ਟਾਈਮ ਟੇਬਲ ਬਣਾ ਸਾਰੇ ਵਿਸ਼ਿਆਂ ਨੂੰ ਦਿਓ ਬਰਾਬਰ ਸਮਾਂ ਤਾਂ ਘੱਟ ਹੋਵੇਗਾ ਸਟਰੈੱਸ

11/20/2021 12:36:52 AM

ਬੋਰਡ ਦੀਆਂ ਪ੍ਰੀਖਿਆਵਾਂ ਬੱਚੇ ਦੀ ਜ਼ਿੰਦਗੀ ਦਾ ਮਹੱਤਵਪੂਰਨ ਪੜਾਅ ਹੈ।  ਇਨ੍ਹਾਂ ਦਾ ਨਤੀਜਾ ਹੀ ਉਸ ਦਾ ਭਵਿੱਖ ਤੈਅ ਕਰਦਾ ਹੈ ਪਰ ਕੋਰੋਨਾ ਨੇ ਬੱਚਿਆਂ ਦੀ ਸਿੱਖਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।ਇਸ ਨੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਨ ਲਈ ਮਜਬੂਰ ਕਰ ਦਿੱਤਾ। ਇਸੇ ਕਾਰਨ ਸੀ. ਬੀ. ਐੱਸ. ਈ. ਵਲੋਂ 10ਵੀਂ ਅਤੇ 12ਵੀਂ ਦੀ ਬੋਰਡ ਦੀ ਪ੍ਰੀਖਿਆ ਨੂੰ ਧਿਆਨ ’ਚ ਰੱਖਦੇ ਹੋਏ ਉਸ ਦੇ ਸਿਲੇਬਸ ਨੂੰ 30 ਫੀਸਦੀ   ਘੱਟ ਕਰਨ ਦੇ ਨਾਲ-ਨਾਲ ਪ੍ਰੀਖਿਆ ਖਰੜੇ ’ਚ ਤਬਦੀਲੀ ਵੀ ਕੀਤੀ ਗਈ। ਬੋਰਡ ਪ੍ਰੀਖਿਆ ਦੇ ਪਹਿਲੇ ਸੈਸ਼ਨ ’ਚ ਹਰੇਕ ਵਿਸ਼ੇ ’ਚ ਬਹੁ-ਬਦਲ ਵਾਲੇ ਸਵਾਲਾਂ ਨੂੰ ਸਥਾਨ ਦੇ ਕੇ ਇਸ ਨੂੰ ਵਿਦਿਆਰਥੀਆਂ ਲਈ ਸੌਖਾ ਬਣਾ ਦਿੱਤਾ। ਹੁਣ ਵਿਦਿਆਰਥੀਆਂ ਨੂੰ ਇਨ੍ਹਾਂ ਤਬਦੀਲੀਆਂ ਨੂੰ ਧਿਆਨ ’ਚ ਰੱਖਦੇ ਹੋਏ ਨਵੀਆਂ  ਰਣਨੀਤੀਆਂ ਅਪਨਾਉਣ ਦੀ ਲੋੜ ਹੈ। ਜਦੋਂ ਪ੍ਰੀਖਿਆਵਾਂ ਨੇੜੇ ਆ ਰਹੀਆਂ ਹਨ ਤਾਂ ਅੰਤਿਮ ਸਮੇਂ ’ਚ ਤਿਆਰੀ ਲਈ ਅਪਣਾਈਆਂ ਗਈਆਂ ਸਾਰੀਆਂ ਰਣਨੀਤੀਆਂ ਹੀ ਉਨ੍ਹਾਂ ਦੇ ਸਕੋਰ ਵਧਾਉਣ ’ਚ ਸਹਾਇਕ ਸਿੱਧ ਹੋ ਸਕਦੀਆਂ ਹਨ।
ਬੱਚੇ ਆਪਣੀ ਬੋਰਡ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨ? ਉਹ ਬੱਚੇ ਪੜ੍ਹਨ ਤੋਂ ਲੈ ਕੇ ਆਰਾਮ ਕਰਨ, ਖਾਣ-ਪੀਣ ਅਤੇ ਸੌਣ ਤਕ ਦੇ ਸਮੇਂ ਦੇ  ਲਈ ਇਕ ਸਮਾਂ-ਸਾਰਣੀ ਬਣਾਉਣ। ਇਸ ਨਾਲ ਚੰਗੀ ਤਿਆਰੀ ਦੇ ਨਾਲ-ਨਾਲ ਸਟਰੈੱਸ ਵੀ ਘੱਟ ਰਹੇਗਾ।
