ਆਓ ਜਾਣੀਏ ਆਪਣੇ ਪ੍ਰਧਾਨ ਮੰਤਰੀ ਨੂੰ

Tuesday, Oct 22, 2024 - 01:36 PM (IST)

ਆਓ ਜਾਣੀਏ ਆਪਣੇ ਪ੍ਰਧਾਨ ਮੰਤਰੀ ਨੂੰ

ਸਾਨੂੰ ਆਪਣੀਆਂ ਧੀਆਂ ’ਤੇ ਓਨਾ ਹੀ ਮਾਣ ਹੋਣਾ ਚਾਹੀਦਾ ਹੈ, ਜਿੰਨਾ ਅਸੀਂ ਆਪਣੇ ਪੁੱਤਰਾਂ ’ਤੇ ਕਰਦੇ ਹਾਂ। ‘ਪੁੱਤ ਤੇ ਧੀ ਬਰਾਬਰ’, ਆਓ ਅਸੀਂ ਬੇਟੀਆਂ ਦੇ ਜਨਮ ਦਾ ਜਸ਼ਨ ਮਨਾਈਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੱਚੀਆਂ ਦੀ ਦੇਖਭਾਲ ਸਾਡਾ ਮੰਤਰ ਹੋਣਾ ਚਾਹੀਦਾ ਹੈ। ਮੋਦੀ ਜੀ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੀ ਸ਼ੁਰੂਆਤ ਕੀਤੀ, ਜਿਸ ਦੀ ਬਦੌਲਤ ਅੱਜ ਧੀਆਂ ਪੜ੍ਹ-ਲਿਖ ਕੇ ਸਮਾਜ ਵਿਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਰਹੀਆਂ ਹਨ।

ਮੋਦੀ ਜੀ ਨੇ ਜੈਮ ਦੀ ਤਾਕਤ ਦਾ ਫਾਇਦਾ ਉਠਾਉਂਦੇ ਹੋਏ ਜਨ-ਧਨ, ਆਧਾਰ ਅਤੇ ਮੋਬਾਈਲ ਲਾਂਚ ਕੀਤਾ ਅਤੇ ਕਿਹਾ ਕਿ ਭਾਰਤ ਦਾ ਭਵਿੱਖ ਇਨ੍ਹਾਂ ਸ਼ਬਦਾਂ ਵਿਚ ਹੀ ਹੈ। ਜਨਤਾ ਵਿਚ ਤਕਨਾਲੋਜੀ ਦੀ ਵੱਧ ਤੋਂ ਵੱਧ ਪਹੁੰਚ ਬਣਾਈ ਹੈ। ਆਜ਼ਾਦੀ ਦੇ 67 ਸਾਲਾਂ ਬਾਅਦ ਵੀ ਭਾਰਤ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਅਜਿਹਾ ਸੀ, ਜਿਸ ਦੀ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਨਹੀਂ ਸੀ। ਪ੍ਰਧਾਨ ਮੰਤਰੀ ਨੇ 28 ਅਗਸਤ ਨੂੰ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸ ਤਹਿਤ ਕੁਝ ਮਹੀਨਿਆਂ ਵਿਚ ਹੀ 55 ਕਰੋੜ ਗਰੀਬਾਂ ਦੇ ਖਾਤੇ ਖੋਲ੍ਹੇ ਗਏ ਹਨ।

