ਕਿਸਾਨਾਂ-ਮਜ਼ਦੂਰਾਂ ਦੇ ਮਸੀਹਾ ਦੀਨਬੰਧੂ ਚੌ. ਛੋਟੂ ਰਾਮ, ਅੱਜ 140ਵੇਂ ਜਨਮ ਦਿਨ ’ਤੇ ਵਿਸ਼ੇਸ਼
Wednesday, Nov 24, 2021 - 03:53 AM (IST)

ਡਾ. ਮਹਿੰਦਰ ਸਿੰਘ ਮਲਿਕ
ਕਿਸਾਨਾਂ-ਮਜ਼ਦੂਰਾਂ ਤੇ ਖਾਸ ਤੌਰ ’ਤੇ ਸਾਂਝੇ ਪੰਜਾਬ ਦੇ ਦਿਹਾਤੀ ਸਮਾਜ ਦੇ ਮਸੀਹਾ ਦੀਨਬੰਧੂ ਚੌ. ਛੋਟੂ ਰਾਮ ਦਾ ਜਨਮ ਉਂਝ ਤਾਂ 24 ਨਵੰਬਰ, 1881 ਨੂੰ ਰੋਹਤਕ (ਹਰਿਆਣਾ) ਦੇ ਛੋਟੇ ਜਿਹੇ ਪਿੰਡ ਗੜ੍ਹੀ ਸਾਂਪਲਾ ’ਚ ਇਕ ਗਰੀਬ ਕਿਸਾਨ ਸੁਖੀਰਾਮ ਦੇ ਘਰ ’ਚ ਹੋਇਆ ਪਰ ਬਸੰਤ ਪੰਚਮੀ ਦੇ ਤਿਉਹਾਰ ਦੇ ਮੌਕੇ ’ਤੇ ਇਕ ਦਿਨ ਲਾਹੌਰ ’ਚ ਇਕ ਕਿਸਾਨ ਸੰਮੇਲਨ ਦੌਰਾਨ ਉਨ੍ਹਾਂ ਨੇ ਆਪਣੀ ਬੜੀ ਰੀਝ ਪ੍ਰਗਟ ਕੀਤੀ ਕਿ ਕਿਸਾਨਾਂ ਦੀ ਖੁਸ਼ਹਾਲੀ ਅਤੇ ਫਸਲਾਂ ਦੀ ਖੁਸ਼ਬੋ ਨਾਲ ਭਰਪੂਰ ਬਸੰਤ ਪੰਚਮੀ ਦਾ ਤਿਉਹਾਰ ਹੀ ਮੇਰੇ ਜਨਮ ਦਿਵਸ ਦੇ ਰੂਪ ’ਚ ਮਨਾਇਆ ਜਾਵੇ। ਇਸ ਦੇ ਨਾਲ ਹੀ ਸੇਂਟ ਸਟੀਫਨ ਕਾਲਜ ਦਿੱਲੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨੀ ਅਤੇ ਮੁਕੰਮਲ ਵਿਦਿਆਰਥੀ ਜੀਵਨ ’ਚ ਵਜ਼ੀਫੇ ਰਾਹੀਂ ਕਾਨੂੰਨ ’ਚ ਗ੍ਰੈਜੂਏਸ਼ਨ ਤੱਕ ਦੀ ਡਿਗਰੀ ਪਹਿਲੇ ਦਰਜੇ ’ਚ ਪਾਸ ਕਰਨੀ ਉਨ੍ਹਾਂ ਦੀ ਉੱਚ ਪੱਧਰੀ ਸਿਆਣਪ ਨੂੰ ਤਸਦੀਕ ਕਰਦਾ ਹੈ।
ਦੇਸ਼ ਨੂੰ ਫਿਰਕੂਪੁਣੇ, ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਵਰਗੀਆਂ ਕੁਰੀਤੀਆਂ ਤੋਂ ਬਚਾਉਣ ਅਤੇ ਕਰੋੜਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਰਥਿਕ ਸ਼ੋਸ਼ਣ ਤੋਂ ਮੁਕਤੀ ਦਿਵਾਉਣ ਲਈ ਉਨ੍ਹਾਂ ਨੇ ਆਪਣੇ ਵਕਾਲਤ ਦੇ ਪੇਸ਼ੇ ਨੂੰ ਠੋਕਰ ਮਾਰ ਕੇ ਸਰਗਰਮ ਸਿਆਸਤ ’ਚ ਐਂਟਰੀ ਕੀਤੀ ਅਤੇ ਸਾਲ 1916 ’ਚ ਰੋਹਤਕ ਜ਼ਿਲੇ ਦੇ ਕਾਂਗਰਸ ਪ੍ਰਧਾਨ ਚੁਣੇ ਗਏ ਪਰ 4 ਸਾਲ ਬਾਅਦ ਕਲਕੱਤਾ ਇਜਲਾਸ ’ਚ ਸਾਲ 1920 ’ਚ ਹੀ ਕਾਂਗਰਸ ਵੱਲੋਂ ਚਲਾਏ ਗਏ ਨਾਮਿਲਵਰਤਨ ਅੰਦੋਲਨ ਨਾਲ ਆਪਣੀ ਅਸਹਿਯੋਗ ਪ੍ਰਗਟ ਕਰਦੇ ਹੋਏ ਕਾਂਗਰਸ ’ਚੋਂ ਅਸਤੀਫਾ ਦੇ ਦਿੱਤਾ। ਫਿਰ ਸਾਲ 1923 ’ਚ ਸਰ ਫਜ਼ਲ ਹੁਸੈਨ ਨਾਲ ਲੜ ਕੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਕਾਸ਼ਤਕਾਰਾਂ ਦੀ ਭਲਾਈ ਨੂੰ ਸਭ ਤੋਂ ਉਪਰ ਰੱਖਦੇ ਹੋਏ ਨੈਸ਼ਨਲ ਯੂਨੀਅਨਿਸਟ ਪਾਰਟੀ ਦਾ ਗਠਨ ਕੀਤਾ। ਇਹ ਪਾਰਟੀ ਧਰਮਨਿਰਪੱਖਤਾ ਦੇ ਆਧਾਰ ’ਤੇ ਗਠਿਤ ਕੀਤੀ ਗਈ। ਸਾਲ 1923 ’ਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਜਿੱਤਣ ਦੇ ਬਾਅਦ ਦੀਨਬੰਧੂ ਸਰ ਛੋਟੂ ਰਾਮ ਖੇਤੀਬਾੜੀ ਮੰਤਰੀ ਬਣੇ ਅਤੇ 26 ਦਸੰਬਰ, 1926 ਤੱਕ ਮੰਤਰੀ ਰਹੇ। ਇਸ ਥੋੜ੍ਹੇ ਜਿਹੇ ਸਮੇਂ ’ਚ ਹੀ ਉਨ੍ਹਾਂ ਨੇ ਲੋਕਹਿੱਤ ’ਚ ਕਈ ਕੰਮ ਕੀਤੇ ਜਿਨ੍ਹਾਂ ’ਚ ਕਿਸਾਨਾਂ ਨੂੰ ਸ਼ਾਹੂਕਾਰਾਂ ਅਤੇ ਵਿਆਜੜੀਆਂ ਦੇ ਪ੍ਰਭਾਵ ਤੋਂ ਮੁਕਤੀ ਦਿਵਾਉਣ ਲਈ ਕਈ ਲਾਭਕਾਰੀ ਕਾਨੂੰਨ ਪਾਸ ਕਰਵਾਏ ਗਏ ਜਿਵੇਂ ਕਿ ‘ਪੰਜਾਬ ਕਰਜ਼ਾ ਰਹਿਤ ਕਾਨੂੰਨ 1934’, ਜਿਸ ਅਨੁਸਾਰ ਜੇਕਰ ਕਿਸੇ ਕਾਸ਼ਤਕਾਰ ਨੇ ਕਰਜ਼ ਲਈ ਗਈ ਰਕਮ ਤੋਂ ਦੁੱਗਣਾ ਜਾਂ ਵੱਧ ਭੁਗਤਾਨ ਕਰ ਦਿੱਤਾ ਹੈ ਤਾਂ ਉਸ ਨੂੰ ਕਰਜ਼ ਦੀ ਰਕਮ ਤੋਂ ਖੁਦ ਮੁਕਤੀ ਮਿਲ ਜਾਵੇਗੀ।
