ਕਈ ‘ਨਿਰਭਯਾ’ ਮੌਤ ਦੀ ਨੀਂਦ ਸੌਂ ਗਈਆਂ ਪਰ ਇਨਸਾਫ ਅਜੇ ਦੂਰ

12/6/2019 2:03:11 AM

ਦੇਵੀ ਚੇਰੀਅਨ

ਇਕ ਵਾਰ ਫਿਰ ਮੈਂ ਮਹਿਸੂਸ ਕਰਦੀ ਹਾਂ ਕਿ ਇਸ ਦੇਸ਼ ਵਿਚ ਔਰਤਾਂ ਦੀ ਅਣਦੇਖੀ ਨਾ ਸਿਰਫ ਸਰਕਾਰ ਵਲੋਂ, ਸਗੋਂ ਮਰਦਾਂ, ਸਮਾਜ ਅਤੇ ਸਮਾਜਿਕ ਵਰਕਰਾਂ ਵਲੋਂ ਕੀਤੀ ਜਾਂਦੀ ਹੈੈ। ਹੈਦਰਾਬਾਦ ਜਬਰ-ਜ਼ਨਾਹ ਮਾਮਲਾ ਸਾਨੂੰ ਦੱਸਦਾ ਹੈ ਕਿ ਇਸ ਦੇਸ਼ ਦੀਆਂ ਔਰਤਾਂ ਸੁਰੱਖਿਅਤ ਨਹੀਂ ਹਨ। ਸਾਡੀਆਂ ਧੀਆਂ-ਭੈਣਾਂ ਅਤੇ ਦੋਸਤਾਂ ਨੂੰ ਜਾਗਰੂਕ ਹੋਣਾ ਪਵੇਗਾ ਪਰ ਉਹ ਕਿੰਨੇ ਜਾਗਰੂਕ ਹੋਣ, ਇਹ ਸਵਾਲ ਬਣਦਾ ਹੈ? ਇਹ ਨਾ ਤਾਂ ਕੋਈ ਧਰਮ ਦਾ, ਨਾ ਹੀ ਵੋਟ ਬੈਂਕ ਦਾ ਅਤੇ ਨਾ ਹੀ ਪਰਿਵਾਰ ਦੇ ਵੈਰ ਦਾ ਸਵਾਲ ਹੈ। ਇਹ ਸਵਾਲ ਡਰ, ਵਾਸਨਾ ਅਤੇ ਵਹਿਸ਼ੀ ਜ਼ਾਲਮ ਕਿਸ ਕਦਰ ਅੱਗੇ ਜਾ ਸਕਦੇ ਹਨ, ਦਾ ਹੈ।

ਹੈਦਰਾਬਾਦ ਵਿਚ ਇਹ ਲੜਕੀ ਇਕ ਕਰਮਚਾਰੀ ਸੀ ਅਤੇ ਘਰ ਨੂੰ ਵਾਪਿਸ ਆ ਰਹੀ ਸੀ। ਕੁਝ ਜ਼ਾਲਮਾਂ ਨੇ ਉਸ ਨੂੰ ਦੇਖਿਆ ਅਤੇ ਯੋਜਨਾਬੱਧ ਉਸ ’ਤੇ ਭਿਆਨਕ ਹਮਲਾ ਕਰ ਦਿੱਤਾ। ਉਨ੍ਹਾਂ ਨੇ ਉਸ ਦਾ ਸਕੂਟਰ ਪੰਕਚਰ ਕਰ ਦਿੱਤਾ, ਉਸ ਦਾ ਪਿੱਛਾ ਕੀਤਾ ਅਤੇ ਫਿਰ ਜਬਰ-ਜ਼ਨਾਹ ਕੀਤਾ। ਉਸ ਦੇ ਮੂੰਹ ਵਿਚ ਸ਼ਰਾਬ ਪਾਈ ਗਈ। ਦਮ ਘੁੱਟਣ ਨਾਲ ਮੌਤ ਅਤੇ ਉਸ ਤੋਂ ਬਾਅਦ ਉਸ ਦੇ ਸਰੀਰ ਨੂੰ ਸਾੜ ਦਿੱਤਾ ਗਿਆ। ਜਦੋਂ ਉਸ ਦੀ ਭੈਣ ਨੇ ਪੁਲਸ ਨੂੰ ਫੋਨ ਕੀਤਾ ਤਾਂ ਪਹਿਲਾ ਸਵਾਲ ਇਹ ਸੀ ਕਿ ਕੀ ਉਹ ਘਰੋਂ ਭੱਜੀ ਹੈ? ਮੇਰੇ ਲਈ ਇੰਨਾ ਹੀ ਕਾਫੀ ਹੈ। ਉਸ ਪੁਲਸ ਵਾਲੇ ਨੂੰ ਨੌਕਰੀ ’ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਉਮਰਕੈਦ ਹੋਣੀ ਚਾਹੀਦੀ ਹੈ। ਆਖਿਰ ਉਸ ਨੇ ਇਹ ਪੁੱਛਣ ਦੀ ਹਿੰਮਤ ਕਿਵੇਂ ਕੀਤੀ? ਮੇਰਾ ਖੂਨ ਖੌਲ ਉੱਠਦਾ ਹੈ।

