ਆਪਣੇ ਮਤਲਬੀ ਆਕਿਆਂ ਤੋਂ ਸੁਚੇਤ ਰਹਿਣ ਮੁਸਲਿਮ

Monday, Mar 03, 2025 - 06:15 PM (IST)

ਆਪਣੇ ਮਤਲਬੀ ਆਕਿਆਂ ਤੋਂ ਸੁਚੇਤ ਰਹਿਣ ਮੁਸਲਿਮ

ਇਸ ਸਮੇਂ ਦੇਸ਼ ’ਚ ਮੁਸਲਿਮ ਭਾਈਚਾਰੇ ਦਾ ਵਧੇਰੇ ਹਿੱਸਾ ਚਿੰਤਿਤ ਅਤੇ ਪ੍ਰੇਸ਼ਾਨ ਹੈ। ਜ਼ਿਆਦਾਤਰ ਮੁਸਲਮਾਨ ਭਾਰਤੀ ਜਨਤਾ ਪਾਰਟੀ ਨੂੰ ਮੁਸਲਮਾਨਾਂ ਦੇ ਵਿਰੁੱਧ ਮੰਨਦੇ ਹਨ ਕਿ ਭਾਜਪਾ ਸਰਕਾਰ ਲਗਾਤਾਰ ਮੁਸਲਮਾਨਾਂ ਦੇ ਮਾਮਲੇ ’ਚ ਉਨ੍ਹਾਂ ਦੇ ਧਾਰਮਿਕ ਕਾਨੂੰਨਾਂ ਨਾਲ ਛੇੜਛਾੜ ਕਰ ਰਹੀ ਹੈ ਅਤੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਧਾਰਨਾਵਾਂ ਭਾਜਪਾ ਸਰਕਾਰ ਬਾਰੇ ਮੁਸਲਮਾਨਾਂ ਦੇ ਦਿਲ ’ਚ ਘਰ ਕਰ ਰਹੀਆਂ ਹਨ।

ਬਿਨਾਂ ਸ਼ੱਕ ਭਾਜਪਾ ਉਪਰੋਂ-ਉਪਰੋਂ ਅਜਿਹਾ ਦਿਖਾ ਕੇ ਕਿ ਉਹ ਮੁਸਲਮਾਨਾਂ ਲਈ ਗੰਭੀਰ ਨਹੀਂ ਹੈ, ਸਿਆਸੀ ਲਾਭ ਉਠਾ ਰਹੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਦੀ ਕਾਂਗਰਸ ਮੁਸਲਮਾਨਾਂ ਨੂੰ ਸਿਰਫ ਦਿਖਾਵੇ ਦੇ ਨਾਂ ’ਤੇ ਗੋਦ ’ਚ ਬਿਠਾਈ ਰੱਖਦੀ ਸੀ ਪਰ ਉਨ੍ਹਾਂ ਦੀ ਭਲਾਈ ਲਈ ਕਦੇ ਕੁਝ ਨਹੀਂ ਕੀਤਾ। ਦਰਅਸਲ ਮੁਸਲਮਾਨਾਂ ਨੂੰ ਆਸ਼ਰਿਤ ਰਹਿਣ ਦੀ ਆਦਤ ਹੋ ਗਈ ਹੈ।

ਪਹਿਲਾਂ ਉਨ੍ਹਾਂ ਨੂੰ ਕਾਂਗਰਸ ਨੇ ਆਪਣੇ ਉੱਪਰ ਆਸ਼ਰਿਤ ਰੱਖਿਆ। ਫਿਰ ਕਾਂਗਰਸ ਤੋਂ ਉਨ੍ਹਾਂ ਦਾ ਮੋਹ ਭੰਗ ਹੋਇਆ ਤਾਂ ਇਸ ਕਾਰਨ ਨਹੀਂ ਕਿ ਕਾਂਗਰਸ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ ਸਗੋਂ ਬਾਬਰੀ ਢਾਂਚੇ ਦੇ ਡੇਗਣ ਦੇ ਬਾਅਦ ਉਨ੍ਹਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ। ਫਿਰ ਉਹ ਸੂਬਿਆਂ ਦੇ ਆਪਣੇ ਹਿੱਤਾਂ ਲਈ ਉਨ੍ਹਾਂ ਨਾਲ ਹੋਈ ਜਿਵੇਂ ਉੱਤਰ ਪ੍ਰਦੇਸ਼ ’ਚ ਉਨ੍ਹਾਂ ਨੂੰ ਮੁਲਾਇਮ ਸਿੰਘ ਇਸ ਲਈ ਪਸੰਦ ਨਹੀਂ ਸਨ ਕਿ ਉਨ੍ਹਾਂ ਨੇ ਉਨ੍ਹਾਂ ਦੀ ਭਲਾਈ ਲਈ ਕੰਮ ਕੀਤੇ ਸਗੋਂ ਇਸ ਲਈ ਪਸੰਦ ਸਨ ਕਿ ਉਨ੍ਹਾਂ ਨੇ ਅਯੁੱਧਿਆ ’ਚ ਗੋਲੀ ਚਲਵਾਈ, ਕੁਝ ਗੁੰਡਾ ਤੱਤਾਂ ਅਤੇ ਦਬੰਗ ਮੁਸਲਮਾਨਾਂ ਨੂੰ ਨੇਤਾ ਬਣਾ ਦਿੱਤਾ।

