ਸ਼ਰੀਫ ਬਣ ਕੇ ਪਾਕਿਸਤਾਨ ਪਰਤੇ ‘ਨਵਾਜ਼’
Thursday, Oct 26, 2023 - 01:36 PM (IST)
ਕੀ ਭਾਰਤ-ਪਾਕਿਸਤਾਨ ਦੇ ਸਬੰਧ ਅਮਰੀਕਾ-ਕੈਨੇਡਾ ਵਰਗੇ ਹੋ ਸਕਦੇ ਹਨ? ਇਹ ਸਵਾਲ ਇਸ ਲਈ ਮੁੜ ਪ੍ਰਸੰਗਿਕ ਹੋ ਗਿਆ ਹੈ ਕਿਉਂਕਿ ਬੀਤੇ ਸ਼ਨੀਵਾਰ (21 ਅਕਤੂਬਰ) ਨੂੰ 4 ਸਾਲ ਦੇ ਨਿਕਾਲੇ ਪਿੱਛੋਂ ਆਪਣੇ ਦੇਸ਼ ਪਰਤੇ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਭਾਰਤ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਬਿਹਤਰ ਕਰਨ ਦੀ ਪੈਰਵੀ ਕੀਤੀ ਹੈ। ਕੀ ਨਵਾਜ਼ ਦੀਆਂ ਗੱਲਾਂ ’ਤੇ ਯਕੀਨ ਕੀਤਾ ਜਾ ਸਕਦਾ ਹੈ? ਨਵਾਜ਼ 2017 ਪਿੱਛੋਂ ਫਿਰ ਪਾਕਿਸਤਾਨ ਦੀ ਲੀਡਰਸ਼ਿਪ ਹਾਸਲ ਕਰਨ ਦਾ ਯਤਨ ਕਰ ਰਹੇ ਹਨ। ਕੀ ਉਹ ਆਪਣੇ ਮੁੱਖ ਏਜੰਡੇ ’ਚ ਭਾਰਤ ਨਾਲ ਸਬੰਧਾਂ ਨੂੰ ਚੰਗਾ ਬਣਾਉਣ ਦੇ ਯਤਨਾਂ ਨਾਲ ਇਸ ਇਸਲਾਮੀ ਦੇਸ਼ ’ਚ ਕਿਸੇ ਸਿਆਸੀ ਲਾਭ ਦੀ ਆਸ ਕਰ ਸਕਦੇ ਹਨ?
ਪਾਕਿਸਤਾਨ ਪਰਤਣ ਪਿੱਛੋਂ ਲਾਹੌਰ ’ਚ ਰੈਲੀ ਕਰਦੇ ਹੋਏ ਨਵਾਜ਼ ਨੇ ਜੋ ਕੁਝ ਕਿਹਾ, ਉਸ ਨੂੰ 3 ਬਿੰਦੂਆਂ ’ਚ ਸਮੋਇਆ ਜਾ ਸਕਦਾ ਹੈ। ਪਹਿਲਾ, ਕੋਈ ਵੀ ਦੇਸ਼ ਆਪਣੇ ਗੁਆਂਢੀਆਂ ਨਾਲ ਲੜਦੇ ਹੋਏ ਤਰੱਕੀ ਨਹੀਂ ਕਰ ਸਕਦਾ। ਦੂਜਾ, ਭਾਰਤ ਚੰਨ ’ਤੇ ਪਹੁੰਚ ਗਿਆ ਹੈ ਅਤੇ ਅਸੀਂ ਦੂਜੇ ਮੁਲਕਾਂ ਤੋਂ ਕੁਝ ਅਰਬ ਡਾਲਰਾਂ ਲਈ ਮਿੰਨਤਾਂ ਕਰ ਰਹੇ ਹਾਂ। ਤੀਜਾ , 1971 ’ਚ ਆਜ਼ਾਦੀ ਪ੍ਰਾਪਤ ਕਰਨ ਵਾਲਾ ਬੰਗਲਾਦੇਸ਼ ਵੀ ਪਾਕਿਸਤਾਨ ਤੋਂ ਆਰਥਿਕ ਮਾਮਲਿਆਂ ’ਚ ਅੱਗੇ ਨਿਕਲ ਗਿਆ ਹੈ। ਇਹ ਠੀਕ ਹੈ ਕਿ ਨਵਾਜ਼ ਸ਼ਰੀਫ ਦਾ ਅਕਸ ਅਤੇ ਸਿਆਸਤ ਤੁਲਨਾਤਮਕ ਤੌਰ ’ਤੇ ਆਰਥਿਕ ਮੋਰਚਿਆਂ ’ਤੇ ਚੰਗਾ ਕਰਨ ਵਾਲੇ ਹਾਕਮ ਦਾ ਰਿਹਾ ਹੈ, ਜੋ ਸਪੱਸ਼ਟ ਤੌਰ ’ਤੇ ਭਾਰਤ-ਵਿਰੋਧੀ ਵੀ ਨਹੀਂ ਰਹੇ। ਨਵਾਜ਼ ਦੇ ਵਿਚਾਰਾਂ ਨਾਲ ਭਾਵੇਂ ਹੀ ‘ਸਾਕਾਰਾਤਮਕਤਾ’ ਦਾ ਅਹਿਸਾਸ ਹੁੰਦਾ ਹੋਵੇ ਪਰ ਕੀ ਇਹ ਪਾਕਿਸਤਾਨ ਦੇ ‘ਡੀਪ ਸਟੇਟ’ ਭਾਵ ਪਾਕਿਸਤਾਨੀ ਫੌਜ ਅਤੇ ਮੁੱਲਾ-ਮੌਲਵੀਆਂ ਨੂੰ ਸਵੀਕਾਰ ਹੋਵੇਗਾ?
ਇਹ ਸੱਚ ਹੈ ਕਿ ਪਾਕਿਸਤਾਨੀ ਫੌਜ ਦੀ ਜ਼ਾਹਰਾ-ਲੁੱਕਵੀਂ ਹਮਾਇਤ ਨਾਲ ਨਵਾਜ਼ ਸਰੀਫ ਆਪਣੇ ਮੁਲਕ ਵਾਪਸ ਪਰਤਣ ’ਚ ਸਫਲ ਹੋਏ ਹਨ। ਕੀ ਇਸ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ’ਚ ਫੌਜ ਦੀ ਪਸੰਦ ਦਾ ਪ੍ਰਧਾਨ ਮੰਤਰੀ ਹੋਣਾ ਜਾਂ ਫਿਰ ਕਿਸੇ ਪ੍ਰਧਾਨ ਮੰਤਰੀ ਦੀ ਪਸੰਦ ਦਾ ਫੌਜ ਮੁਖੀ ਹੋਣਾ, ਦੋਵਾਂ ਲਈ ਲਾਭਕਾਰੀ ਹੁੰਦਾ ਹੈ? ਇਸ ਦਾ ਜਵਾਬ ਪਿਛਲੇ ਇਕ ਦਹਾਕੇ ਦੇ ਘਟਨਾਕ੍ਰਮ ’ਚ ਮਿਲ ਜਾਂਦਾ ਹੈ।
ਜਦੋਂ 26 ਮਈ 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਮੌਜੂਦਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਹੋਰ ਸਾਰਕ ਦੇਸ਼ਾਂ ਵਾਂਗ ਸੱਦਾ ਪੱਤਰ ਮਿਲਿਆ, ਤਦ ਉਹ ਪਾਕਿਸਤਾਨੀ ਸੱਤਾ-ਸਥਾਪਨਾ (ਫੌਜ ਸਮੇਤ) ਦੇ ਵਿਰੋਧ ਦੇ ਬਾਅਦ ਵੀ ਦਿੱਲੀ ਪਹੁੰਚ ਗਏ। ਇਹੀ ਨਹੀਂ ਜਦ ਜੁਲਾਈ 2015 ’ਚ ਰੂਸ ਸਥਿਤ ਉਫਾ ’ਚ ‘ਸ਼ੰਘਾਈ ਸਹਿਯੋਗ ਸੰਗਠਨ’ ਦੀ ਮੀਟਿੰਗ ਦੇ ਬਾਹਰ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਚਰਚਾ ਕੀਤੀ, ਤਦ ਕਸ਼ਮੀਰ ਦਾ ਜ਼ਿਕਰ ਕੀਤੇ ਬਿਨਾਂ ਸਾਂਝਾ ਬਿਆਨ ਜਾਰੀ ਕਰ ਦਿੱਤਾ ਗਿਆ।
