ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨੂੰ ਮੁਸਤੈਦ ਕਰਨ ਦੇ ਨਾਲ-ਨਾਲ ਇਲਾਕੇ ਦੀਆਂ ਸੜਕਾਂ ਸੁਧਾਰਨੀਆਂ ਵੀ ਜ਼ਰੂਰੀ

Thursday, Jul 25, 2024 - 03:27 AM (IST)

ਜੰਮੂ-ਕਸ਼ਮੀਰ ’ਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵੱਲੋਂ ਹਿੰਸਾ ਅਤੇ ਖੂਨ-ਖਰਾਬਾ ਲਗਾਤਾਰ ਜਾਰੀ ਹੈ ਅਤੇ ਇਨ੍ਹਾਂ ਅੱਤਵਾਦੀਆਂ ਦੇ ਕਬਜ਼ੇ ’ਚੋਂ ਵੱਖ-ਵੱਖ ਦੇਸ਼ਾਂ ਦੇ ਹਥਿਆਰ ਬਰਾਮਦ ਹੋ ਰਹੇ ਹਨ। 
ਕੁਝ ਦਿਨ ਪਹਿਲਾਂ ਕੁਪਵਾੜਾ ਜ਼ਿਲੇ ਦੇ ਕੇਰਨ ਸੈਕਟਰ ’ਚ ਮਾਰੇ ਗਏ ਪਾਕਿਸਤਾਨੀ ਅੱਤਵਾਦੀਆਂ ਦੇ ਕਬਜ਼ੇ ’ਚੋਂ ਪਹਿਲੀ ਵਾਰ ਆਸਟ੍ਰੀਆ ’ਚ ਬਣੀ ‘ਬੁਲਪੰਪ ਅਸਾਲਟ ਰਾਈਫਲ ਸਟੇਅਰ ਏ. ਯੂ. ਜੀ.’ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਦੀਆਂ ਰਾਈਫਲਾਂ ਦੀ ਵਰਤੋਂ ਅਫਗਾਨਿਸਤਾਨ ’ਚ ਨਾਟੋ ਦੇਸ਼ਾਂ ਦੀਆਂ ਫੌਜਾਂ ਕਰਦੀਆਂ ਸਨ। 
ਪਹਿਲਾਂ ਤਾਂ ਇਹ ਅੱਤਵਾਦੀ ਵਧੇਰੇ ਤੌਰ ’ਤੇ ਕਸ਼ਮੀਰ ਘਾਟੀ ਨੂੰ  ਹੀ ਨਿਸ਼ਾਨਾ ਬਣਾਉਂਦੇ ਸਨ ਪਰ ਹੁਣ ਇਨ੍ਹਾਂ ਨੇ ਲੰਬੇ ਸਮੇਂ ਤੋਂ ਸ਼ਾਂਤ ਰਹੇ ਜੰਮੂ ਇਲਾਕੇ ’ਚ ਵੀ ਲਗਭਗ ਪਿਛਲੇ  3 ਸਾਲਾਂ ਤੋਂ ਹਮਲੇ ਸ਼ੁਰੂ ਕਰ ਦਿੱਤੇ ਹਨ। 
2021 ਤੋਂ 2023 ਤੱਕ ਪੁੰਛ ਅਤੇ ਰਾਜੌਰੀ ਤੱਕ ਸੀਮਤ ਅੱਤਵਾਦੀਆਂ ਨੇ ਜੰਮੂ ਡਵੀਜ਼ਨ ਦੇ ਵਧੇਰੇ ਜ਼ਿਲਿਆਂ ’ਚ ਹਮਲੇ ਕੀਤੇ ਹਨ ਅਤੇ  ਹੁਣ ਪਿਛਲੇ 2 ਸਾਲਾਂ ਤੋਂ ਆਪਣੀ ਬਦਲੀ ਹੋਈ ਰਣਨੀਤੀ ਦੇ ਅਧੀਨ  ਫੌਜ ਦੀਆਂ ਨਵੀਆਂ ਯੂਨਿਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਹਰ ਜ਼ਿਲੇ ’ਚ ਨਵੀਂ ਯੂਨਿਟ ’ਤੇ ਹਮਲਾ ਕਰ ਕੇ ਫਰਾਰ ਹੋ ਜਾਂਦੇ ਹਨ।  