ਮੁਸਲਮਾਨਾਂ ਦੀ ਇਕ ਬੜੀ ਵੱਡੀ ਕਮਜ਼ੋਰੀ ਹੈ ਕਿ ਉਹ ਧਰਮ ਦੇ ਮਾਮਲੇ ’ਚ ਬੇਹੱਦ ਸੰਵੇਦਨਸ਼ੀਲ ਹਨ। ਉਨ੍ਹਾਂ ਨੂੰ ਆਪਣੀ ਤਰੱਕੀ ਤੋਂ ਵੱਧ ਧਾਰਮਿਕ ਚਿੰਤਾਵਾਂ ਹਨ। ਇਸੇ ਦਾ ਫਾਇਦਾ ਉਠਾ ਕੇ ਉਨ੍ਹਾਂ ਦੇ ਅਖੌਤੀ ਠੇਕੇਦਾਰ ਜੋ ਕਿਤੇ ਉਲੇਮਾ ਦੇ ਰੂਪ ’ਚ ਅਤੇ ਕਿਤੇ ਨੇਤਾ ਦੇ ਰੂਪ ’ਚ ਉਨ੍ਹਾਂ ਦੀ ਇਸ ਕਮਜ਼ੋਰੀ ਦੇ ਬਾਵਜੂਦ ਉਨ੍ਹਾਂ ਦਾ ਲਾਭ ਉਠਾਉਂਦੇ ਰਹਿੰਦੇ ਹਨ, ਉਨ੍ਹਾਂ ਨੂੰ ਸਮਝਾਉਣ ਦੀ ਬਜਾਏ ਉਲਟਾ ਭੜਕਾਉਂਦੇ ਹਨ।

ਭਾਜਪਾ ਸਰਕਾਰ ਤਿੰਨ ਤਲਾਕ ਕਾਨੂੰਨ ਲਿਆਈ। ਇਹ ਕਾਨੂੰਨ ਮੁਸਲਿਮ ਔਰਤਾਂ ਦੇ ਹਿੱਤ ’ਚ ਸੀ। ਇਸ ਦੇ ਲਈ ਵੀ ਮਾਹੌਲ ਬਣਾਇਆ ਗਿਆ ਕਿ ਭਾਜਪਾ ਸਾਡੇ ਧਾਰਮਿਕ ਮਾਮਲਿਆਂ ’ਚ ਦਖਲ ਦੇ ਰਹੀ ਹੈ। ਅਜਿਹਾ ਕਰਨ ਵਾਲੇ ਮੂਰਖਾਂ ਨੂੰ ਸਮਝ ਨਹੀਂ ਆਇਆ ਕਿ ਇਸ ਨਾਲ ਉਨ੍ਹਾਂ ਔਰਤਾਂ ਨੂੰ ਕਿੰਨੀ ਰਾਹਤ ਮਿਲੇਗੀ ਜਿਨ੍ਹਾਂ ਦੇ ਸਿਰ ਤਿੰਨ ਸ਼ਬਦਾਂ ਦੀ ਤਲਵਾਰ ਲਟਕੀ ਰਹਿੰਦੀ ਹੈ।

ਘੱਟੋ-ਘੱਟ ਉਹ ਇਸ ਦੇ ਵਿਰੁੱਧ ਅਦਾਲਤ ’ਚ ਜਾ ਤਾਂ ਸਕਣਗੀਆਂ। ਅਜਿਹੀ ਹੀ ਵਕਫ ਬੋਰਡ ਦੀ ਗੱਲ ਹੈ। ਵਕਫ ਬੋਰਡ ਦੀ ਕਿੰਨੀ ਜ਼ਮੀਨ-ਜਾਇਦਾਦ ਹੈ। ਪਹਿਲਾਂ ਤਾਂ ਆਮ ਲੋਕਾਂ ਨੂੰ ਹੀ ਇਸ ਦਾ ਨਹੀਂ ਪਤਾ। ਸਰਕਾਰ ਇਸ ’ਚ ਪਾਰਦਰਸ਼ਿਤਾ ਲਿਆਉਣਾ ਚਾਹੁੰਦੀ ਹੈ ਤਾਂ ਵਿਰੋਧ ਕੀਤਾ ਜਾਂਦਾ ਹੈ। ਦਰਅਸਲ ਇਹ ਵਿਰੋਧ ਮੁਸਲਿਮ ਜਨਤਾ ਖੁਦ ਨਹੀਂ ਕਰਦੀ। ਉਨ੍ਹਾਂ ਦੇ ਆਕਾਵਾਂ ਦੇ ਢਿੱਡ ’ਚ ਦਰਦ ਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ ਭੜਕਾਉਂਦੇ ਹਨ।