ਜਦੋਂ ਸਾਲ 2016 ’ਚ ਨਵਾਜ਼ ਨੇ, ਬਤੌਰ ਪ੍ਰਧਾਨ ਮੰਤਰੀ, ਆਪਣੇ ਮਨਪਸੰਦ ਜਨਰਲ ਕਮਰ ਜਾਵੇਦ ਬਾਜਵਾ ਨੂੰ ਤਤਕਾਲੀ ਪਾਕਿਸਤਾਨੀ ਫੌਜ ਦੀ ਕਮਾਨ ਸੌਂਪੀ, ਤਦ ਉਨ੍ਹਾਂ ਨੇ ਪਾਕਿਸਤਾਨੀ ਅਕਸ ਸੁਧਾਰਨ ਲਈ ਫੌਜ ਨਾਲ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਦਾ ਸੱਦਾ ਦਿੱਤਾ। ਇਹ ਸਭ ਪਾਕਿਸਤਾਨ ’ਚ ਫੌਜ, ਕੱਟੜਪੰਥੀ ਮੁਸਲਮਾਨਾਂ ਅਤੇ ਆਮ ਲੋਕਾਂ ਦੇ ਵੱਡੇ ਵਰਗ ਨੂੰ ਰਾਸ ਨਹੀਂ ਆਇਆ।
ਇਸ ਪਿਛੋਕੜ ’ਚ ਜਦ ਨਵਾਜ਼ ਨੂੰ ਜੁਲਾਈ 2017 ’ਚ ਪਾਕਿਸਤਾਨੀ ਸੁਪਰੀਮ ਕੋਰਟ ਨੇ ਅਯੋਗ ਠਹਿਰਾ ਕੇ ਪ੍ਰਧਾਨ ਮੰਤਰੀ ਅਹੁਦੇ ਤੋਂ ਲਾਹ ਦਿੱਤਾ। ਇਸ ਦੀ ਕਹਾਣੀ ਸਕ੍ਰਿਪਟ ਖੁਦ ਪਾਕਿਸਤਾਨੀ ਫੌਜ ਨੇ ਲਿਖੀ ਸੀ ਕਿਉਂਕਿ ਜਿਸ ਜਾਂਚ ਕਮੇਟੀ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਨਵਾਜ਼ ’ਤੇ ਕਾਰਵਾਈ ਕੀਤੀ ਗਈ ਸੀ, ਉਸ ’ਚ ਆਈ.ਐੱਸ.ਆਈ. ਅਤੇ ਫੌਜ ਦੇ ਅਧਿਕਾਰੀ ਵੀ ਸ਼ਾਮਲ ਸਨ।
1947 ਤੋਂ ਪਾਕਿਸਤਾਨ ਦਾ ਇਤਿਹਾਸ ਦੱਸਦਾ ਹੈ ਕਿ ਉਸ ਦਾ ਫੌਜ ਮੁਖੀ ਆਪਣੇ ਸਿਆਸੀ ਆਕਿਆਂ ਦੀ ਤੁਲਨਾ ’ਚ ਆਪਣੀਆਂ ਖਾਹਿਸ਼ਾਂ, ਸੰਸਥਾ ਅਤੇ ਵਿਚਾਰਕ ਸਥਾਪਨਾ ਪ੍ਰਤੀ ਜ਼ਿਆਦਾ ਵਫਾਦਾਰ ਹੁੰਦਾ ਹੈ। ਨਵਾਜ਼ ਤੋਂ ਪਹਿਲਾਂ (1999), ਇਸਕੰਦਰ ਮਿਰਜ਼ਾ (1958) ਅਤੇ ਜ਼ੁਲਫਿਕਾਰ ਅਲੀ ਭੁੱਟੋ (1977) ਫੌਜ ਦੇ ਤਖਤਾਪਲਟ ਦਾ ਡੰਗ ਝੱਲ ਚੁੱਕੇ ਹਨ।
ਲਿਆਕਤ ਅਲੀ (1951) ਅਤੇ ਬੇਨਜ਼ੀਰ ਭੱੁਟੋ (1995) ਇਸ ਤੋਂ ਬਚਣ ’ਚ ਸਫਲ ਤਾਂ ਰਹੇ ਪਰ ਸਮਾਂ ਪੈਣ ’ਤੇ ਆਪਣੀ ਜਾਨ ਤੋਂ ਹੱਥ ਧੋ ਬੈਠੇ। ਜਨਰਲ ਬਾਜਵਾ ਦੇ ਕਾਰਜਕਾਲ ’ਚ ਇਮਰਾਨ ਖਾਨ ਨੂੰ ਵੀ ਅਪ੍ਰੈਲ 2022 ’ਚ ਪ੍ਰਧਾਨ ਮੰਤਰੀ ਅਹੁਦਾ ਗਵਾਉਣਾ ਪਿਆ ਸੀ।
