੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੀ ਤਰ੍ਹਾਂ ਕਿਸੇ ਅਣਕਿਆਸੇ ਨਵੇਂ ਚਿਹਰੇ ਨੂੰ ਵੀ ਸਾਹਮਣੇ ਲਿਆ ਕੇ ਸਾਰਿਆਂ ਨੂੰ ਹੈਰਾਨ ਕਰ ਸਕਦੀ ਹੈ।

ਚੋਣਾਂ ਦਾ ਬਦਲਦਾ ਸਮੀਕਰਨ : ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ’ਚ ਦੋ ਨਵੇਂ ਚਿਹਰੇ ਜਿੱਤ ਦਾ ਸਮੀਕਰਨ ਬਦਲ ਸਕਦੇ ਹਨ। ਇਨ੍ਹਾਂ ’ਚੋਂ ਇਕ ਹੈ ਪ੍ਰਸ਼ਾਂਤ ਕਿਸ਼ੋਰ। ਚੋਣ ਪ੍ਰਬੰਧਨ ’ਚ ਮਾਹਿਰ ਮੰਨੇ ਜਾਣ ਵਾਲੇ ਪ੍ਰਸ਼ਾਂਤ ਦੀ ਜਨ ਸੁਰਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਦੇ ਪੂਰਨ ਚੋਣ ਮੈਦਾਨ ’ਚ ਹੋਵੇਗੀ। ਇਹ ਪਾਰਟੀ ਪਿਛਲੀ ਵਾਰ ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ’ਚ ਉਤਰੀ। ਉਸ ਨੂੰ ਜਿੱਤ ਤਾਂ ਨਹੀਂ ਮਿਲੀ ਪਰ ਦੋ ਖੇਤਰਾਂ ’ਚ ਚੰਗੀਆਂ ਵੋਟਾਂ ਮਿਲੀਆਂ। ਆਰ. ਜੇ. ਡੀ. ਦੀ ਹਾਰ ਦਾ ਇਕ ਕਾਰਨ ਇਸ ਨੂੰ ਵੀ ਮੰਨਿਆ ਗਿਆ। ਰਾਜਦ ਨੇ ਦੋਸ਼ ਲਾਇਆ ਕਿ ਭਾਜਪਾ ਨੇ ਵੋਟ ਕੱਟਣ ਲਈ ਜਨ ਸੁਰਾਜ ਪਾਰਟੀ ਨੂੰ ਅਪ੍ਰਤੱਖ ਰੂਪ ਨਾਲ ਮਦਦ ਕੀਤੀ ਸੀ।

ਹਾਲ ਦੀ ਘੜੀ, ਪ੍ਰਸ਼ਾਂਤ ਕਿਸ਼ੋਰ ਇਕ ਪਾਸੇ ਤਾਂ ਸਾਰੀਆਂ ਜਾਤੀਆਂ ਨੂੰ ਜੋੜ ਕੇ ਇਕ ਨਵਾਂ ਬਦਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਜਾਤੀ ਅਤੇ ਧਾਰਮਿਕ ਵੰਡ ’ਚ ਫਸੀ ਸੂਬੇ ਦੀ ਸਿਆਸਤ ਨੂੰ ਆਰਥਿਕ ਅਤੇ ਸਮਾਜਿਕ ਮੁੱਦਿਆਂ ਵੱਲ ਮੋੜਨ ਦਾ ਯਤਨ ਵੀ ਕਰ ਰਹੇ ਹਨ। ਕਾਂਗਰਸ ਨੇ ਕਨ੍ਹੱਈਆ ਕੁਮਾਰ ਨੂੰ ਚੋਣ ਮੁਹਿੰਮ ’ਚ ਉਤਾਰ ਕੇ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਕਨ੍ਹੱਈਆ ਇਨ੍ਹੀਂ ਦਿਨੀਂ ‘ਰੋਜ਼ਗਾਰ ਦਿਓ ਪਲਾਇਨ ਰੋਕੋ’ ਯਾਤਰਾ ਕਰ ਰਹੇ ਹਨ। ਰੋਜ਼ਗਾਰ ਦੇ ਲਈ ਸੂਬੇ ਦੇ ਬਾਹਰ ਜਾਣ ਵਾਲਿਆਂ ’ਚ ਬਿਹਾਰ ਦੇ ਨੌਜਵਾਨਾਂ ਦੀ ਗਿਣਤੀ ਹੈਰਾਨ ਕਰਨ ਵਾਲੀ ਹੈ।

ਇਕ ਅੰਕੜੇ ਮੁਤਾਬਕ ਦੇਸ਼ ਦੇ ਲਗਭਗ 30 ਕਰੋੜ ਲੋਕ ਰੋਜ਼ਗਾਰ ਦੀ ਭਾਲ ’ਚ ਹਰ ਸਾਲ ਆਪਣੇ ਸੂਬੇ ਤੋਂ ਬਾਹਰ ਜਾਂਦੇ ਹਨ। ਇਨ੍ਹਾਂ ’ਚ 3 ਕਰੋੜ ਬਿਹਾਰੀ ਹੁੰਦੇ ਹਨ। ਨਿਤੀਸ਼ ਸਰਕਾਰ ਸੂਬੇ ਦੇ ਉਦਯੋਗੀਕਰਨ ਦੇ ਮੋਰਚੇ ’ਤੇ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਦਯੋਗਾਂ ਨੂੰ ਬਿਹਾਰ ’ਚ ਸਥਾਪਿਤ ਕਰਨ ਲਈ ਸੂਬਾ ਸਰਕਾਰ ਕੋਈ ਕਾਰਗਰ ਨੀਤੀ ਬਣਾ ਹੀ ਨਹੀਂ ਸਕੀ। ਅਗਲੀਆਂ ਚੋਣਾਂ ’ਚ ਇਹ ਮੁੱਦਾ ਨਿਤੀਸ਼ ਲਈ ਵੱਡੀ ਚੁਣੌਤੀ ਬਣ ਸਕਦਾ ਹੈ।

ਜਿਸ ਤਰ੍ਹਾਂ ਚਿਰਾਗ ਪਾਸਵਾਨ ਨੇ 2020 ਦੀਆਂ ਚੋਣਾਂ ’ਚ ਨਿਤੀਸ਼ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਸੀ, ਉਸੇ ਤਰ੍ਹਾਂ 2025 ’ਚ ਪ੍ਰਸ਼ਾਂਤ ਮੁਸੀਬਤ ਬਣ ਸਕਦੇ ਹਨ। ਚਿਰਾਗ ਆਪਣਾ ਇਸਤੇਮਾਲ ਕਿਵੇਂ ਕਰਵਾਉਂਦੇ ਹਨ ਜਾਂ ਕਰਦੇ ਹਨ, ਇਹ ਵੀ ਵੱਡਾ ਸਵਾਲ ਹੈ। ਭਾਜਪਾ ਇਹ ਹਮੇਸ਼ਾ ਚਾਹੇਗੀ ਕਿ ਉਹ ਜੇ. ਡੀ. ਯੂ. ਦੀ ਤਰ੍ਹਾਂ ਆਪਣਾ ਵੋਟ ਬੈਂਕ ਆਪਣੇ ਨਾਲ ਰੱਖੇ। ਚਿਰਾਗ ਦੀ ਖੁਦ ਦੀ ਤਮੰਨਾ ਵੀ ਮੁੱਖ ਮੰਤਰੀ ਬਣਨ ਦੀ ਤਾਂ ਹੈ ਹੀ।

-ਸ਼ੈਲੇਸ਼ ਕੁਮਾਰ
 


author

Tanu

Content Editor

Related News