ਮੇਰੇ ਦੇਸ਼ ਵਿਚ ਮਰਦਾਂ ਦਾ ਹੰਕਾਰ, ਔਰਤਾਂ ਬਾਰੇ ਉਨ੍ਹਾਂ ਦੇ ਵਿਚਾਰ ਕਦੇ ਵੀ ਬਦਲਣ ਵਾਲੇ ਨਹੀਂ। ਮੇਰਾ ਸਿਰ ਸ਼ਰਮ ਨਾਲ ਉਦੋਂ ਝੁਕ ਜਾਂਦਾ ਹੈ, ਜਦੋਂ ਵਿਦੇਸ਼ ਜਾਂਦੀ ਹਾਂ ਅਤੇ ਉਥੇ ਲੋਕ ਭਾਰਤ ਵਿਚ ਔਰਤਾਂ ਵਿਰੁੱਧ ਜੁਰਮ ਬਾਰੇ ਗੱਲ ਕਰਦੇ ਹਨ। ਭਾਰਤੀ ਹੋਣ ਦੇ ਨਾਤੇ ਮੈਂ ਮਾਣ ਮਹਿਸੂਸ ਕਰਦੀ ਹਾਂ ਪਰ ਅਜਿਹੀਆਂ ਗੱਲਾਂ ਨਾਲ ਮੈਂ ਸ਼ਰਮਸਾਰ ਹੋ ਜਾਂਦੀ ਹਾਂ। ਉਹ ਮੈਨੂੰ ਕਹਿੰਦੇ ਹਨ ਕਿ ਤੁਹਾਡੇ ਦੇਸ਼ ਵਿਚ ਔਰਤ ‘ਸਤੀ’ ਤਾਂ ਕਿਸੇ ਮਜਬੂਰੀ ਦੇ ਕਾਰਣ ਹੁੰਦੀ ਹੈ ਪਰ ਇਹ ਕਾਰਾ ਵਾਸਨਾ ਦੀ ਭੁੱਖ ਦੇ ਤਹਿਤ ਹੁੰਦਾ ਹੈ। ਇਸ ਨਾਲ ਤੁਹਾਡੇ ਦੇਸ਼ ਦੀ ਯਾਤਰਾ ’ਤੇ ਆਏ ਵਿਦੇਸ਼ੀ ਸੈਲਾਨੀਆਂ ਅਤੇ ਭਾਰਤੀ ਔਰਤਾਂ ਦੀ ਸੁਰੱਖਿਆ ’ਤੇ ਇਕ ਵੱਡੀ ਚਪੇੜ ਹੈ।

