ਕਾਂਗਰਸ ਲਈ ਲੋਕ ਸਭਾ ਚੋਣਾਂ ਜਿੱਤਣ-ਮਰਨ ਵਰਗਾ

Sunday, Mar 03, 2024 - 02:00 PM (IST)

ਕਾਂਗਰਸ ਲਈ ਲੋਕ ਸਭਾ ਚੋਣਾਂ ਜਿੱਤਣ-ਮਰਨ ਵਰਗਾ

2024 ਦੀਆਂ ਲੋਕ ਸਭਾ ਚੋਣਾਂ ਲਈ ਢੋਲ ਨਗਾਰੇ ਵੱਜ ਗਏ ਹਨ ਅਤੇ ਕਾਂਗਰਸ ਦੇ ਆਗੂ ‘ਨਿਆਂ ਯਾਤਰਾ’ ਕਰ ਰਹੇ ਹਨ। ਕਿਹੋ ਜਿਹੀ ਤ੍ਰਾਸਦੀ ਹੈ? ਸੱਤਾ ਧਿਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਚੋਣ ਖੇਤਰਾਂ ਦੇ ਸਿਪਾਹੀਆਂ ਨੂੰ ਲੜਨ-ਭਿੜਨ ਲਈ ਚੁਣ ਵੀ ਲਿਆ ਹੈ, ਜਦ ਕਿ ਕਾਂਗਰਸ ਦੇ ਰਾਜਕੁਮਾਰ ਸੜਕਾਂ ’ਤੇ ‘ਨਿਆਂ ਯਾਤਰਾ’ ਲਈ ਘੁੰਮ ਰਹੇ ਹਨ।

ਸੋਨੀਆ ਗਾਂਧੀ, ਖੜਗੇ ਸਾਹਿਬ ਜਾਂ ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਇਕ ਨਵੇਂ ਗੱਠਜੋੜ ‘ਇੰਡੀਆ’ ਦਾ ਗਠਨ ਕਰ ਰਹੇ ਹਨ ਪਰ ਗਠਨ ਕਰਦਿਆਂ-ਕਰਦਿਆਂ ‘ਨਿਆਂ ਯਾਤਰਾ’ ’ਤੇ ਕਿਉਂ ਨਿਕਲ ਗਏ? ਇਹ ਅਸਥਿਰ ਮਨ ਦਾ ਸੰਕੇਤ ਹੈ। ਰਾਹੁਲ ਗਾਂਧੀ ਆਤਮ-ਮੁਗਧਤਾ ਤੋਂ ਉੱਪਰ ਉੱਠਣ ਅਤੇ ਕਾਂਗਰਸ ਸਾਹਮਣੇ ਜੋ ਵੱਡਾ ਖਤਰਾ 2024 ਦੀਆਂ ਲੋਕ ਸਭਾ ਚੋਣਾਂ ਹਨ, ਉਸ ਵੱਲ ਧਿਆਨ ਦੇਣ। ਰਾਹੁਲ ਦਾ ਮੁਕਾਬਲਾ ਨਰਿੰਦਰ ਮੋਦੀ ਨਾਲ ਹੈ, ਕਿਸੇ ਸਿਖਾਂਦਰੂ ਸਿਆਸੀ ਆਗੂ ਨਾਲ ਨਹੀਂ। ਇਹ ਹਿਜਰਤ ਹੈ।