-ਪ੍ਰੀਖਿਆ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਬੱਚੇ ਸਾਰੇ ਵਿਸ਼ਿਆਂ ’ਤੇ ਬਰਾਬਰ ਧਿਆਨ ਦੇਣ। ਕਿਸੇ ਵੀ ਵਿਸ਼ੇ ਨੂੰ ਨਜ਼ਰਅੰਦਾਜ਼ ਨਾ ਕਰਦੇ ਹੋਏ ਸਮੇਂ ਅਤੇ ਵਿਸ਼ੇ ਦਰਮਿਆਨ ਸੰਤੁਲਨ ਬਣਾਈ ਰੱਖਣ।
- ਇਸ ਵਾਰ ਪ੍ਰੀਖਿਆ ’ਚ ਐੱਮ. ਸੀ. ਕਿਊ. ਦਾ ਅਹਿਮ ਰੋਲ ਹੋਵੇਗਾ। ਇਸ ਲਈ ਬੱਚੇ ਆਪਣੀਆਂ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਨੂੰ ਚੰਗੀ  ਤਰ੍ਹਾਂ ਜ਼ਰੂਰ ਪੜ੍ਹ ਲੈਣ ਕਿਉਂਕਿ ਕਿਸੇ ਵੀ ਛੋਟੇ ਤੋਂ ਛੋਟੇ ਬਿੰਦੂ ਨੂੰ ਲੈ ਕੇ ਸਵਾਲ ਬਣਾਏ ਜਾ ਸਕਦੇ ਹਨ।
-ਸੈਂਪਲ ਪੇਪਰਜ਼ ਨਾਲ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਇਸ ਗੱਲ ’ਤੇ ਧਿਆਨ ਦਿਓ ਕਿ ਉਨ੍ਹਾਂ ਨੂੰ ਕਿਸ ਵਿਸ਼ੇ ’ਚ ਕਿੰਨਾ ਸਮਾਂ ਲੱਗ ਰਿਹਾ  ਹੈ। ਇਸ ਨਾਲ ਇਹ ਪਤਾ ਲੱਗੇਗਾ ਕਿ ਕਿਸ ਵਿਸ਼ੇ ਨੂੰ ਕਿੰਨਾ ਸਮਾਂ ਦੇਣ ਦੀ ਲੋੜ ਹੈ।
- ਬੱਚੇ ਆਪਣੇ ਨੋਟਸ ਖੁਦ ਹੀ ਬਣਾਉਣ।
- ਉਨ੍ਹਾਂ ਨੂੰ ਜੋ ਸਵਾਲ ਔਖੇ ਲੱਗਦੇ ਹਨ ਉਨ੍ਹਾਂ ਦਾ ਵਾਰ-ਵਾਰ ਅਭਿਆਸ ਕਰਨ।
- ਬੋਰਡ ਪ੍ਰੀਖਿਆ ’ਚ ਜੋ ਸਵਾਲ ਆਉਂਦੇ ਹੋਣ ਉਨ੍ਹਾਂ ਨੂੰ ਪਹਿਲਾਂ ਹੱਲ ਕਰੋ।
- ਇਸ ਦੌਰਾਨ ਬੱਚਿਆਂ ਨੂੰ ਪੂਰੀ ਨੀਂਦ ਵੀ ਲੈਣੀ ਜ਼ਰੂਰੀ ਹੈ, ਤਾਂ ਹੀ ਉਨ੍ਹਾਂ ਦੀ ਇਕਾਗਰਤਾ ਵਧੇਗੀ ਅਤੇ ਉਨ੍ਹਾਂ ਦਾ ਦਿਮਾਗ ਵੀ ਚੰਗੀ ਤਰ੍ਹਾਂ ਕੰਮ ਕਰ ਸਕੇਗਾ। ਬੱਚੇ ਪੜ੍ਹਾਈ ਕਰਦੇ ਸਮੇਂ ਟੀ. ਵੀ., ਮੋਬਾਇਲ ਵਰਗੀਆਂ ਹੋਰ ਚੀਜ਼ਾਂ ਆਪਣੇ ਤੋਂ ਦੂਰ ਰੱਖਣ ਕਿਉਂਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਦਿਮਾਗ ਚੰਗੀ ਤਰ੍ਹਾਂ ਪੜ੍ਹਾਈ ’ਚ  ਨਹੀਂ  ਲੱਗਦਾ ਅਤੇ ਪੜ੍ਹਿਆ ਹੋਇਆ ਵੀ ਭੁੱਲ ਜਾਂਦਾ ਹੈ।