ਜਬਰ-ਜ਼ਨਾਹ ਕਰਨ ਵਾਲੇ ਦੀ ਉਮਰ ਬਾਰੇ ਚਰਚਾ ਹੋਣੀ ਮਹਿਜ਼ ਬਕਵਾਸ ਹੈ। ਉਨ੍ਹਾਂ ਦੇ ਸਰੀਰਾਂ ਵਿਚ ਵਾਸਨਾ ਹੋਣੀ ਇਹ ਦੱਸਦੀ ਹੈ ਕਿ ਉਹ ਬਾਲਗ ਸੋਚ ਵਾਲਾ ਹੈ। ਨਾਬਾਲਗ ਹੋਣ ਦੇ ਨਾਤੇ ਉਨ੍ਹਾਂ ਲਈ ਇੰਨਾ ਹੀ ਕਾਫੀ ਹੈ ਕਿ ਜਬਰ-ਜ਼ਨਾਹ ਨੂੰ ਕਿਵੇਂ ਅੰਜਾਮ ਦਿੱਤਾ ਜਾਂਦਾ ਹੈ। ਅਜਿਹੇ ਲੋਕਾਂ ਨੂੰ ਫਾਂਸੀ ਹੋਣ ਤੋਂ ਬਾਅਦ ਵੀ ਲਟਕਦਾ ਰਹਿਣ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਜਨਤਕ ਤੌਰ ’ਤੇ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂ ਕਿ ਇਕ ਉਦਾਹਰਣ ਬਣ ਸਕੇ। ਜਦੋਂ ਮਾਮਲੇ ਲੰਮੇ ਸਮੇਂ ਤਕ ਲਟਕਦੇ ਹਨ ਤਾਂ ਅਜਿਹੇ ਲੋਕ ਜੇਲ ਵਿਚ ਪਏ ਰਹਿੰਦੇ ਹਨ। ਜੇਲਾਂ ਵਿਚ ਉਨ੍ਹਾਂ ਦੀਆਂ ਲੋੜਾਂ ਮੁਤਾਬਿਕ ਉਹ ਸਾਰੀਆਂ ਸੁੱਖ-ਸਹੂਲਤਾਂ ਖਰੀਦਣਾ ਜਾਣਦੇ ਹਨ ਅਤੇ ਇਨ੍ਹਾਂ ਗੱਲਾਂ ਨੂੰ ਉਥੇ ਪੂਰਾ ਵੀ ਕੀਤਾ ਜਾਂਦਾ ਹੈ। ਅਜਿਹੇ ਕਾਰੇ ਕਰਨ ਵਾਲਿਆਂ ’ਤੇ ਕਿਸੇ ਤਰ੍ਹਾਂ ਦੀ ਦਇਆ ਨਹੀਂ ਦਿਖਾਉਣੀ ਚਾਹੀਦੀ। ਮੈਂ ਅੱਜ ਆਪਣੀਆਂ ਪੋਤੀਆਂ, ਧੀਆਂ, ਭੈਣਾਂ, ਇਥੋਂ ਤਕ ਕਿ ਆਪਣੀ 90 ਸਾਲਾ ਬੁੱਢੀ ਮਾਂ ਪ੍ਰਤੀ ਚਿੰਤਤ ਹਾਂ ਕਿ ਉਸ ਨਾਲ ਵੀ ਜਬਰ-ਜ਼ਨਾਹ ਹੋ ਸਕਦਾ ਹੈ। ਇਹ ਕਿਹੋ ਜਿਹਾ ਨਰਕ ਹੈ? ਅਸੀਂ ਕਿੱਧਰ ਜਾ ਰਹੇ ਹਾਂ? ਜਦੋਂ ਤਕ ਕਿ ਕੋਈ ਉਦਾਹਰਣ ਨਹੀਂ ਦਿੱਤੀ ਜਾਂਦੀ, ਉਦੋਂ ਤਕ ਅਦਾਲਤਾਂ ਵਿਚ ਜਾਣ ਬਾਰੇ ਤੁਸੀਂ ਭੁੱਲ ਜਾਓ। ਕੌਣ, ਕਿਸ ਦਾ ਫਿਕਰ ਕਰਦਾ ਹੈ? ਅਜਿਹੇ ਲੋਕਾਂ ਨੂੂੰ ਲਟਕਾ ਦਿਓ, ਉਨ੍ਹਾਂ ’ਤੇ ਪੱਥਰ ਵਰ੍ਹਾਓ ਅਤੇ ਉਸ ਤੋਂ ਬਾਅਦ ਜਨਤਕ ਤੌਰ ’ਤੇ ਸਾੜ ਦਿਓ। ਸਾਡੇ ਦੇਸ਼ ਦੀਆਂ ਔਰਤਾਂ ਦੀ ਇਹੋ ਮੰਗ ਹੈ।

