ਕੁਦਰਤੀ ਨਜ਼ਾਰਿਆਂ ਨਾਲ ਸਜਿਆ ਅਤੇ ਸਮੱਸਿਆਵਾਂ ਨਾਲ ਘਿਰਿਆ ਲਕਸ਼ਦੀਪ

Saturday, Jan 13, 2024 - 01:03 PM (IST)

ਸਾਡੇ ਦੇਸ਼ ’ਚ ਮਨਮੋਹਕ, ਸੁੰਦਰ ਅਤੇ ਕੁਦਰਤੀ ਊਰਜਾ ਨਾਲ ਭਰੇ ਦੇਖਣਯੋਗ ਅਤੇ ਇਕ ਸੈਲਾਨੀ ਲਈ ਆਕਰਸ਼ਣ ਨਾਲ ਭਰੀਆਂ ਥਾਵਾਂ ਦੀ ਕੋਈ ਕਮੀ ਨਹੀਂ ਹੈ। ਇਕ ਪਾਸੇ ਸਵਰਗ ਵਰਗਾ ਸੁੰਦਰ ਕਸ਼ਮੀਰ ਹੈ ਤਾਂ ਪੂਰੇ ਭਾਰਤ ’ਚ ਦੂਜੀਆਂ ਅਜਿਹੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਹਨ ਜੋ ਦੁਨੀਆ ਭਰ ਦੇ ਲੋਕਾਂ ਦਾ ਮਨ ਮੋਹ ਲੈਣ ਲਈ ਕਾਫੀ ਹਨ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਦੀ ਲਕਸ਼ਦੀਪ ਯਾਤਰਾ ਨੇ ਸੈਰ-ਸਪਾਟਾ ਕਰਦੇ ਰਹਿਣ ਵਾਲੇ ਲੋਕਾਂ ਦੇ ਮਨ ’ਚ ਇਹ ਇੱਛਾ ਪ੍ਰਗਟਾਈ ਹੈ ਕਿ ਇਕ ਵਾਰ ਤਾਂ ਇੱਥੇ ਜਾਇਆ ਜਾਵੇ ਪਰ ਇਸ ਨੂੰ ਵਿਸ਼ਾਲ ਸੈਰ-ਸਪਾਟੇ ਵਾਲਾ ਸਥਾਨ ਬਣਾਉਣ ਤੋਂ ਪਹਿਲਾਂ ਕੁਝ ਸਾਵਧਾਨੀਆਂ ਜ਼ਰੂਰੀ ਹਨ।

ਕੁਦਰਤੀ ਸੁੰਦਰਤਾ : ਸੰਨ 2016 ਦੇ ਸਤੰਬਰ ਮਹੀਨੇ ਦੇ ਆਖਰੀ ਹਫਤੇ ’ਚ ਲਕਸ਼ਦੀਪ ਗਿਆ। ਵਿਗਿਆਨ ਪ੍ਰਸਾਰ ਦੇ ਇੰਡੀਆ ਸਾਇੰਸ ਚੈਨਲ ਲਈ ਸਮੁੰਦਰੀ ਪਾਣੀ ਤੋਂ ਪੀਣ ਦਾ ਪਾਣੀ ਅਤੇ ਬਿਜਲੀ ਪ੍ਰਾਪਤ ਕਰਨ ਦੀ ਤਕਨਾਲੋਜੀ ’ਤੇ ਫਿਲਮ ਬਣਾਉਣੀ ਸੀ। ਇਹ ਯੰਤਰ ਇੱਥੇ ਨੈਸ਼ਨਲ ਇੰਸਟੀਚਿਊਟ ਆਫ ਓਸ਼ੀਓਨੋਗ੍ਰਾਫੀ ਦੇ ਸਹਿਯੋਗ ਨਾਲ ਲਾਇਆ ਗਿਆ ਹੈ। ਇਸ ਤਕਨਾਲੋਜੀ ਨਾਲ ਇਹ ਸੰਭਵ ਹੋ ਸਕੇਗਾ ਕਿ ਇੱਥੇ ਜ਼ਿੰਦਗੀ ਲਈ ਲਾਜ਼ਮੀ ਇਹ ਦੋਵੇਂ ਚੀਜ਼ਾਂ ਮਿਲ ਸਕਣ।