- ਬੋਰਡ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਸਭ ਤੋਂ ਮਹੱਤਵਪੂਰਨ ਹੈ ਕਿ ਸਥਿਰ ਅਤੇ ਸ਼ਾਂਤ ਵਾਤਾਵਰਣ ’ਚ ਅਧਿਐਨ ਕਰਨਾ। ਸ਼ਾਂਤ ਵਾਤਾਵਰਣ ’ਚ ਅਧਿਐਨ ਕਰਨ ਨਾਲ ਪੜ੍ਹਿਆ ਹੋਇਆ ਲੰਬੇ ਸਮੇਂ ਤਕ ਯਾਦ ਰਹਿੰਦਾ ਹੈ।
- ਉਹ ਆਪਣੀ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਰੱਖਣ। ਹਰ ਰੋਜ਼ ਕਸਰਤ ਕਰਨ ਅਤੇ ਪੌਸ਼ਟਿਕ ਭੋਜਨ ਲੈਣ।
- ਮਨ ਨੂੰ ਹਮੇਸ਼ਾ ਸਥਿਰ ਰੱਖਣ ਅਤੇ ਹਮੇਸ਼ਾ ਸਮਾਰਟ ਵਰਕ ਕਰਨ। ਵਿਸ਼ੇ ਦੇ ਹਿਸਾਬ ਨਾਲ ਬੋਰਡ ਪੇਪਰਜ਼ ਦੀ ਤਿਆਰੀ ਕਰਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਹਰ ਿਵਸ਼ਾ ਪੜ੍ਹਨ ਦੀ ਵੱਖਰੀ ਰਣਨੀਤੀ ਹੁੰਦੀ ਹੈ ਜਿਵੇਂ - ਗਣਿਤ-ਤੁਹਾਨੂੰ ਫਾਰਮੂਲੇ, ਡੈਰੀਵੇਸ਼ਨ ਅਤੇ ਲਾਜਿਕ ਜਿੰਨੇ ਚੰਗੀ ਤਰ੍ਹਾਂ ਆਉਂਦੇ ਹੋਣਗੇ, ਤੁਸੀਂ ਪੇਪਰ ਨੂੰ ਓਨੀ ਹੀ ਆਸਾਨੀ ਨਾਲ ਅਤੇ ਜਲਦੀ ਹੱਲ ਕਰ ਸਕੋਗੇ।
ਟੇਬਲ, ਫਾਰਮੂਲੇ, ਸ਼ਾਰਟ ਟ੍ਰਿਕਸ ਦੇ ਨੋਟਸ ਅਲੱਗ ਬਣਾ ਕੇ ਰੱਖ ਲਵੋ। ਇਹ ਅੰਤਿਮ ਸਮੇਂ ’ਚ ਤੁਹਾਡੀ ਬਹੁਤ ਮਦਦ ਕਰਨਗੇ।
-ਵਿਗਿਆਨ-ਫਿਜ਼ਿਕਸ, ਕੈਮਿਸਟਰੀ ਹੋਵੇ ਜਾਂ ਬਾਇਓਲੋਜੀ, ਹਰ ਵਿਸ਼ਾ ਬਰਾਬਰ ਹੈ। ਇਸਦੇ ਹਰ ਸੈਕਸ਼ਨ ਦੇ ਹਿਸਾਬ ਨਾਲ ਫਾਰਮੂਲੇ, ਫੰਕਸ਼ਨ, ਟੇਬਲ, ਟਰਮ, ਡਾਇਆਗ੍ਰਾਮ ਦੇ ਨੋਟਸ ਵੱਖਰੇ ਬਣਾ ਕੇ ਰੱਖੋ। ਖੁਦ ਨੋਟਸ ਬਣਾਓਗੇ ਤਾਂ ਜਲਦੀ ਅਤੇ ਜ਼ਿਆਦਾ ਸਮੇਂ ਤਕ ਚੀਜ਼ਾਂ ਯਾਦ ਰਹਿਣਗੀਆਂ।