2024 ਦੀਆਂ ਲੋਕ ਸਭਾ ਚੋਣਾਂ ਦਾ ਯੁੱਧ ਲੜਨ। ਯੁੱਧ ਜਿੱਤ ਗਏ ਤਾਂ ‘ਨਿਆਂ ਯਾਤਰਾ’ ਵੀ ਸੰਪੂਰਨ ਅਤੇ ‘ਤੁਹਾਡੀ’ ਪਿਛਲੀ ‘ਭਾਰਤ ਜੋੜੋ’ ਯਾਤਰਾ ਦੀ ਸਫਲਤਾ ਵੀ ਸਿੱਧ ਹੋ ਜਾਵੇਗੀ। ਯੁੱਧ ਹਾਰ ਗਏ ਤਾਂ ਜਗ ਹਸਾਈ ਹੋਵੇਗੀ। ਭਾਰਤੀ ਜਨਤਾ ਪਾਰਟੀ ਨੇ ਭਾਰਤ ਦੀ ਜਨਤਾ ਦੇ ਮਨੋਵਿਗਿਆਨ ਨੂੰ ਲੋਕ ਸਭਾ ਦੀਆਂ 400 ਸੀਟਾਂ ’ਚ ਘੇਰ ਲਿਆ ਹੈ। 22 ਜਨਵਰੀ ਨੂੰ ਅਯੁੱਧਿਆ ’ਚ ਰਾਮਲੱਲਾ ਦੀ ‘ਪ੍ਰਾਣ ਪ੍ਰਤਿਸ਼ਠਾ’ ਨੇ ਭਾਰਤੀ ਜਨਤਾ ਪਾਰਟੀ ਦੇ ਹੌਸਲਿਆਂ ਨੂੰ ਹੋਰ ਰਫਤਾਰ ਦੇ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਭਾਰਤ ਦੀ ਜਨਤਾ ਲੋਕਤੰਤਰ ’ਚ ਕਿਸ ਦੇ ਸਿਰ ਤਾਜ ਪਹਿਨਾਉਣਾ ਚਾਹੁੰਦੀ ਹੈ?

ਰਾਹੁਲ ਗਾਂਧੀ ਨਿਆਂ ਆਪਣੇ ਲਈ ਮੰਗ ਰਹੇ ਹਨ ਜਾਂ ਭਾਰਤ ਦੀ 140 ਕਰੋੜ ਜਨਤਾ ਲਈ। ਜੇ ਨਿਆਂ ਆਪਣੇ ਲਈ ਮੰਗ ਰਹੇ ਹਨ ਤਾਂ ਫਿਰ ‘ਨਿਆਂ ਯਾਤਰਾ’ ’ਚ ਲੱਗੇ ਰਹਿਣ ਅਤੇ ਜੇ ਜਨਤਾ ਲਈ ਨਿਆਂ ਮੰਗ ਰਹੇ ਹਨ ਤਾਂ ਲੋਕ ਸਭਾ ਦਾ ਯੁੱਧ ਜਿੱਤੋ। ਕਾਂਗਰਸ ਦੇ ਸਾਹਮਣੇ 2024 ਦੀਆਂ ਲੋਕ ਸਭਾ ਚੋਣਾਂ ਜਿਊਣ-ਮਰਨ ਦਾ ਸਵਾਲ ਹੋਣਾ ਚਾਹੀਦਾ ਹੈ। ਉਂਝ ਤਾਂ ਸਾਰੀ ਵਿਰੋਧੀ ਧਿਰ ਲਈ 2024 ਦੀਆਂ ਲੋਕ ਸਭਾ ਚੋਣਾਂ ਖਤਰੇ ਦੀ ਘੰਟੀ ਹਨ। ਤੁਸੀਂ ਪੁੱਛੋਗੇ ਕਿਉਂ?

ਇਸ ਲਈ ਕਿ 2014 ਤੋਂ 2024 ਦੇ ਇਨ੍ਹਾਂ ਦਸ ਸਾਲਾਂ ’ਚ ਨਰਿੰਦਰ ਮੋਦੀ ਨੇ ਆਪਣੇ ਆਚਾਰ-ਵਿਹਾਰ ਨਾਲ ਵਿਸ਼ਵ ਭਰ ਦੇ ਆਗੂਆਂ ’ਚ ਆਪਣੀ ਪੈਠ ਬਣਾ ਲਈ ਹੈ। ਕੋਈ ਮੰਨ ਹੀ ਨਹੀਂ ਸਕਦਾ ਸੀ ਕਿ ਜੰਮੂ-ਕਸ਼ਮੀਰ ’ਚ ਧਾਰਾ 370 ਖਤਮ ਹੋਵੇਗੀ। ਕੌਣ ਜਾਣਦਾ ਸੀ ਕਿ 500 ਸਾਲਾਂ ਤੋਂ ਲਟਕਦਾ ਚੱਲਿਆਂ ਆ ਰਿਹਾ ਬਾਬਰੀ ਮਸਜਿਦ ਝਗੜਾ ਹੱਲ ਹੋਵੇਗਾ? ਹੋ ਗਿਆ, ਸਿਹਰਾ ਮੋਦੀ ਨੂੰ ਮਿਲਿਆ। ਨਰਿੰਦਰ ਮੋਦੀ ਜਿੱਥੇ ਵੀ ਜਾਂਦੇ ਹਨ, ਖੁਦ-ਬ-ਖੁਦ ‘ਮੋਦੀ-ਮੋਦੀ’ ਹੋਣ ਲੱਗਦਾ ਹੈ।