ਲਗਭਗ 32 ਕਿਲੋਮੀਟਰ ’ਚ ਫੈਲੇ ਇਸ ਟਾਪੂ ਨੂੰ ਪੂਰਾ ਘੁੰਮਣ ਲਈ ਕੁਝ ਘੰਟੇ ਹੀ ਕਾਫੀ ਹਨ। ਲਗਭਗ 73000 ਦੀ ਆਬਾਦੀ ਥੋੜ੍ਹੇ ਜਿਹੇ ਹਿੱਸੇ ’ਚ ਸਿਮਟ ਜਾਂਦੀ ਹੈ। ਇਨ੍ਹਾਂ ਦੇ ਆਪਸ ਦੇ ਰਿਸ਼ਤੇ ਬਹੁਤ ਹੀ ਆਤਮਿਕ, ਮਧੁਰ ਅਤੇ ਮਿਲਣਸਾਰੀ ਨਾਲ ਭਰੇ ਹਨ। ਇਮਾਨਦਾਰੀ ਭਾਵੇਂ ਆਪਣੇ ਕੰਮ ਪ੍ਰਤੀ ਹੋਵੇ ਜਾਂ ਆਪਸੀ ਵਿਹਾਰ ’ਚ, ਇੱਥੋਂ ਦੀ ਪਛਾਣ ਹੈ। ਲੋਕ ਘਰਾਂ ਦੀ ਸੁਰੱਖਿਆ ’ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਕਿਉਂਕਿ ਕਿਸੇ ਨੂੰ ਚੋਰੀ-ਚਕਾਰੀ ਦਾ ਕੋਈ ਡਰ ਨਹੀਂ। ਬਸ ਕਦੀ ਕੋਈ ਜੰਗਲੀ ਜਾਨਵਰ, ਘਰੇਲ ਪਸ਼ੂ ਜਾਂ ਸੜਕ ’ਤੇ ਘੁੰਮਦੇ ਕੁੱਤਾ-ਬਿੱਲੀ ਅੰਦਰ ਨਾ ਆ ਜਾਵੇ, ਓਨੀ ਸੁਰੱਖਿਆ ਕਾਫੀ ਹੈ।

ਨਾਰੀਅਲ ਦੇ ਰੁੱਖਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦੇਣਗੀਆਂ, ਉਸੇ ਦੀ ਖੇਤੀ ਵੱਧ ਹੁੰਦੀ ਹੈ, ਬਾਕੀ ਸਾਗ-ਸਬਜ਼ੀ ਉਗਾ ਲਈ ਜਾਂ ਮੋਟਾ ਅਨਾਜ ਪੈਦਾ ਕਰ ਲਿਆ। ਆਪਣੀ ਲੋੜ ਦਾ ਮਿਲ ਗਿਆ ਅਤੇ ਜੋ ਵੇਚਿਆ, ਉਸ ਨੂੰ ਵੇਚ ਕੇ ਘਰ ਦੀਆਂ ਦੂਜੀਆਂ ਚੀਜ਼ਾਂ ਖਰੀਦ ਲਈਆਂ। ਸਾਰੇ ਘਰਾਂ ’ਚ ਫਰਨੀਚਰ, ਰੇਡੀਓ, ਟੀ. ਵੀ. ਹੈ ਅਤੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਕਿਸ਼ਤੀ ਵਾਲੇ ਨੂੰ ਕਹਿ ਕੇ ਕੋਚੀ ਤੋਂ ਮੰਗਵਾ ਲਈ।