ਸਿਆਸੀ ਪਾਰਟੀਆਂ ਵਾਲਿਆਂ ਦੀਆਂ ਵੀ ਧੀਆਂ-ਭੈਣਾਂ ਹਨ

ਜਬਰ-ਜ਼ਨਾਹ ਕਰਨ ਵਾਲਿਆਂ ’ਤੇ ਕਦੇ ਵੀ ਤਰਸ ਨਾ ਖਾਓ, ਉਨ੍ਹਾਂ ਨੂੰ ਸਜ਼ਾ ਹੀ ਦੇਣੀ ਚਾਹੀਦੀ ਹੈ। ਸਿਆਸੀ ਪਾਰਟੀ ਵਾਲਿਆਂ ਦੀਆਂ ਵੀ ਧੀਆਂ-ਭੈਣਾਂ ਹਨ। ਜੇਕਰ ਅੱਜ ਇਹ ਘਟਨਾ ਮੇਰੇ ਨਾਲ ਵਾਪਰ ਜਾਂਦੀ ਹੈ ਤਾਂ ਕੱਲ ਨੂੰ ਇਨ੍ਹਾਂ ਨਾਲ ਵੀ ਅਜਿਹਾ ਹੋ ਸਕਦਾ ਹੈ। ਪੀੜਤਾ ਕਿਸੇ ਪੁਲਸ ਅਧਿਕਾਰੀ ਦੇ ਪਰਿਵਾਰ ਦੀ ਮੈਂਬਰ ਹੋ ਸਕਦੀ ਹੈ, ਇਹ ਮੀਡੀਆ ’ਚੋਂ ਹੀ ਕਿਸੇ ਦੀ ਧੀ ਹੋ ਸਕਦੀ ਹੈ। ਇਸ ਰਾਸ਼ਟਰ ਦੀ ਔਰਤ ਹੋਣ ਦੇ ਨਾਤੇ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਅਤੇ ਮੰਗ ਹੈ ਕਿ ਅਜਿਹੇ ਕਾਨੂੰਨਾਂ ਨੂੰ ਬਦਲਿਆ ਜਾਵੇ। ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਦੀ ਸੁਰੱਖਿਆ ਬਾਰੇ ਅਸਲ ਵਿਚ ਗੰਭੀਰ ਹਨ ਤਾਂ ਉਨ੍ਹਾਂ ਦੇ ਕੋਲ ਸੰਸਦ ਵਿਚ ਮੁਕੰਮਲ ਬਹੁਮਤ ਹੈ, ਉਹ ਜੋ ਚਾਹੁਣ, ਉਸ ਵਿਚ ਸੋਧ ਕਰ ਸਕਦੇ ਹਨ ਪਰ ਅਜਿਹਾ ਕਰਨ ਦੀ ਇੱਛਾ-ਸ਼ਕਤੀ ਹੋਣੀ ਚਾਹੀਦੀ ਹੈ। ਮੈਨੂੰ ਯਕੀਨ ਹੈ ਕਿ ਰਾਜ ਸਭਾ ਇਸ ਬਾਰੇ ਅਜਿਹਾ ਕੋਈ ਕਾਨੂੰਨ ਪਾਸ ਕਰੇਗੀ, ਜਿਸ ਨਾਲ ਅਪਰਾਧੀਆਂ ਨੂੰ ਸਬਕ ਸਿਖਾਇਆ ਜਾ ਸਕੇ। ਅਜਿਹੇ ਮਾਮਲਿਆਂ ਵਿਚ ਸੰਸਦ ਨੂੰ ਅਰਬ ਦੇਸ਼ਾਂ ਦੀ ਸਜ਼ਾ ਦਾ ਮੁਲਾਂਕਣ ਕਰਨਾ ਹੋਵੇਗਾ। ਭੀੜ ਵਲੋਂ ਅਜਿਹੇ ਲੋਕਾਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ।