ਰਾਹੁਲ ਗਾਂਧੀ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਲਗਭਗ 300 ਪ੍ਰਬੁੱਧ ਸੰਘ ਪ੍ਰਚਾਰਕਾਂ ਦੀ ਟੀਮ ਮੋਦੀ ਦੀ ਸਲਾਹਕਾਰ ਟੀਮ ਹੈ। ਮੋਦੀ 24 ਘੰਟੇ ਮੀਡੀਆ ’ਚ ਦਹਾੜਦੇ ਨਜ਼ਰ ਆਉਣਗੇ। ਸਾਰਾ ਮੀਡੀਆ ਮੋਦੀ ਅੱਗੇ ਨਤਮਸਤਕ ਹੈ। ਉਹ ਵਧੀਆ ਬੁਲਾਰੇ ਹਨ। ਰਾਸ਼ਟਰੀ ਸਵੈਮ-ਸੇਵਕ ਸੰਘ ਦਾ ਸ਼ਕਤੀਸ਼ਾਲੀ ਸੰਗਠਨ ਮੋਦੀ ਲਈ ਕਾਰਜਸ਼ੀਲ ਹੈ। ਭਾਰਤੀ ਜਨਤਾ ਪਾਰਟੀ ਦੇ ਲੱਖਾਂ ਵਰਕਰ ਬਿਨਾਂ ਓਵਰ ਕਾਨਫੀਡੈਂਟ ਹੋਏ ਕੰਮ ’ਚ ਲੱਗੇ ਹੋਏ ਹਨ। ਬੂਥ ਪੱਧਰ ਤੱਕ ਇਕ ਵੱਡੇ ਤੋਂ ਵੱਡਾ ਵਰਕਰ ਨਿਰਸਵਾਰਥ ਭਾਵ ਨਾਲ ਲੱਗਾ ਹੋਇਆ ਹੈ। ਸੇਠ-ਸ਼ਾਹੂਕਾਰ ਪਾਰਟੀ ਨੂੰ ਚੋਣ ਫੰਡ ਦੇਣ ’ਚ ਮਾਣ ਮਹਿਸੂਸ ਕਰਦੇ ਹਨ। ਚੱਲਦੇ ਹਨ ਤਾਂ ਮੰਨੋ ਇਕੱਲਾ ਸ਼ੇਰ ਸੈਰ ਨੂੰ ਨਿਕਲਿਆ ਹੈ। ਕੋਈ ਥਕਾਵਟ ਨਹੀਂ। ਉਨ੍ਹਾਂ ਦਾ ਆਪਣਾ ਕੋਈ ਨਹੀਂ ਸਿਵਾਏ ਆਪਣੇ ਦੇਸ਼ ਦੇ।

24 ਘੰਟੇ ਕੰਮ ’ਚ ਲੱਗਿਆਂ ਲੋਕ ਸਭਾ ਦੀਆਂ 400 ਸੀਟਾਂ ਦਾ ਮਨੋਵਿਗਿਆਨ ਲੋਕਾਂ ਦੇ ਦਿਲ-ਓ-ਦਿਮਾਗ ’ਚ ਬਿਠਾ ਦਿੱਤਾ ਹੈ ਕਿ ਛੋਟੇ ਤੋਂ ਛੋਟਾ ਵਰਕਰ ਵੀ 400 ਸੀਟਾਂ ਤੋਂ ਘੱਟ ਦੀ ਗੱਲ ਨਹੀਂ ਕਰਦਾ। ਰਾਹੁਲ ਗਾਂਧੀ ਇਹ ਵੀ ਨਹੀਂ ਜਾਣਦੇ ਕਿ ਇਕ ਹੀ ਵਿਅਕਤੀ ਸਰਬ-ਸ਼ਕਤੀਮਾਨ ਬਣ ਗਿਆ ਹੈ ਜੋ ਲੋਕਤੰਤਰ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ।