ਵਰਨਣਯੋਗ ਹੈ ਕਿ ਜੰਮੂ ਇਲਾਕੇ ’ਚ ਅਕਤੂਬਰ 2021 ਦੇ ਬਾਅਦ ਤੋਂ ਹੁਣ ਤੱਕ ਫੌਜ ਦੇ 40 ਅਤੇ ਭਾਰਤੀ ਹਵਾਈ ਫੌਜ ਦੇ 1 ਜਵਾਨ ਸਮੇਤ ਘੱਟੋ-ਘੱਟ 50 ਸੁਰੱਖਿਆ ਮੁਲਾਜ਼ਮ ਆਪਣੀਆਂ ਜਾਨਾਂ ਦਾ ਬਲਿਦਾਨ ਦੇ ਚੁੱਕੇ ਹਨ। 
ਇਸੇ ਦਰਮਿਆਨ ਪਤਾ ਲੱਗਾ ਹੈ ਕਿ ਜੰਮੂ ਇਲਾਕੇ ’ਚ 20 ਸਾਲ ਪਹਿਲਾਂ ਫੌਜ ਨੇ ਜਿਸ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਸਥਾਨਕ ਨੈੱਟਵਰਕ ਨੂੰ ਨਕਾਰਾ ਕਰ ਦਿੱਤਾ ਸੀ ਉਹ ਹੁਣ ਪੂਰੀ ਤਾਕਤ ਨਾਲ ਇਕ ਵਾਰ ਫਿਰ ਜੰਮੂ ਦੇ 10 ’ਚੋਂ 9 ਜ਼ਿਲਿਆਂ ’ਚ ਸਰਗਰਮ ਹੋ ਗਿਆ ਹੈ। ਪਹਿਲਾਂ ਅੱਤਵਾਦੀਆਂ ਦੇ ਮਦਦਗਾਰ ਉਨ੍ਹਾਂ ਦਾ ਸਾਮਾਨ ਢੋਣ ਦਾ ਕੰਮ ਕਰਦੇ ਸਨ ਅਤੇ ਹੁਣ  ਉਹ ਪਿੰਡਾਂ ’ਚ ਭੋਜਨ, ਗੋਲਾ-ਬਾਰੂਦ ਅਤੇ ਹਥਿਆਰ ਆਦਿ ਮੁਹੱਈਆ ਕਰਵਾ ਰਹੇ ਹਨ। 
ਕਸ਼ਮੀਰ ਦੇ ਮੁਕਾਬਲੇ ’ਚ ਜੰਮੂ ਡਵੀਜ਼ਨ ਵੱਧ ਪਹਾੜੀ ਹੋਣ ਦੇ ਨਾਲ-ਨਾਲ ਇੱਥੋਂ ਦੇ ਦੂਰ-ਦੁਰੇਡੇ ਇਲਾਕਿਆਂ ’ਚ ਸੜਕ ਸੰਪਰਕ ਕਮਜ਼ੋਰ ਹੋਣ ਅਤੇ ਦੂਰ ਤੱਕ ਦੇ ਇਲਾਕਿਆਂ ’ਚ ਸੜਕਾਂ ਦੀ ਹਾਲਤ ਖਰਾਬ ਹੋਣ ਦਾ ਅੱਤਵਾਦੀ ਲਾਭ ਉਠਾ ਰਹੇ ਹਨ। 
ਜੰਗੀ ਮਾਹਿਰਾਂ ਦੇ ਅਨੁਸਾਰ, ਇਸ ਇਲਾਕੇ ਦੀਆਂ ਖਸਤਾਹਾਲ ਸੜਕਾਂ ਅੱਤਵਾਦੀਆਂ ਦੀ ਚੁਣੌਤੀ ਦਾ ਸਾਹਮਣਾ ਕਰਨ ’ਚ ਵੱਡੀਆਂ ਰੁਕਾਵਟਾਂ ’ਚੋਂ ਇਕ ਹਨ। ਰਾਜੌਰੀ ਅਤੇ ਪੁੰਛ ਜ਼ਿਲਿਆਂ ਦੇ ਦਰਮਿਆਨ ਨੈਸ਼ਨਲ ਹਾਈਵੇ 144- ਏ ਅਤੇ ਬਦਲਵਾਂ ‘ਡਿਫੈਂਸ ਰੋਡ’ ਬੇਹੱਦ ਬੁਰੀ  ਹਾਲਤ ’ਚ ਹਨ। 