‘ਪੰਜਾਬ ਕਰਜ਼ਦਾਰ ਸੁਰੱਖਿਆ ਕਾਨੂੰਨ 1936’, ‘ਜਿਸ ਦੇ ਅਨੁਸਾਰ ਪਹਿਲੇ ਮਾਲਿਕ ਦੇ ਕਰਜ਼ ਲਈ ਉਸ ਦੇ ਵਾਰਿਸ ਦੀ ਜ਼ਮੀਨ ਦੇ ਤਬਾਦਲੇ ਲਈ ਖੜ੍ਹੀ ਫਸਲ ਅਤੇ ਰੁੱਖਾਂ ਨੂੰ ਵੇਚਣ ਤੇ ਕੁਰਕੀ ਕਰਨ ’ਤੇ ਰੋਕ ਲੱਗੀ। ਇਸੇ ਤਰ੍ਹਾਂ ‘ਪੰਜਾਬ ਮਾਲੀਆ ਕਾਨੂੰਨ 1928’, ‘ਪੰਜਾਬ ਕਰਜ਼ਦਾਤਾ ਰਜਿਸਟ੍ਰੇਸ਼ਨ ਕਾਨੂੰਨ 1938’ ਤੇ ‘ਰਹਿਨਸ਼ੁਦਾ ਜ਼ਮੀਨ ਦੀ ਬਹਾਲੀ ਦਾ ਕਾਨੂੰਨ 1938’ ਵੀ ਪਾਸ ਕੀਤੇ ਗਏ। ਇਨ੍ਹਾਂ ਬਿੱਲਾਂ ਦਾ ਪ੍ਰਭਾਵਸਾਲੀ ਲਾਗੂਕਰਨ ਕਰਜ਼ਾ ਪੀੜਤ ਕਿਸਾਨਾਂ ਲਈ ਵਰਦਾਨ ਸਾਬਤ ਹੋਇਆ ਜਿਨ੍ਹਾਂ ਤਹਿਤ ਕਿਸਾਨ ਦੇ ਮੁੱਢਲੇ ਖੇਤੀਬਾੜੀ ਯੰਤਰ ਜਾਂ ਸਾਧਨ-ਹਲ, ਬੈਲ ਆਦਿ ਦੀ ਕਿਸੇ ਵੀ ਵਿਵਸਥਾ ’ਚ ਕੁਰਕੀ ਨਹੀਂ ਕੀਤੀ ਜਾ ਸਕਦੀ। ਰਾਸ਼ਟਰੀ ਯੋਜਨਾਵਾਂ ’ਚ ਭਾਖੜਾ ਨੰਗਲ ਡੈਮ ਦੀ ਤਜਵੀਜ਼ ਦਾ ਸਰੂਪ ਅਤੇ ਉਸ ਦਾ ਲਾਗੂਕਰਨ ਚੌ. ਛੋਟੂ ਰਾਮ ਦੀ ਸਭ ਤੋਂ ਵੱਡੀ ਦੇਣ ਹੈ।
ਚੌ. ਸਾਹਿਬ ਹਿੰਦੂ-ਮੁਸਲਿਮ ਏਕਤਾ ਦੇ ਬੜੇ ਵੱਡੇ ਹਾਮੀ ਰਹੇ ਹਨ। ਜਦੋਂ ਮੁਸਲਿਮ ਲੀਗ ਪੰਜਾਬ ’ਚ ਯੂਨੀਅਨਿਸਟ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਦੇਸ਼ ਵਿਰੋਧੀ ਤੱਤਾਂ ਵੱਲੋਂ ਮਜ਼੍ਹਬ ਦੇ ਨਾਂ ’ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਸਮੇਂ 1944 ’ਚ ਚੌ. ਛੋਟੂ ਰਾਮ ਨੇ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਲਾਇਲਪੁਰ ’ਚ ਇਕ ਵਿਸ਼ਾਲ ਰੈਲੀ ਆਯੋਜਿਤ ਕੀਤੀ ਜਿਸ ’ਚ ਡਿਪਟੀ ਕਮਿਸ਼ਨਰ ਤੇ ਮੌਲਾਨਿਆਂ ਦੇ ਵਿਰੋਧ ਦੇ ਬਾਵਜੂਦ 50000 ਲੋਕਾਂ ਨੇ ਹਿੱਸਾ ਲਿਆ ਅਤੇ ਰਾਸ਼ਟਰ ਵਿਰੋਧੀ ਤਾਕਤਾਂ ਦੇ ਇਰਾਦਿਆਂ ਨੂੰ ਨਕਾਰ ਦਿੱਤਾ ਪਰ ਅਫਸੋਸ ਹੈ ਕਿ ਚੌ. ਸਾਹਿਬ ਜ਼ਿਆਦਾ ਸਮੇਂ ਤੱਕ ਇਨ੍ਹਾਂ ਤਾਕਤਾਂ ਦਾ ਸਾਹਮਣਾ ਕਰਨ ਲਈ ਜ਼ਿੰਦਾ ਨਹੀਂ ਰਹੇ ਅਤੇ ਰਾਸ਼ਟਰ ਵਿਰੋਧੀ ਤਾਕਤਾਂ ਇਕ ਵੱਖਰੇ ਇਸਲਾਮਿਕ ਰਾਸ਼ਟਰ ਪਾਕਿਸਤਾਨ ਦਾ ਗਠਨ ਕਰਵਾਉਣ ’ਚ ਸਫਲ ਰਹੀਆਂ। ਚੌ. ਸਾਹਿਬ ਸਪੱਸ਼ਟ ਸ਼ਬਦਾਂ ’ਚ ਕਹਿੰਦੇ ਸਨ ‘‘ਅਸੀਂ ਮੌਤ ਪਸੰਦ ਕਰਦੇ ਹਾਂ, ਵੰਡ ਨਹੀਂ।’’
ਉਹ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਕਿਸੇ ਨੂੰ ਵੀ ਆਪਣਾ ਬਣਾਉਣ ’ਚ ਸਮਰੱਥ ਸਨ। ਉਨ੍ਹਾਂ ਨੇ ਜਾਟ ਗਜ਼ੇਟੀਅਰ ਨਾਂ ਨਾਲ ਰਸਾਲਾ ਪ੍ਰਕਾਸ਼ਿਤ ਕਰ ਕੇ ਕਿਸਾਨ-ਮਜ਼ਦੂਰ ਵਰਗ ਦੀ ਭਲਾਈ ਲਈ ਸਿੱਖਿਆ ਮੁਹਿੰਮ ਚਲਾ ਕੇ ਸਮਾਜ ’ਚ ਉਨ੍ਹਾਂ ਦੀਆਂ ਔਕੜਾਂ ਨੂੰ ਉਜਾਗਰ ਕੀਤਾ। ਉਹ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਆਪਣੀ ਜੇਬ ’ਚੋਂ ਆਰਥਿਕ ਸਹਾਇਤਾ ਤੱਕ ਦਿੰਦੇ ਸਨ ਅਤੇ ਆਮ ਲੋਕਾਂ ਤੱਕ ਸਿੱਖਿਆ ਦਾ ਪ੍ਰਸਾਰ ਕਰਨ ਲਈ ਗੁਰੂਕੁਲ ਤੇ ਜਾਟ ਸੰਸਥਾਵਾਂ ਦੀ ਸਥਾਪਨਾ ਕੀਤੀ। ਉਨ੍ਹਾਂ ਵੱਲੋਂ ਸਥਾਪਿਤ ਕੀਤੇ ਗਏ ਸਰ ਛੋਟੂ ਰਾਮ ਸਿੱਖਿਆ ਫੰਡ ’ਚੋਂ ਕਾਫੀ ਲੋਕਾਂ ਨੇ ਸਹਾਇਤਾ ਹਾਸਲ ਕੀਤੀ ਜਿਨ੍ਹਾਂ ’ਚ ਸਾਬਕਾ ਕੇਂਦਰੀ ਮੰਤਰੀ ਚੌ. ਚਾਂਦਰਾਮ ਤੇ ਪਾਕਿਸਤਾਨ ਦੇ ਇਕੋ-ਇਕ ਨੋਬਲ ਪੁਰਸਕਾਰ ਜੇਤੂ ਡਾ. ਅਬਦੁਸ ਸਲਾਮ ਸ਼ਾਮਲ ਹਨ।