ਪੜ੍ਹਾਈ ਦੇ ਮਾਮਲੇ ’ਚ ਸਾਖਰਤਾ ਲਗਭਗ 100 ਫੀਸਦੀ ਹੈ, ਲੜਕੀਆਂ ਦੀ ਪੜ੍ਹਾਈ-ਲਿਖਾਈ ’ਚ ਕੋਈ ਰੁਕਾਵਟ ਨਹੀਂ ਅਤੇ ਉਹ ਕਿਤੇ ਵੀ ਆ-ਜਾ ਸਕਦੀਆਂ ਹਨ, ਛੇੜਖਾਨੀ ਜਾਂ ਮਹਿਲਾ ਤਸ਼ੱਦਦ ਦੀਆਂ ਘਟਨਾਵਾਂ ਤੋਂ ਇਹ ਸੂਬਾ ਅਛੂਤਾ ਹੈ। ਸ਼ਾਦੀ-ਵਿਆਹ ਇੱਥੇ ਤੈਅ ਹੋ ਜਾਂਦੇ ਹਨ, ਕੋਈ ਬਾਹਰ ਜਾ ਕੇ ਵੱਸਣਾ ਚਾਹੇ ਤਾਂ ਕੋਈ ਰੋਕ-ਟੋਕ ਨਹੀਂ। ਬਹੁਤ ਸਾਰੇ ਲੋਕ ਵਿਦੇਸ਼ਾਂ ’ਚ ਵੱਸ ਗਏ ਹਨ ਅਤੇ ਕੁਝ ਨੇ ਤਾਂ ਰਾਸ਼ਟਰੀ ਸਨਮਾਨ ਵੀ ਪ੍ਰਾਪਤ ਕੀਤੇ ਹਨ।

ਮਲਿਆਲਮ ਭਾਸ਼ਾ ਹੈ ਪਰ ਹਿੰਦੀ ਸਾਰੇ ਸਮਝਦੇ ਹਨ। ਮਹਿਮਾਨਾਂ ਦਾ ਸਵਾਗਤ ਕਰਨਾ ਇੱਥੇ ਰਹਿਣ ਵਾਲਿਆਂ ਦੀ ਆਦਤ ਹੀ ਹੈ, ਭਾਵੇਂ ਕੋਈ ਵੀ ਹੋਵੇ।

ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਤੇ ਕੋਈ ਬਜ਼ੁਰਗ ਇੱਥੋਂ ਦਾ ਇਤਿਹਾਸ ਸੁਣਾਉਣ ਲੱਗਦੇ। ਭਾਰਤੀ ਰਾਜਸ਼ਾਹੀ ਚੇਰਾ ਬਾਰੇ ਸੁਣਿਆ ਤਾਂ ਟੀਪੂ ਸੁਲਤਾਨ ਬਾਰੇ ਵੀ, ਇਸ ਦੇ ਨਾਲ ਹੀ ਪੁਰਤਗਾਲੀ ਇੱਥੇ ਆ ਕੇ ਵਸੇ ਤਾਂ ਉਨ੍ਹਾਂ ਨੂੰ ਹਰਾ ਕੇ ਅੰਗ੍ਰੇਜ਼ ਇੱਥੇ ਆਪਣੀ ਹਕੂਮਤ ਕਰਨ ਲੱਗੇ। ਮਾਰਕੋ ਪੋਲੋ ਅਤੇ ਫਿਰ ਵਾਸਕੋ ਡੀ ਗਾਮਾ ਇੱਥੇ ਆਏ। ਪਹਿਲਾਂ ਇੱਥੇ ਹਿੰਦੂ ਸਨ ਪਰ ਬਾਅਦ ’ਚ ਸਾਰਿਆਂ ਨੇ ਇਸਲਾਮ ਸਵੀਕਾਰ ਕਰ ਲਿਆ। ਅੱਜ ਇੱਥੇ ਪੂਰੀ ਆਬਾਦੀ ਮੁਸਲਮਾਨਾਂ ਦੀ ਹੈ ਅਤੇ ਹੋਰ ਧਰਮਾਂ ਦੇ ਜੋ ਲੋਕ ਹਨ, ਉਹ ਇੱਥੇ ਨੌਕਰੀ ਦੇ ਕਾਰਨ ਰਹਿੰਦੇ ਹਨ ਜਾਂ ਫਿਰ ਕੋਈ ਕਾਰੋਬਾਰ ਕਰਦੇ ਹਨ।