ਜਦੋਂ ਥਾਣਾ ਮੰਡੀ ਤੋਂ ‘ਬਫਲਿਆਜ’ ਤੱਕ ਅਤੇ ਅੱਗੇ ‘ਸੂਰਨਕੋਟ’ ਤੱਕ ਪੱਟੀ ਪੁੱਟੀ ਜਾ ਚੁੱਕੀ ਸੀ, ‘ਬਾਰਡਰ ਰੋਡਸ ਆਰਗੇਨਾਈਜ਼ੇਸ਼ਨ’ ਵੱਲੋਂ ਇਹ ਕੰਮ ਕਰਨ ਦੇ ਲਈ ਰੱਖਿਆ ਗਿਆ ਪ੍ਰਾਈਵੇਟ ਠੇਕੇਦਾਰ ਉਸ ਸਮੇਂ ਵਿਚਾਲੇ ਹੀ ਕੰਮ ਛੱਡ ਕੇ ਚਲਾ ਗਿਆ। 
 ਬੀਤੇ ਸਾਲ 21 ਜੂਨ ਨੂੰ ਪੁੰਛ ਜ਼ਿਲੇ ’ਚ ‘ਬਫਲਿਆਜ’ ਅਤੇ ‘ਡੇਰਾ ਦੀ ਗਲੀ’ ਦਰਮਿਆਨ ਅੱਤਵਾਦੀਆਂ ਨੇ ਫੌਜ ਦੇ 2 ਵਾਹਨਾਂ ’ਤੇ ਹਮਲਾ ਕੀਤਾ ਸੀ। ‘ਬਫਲਿਆਜ’ ਅਤੇ ‘ਡੇਰਾ ਦੀ ਗਲੀ’ ਜਿੱਥੇ ਸੁਰੱਖਿਆ ਬਲਾਂ ਦੇ ਕੈਂਪ ਹਨ, ਤੋਂ ਹਮਲੇ ਦੀ ਥਾਂ ਮਸਾਂ  5 ਕਿਲੋਮੀਟਰ ਦੂਰ ਸੀ ਪਰ ‘ਡਿਫੈਂਸ ਰੋਡ’ ਦੀ ਖਸਤਾ ਹਾਲਤ ਦੇ ਕਾਰਨ ਉੱਥੋਂ ਸਹਾਇਤਾ ਪਹੁੰਚਣ ’ਚ 40 ਮਿੰਟ ਲੱਗ ਗਏ। 
ਇਸੇ ਤਰ੍ਹਾਂ  ‘ਸੂਰਨਕੋਟ’ ਅਤੇ ‘ਥਾਣਾ ਮੰਡੀ’  ਤੋਂ 15-20 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਸਹਾਇਤਾ ਪਹੁੰਚਾਉਣ ’ਚ 50 ਤੋਂ 100 ਮਿੰਟ ਦਾ ਸਮਾਂ ਲੱਗ ਗਿਆ ਅਤੇ ਉਦੋਂ ਤੱਕ ਅੱਤਵਾਦੀ ਸ਼ਹੀਦ ਫੌਜੀਆਂ ਦੇ ਹਥਿਆਰ ਲੁੱਟ ਕੇ ਭੱਜ ਚੁੱਕੇ ਸਨ। 
ਹਾਲ ਹੀ ’ਚ ਫੌਜ ਨੇ ਜੰਮੂ ਇਲਾਕੇ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸੁਰੱਖਿਆ ਬਲਾਂ ਨੂੰ ਡੋਡਾ ਅਤੇ ਕਠੂਆ ਜ਼ਿਲਿਆਂ ਦੀ ਪੀਰ ਪੰਜਾਲ ਸ਼੍ਰੇਣੀ ਦੇ 120 ਵਰਗ ਕਿਲੋਮੀਟਰ ’ਚ ਫੈਲੇ ਜੰਗਲਾਂ ’ਚ ਉਤਾਰਿਆ ਗਿਆ ਹੈ। 