ਭਾਸ਼ਾਵਾਂ
ਹਰੇਕ  ਭਾਸ਼ਾ ਦੀ ਵਿਆਕਰਣ ਨੂੰ ਅਲੱਗ ਪੜ੍ਹੋ ਅਤੇ ਸਮਝੋ। ਇਸਦੇ ਇਲਾਵਾ ਕਹਾਣੀ ਅਤੇ ਕਵਿਤਾ ਸੈਕਸ਼ਨ ’ਤੇ ਵੱਖਰੀ ਪਕੜ ਬਣਾਉਣੀ ਜ਼ਰੂਰੀ ਹੋਵੇਗੀ। ਇਸ ’ਚ ਕਹਾਣੀ ਅਤੇ ਕਵਿਤਾ ਨੂੰ ਹੱਲ  ਕਰਨ ਦਾ ਅਭਿਆਸ ਵੀ ਕਰਨਾ ਹੋਵੇਗਾ।
-ਸਮਾਜਿਕ ਵਿਗਿਆਨ-ਹਿਸਟਰੀ, ਪਾਲੀਟੀਕਲ ਸਾਇੰਸ ਅਤੇ ਜਿਓਗ੍ਰਾਫੀ ਦੀ ਵੱਖ-ਵੱਖ ਰਣਨੀਤੀ ਤਿਆਰ ਕਰੋ। ਹਿਸਟਰੀ ਨੂੰ ਜਿਥੇ ਕਹਾਣੀ ਵਾਂਗ ਵਾਰ-ਵਾਰ ਪੜ੍ਹੋ, ਉਥੇ ਤਰੀਕਾਂ ਯਾਦ ਕਰਨ ਲਈ ਫਲੋ ਚਾਰਟ ਜਾਂ ਟੇਬਲ  ਜਾਂ ਕੋਈ ਤਰੀਕਾ ਅਪਣਾਓ। ਮੈਪ ’ਤੇ ਜਿਓਗ੍ਰਾਫੀ ਦਾ ਅਭਿਆਸ ਜ਼ਰੂਰ ਕਰ ਲਵੋ। ਬੋਰਡ ਪ੍ਰੀਖਿਆ ’ਚ ਮਾਪਿਆਂ ਦਾ ਸਹਿਯੋਗ ਲਾਜ਼ਮੀ ਹੈ। ਪ੍ਰੀਖਿਆ ਦੌਰਾਨ ਵਿਦਿਆਰਥੀ ਆਪਣੀ ਸਿਹਤ ਪ੍ਰਤੀ ਲਾਪ੍ਰਵਾਹ ਹੋ ਜਾਂਦੇ ਹਨ। ਉਹ ਭਰਪੂਰ ਨੀਂਦ ਨਹੀਂ ਲੈਂਦੇ। ਟੈਨਸ਼ਨ ’ਚ ਘੱਟ ਖਾਂਦੇ ਹਨ ਜਿਸ ਕਾਰਨ ਉਨ੍ਹਾਂ ਦੀ ਸਿਹਤ ’ਤੇ ਉਲਟ ਅਸਰ ਪੈਂਦਾ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਮਾਤਾ-ਪਿਤਾ ਇਕ ਅਹਿਮ ਭੂਮਿਕਾ ਨਿਭਾਉਂਦੇ ਹਨ। ਮਾਤਾ-ਪਿਤਾ ਦੀ ਭੂਮਿਕਾ ਬੱਚਿਆਂ ਦੇ ਸਹਾਇਕ ਦੇ ਰੂਪ ’ਚ ਸੰਜੀਵਨੀ  ਦਾ ਕੰਮ ਕਰਦੀ ਹੈ ਜਿਸ ਨਾਲ ਬੱਚਿਆਂ ਦੇ ਪ੍ਰਦਰਸ਼ਨ ’ਚ ਅਨੁਕੂਲ ਵਾਧਾ ਹੁੰਦਾ ਹੈ।
- ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਘਰ ’ਚ ਹਾਂ-ਪੱਖੀ ਮਾਹੌਲ ਬਣਾ ਕੇ ਰੱਖਣ, ਜਿਸ ਨਾਲ ਬੱਚੇ ਸ਼ਾਂਤ ਭਾਵ ’ਚ ਪੜ੍ਹ ਸਕਣ।