ਹੁਣ ਸਰਕਾਰ ਵੱਲੋਂ ਮਿਲਣ ਵਾਲੇ ਲਾਭਾਂ ਦਾ ਇਕ-ਇਕ ਪੈਸਾ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਲਾਭਪਾਤਰੀਆਂ ਦੇ ਖਾਤਿਆਂ ਵਿਚ ਜਮ੍ਹਾ ਕਰਵਾਇਆ ਜਾ ਰਿਹਾ ਹੈ, ਕਿਉਂਕਿ ਕਾਂਗਰਸ ਸਰਕਾਰ ਦੌਰਾਨ ਕਈ ਦਹਾਕਿਆਂ ਤੱਕ ਭ੍ਰਿਸ਼ਟਾਚਾਰ ਹੁੰਦਾ ਰਿਹਾ, ਜਿਸ ਦੀ ਪੁਸ਼ਟੀ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਕੀਤੀ ਸੀ ਕਿ ਜੇਕਰ ਮੈਂ ਇਕ ਰੁਪਿਆ ਭੇਜਦਾ ਹਾਂ ਤਾਂ 90 ਪੈਸੇ ਭ੍ਰਿਸ਼ਟਾਚਾਰੀ ਖਾ ਜਾਂਦੇ ਹਨ। ਮੋਦੀ ਜੀ ਨੇ ਜਨ-ਧਨ ਯੋਜਨਾ ਰਾਹੀਂ ਲੋਕਾਂ ਨੂੰ ਇਸ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਇਆ। ਮੋਦੀ ਜੀ ਨੇ ਕਿਹਾ ਕਿ ਮੇਰਾ ਪੱਕਾ ਵਿਸ਼ਵਾਸ ਹੈ ਕਿ ਭਾਰਤ ਵਿਚ ਬਹੁਤ ਸਾਰੀ ਉੱਦਮੀ ਊਰਜਾ ਛੁਪੀ ਹੋਈ ਹੈ, ਜਿਸ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਤਾਂ ਜੋ ਅਸੀਂ ਨੌਕਰੀ ਮੰਗਣ ਵਾਲਿਆਂ ਦੀ ਬਜਾਏ ਨੌਕਰੀਆਂ ਪੈਦਾ ਕਰਨ ਵਾਲਿਆਂ ਦਾ ਦੇਸ਼ ਬਣ ਸਕੀਏ।

‘ਮੇਕ ਇਨ ਇੰਡੀਆ’ ਪਹਿਲ ਭਾਰਤੀ ਉਦਯੋਗਿਕ ਉੱਦਮੀਆਂ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਸੀ। ਮੋਦੀ ਜੀ ਅਤੇ ਭਾਰਤੀ ਵਿਗਿਆਨੀਆਂ ਦੀ ਪਹਿਲਕਦਮੀ ਨਾਲ ਭਾਰਤੀ ਪੁਲਾੜ ਗੱਡੀ ਪਹਿਲੀ ਵਾਰ ਚੰਦਰਮਾ ’ਤੇ ਉਤਰੀ। ਮੋਦੀ ਜੀ ਨੇ ਧਾਰਾ 370 ਅਤੇ 35-ਏ ਨੂੰ ਹਟਾਉਣ ਦੀ ਹਿੰਮਤ ਕੀਤੀ ਅਤੇ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਬਣ ਗਿਆ।

ਮੋਦੀ ਨੇ ਮੁਸਲਮਾਨ ਔਰਤਾਂ ਨੂੰ ਜ਼ੁਲਮ ਤੋਂ ਬਚਾਉਣ ਲਈ ਤਿੰਨ ਤਲਾਕ ਨੂੰ ਹਟਾ ਦਿੱਤਾ। ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਬਣਾਉਣ ਦਾ ਮਾਮਲਾ ਸੁਪਰੀਮ ਕੋਰਟ ’ਚ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਅਤੇ ਮਾਣਯੋਗ ਅਦਾਲਤ ਦੇ ਫੈਸਲੇ ਨਾਲ ਅਯੁੱਧਿਆ ’ਚ ਭਗਵਾਨ ਰਾਮ ਦਾ ਮੰਦਰ ਬਣਾਉਣ ਦੀ ਹਿੰਦੂਆਂ ਦੀ 550 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਵਾਇਆ।

ਸਿੱਖਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਦਿਆਂ ਮੋਦੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਅਤੇ 1984 ਦੇ ਸਿੱਖ ਦੰਗਿਆਂ ਲਈ ਕਾਂਗਰਸੀਆਂ ਨੂੰ ਅਦਾਲਤ ਰਾਹੀਂ ਸਜ਼ਾਵਾਂ ਦਿਵਾਈਆਂ, 6 ਲੇਨ ਹਾਈਵੇ, ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਅਤੇ ਇਨ੍ਹਾਂ ਸ਼ਹਿਰਾਂ ਵਿਚਕਾਰ ਹੀ ਬੁਲੇਟ ਟਰੇਨ ਦਾ ਤੋਹਫਾ ਵੀ ਉੱਤਰੀ ਭਾਰਤ ਦੇ ਵਾਸੀਆਂ ਨੂੰ ਦਿੱਤਾ।