ਸਮੁੰਦਰ ਦੇ ਨਜ਼ਾਰੇ : ਹੁਣ ਸਮੁੰਦਰ ਵੱਲ ਚੱਲਦੇ ਹਾਂ। ਸਾਗਰ ਕੀ ਹੈ, ਅਥਾਹ ਨੀਲੇ ਪਾਣੀ ਦਾ ਅਦਭੁੱਤ ਸੰਸਾਰ ਹੈ। ਵਿਚਾਲੇ ਸਫੈਦ ਰੇਤ ਜਿਸ ’ਤੇ ਚੱਲਣ ਦਾ ਆਪਣਾ ਹੀ ਆਨੰਦ। ਕੋਈ ਕੂੜਾ ਜਾਂ ਗੰਦਗੀ ਨਹੀਂ, ਜੋ ਵੀ ਇੱਥੇ ਆਉਂਦਾ ਹੈ, ਉਸ ਦੀ ਇੱਥੇ ਕੁਝ ਵੀ ਕੂੜਾ ਸੁੱਟਣ ਦੀ ਹਿੰਮਤ ਨਹੀਂ ਹੁੰਦੀ, ਜੁਰਮਾਨਾ ਲੱਗ ਸਕਦਾ ਹੈ। ਸਾਫ ਥਾਂ ਨੂੰ ਗੰਦਾ ਕਰਨ ਦੀ ਉਂਝ ਵੀ ਕੋਈ ਹਿੰਮਤ ਨਹੀਂ ਕਰਦਾ। ਸਮੁੰਦਰ ਦਾ ਪਾਣੀ ਸ਼ਾਂਤ ਪਰ ਦੂਰ ਤੋਂ ਆਉਂਦੀਆਂ ਲਹਿਰਾਂ ਕੋਲ ਆ ਕੇ ਭਿਓਂ ਵੀ ਸਕਦੀਆਂ ਹਨ ਪਰ ਉਨ੍ਹਾਂ ਦੀ ਰਫਤਾਰ ਜਾਂ ਸਮੁੰਦਰੀ ਰੌਲਾ ਇੰਨਾ ਨਹੀਂ ਹੁੰਦਾ ਜਿੰਨਾ ਕਿ ਮੁੰਬਈ ਜਾਂ ਚੇਨਈ ਦਰਮਿਆਨ ਦੇਖਣ ਨੂੰ ਮਿਲਦਾ ਹੈ।

ਪਾਣੀ ’ਚ ਅੱਗੇ ਵਧਦਿਆਂ ਹੀ ਕੁਦਰਤ ਦਾ ਕਦੀ ਨਾ ਭੁੱਲਣ ਵਾਲਾ ਦ੍ਰਿਸ਼ ਸਾਹਮਣੇ ਆ ਜਾਂਦਾ ਹੈ। ਕੋਰਲ ਅਜਿਹੇ ਦਿਸਦੇ ਹਨ ਕਿ ਮੰਨੋ ਹੱਥ ਵਧਾ ਕੇ ਉਨ੍ਹਾਂ ਨੂੰ ਛੂਹ ਸਕੀਏ ਪਰ ਡੂੰਘਾਈ ’ਚ ਜਾਣਾ ਖਤਰਨਾਕ ਵੀ ਹੋ ਸਕਦਾ ਹੈ। ਇਸ ਲਈ ਇੱਥੇ ਮੌਜੂਦ ਗੋਤਾਖੋਰ ਅੰਦਰ ਤੱਕ ਲੈ ਜਾਂਦੇ ਹਨ ਅਤੇ ਤੁਹਾਨੂੰ ਉਹ ਦੁਨੀਆ ਦਿਖਾਈ ਦੇਣ ਲੱਗਦੀ ਹੈ ਜੋ ਹਮੇਸ਼ਾ ਲਈ ਮਨ ’ਚ ਵਸ ਜਾਂਦੀ ਹੈ। ਰੰਗ-ਬਿਰੰਗੇ, ਸੁਨਹਿਰੀ ਸਫੈਦ, ਝੂਮਦੇ-ਸ਼ਰਮਾਉਂਦੇ ਆਕਾਰ ਅਤੇ ਜੇ ਹੱਥ ਜਾਂ ਪੈਰ ਛੋਹ ਜਾਵੇ ਤਾਂ ਪੂਰੇ ਸਰੀਰ ’ਚ ਝਰਨਾਹਟ (ਕੰਬਣੀ) ਜਿਹੀ ਦੌੜ ਜਾਵੇ।