- ਉਹ ਬੱਚੇ ਨੂੰ ਸੁਤੰਤਰ ਤੌਰ ’ਤੇ ਪੜ੍ਹਨ ਦੇਣ। ਚੰਗੇ ਅੰਕ ਲਿਅਾਉਣ ਦਾ ਬੋਝ ਉਨ੍ਹਾਂ ’ਤੇ ਨਾ ਲੱਦਣ।
- ਮਾਪਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਬੱਚੇ ਸੰਤੁਲਿਤ ਭੋਜਨ ਕਰਨ।
- ਉਨ੍ਹਾਂ ਨੂੰ ਇਹ ਵੀ ਧਿਆਨ ਦੇਣਾ ਹੋਵੇਗਾ ਕਿ ਬੱਚਾ ਆਰਾਮ ਵੀ ਕਰੇ ਅਤੇ ਪੂਰੀ ਨੀਂਦ ਵੀ ਲਵੇ।
- ਉਹ ਲਗਾਤਾਰ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਰਹਿਣ।
- ਮਾਪਿਆਂ ਨੂੰ ਵੀ ਟੀ. ਵੀ. ਦੇਖਣਾ, ਉੱਚੀ ਆਵਾਜ਼ ’ਚ ਗਾਣੇ ਸੁਣਨਾ ਜਾਂ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਬੱਚਿਆਂ ਦਾ ਧਿਆਨ ਪੜ੍ਹਾਈ ਤੋਂ ਭਟਕੇ।
-ਪ੍ਰੀਖਿਆ ਦੌਰਾਨ ਮਾਪਿਆਂ ਨੂੰ ਮਹਿਮਾਨਾਂ ਅਤੇ ਰਿਸ਼ਤੇਦਾਰਾਂ ਨੂੰ ਘਰ ’ਚ ਨਹੀਂ ਸੱਦਣਾ ਚਾਹੀਦਾ। ਇਸ ਨਾਲ ਵੀ ਬੱਚਿਆਂ ਦਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ ਹੈ।
-ਪ੍ਰੀਖਿਆ ਦੌਰਾਨ ਮਾਪੇ ਇਹ ਯਕੀਨੀ ਬਣਾਉਣ ਕਿ ਬੱਚੇ ਸਮੇਂ ਸਿਰ ਪ੍ਰੀਖਿਆ ਕੇਂਦਰ ’ਤੇ ਪਹੁੰਚਣ।
-ਬੱਚੇ ਬੋਰਡ ਪ੍ਰੀਖਿਆ ਦਾ ਡਰ ਮਨ ’ਚੋਂ ਕੱਢ ਦੇਣ ਅਤੇ ਪ੍ਰੀਖਿਆ ਦੇਣ ਤੋਂ ਕਦੇ ਵੀ ਨਾ ਘਬਰਾਉਣ। ਜਿਵੇਂ ਉਹ ਪਹਿਲੀਆਂ ਜਮਾਤਾਂ ’ਚ ਪ੍ਰੀਖਿਆ ਦਿੰਦੇ ਆਏ ਹਨ ਉਵੇਂ ਹੀ ਬੋਰਡ ਪ੍ਰੀਖਿਆ ਵੀ ਇਕ ਪ੍ਰੀਖਿਆ ਹੀ ਹੈ ਅਤੇ ਪ੍ਰੀਖਿਆ ਦੀ ਚੰਗੇ ਢੰਗ ਨਾਲ ਕੀਤੀ ਗਈ ਤਿਆਰੀ ਉਨ੍ਹਾਂ ਨੂੰ ਉਨ੍ਹਾਂ ਦੀ ਬੋਰਡ ਪ੍ਰੀਖਿਆ ’ਚ ਚੰਗੇ ਅੰਕ ਦਿਵਾ ਸਕਦੀ ਹੈ। ਬਸ ਉਹ ਖੁਦ ’ਤੇ ਯਕੀਨ ਬਣਾਈ ਰੱਖਣ। ਸਫਲਤਾ ਉਨ੍ਹਾਂ ਦੇ ਕਦਮ ਜ਼ਰੂਰ ਚੁੰਮੇਗੀ।


Karan Kumar

Content Editor

Related News