ਉਨ੍ਹੀਂ ਦਿਨੀਂ ਕਿਸਾਨ ਤੇ ਦਿਹਾਤੀ ਸਮਾਜ ’ਚ ਵਧਦੀ ਹੋਈ ਭੁੱਖਮਰੀ ਤੇ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਸਰ ਛੋਟੂ ਰਾਮ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਰੋਹਤਕ ਜ਼ਿਲੇ ’ਚ ਕਿਸਾਨ ਮਜ਼ਦੂਰਾਂ ਦੇ ਬੱਚਿਆਂ ਨੂੰ ਕਾਂਗਰਸ ਦੀ ਨੀਤੀ ਦੇ ਵਿਰੋਧ ’ਚ ਫੌਜ ’ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਿਸ ਨਾਲ ਔਰਤਾਂ ਨੇ ਵੀ ਉਨ੍ਹੀਂ ਦਿਨੀਂ ਇਕ ਗੀਤ ਗਾਉਣਾ ਸ਼ੁਰੂ ਕਰ ਦਿੱਤਾ-‘ਭਰਤੀ ਹੋ ਜਾ ਰੇ ਰੰਗਰੂਟ, ਯਹਾਂ ਮਿਲੇ ਟੂਟੇ ਜੂਤੇ, ਵਹਾਂ ਮਿਲੇਂਗੇ ਬੂਟ’। ਇਹੀ ਕਾਰਨ ਹੈ ਕਿ ਰੋਹਤਕ ਜ਼ਿਲੇ ਦੇ ਅਧਿਕਾਰੀ ਫੌਜ ਮੁਖੀ ਵੀ ਰਹਿ ਚੁੱਕੇ ਹਨ ਅਤੇ ਇਕ ਦਰਜਨ ਤੋਂ ਵੱਧ ਮੇਜਰ ਅਤੇ ਲੈਫਟੀਨੈਂਟ ਜਨਰਲ ਦੇ ਅਹੁਦਿਆਂ ’ਤੇ ਤਾਇਨਾਤ ਹਨ।
ਚੌ. ਛੋਟੂ ਰਾਮ ਮਹਿਲਾ ਵਿਕਾਸ, ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਸਿੱਖਿਆ ਅਤੇ ਸਨਮਾਨ ਦੇ ਹਮੇਸ਼ਾ ਪੱਖੀ ਰਹੇ। ਇਕ ਵਾਰ ਰੋਹਤਕ ਕੋਲ ਖਾਪ ਪੰਚਾਇਤਾਂ ਨੇ ਰਲ ਕੇ ਬੇਨਤੀ ਕੀਤੀ ਕਿ ਤੁਹਾਡੇ ਸਪੁੱਤਰ ਨਹੀਂ ਹੈ, ਇਸ ਲਈ ਤੁਸੀਂ ਦੂਸਰਾ ਵਿਆਹ ਕਰਵਾ ਲਵੋ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਜਦੋਂ ਸਮੁੱਚੇ ਸਾਂਝੇ ਪੰਜਾਬ ਦੇ ਨਰ-ਨਾਰੀ, ਸਪੁੱਤਰ-ਸਪੁੱਤਰੀਆਂ ਉਨ੍ਹਾਂ ਦੀ ਔਲਾਦ ਹਨ ਤਾਂ ਦੂਜਾ ਵਿਆਹ ਕਿਉਂ ਕਰਵਾਉਣ।