ਜਿਸ ਤਰ੍ਹਾਂ ਨਵਾਜ਼ ਨੂੰ ਕਿਨਾਰੇ ਕਰ ਕੇ ਪਾਕਿਸਤਾਨੀ ਫੌਜ ਨੇ ਸਾਲ 2018 ’ਚ ਇਮਰਾਨ ਖਾਨ ਨੂੰ ਆਪਣੀ ਕਠਪੁਤਲੀ ਬਣਾ ਕੇ ਪਾਕਿਸਤਾਨੀ ਸੱਤਾ ’ਤੇ ਥੋਪਿਆ ਸੀ, ਉਂਝ ਹੀ ਪੁਰਾਣਾ ਸਹਿਯੋਗ ਨਾ ਮਿਲਣ ’ਤੇ ਬੁਖਲਾਏ ਅਤੇ ਫੌਜ ਵਿਰੋਧੀ ਬਿਆਨ ਦੇਣ ਵਾਲੇ ਇਮਰਾਨ ਨੂੰ ਜੇਲ ਪਹੁੰਚਾ ਕੇ, ਫੌਜ ਭ੍ਰਿਸ਼ਟਾਚਾਰ ਦੇ 2 ਮਾਮਲਿਆਂ ’ਚ ਦੋਸ਼ੀ, ਇਲਾਜ ਦੇ ਨਾਂ ’ਤੇ ਲੰਡਨ ’ਚ ਵੱਸਣ ਵਾਲੇ ਅਤੇ ਹੁਣ ਜ਼ਮਾਨਤ ਮਿਲਣ ਪਿੱਛੋਂ ਨਵਾਜ਼ ਸ਼ਰੀਫ ਨੂੰ ਫਿਰ ਤੋਂ ਕਮਾਨ ਸੌਂਪਣ ਦੀ ਰੂਪ-ਰੇਖਾ ਤਿਆਰ ਕਰ ਚੁੱਕੀ ਹੈ। ਇਹ ਸਭ ਪਾਕਿਸਤਾਨ ’ਚ ਖੋਖਲੇ ਲੋਕਤੰਤਰ ਅਤੇ ਚੋਣ ‘ਪ੍ਰਬੰਧਨ’ ’ਚ ਫੌਜ ਦੀ ਫੈਸਲਾਕੁੰਨ ਭੂਮਿਕਾ ਨੂੰ ਮੁੜ ਉਜਾਗਰ ਕਰਦਾ ਹੈ।
ਸਵਾਲ ਇਹ ਹੈ ਕਿ ਪਾਕਿਸਤਾਨੀ ਫੌਜ ਆਪਣੇ ਪੁਰਾਣੇ ‘ਦੁਸ਼ਮਣ’ ਨਵਾਜ਼ ਸ਼ਰੀਫ ’ਤੇ ਦਾਅ ਕਿਉਂ ਖੇਡ ਰਹੀ ਹੈ? ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਦਾ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਲੰਬਾ ਤਣਾਅ ਰਿਹਾ ਹੈ। ਇਸ ਲਈ ਇਮਰਾਨ ਦੀ ਕਾਟ ਲਈ ਮੁਨੀਰ ਨੂੰ ਨਵਾਜ਼ ਦੀ ਲੋੜ ਹੈ। ਕੀ ਨਵਾਜ਼ ਦੀ ਹਮਾਇਤ ਦਾ ਭਾਵ ਪਾਕਿਸਤਾਨੀ ਫੌਜ ਦਾ ਭਾਰਤ ਨਾਲ ਸ਼ਾਂਤੀ ਸਥਾਪਿਤ ਕਰਨਾ ਹੈ? ਅਸਲ ’ਚ ਇਹ ਇਕ ਰਣਨੀਤਕ ਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸ ’ਚ ਜਨਰਲ ਬਾਜਵਾ ਦੇ ਸਮੇਂ ਵੀ ਪਾਕਿਸਤਾਨੀ ਫੌਜ ਨੇ 24-25 ਫਰਵਰੀ 2021 ਦੀ ਅੱਧੀ ਰਾਤ ਤੋਂ 2003 ਦਾ ਸੰਘਰਸ਼-ਰੋਕ ਸਮਝੌਤਾ ਲਾਗੂ ਕਰਨਾ ਪ੍ਰਵਾਨ ਕੀਤਾ ਸੀ।