ਮੈਂ ਸਮਝਦਾ ਹਾਂ ਕਿ ਵਕਫ ਜਾਇਦਾਦਾਂ ਦਾ ਕੀ ਲਾਭ ਮੁਸਲਮਾਨਾਂ ਨੂੰ ਮਿਲਿਆ, ਉਨ੍ਹਾਂ ’ਤੇ ਕਿੰਨੇ ਕਾਲਜ ਅਤੇ ਕਿੰਨੇ ਹਸਪਤਾਲ ਬਣੇ, ਜਦਕਿ ਜੇ ਕੋਈ ਵਕਫ ਨੂੰ ਜਾਇਦਾਦ ਦਾਨ ਕਰਦਾ ਹੈ ਤਾਂ ਉਹ ਲੋਕਾਂ ਦੇ ਹਿੱਤ ’ਚ ਕੰਮ ਆ ਸਕੇ, ਇਸ ਲਈ ਕਰਦਾ ਹੈ ਪਰ ਉਸ ਦੀ ਬਾਂਦਰ ਵੰਡ ਹੁੰਦੀ ਹੈ। ਆਮ ਨਾਗਰਿਕ ਜ਼ਾਬਤੇ ਦੀ ਜਿਥੋਂ ਤਕ ਗੱਲ ਹੈ, ਉਸ ਦਾ ਅਰਥ ਹਰ ਧਰਮ, ਸਮਾਜ ਲਈ ਇਕ ਹੀ ਤਰ੍ਹਾਂ ਦਾ ਕਾਨੂੰਨ ਹੋਵੇ, ਇਹ ਸਹੀ ਵੀ ਹੈ।

ਦੇਸ਼ ਦੇ ਕਾਨੂੰਨ ’ਚ ਧਰਮ ਦੇ ਕਾਨੂੰਨਾਂ ਦਾ ਘਾਲਾਮਾਲਾ ਕਰੋਗੇ ਤਾਂ ਵੱਖ-ਵੱਖ ਧਰਮਾਂ ਦੇ ਸੱਭਿਆਚਾਰਾਂ ਦੇ ਦੇਸ਼ ’ਚ ਇਹ ਸੰਭਵ ਨਹੀਂ ਹੋ ਸਕਦਾ। ਦਰਅਸਲ ਮੁਸਲਮਾਨਾਂ ਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਉਨ੍ਹਾਂ ਦੇ ਜੋ ਵੀ ਆਕਾ ਹਨ ਉਨ੍ਹਾਂ ਦੀ ਉਹ ਲੋਕ ਸਿਰਫ ਵਰਤੋਂ ਕਰ ਰਹੇ ਹਨ। ਦੇਸ਼ ’ਚ ਚੱਲ ਰਹੇ ਅਣਗਿਣਤ ਮਦਰੱਸੇ ਜਿਥੇ ਮੁਸਲਿਮ ਨੌਜਵਾਨ ਸਿੱਖਿਆ ਲੈ ਕੇ ਧਰਮ ਦੇ ਗਿਆਤਾ ਤਾਂ ਬਣ ਜਾਂਦੇ ਹਨ ਪਰ ਅੱਗੇ ਨਹੀਂ ਵਧਦੇ। ਇਹ ਮਦਰੱਸੇ ਕੁਝ ਲੋਕਾਂ ਦੀ ਕਮਾਈ ਦਾ ਸਾਧਨ ਹਨ।