ਮੋਦੀ ਸਰਕਾਰ ਅਧੀਨ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥਵਿਵਸਥਾ ਬਣ ਗਿਆ ਹੈ ਅਤੇ ਕਾਂਗਰਸ ਸਰਕਾਰ ਦੌਰਾਨ 10ਵੇਂ ਪੜਾਅ ਤੋਂ ਉੱਪਰ ਉੱਠ ਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਮੋਦੀ ਸਰਕਾਰ ਨੇ ਖੇਤੀ ਨੂੰ ਵੱਡਾ ਹੁਲਾਰਾ ਦੇਣ ਲਈ ਕਈ ਅਹਿਮ ਕਦਮ ਚੁੱਕੇ ਹਨ, ਕਿਉਂਕਿ ਕਿਸਾਨ ਹਮੇਸ਼ਾ ਹੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਰਹੇ ਹਨ।

‘ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ’ ਸਿੰਚਾਈ ਸਹੂਲਤਾਂ ਨੂੰ ਯਕੀਨੀ ਬਣਾ ਕੇ ਉਤਪਾਦਿਕਤਾ ਨੂੰ ਵਧਾਏਗੀ। ਕਿਸਾਨਾਂ ਦੇ ਸਮੂਹਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰਨ ਲਈ ਰਵਾਇਤੀ ਕ੍ਰਿਸ਼ੀ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ। ਆਸਾਨੀ ਨਾਲ ਉਪਲੱਬਧ ਨਿੰਮ ਕੋਟਿਡ ਯੂਰੀਆ ਅਤੇ 6000 ਰੁਪਏ ਪ੍ਰਤੀ ਸਾਲ ‘ਕਿਸਾਨ ਸਨਮਾਨ ਨਿਧੀ ਯੋਜਨਾ’, ਮਿੱਟੀ ਪਰਖ ਲਈ ਵਿਸ਼ੇਸ਼ ਯੋਜਨਾਵਾਂ ਆਦਿ ਸ਼ੁਰੂ ਕੀਤੀਆਂ ਗਈਆਂ ਹਨ।

ਮਨਮੋਹਨ ਸਿੰਘ ਸਰਕਾਰ ਦੌਰਾਨ ਹੋਏ ਕੋਲਾ ਘਪਲੇ ਅਤੇ ਹੋਰ ਘਪਲਿਆਂ ਤੋਂ ਬਚਣ ਲਈ ਮੋਦੀ ਸਰਕਾਰ ਨੇ ਪਾਰਦਰਸ਼ੀ ਅਤੇ ਸਮੇਂ ਸਿਰ ਨਿਲਾਮੀ ਕਰਵਾਈ ਹੈ। 67 ਕੋਲਾ ਬਲਾਕਾਂ ਦੀ ਨਿਲਾਮੀ ਅਤੇ ਮਾਈਨ ਅਲਾਟਮੈਂਟ ਤੋਂ ਆਮਦਨ 3.35 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ।

ਆਯੁਸ਼ਮਾਨ ਭਾਰਤ ਯੋਜਨਾ ਤਹਿਤ 50 ਕਰੋੜ ਤੋਂ ਵੱਧ ਭਾਰਤੀਆਂ ਨੂੰ 5 ਲੱਖ ਰੁਪਏ ਦਾ ਮੁਫਤ ਮੈਡੀਕਲ ਬੀਮਾ ਅਤੇ ਉੱਚ ਗੁਣਵੱਤਾ ਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਵਾਈਆਂ ਹਨ। ਇਕ ਕਦਮ ਹੋਰ ਅੱਗੇ ਵਧਦੇ ਹੋਏ ਮੋਦੀ ਜੀ ਨੇ 2018 ਤੋਂ 2029 ਤੱਕ ਦੇਸ਼ ਦੇ 80 ਕਰੋੜ ਲੋਕਾਂ ਨੂੰ ਅੰਨ ਯੋਜਨਾ ਤਹਿਤ ਮੁਫਤ ਰਾਸ਼ਨ ਦੇਣ ਦੀ ਯੋਜਨਾ ਜਾਰੀ ਕੀਤੀ ਹੈ।