ਇਸ ਦਾ ਇਕੋ ਇਕ ਮੰਤਵ ਵਿਸ਼ਵ ’ਚ ਵੱਖਰੇ ਪੈ ਚੁੱਕੇ ਪਾਕਿਸਤਾਨ ਦੀ ਖਸਤਾਹਾਲ ਆਰਥਿਕਤਾ ਨੂੰ ਸੰਕਟ ’ਚੋਂ ਬਾਹਰ ਕੱਢਣਾ ਹੈ। ਇਸ ’ਚ ਭਾਰਤ ਦੇ ਮੁੱਖ ਰਣਨੀਤਕ ਸਾਂਝੀਦਾਰਾਂ ’ਚ ਸ਼ਾਮਲ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਮੁੱਖ ਭੂਮਿਕਾ ਨਿਭਾ ਰਹੇ ਹਨ।
ਸਵਾਲ ਇਹ ਵੀ ਹੈ ਕਿ ਕੀ ਨਵਾਜ਼ ਸ਼ਰੀਫ ਦੇ ਸੱਤਾ ’ਚ ਰਹਿੰਦੇ ਹੋਏ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ’ਚ ਮਿਠਾਸ ਆਈ ਹੈ? ਨਵਾਜ਼ 3 ਵਾਰ 1990-93, 1997-99 ਅਤੇ 2013-17 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਹਨ। ਸੱਚ ਤਾਂ ਇਹ ਹੈ ਕਿ ਨਵਾਜ਼ ਦੇ ਸ਼ਾਸਨ ਦੌਰਾਨ ਪਾਕਿਸਤਾਨੀ ਸੱਤਾ ਸਥਾਪਨਾ ਦੀ ਹਮਾਇਤ ਨਾਲ ਜਿਹਾਦੀਆਂ ਵੱਲੋਂ ਕਸ਼ਮੀਰ ’ਚ ਹਿੰਦੂਆਂ ਦਾ ਕਤਲੇਆਮ (1991), ਕਾਰਗਿਲ ਜੰਗ (1999) ਅਤੇ ਪਠਾਨਕੋਟ ’ਤੇ ਅੱਤਵਾਦੀ ਹਮਲਾ (2016) ਹੋਇਆ ਸੀ।
ਹੁਣ ਪਾਕਿਸਤਾਨ ’ਚ ਕੀ ਹੋਵੇਗਾ, ਇਸ ਦਾ ਜਵਾਬ ਭਵਿੱਖ ਦੇ ਗਰਭ ’ਚ ਹੈ ਪਰ ਇਕ ਗੱਲ ਅਖੰਡ ਸੱਚ ਹੈ ਕਿ ਪਾਕਿਸਤਾਨ ਦੀ ਵਿਚਾਰਕ ਸਥਾਪਨਾ ਨੂੰ ਜਿਸ ‘ਕਾਫਰ-ਕੁਫਰ’ ਧਾਰਨਾ ਤੋਂ ਪ੍ਰੇਰਣਾ ਮਿਲਦੀ ਹੈ, ਉਸ ’ਚ ‘ਕਾਫਰ’ ਹਿੰਦੂ ਬਹੁਲਤਾ ਵਾਲੇ ਭਾਰਤ ਨਾਲ ਸਬੰਧ ਸ਼ਾਂਤੀਪੂਰਨ ਕਰਨ ਦੇ ਵਿਚਾਰਾਂ ਨਾਲ ਉੱਥੇ ਨਾ ਤਾਂ ਕੋਈ ਸਿਆਸੀ ਪਾਰਟੀ ਪ੍ਰਾਸੰਗਿਕ ਰਹਿ ਸਕਦੀ ਹੈ ਅਤੇ ਨਾ ਹੀ ਪਾਕਿਸਤਾਨ ਇਕ ਰਾਸ਼ਟਰ ਵਜੋਂ ਵੱਧ ਸਮਾਂ ਤੱਕ ਜਿਊਂਦਾ ਰਹਿ ਸਕਦਾ ਹੈ।