ਸੰਸਦ ਵਿਚ ਪ੍ਰਦਰਸ਼ਨ, ਔਰਤਾਂ ਦਰਮਿਆਨ ਪ੍ਰਦਰਸ਼ਨ ਜਾਂ ਫਿਰ ਵਿਦਿਆਰਥੀਆਂ ਦਰਮਿਆਨ ਪ੍ਰਦਰਸ਼ਨ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੂੰ ਪਖਾਨੇ, ਸਵੱਛ ਭਾਰਤ ਅਤੇ ਹੋਰ ਪ੍ਰਾਜੈਕਟਾਂ ਨੂੰ ਰੋਕ ਕੇ ਔਰਤਾਂ ਦੀ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ। ਇਸ ਸੈਸ਼ਨ ਦੌਰਾਨ ਜੇਕਰ ਸੰਭਵ ਹੋ ਸਕੇ ਤਾਂ ਸੰਸਦ ਵਿਚ ਔਰਤਾਂ ਦੀ ਸੁਰੱਖਿਆ ’ਤੇ ਕਾਨੂੰਨ ਬਣਾਏ ਜਾਣ। ਅਜਿਹੀ ਘੜੀ ਵਿਚ ਇਹ ਸਮੇਂ ਦੀ ਲੋੜ ਹੈ। ਕਈ ‘ਨਿਰਭਯਾ’ ਮੌਤ ਦੀ ਨੀਂਦ ਸੌਂ ਗਈਆਂ ਪਰ ਇਨਸਾਫ ਅਜੇ ਤਕ ਨਹੀਂ ਮਿਲਿਆ। ਮੈਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਪੂਰੀ ਹਮਦਰਦੀ ਹੈ।

ਮੈਂ ਤੁਹਾਨੂੰ ਯਕੀਨ ਦਿਵਾ ਸਕਦੀ ਹਾਂ ਕਿ ਇਸ ਦੁਨੀਆ ਦੀ ਹਰੇਕ ਔਰਤ ਤੁਹਾਨੂੰ ਵੋਟ ਦੇਵੇਗੀ। ਇਹ ਮੇਰੀ ਬੇਨਤੀ, ਆਦੇਸ਼ ਅਤੇ ਮੇਰਾ ਹੱਕ ਹੈ ਕਿ ਮੈਂ ਇਸ ਦੇਸ਼, ਜਿਸ ਵਿਚ ਮੈਂ ਰਹਿੰਦੀ ਹਾਂ, ਔਰਤਾਂ ਦੀ ਸੁਰੱਖਿਆ ਬਾਰੇ ਤੁਹਾਡੇ ਤੋਂ ਪੁੱਛਾਂ। ਮਿਸਟਰ ਮੋਦੀ, ਹੁਣ ਜਾਗੋ। ਸਖਤ ਕਾਨੂੰਨ ਬਣਾ ਕੇ ਅਤੇ ਤੱਤਕਾਲ ਸਜ਼ਾ ਸੁਣਾ ਕੇ ਸਾਡਾ ਬਚਾਅ ਕਰ ਸਕਦੇ ਹੋ, ਉਦੋਂ ਤੁਸੀਂ ਇਕ ਰੀਅਲ ਹੀਰੋ ਅਖਵਾਓਗੇ। ਔਰਤਾਂ ਨੂੰ ਨਵੀਂ ਜ਼ਿੰਦਗੀ ਦੇ ਕੇ ਤੁਸੀਂ ਇਤਿਹਾਸ ਬਣਾਓਗੇ, ਉਦੋਂ ਮੈਂ ਆਪਣੀਆਂ ਪੋਤੀਆਂ ਨੂੰ ਜੁਆਬ ਦੇਵਾਂਗੀ ਕਿ ਕਿਵੇਂ ਸਾਡੀਆਂ ਸਰਕਾਰਾਂ ਨੇ ਕੰਮ ਕੀਤਾ।