ਰਾਹੁਲ ਗਾਂਧੀ ਸੋਚੇ। ਭਾਰਤ ਦੀ ਜਨਤਾ ਥੋੜ੍ਹਾ ਵਿਚਾਰ ਤਾਂ ਕਰੇ ਕਿ ਸਾਰਾ ਸਿਆਸੀ ਵਾਤਾਵਰਣ ਵਿਰੋਧੀ ਧਿਰ ਵਿਹੀਣ ਦਿਖਾਈ ਦੇ ਰਿਹਾ ਹੈ। ਜੇ ਕਿਤੇ ਕੋਈ ਵਿਰੋਧੀ ਧਿਰ ਆਗੂ ਵਿਖਾਈ ਵੀ ਦਿੰਦਾ ਹੈ ਤਾਂ ਉਹ ਤੇਜਹੀਣ। ਉੱਪਰੋਂ ਈ. ਡੀ. ਜਾਂ ਇਨਕਮ ਟੈਕਸ ਵਾਲਿਆਂ ਦਾ ਅਜਿਹਾ ਭੈਅ ਕਿ 40 ਫੀਸਦੀ ਭੱਜਦਾ-ਭੱਜਦਾ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਰਿਹਾ ਹੈ।

ਥੋੜ੍ਹਾ ਜਨਤਾ ਦਿਮਾਗ ’ਤੇ ਜ਼ੋਰ ਦੇ ਕੇ ਦੇਖੇ ਕਿ ਇਕੱਲੇ ਰਾਹੁਲ ਗਾਂਧੀ ਹੀ ਵਿਰੋਧੀ ਧਿਰ ’ਚ ਬੋਲਦੇ ਹਨ, ਬਾਕੀ ਵਿਰੋਧੀ ਧਿਰ ਕਿੱਥੇ ਹੈ। ਤ੍ਰਾਸਦੀ ਇਹ ਵੀ ਹੈ ਕਿ ਕੋਈ ਵੀ ਬੁੱਧੀਮਾਨ ਵਿਅਕਤੀ ਰਾਹੁਲ ਗਾਂਧੀ ਨੂੰ ਗੰਭੀਰਤਾ ਨਾਲ ਲੈਂਦਾ ਹੀ ਨਹੀਂ। ਰਾਹੁਲ ਗਾਂਧੀ ਦੀ ਬਾਡੀ ਲੈਂਗੂਏਜ ਹੀ ਇਕ ਸਿਆਸੀ ਆਗੂ ਦੀ ਨਹੀਂ ਲੱਗਦੀ। ਭਾਰਤ ਦੀ ਜਨਤਾ ਇਹ ਵੀ ਦੇਖ ਰਹੀ ਹੈ ਕਿ ਜਦ ਤੋਂ ਰਾਹੁਲ ਗਾਂਧੀ ਕਾਂਗਰਸ ’ਚ ਕਰਤਾ-ਧਰਤਾ ਬਣੇ ਹਨ ਅਤੇ ਰਾਹੁਲ ਗਾਂਧੀ ਦੀ ਅਗਵਾਈ ’ਚ ਜਿੰਨੀਆਂ ਵੀ ਚੋਣਾਂ ਹੋਈਆਂ ਹਨ, ਕਾਂਗਰਸ 90 ਫੀਸਦੀ ਚੋਣਾਂ ਹਾਰਦੀ ਆ ਰਹੀ ਹੈ।

ਖੜਗੇ ਅਤੇ ਸੋਨੀਆ ਗਾਂਧੀ ਇਸ ’ਤੇ ਵਿਚਾਰ ਕਿਉਂ ਨਹੀਂ ਕਰ ਰਹੇ? ਆਖਿਰ ਕਾਂਗਰਸ ਦਾ ਇਕ ਲੰਬਾ ਅਤੇ ਮਾਣਮੱਤਾ ਇਤਿਹਾਸ ਰਿਹਾ ਹੈ। ਨਰਿੰਦਰ ਮੋਦੀ ਦੀਆਂ ਗਾਰੰਟੀਆਂ ਅੱਗੇ ਕਾਂਗਰਸ ਭੈਅਭੀਤ ਕਿਉਂ ਹੈ। ਕੀ ਵਿਰੋਧੀ ਧਿਰ ਦੀ ਸਮਰੱਥ ਭੂਮਿਕਾ ਨਹੀਂ ਨਿਭਾਅ ਰਹੀ ਹੈ? ਲੁੜ੍ਹਕਦੀ ਕਿਉਂ ਆ ਰਹੀ ਹੈ? ਕੀ ਕਾਂਗਰਸ ਵਿਚਾਰਹੀਣ ਹੋ ਗਈ ਹੈ ਜਾਂ ਵਿਚਾਰ ਕਰਨਾ ਹੀ ਨਹੀਂ ਚਾਹੁੰਦੀ? ਹਾਰਾਂ ’ਤੇ ਹਾਰ ’ਤੇ ਵਿਚਾਰ ਕਿਉਂ ਨਹੀਂ?