ਇਨ੍ਹਾਂ ਨੂੰ ਉਹ ਸਰਕਾਰ ਤੋਂ ਮਾਨਤਾ ਲੈ ਕੇ ਇਸ ਲਈ ਨਹੀਂ ਚਲਾਉਣਾ ਚਾਹੁੰਦੇ ਕਿਉਂਕਿ ਇਸ ਨਾਲ ਉਨ੍ਹਾਂ ਦਾ ਗਲਬਾ ਖਤਮ ਹੋ ਜਾਵੇਗਾ। ਇਹੀ ਕਾਰਨ ਹੈ ਕਿ ਉਥੇ ਪੜ੍ਹਨ ਵਾਲੇ ਬੱਚੇ ਢਿੱਡ ਭਰਨ ਲਈ ਗਿਆਨੀ ਹੋ ਕੇ ਵੀ ਮਜ਼ਦੂਰੀ ਕਰਦੇ ਹਨ ਅਤੇ ਮਦਰੱਸੇ ਚਲਾਉਣ ਵਾਲੇ ਦੇ ਬੱਚੇ ਬਿਹਤਰੀਨ ਸਕੂਲਾਂ ’ਚ ਪੜ੍ਹਦੇ ਹਨ। ਕੁਲ ਮਿਲਾ ਕੇ ਮੈਂ ਤਾਂ ਇਹੀ ਕਹਾਂਗੀ ਕਿ ਭਾਜਪਾ ਬੁਰੀ ਨਹੀਂ ਹੈ। ਬੁਰੇ ਉਹ ਹਨ ਜੋ ਤੁਹਾਨੂੰ ਭੜਕਾਉਂਦੇ ਹਨ।

ਕਾਸ਼! ਅਯੁੱਧਿਆ ਵਾਲੇ ਮਾਮਲੇ ’ਚ ਸਾਡੇ ਲੋਕਾਂ ਨੇ ਵੱਡਾ ਦਿਲ ਕੀਤਾ ਹੁੰਦਾ ਹੈ ਤਾਂ ਦੇਸ਼ ਦਾ ਨਜ਼ਾਰਾ ਹੀ ਕੁਝ ਹੋਰ ਹੁੰਦਾ। ਖੈਰ, ਸਮਾਂ ਅਜੇ ਵੀ ਬੁਰਾ ਨਹੀਂ ਹੈ। ਸਾਨੂੰ ਆਪਣੇ ਭਲੇ-ਬੁਰੇ ਬਾਰੇ ਸੋਚਣਾ ਹੋਵੇਗਾ, ਸਿਆਸੀ ਪਾਰਟੀਆਂ ਦਾ ਵੋਟ ਬੈਂਕ ਨਾ ਬਣੋ। ਇਸ ਨਾਲ ਤੁਸੀਂ ਇਕ ਝੁੰਡ ਬਣ ਕੇ ਰਹਿ ਜਾਓਗੇ। ਸਿਆਸੀ ਪਾਰਟੀਆਂ ਤੋਂ ਧਰਮ ਵਰਗੇ ਮਾਮਲਿਆਂ ’ਚ ਆਸ ਨਾ ਰੱਖੋ ਸਗੋਂ ਉਨ੍ਹਾਂ ਤੋਂ ਆਪਣੇ ਬੱਚਿਆਂ ਦੇ ਭਵਿੱਖ ਲਈ ਆਸ ਰੱਖੋ।

ਧਰਮ ਨੂੰ ਆਪਣੇ ਤੱਕ ਸੀਮਤ ਰੱਖੋ। ਉਲਟੇ-ਸਿੱਧੇ ਭੜਕਾਊ ਬਿਆਨਾਂ ’ਚ ਬਿਲਕੁਲ ਨਾ ਆਓ। ਜੇਕਰ ਅੱਜ ਅਸੀਂ ਅਜਿਹਾ ਸੋਚਾਂਗੇ ਤਾਂ ਸਾਨੂੰ ਕੋਈ ਸਿਆਸੀ ਆਗੂ ਬੁਰਾ ਨਹੀਂ ਲੱਗੇਗਾ ਸਗੋਂ ਠੰਢੇ ਦਿਮਾਗ ਨਾਲ ਸੋਚੀਏ ਕਿ ਜੋ ਕੰਮ ਤੁਹਾਡੇ ਲਈ ਕੀਤਾ ਜਾ ਰਿਹਾ ਹੈ ਉਹ ਚੰਗਾ ਹੈ ਜਾਂ ਬੁਰਾ, ਬਿਨਾਂ ਸੋਚੇ ਕਿਸੇ ਦੀ ਚੁੱਕ ’ਚ ਆ ਕੇ ਵਿਰੋਧੀ ਨਾ ਬਣੋ। ਤੁਹਾਨੂੰ ਸਿਰਫ ਆਪਣੀਆਂ ਮਤਲਬੀ ਖਾਹਿਸ਼ਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਕੋਈ ਤੁਹਾਡਾ ਬੁਰਾ ਕਰਨ ਵਾਲਾ ਨਹੀਂ ਹੈ।

ਵਕੀਲ ਅਹਿਮਦ


author

Rakesh

Content Editor

Related News