ਆਖਿਰ ਇੰਨੀ ਆਸਾਨੀ ਨਾਲ ਜਬਰ-ਜ਼ਨਾਹ ਕਿਵੇਂ ਹੋ ਜਾਂਦੇ ਹਨ। ਇਸ ਦੇ ਕੁਝ ਕਾਰਣ ਹਨ। ਸੈਕਸ ਵਿਚ ਗ੍ਰਸਤ ਸਮਾਜ ਵਿਚ ਨੈੱਟ ’ਤੇ ਪੋਰਨ ਫਿਲਮਾਂ ਆਸਾਨੀ ਨਾਲ ਮੁਹੱਈਆ ਹੋ ਜਾਂਦੀਆਂ ਹਨ। ਹਾਰਮੋਨਜ਼ ਦਾ ਪ੍ਰਕੋਪ ਵਧਦਾ ਹੈ, ਇਸੇ ਕਾਰਣ ਜਬਰ-ਜ਼ਨਾਹ ਹੁੰਦਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਭਰੂਣ ਹੱਤਿਆਵਾਂ ਹੋਈਆਂ ਹਨ। ਦਿਹਾਤੀ ਇਲਾਕਿਆਂ ਤੋਂ ਪ੍ਰਵਾਸ ਕਰ ਕੇ ਨੌਜਵਾਨ ਲੋਕ ਸ਼ਹਿਰਾਂ ਵੱਲ ਆਏ ਹਨ, ਜੋ ਆਪਣੇ ਬਚਪਨ ਦੌਰਾਨ ਕੁਪੋਸ਼ਿਤ ਰਹਿੰਦੇ ਸਨ। ਉਨ੍ਹਾਂ ਦੇ ਦਿਮਾਗ ਮੁਕੰਮਲ ਤੌਰ ’ਤੇ ਵਿਕਸਿਤ ਨਹੀਂ ਹੁੰਦੇ, ਜਿਸ ਦਾ ਮਤਲਬ ਇਹ ਹੈ ਕਿ ਉਹ ਜਿਨਸੀ ਕਿਰਿਆਵਾਂ ’ਤੇ ਆਪਣਾ ਕੰਟਰੋਲ ਰੱਖ ਸਕਣ ਵਿਚ ਅਸਮਰੱਥ ਹਨ। ਇਸੇ ਕਾਰਣ ਉਹ ਔਰਤਾਂ ਨੂੰ ਲਪੇਟ ਵਿਚ ਲੈ ਲੈਂਦੇ ਹਨ। ਇਸੇ ਕਾਰਣ ਗੈਂਗਰੇਪ ਹੁੰਦੇ ਹਨ। ਸਖਤੀ ਨਾਲ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾਂਦਾ। ਪੀੜਤਾ ਦੀ ਸ਼ਿਕਾਇਤ ਗੰਭੀਰਤਾ ਅਤੇ ਉਸ ਦੇ ਮਹੱਤਵ ’ਤੇ ਧਿਆਨ ਨਹੀਂ ਦਿੱਤਾ ਜਾਂਦਾ।

ਕੁਝ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ‘ਨਿਰਭਯਾ’ ਦਾ ਕੇਸ ਕਾਹਲੀ ਵਿਚ ਕਮਜ਼ੋਰ ਢੰਗ ਨਾਲ ਤਿਆਰ ਕੀਤਾ ਗਿਆ ਸੀ। ਅਸੀਂ ਆਸ ਕਰਦੇ ਹਾਂ ਕਿ ਇਸ ਵਾਰ ਬਿਨਾਂ ਵਿਚਾਰ ਕੀਤੇ ਨਤੀਜੇ ਕੁਝ ਚੰਗੇ ਆਉਣਗੇ।

(devi@devicherian.com)ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

This news is Edited By Bharat Thapa