ਕਦੀ ਇਕ ਤੇ ਕਦੀ ਦੂਜੀ ਵਿਰੋਧੀ ਧਿਰ ਦੇ ਆਗੂਆਂ ਦੇ ਮੋਢਿਆਂ ਦਾ ਸਹਾਰਾ ਲੈ ਰਹੀ ਹੈ। ਆਪਣਾ ਬੀਤੇ ਦਾ ਇਤਿਹਾਸ ਖੋਜੇ। ਰਾਹੁਲ ਗਾਂਧੀ ਤੋਂ ਇਲਾਵਾ ਵਿਰੋਧੀ ਧਿਰ ’ਚ ਹੈ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈੈਨਰਜੀ ਪਰ ਖਤਰੇ ਦੀ ਘੰਟੀ ਇਸ ਵਿਰੋਧੀ ਧਿਰ ਆਗੂ ਦੇ ਦਰਵਾਜ਼ੇ ’ਤੇ ਦਸਤਕ ਦਿੰਦੀ ਦਿਖਾਈ ਦਿੰਦੀ ਹੈ। ਆਓ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰੀਏ।

ਉੱਤਰ ਪ੍ਰਦੇਸ਼ ’ਚ ਵਿਰੋਧੀ ਧਿਰ ਦੇ ਆਗੂ ਹਨ ਅਖਿਲੇਸ਼ ਯਾਦਵ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨਾਲ ਹੱਥ ਮਿਲਾਇਆ ਹੈ। ਬਿਹਾਰ ’ਚ ਵਿਰੋਧੀ ਧਿਰ ’ਚ ਖੜ੍ਹੇ ਹਨ ਇਕ ਨੌਜਵਾਨ ਆਗੂ ਲਾਲੂ ਪ੍ਰਸਾਦ ਦੇ ਬੇਟੇ ਤੇਜਸਵੀ ਯਾਦਵ ਪਰ ਹਾਲ ਹੀ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਉਨ੍ਹਾਂ ਤੋਂ ਵੱਖਰੇ ਹੋ ਕੇ ਨਰਿੰਦਰ ਮੋਦੀ ਨਾਲ ਮਿਲ ਜਾਣਾ ਕੋਈ ਦੂਜੀ ਹੀ ਕਹਾਣੀ ਬਿਹਾਰ ’ਚ ਕਹਿ ਰਿਹਾ ਹੈ। ਯੂ. ਪੀ. ਅਤੇ ਬਿਹਾਰ ’ਚ ਲੱਗਦਾ ਨਹੀਂ ਕਿ ਵਿਰੋਧੀ ਧਿਰ ਕੋਈ ਅਣਹੋਣੀ 2024 ਦੀਆਂ ਲੋਕ ਸਭਾ ਚੋਣਾਂ ’ਚ ਕਰ ਸਕੇ। ਇਹ ਵੀ ਸਮਾਂ ਹੀ ਦੱਸੇਗਾ ਕਿ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਯੂ. ਪੀ. ’ਚ ਕੀ ਕਰਦੇ ਹਨ? ਅਜੇ ਤੱਕ ਮਾਇਆਵਤੀ ਦੀ ਸਥਿਤੀ ਬੇਯਕੀਨੀ ਵਾਲੀ ਬਣੀ ਹੋਈ ਹੈ। ਮਾਇਆਵਤੀ ਦਾ ਕ੍ਰਿਸ਼ਮਾ ਕੀ ਕਰੇਗਾ, ਅਜੇ ਕੁਝ ਕਹਿਣਾ ਦੂਰ ਦੀ ਕੌਡੀ ਹੈ।