ਮੋਦੀ ਜੀ ਨੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਬੀਮਾ ਅਤੇ ਪੈਨਸ਼ਨ ਕਵਰ ਪ੍ਰਦਾਨ ਕਰ ਕੇ ਜਨਤਕ ਸੁਰੱਖਿਆ ਪ੍ਰਦਾਨ ਕੀਤੀ ਹੈ। ‘ਉੱਜਵਲਾ ਯੋਜਨਾ’ ਤਹਿਤ ਮੋਦੀ ਸਰਕਾਰ ਨੇ ਗਰੀਬ ਔਰਤਾਂ ਨੂੰ 15 ਕਰੋੜ ਮੁਫਤ ਰਸੋਈ ਗੈਸ ਕੁਨੈਕਸ਼ਨ ਦਿੱਤੇ ਹਨ। ਮੋਦੀ ਜੀ ਨੇ 77 ਸਾਲਾਂ ਤੋਂ ਲਟਕਿਆ ਹੋਇਆ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ। ਮੋਦੀ ਜੀ ਨੇ ‘ਵਨ ਨੇਸ਼ਨ-ਵਨ ਟੈਕਸ’ ਭਾਵ ਜੀ. ਐੱਸ. ਟੀ. ਬਿੱਲ ਪਾਸ ਕੀਤਾ, ਜਿਸ ਵਿਚ ਕਾਂਗਰਸ ਅਸਫਲ ਰਹੀ। ਮੋਦੀ ਸਰਕਾਰ ਨੇ ਭਾਰਤੀ ਰੇਲਵੇ ਦੀ ਸੁਰੱਖਿਆ ਅਤੇ ਆਧੁਨਿਕੀਕਰਨ ਵਿਚ ਇਨਕਲਾਬ ਲਿਆਂਦਾ ਹੈ।

ਮੋਦੀ ਜੀ ਦੀ ਵਿਦੇਸ਼ ਨੀਤੀ ਨੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰ ਕੇ ਦੁਨੀਆ ਦੇ ਸਾਰੇ ਤਾਕਤਵਰ ਦੇਸ਼ਾਂ ਨਾਲ ਦੋਸਤੀ ਕਰ ਲਈ ਅਤੇ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਆਗੂ ਬਣ ਗਏ। ਮੋਦੀ ਦੇਸ਼ ਵਾਸੀਆਂ ਦੀ ਸੁਣਦੇ ਹਨ ਅਤੇ ਆਪਣੇ ਮਨ ਦੀ ਗੱਲ ਕਰਦੇ ਹਨ। ਨਰਿੰਦਰ ਮੋਦੀ ਇਕ ‘ਲੋਕ ਆਗੂ’ ਹਨ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੀ ਭਲਾਈ ਲਈ ਸਮਰਪਿਤ ਹਨ। ਮੋਦੀ ਜੀ ਕਹਿੰਦੇ ਹਨ ਕਿ ‘ਮੈਂ ਦੇਸ਼ ਨੂੰ ਝੁਕਣ ਨਹੀਂ ਦਿਆਂਗਾ, ਮੈਂ ਇਸ ਦੇਸ਼ ਨੂੰ ਮਿਟਣ ਨਹੀਂ ਦਿਆਂਗਾ, ਮੈਂ ਇਸ ਮਿੱਟੀ ਦੀ ਸਹੁੰ ਖਾਂਦਾ ਹਾਂ’...।

ਸ਼ਵੇਤ ਮਲਿਕ
(ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਭਾਜਪਾ ਪੰਜਾਬ)
 


author

Tanu

Content Editor

Related News