ਇਸ ਦੇ ਬਾਵਜੂਦ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਆਪਣੀਆਂ ਸਰਗਰਮੀਆਂ ਜਾਰੀ ਹਨ। ਹਾਲਾਂਕਿ 23 ਜੁਲਾਈ  ਨੂੰ ਪੁੰਛ ਜ਼ਿਲੇ ’ਚ ਕ੍ਰਿਸ਼ਨਾ ਘਾਟੀ ਬਟਾਲ ਸੈਕਟਰ ’ਚ ਐੱਲ. ਓ. ਸੀ. ’ਤੇ ਅੱਤਵਾਦੀਆਂ ਦੀ ਘੁਸਪੈਠ ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਅਸਫਲ ਕਰ ਦਿੱਤਾ ਪਰ ਇਸ ਕਾਰਵਾਈ ਦੇ ਦੌਰਾਨ  ਇਕ ਲਾਂਸ ਨਾਇਕ ਸੁਭਾਸ਼ ਚੰਦਰ ਸ਼ਹੀਦ ਹੋ ਗਏ। ਜੁਲਾਈ ਦੇ ਮਹੀਨੇ ’ਚ ਜੰਮੂ ਇਲਾਕੇ ’ਚ ਬਲਿਦਾਨ ਦੇਣ ਵਾਲੇ ਉਹ 10ਵੇਂ ਭਾਰਤੀ ਫੌਜੀ ਸਨ। 
ਇਸੇ ਦਰਮਿਆਨ ਉੱਤਰੀ ਕਸ਼ਮੀਰ ’ਚ ਕੁਪਵਾੜਾ ਦੇ ‘ਕੋਵੁਤ’ ’ਚ 24 ਜੁਲਾਈ ਨੂੰ ਅੱਤਵਾਦੀਆਂ ਨਾਲ ਮੁਕਾਬਲੇ ’ਚ ਰਾਸ਼ਟਰੀ ਰਾਈਫਲਜ਼ ਦੇ ਐੱਨ. ਸੀ. ਓ. ਦਿਲਾਵਰ ਸਿੰਘ ਸ਼ਹੀਦ ਹੋ ਗਏ। 
ਕਿਉਂਕਿ ਇੱਥੇ ਸਰਗਰਮ ਅੱਤਵਾਦੀ ਹਾਈ ਟ੍ਰੇਂਡ ਅਤੇ ਅਤਿਆਧੁਨਿਕ ਯੰਤਰਾਂ ਨਾਲ ਲੈਸ ਹਨ, ਇਸ ਲਈ ਇਨ੍ਹਾਂ ਦਾ ਸਫਾਇਆ ਕਰਨ ਲਈ ਜਿੱਥੇ ਸੁਰੱਖਿਆ ਬਲਾਂ ਨੂੰ ਬੜੀ ਹੀ ਚੌਕਸੀ ਵਰਤਣ ਦੀ ਲੋੜ ਹੈ, ਉੱਥੇ ਹੀ ਇਸ ਇਲਾਕੇ ਦੀਆਂ ਸੜਕਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਠੀਕ ਕਰਨ ਦੀ ਲੋੜ ਹੈ ਤਾਂ ਕਿ ਇਨ੍ਹਾਂ ਦੀ ਖਸਤਾ ਹਾਲਤ ਅੱਤਵਾਦੀਆਂ ਵਿਰੁੱਧ ਮੁਹਿੰਮ ’ਚ ਅੜਿੱਕਾ ਨਾ ਬਣੇ।     
–ਵਿਜੇ ਕੁਮਾਰ 


Inder Prajapati

Content Editor

Related News