ਹਰਿਆਣਾ ’ਚ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਹਨ ਪਰ ਉਮਰ ਲੰਘ ਚੁੱਕੀ ਹੈ। ਦੇਖਣਾ ਇਹ ਵੀ ਹੋਵੇਗਾ ਕਿ ਹਰਿਆਣਾ ’ਚ ‘ਇਨੈਲੋ’ ਭਾਜਪਾ ਨਾਲ ਚੱਲਦੀ ਹੈ ਜਾਂ ਵੱਖ ਰਾਹ ਅਪਣਾਉਂਦੀ ਹੈ? ਰਾਜਸਥਾਨ ’ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ’ਚ ਕਮਲਨਾਥ ਜਾਂ ਦਿਗਵਿਜੇ ਸਿੰਘ ਆਪਣੀ ਭੂਮਿਕਾ ਵਿਰੋਧੀ ਧਿਰ ਆਗੂ ਵਜੋਂ ਕਿੰਨੀ ਕਾਰਗਰ ਨਿਭਾਉਂਦੇ ਹਨ।

ਇਸੇ ਤਰ੍ਹਾਂ ਦਾ ਸਿਆਸੀ ਧੁੰਦਲਕਾ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦਾ ਹੈ। ਉੱਥੇ ਦੇਖਣਾ ਇਹ ਹੋਵੇਗਾ ਕਿ ਮਹਿਬੂਬਾ ਮੁਫਤੀ, ਫਾਰੂਕ ਅਬਦੁੱਲਾ ਨਾਲ ਮਿਲ ਕੇ ਚੋਣ ਲੜਦੀ ਹੈ ਜਾਂ ਵੱਖ-ਵੱਖ ਹੋ ਕੇ ਆਪਣੀ ਕਿਸਮਤ ਅਜ਼ਮਾਉਂਦੇ ਹਨ।

ਹੁਣ ਦਿੱਲੀ ਦੇ ਕੇਜਰੀਵਾਲ ਅਤੇ ਪੰਜਾਬ ’ਚ ਭਗਵੰਤ ਮਾਨ ਦੋਵੇਂ ਮੁੱਖ ਮੰਤਰੀ ਕਿਸ ਪਾਸੇ ਰੁਖ ਕਰਦੇ ਹਨ। ‘ਆਪ’ ਸਰਕਾਰ ਦਿੱਲੀ ਅਤੇ ਪੰਜਾਬ ’ਚ ਵਿਰੋਧੀ ਧਿਰ ਦੀਆਂ ਸਰਕਾਰਾਂ ਸੰਭਾਲੀ ਬੈਠੇ ਹਨ। ‘ਆਪ’ ਇਕ ਨਵੀਂ ਪਾਰਟੀ ਹੈ, ਸ਼ਾਇਦ ਵਿਰੋਧੀ ਧਿਰ ਲਈ ਕੋਈ ਕ੍ਰਿਸ਼ਮਾ ਕਰ ਸਕੇ ਪਰ ਲੋਕਾਂ ’ਚ ‘ਆਪ’ ਵਰਗੀ ਨਵੀਂ ਪਾਰਟੀ ’ਤੇ ਆਸ ਲਾਉਣੀ ਮ੍ਰਿਗ-ਤ੍ਰਿਸ਼ਨਾ ਦੇ ਬਰਾਬਰ ਨਾ ਹੋਵੇ ਪਰ ਮੋਦੀ ਖਿਲਾਫ ‘ਆਪ’ ਆਪਣੀਆਂ-ਆਪਣੀਆਂ ਗੋਟੀਆਂ ਫਿੱਟ ਕਰਦੀਆਂ ਨਜ਼ਰ ਆ ਰਹੀਆਂ ਹਨ।

ਜੇ ਦੇਸ਼ ’ਚ ਲੋਕਤੰਤਰ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਵਿਰੋਧੀ ਧਿਰ ਨੂੰ ਆਪਣੀ ਭੂਮਿਕਾ ਦਾ ਪਤਾ ਹੋਣਾ ਚਾਹੀਦਾ ਹੈ। ਵਿਰੋਧੀ ਧਿਰ ਸੱਤਾ ਧਿਰ ਦਾ ਬਦਲ ਹੈ। ਵਿਰੋਧੀ ਧਿਰ ਦਾ ਕਮਜ਼ੋਰ ਹੋਣਾ ਲੋਕਤੰਤਰ ਲਈ ਹਾਨੀਕਾਰਕ ਹੈ।

ਮਾ. ਮੋਹਨ ਲਾਲ (ਸਾਬਕਾ ਟ੍ਰਾਂਸਪੋਰਟ ਮੰਤਰੀ, ਪੰਜਾਬ)


author

Rakesh

Content Editor

Related News