ਸ਼ਾਮ ਹੁੰਦੇ-ਹੁੰਦੇ ਪੂਰਾ ਇਲਾਕਾ ਖਾਲੀ ਹੋਣ ਲੱਗਦਾ ਹੈ। ਆਮ ਤੌਰ ’ਤੇ ਰਾਤ ਭਰ ਰੁਕਣ ਦਾ ਪ੍ਰਬੰਧ ਇੱਥੇ ਅਜੇ ਨਹੀਂ ਹੈ। ਸਮੁੰਦਰ ਕੋਲ ਦੇ ਜੰਗਲ ਹੋਣ ਜਾਂ ਦੂਰ ਦਿਖਾਈ ਦਿੰਦੇ ਹੋਰ ਟਾਪੂਆਂ ਦੇ ਦ੍ਰਿਸ਼, ਸ਼ਾਮ ਹੁੰਦੇ ਹੀ ਅਜੀਬ ਆਕਾਰਾਂ ’ਚ ਬਦਲਦੇ ਦਿਖਾਈ ਦਿੰਦੇ ਹਨ। ਲੰਬੇ ਪਰਛਾਵੇਂ ਦੇਖ ਕੇ ਰੋਮਾਂਚ ਵੀ ਹੁੰਦਾ ਹੈ ਅਤੇ ਕੁਝ ਡਰ ਵੀ ਪਰ ਮੱਠੀ-ਮੱਠੀ ਵਗਦੀ ਹਵਾ ਅਤੇ ਪੱਤਿਆਂ ਦੀ ਸਰਸਰਾਹਟ ਆਨੰਦਿਤ ਵੀ ਕਰਦੀ। ਦਿਨ ਭਰ ਸਮੁੰਦਰ ਦੀਆਂ ਸ਼ਰਾਰਤਾਂ ਦੇਖੋ ਅਤੇ ਉਸ ਦੇ ਅੰਦਰ ਲੁਕੇ ਰਤਨਾਂ ਨੂੰ ਨਿਹਾਰੋ ਅਤੇ ਘੁੱਪ ਹਨੇਰਾ ਹੋਣ ਤੋਂ ਪਹਿਲਾਂ ਬਸਤੀ ’ਚ ਪਰਤ ਜਾਓ, ਇੰਨਾ ਸੰਜੋਅ ਕੇ ਲੈ ਜਾਣਾ ਬਹੁਤ ਹੈ।

ਅਸਲੀਅਤ ਦੇ ਦਰਸ਼ਨ : ਹੁਣ ਅਸੀਂ ਇਸ ਗੱਲ ’ਤੇ ਆਉਂਦੇ ਹਾਂ ਕਿ ਕਿਉਂਕਿ ਇਹ ਪੂਰਾ ਖੇਤਰ ਈਕੋ-ਸੈਂਸੇਟਿਵ ਭਾਵ ਬਹੁਤ ਹੀ ਕੋਮਲ ਅਤੇ ਕਮਜ਼ੋਰ ਹੈ, ਥੋੜ੍ਹਾ ਵੀ ਝਟਕਾ ਲੱਗੇ ਤਾਂ ਸੈਂਕੜੇ ਸਾਲਾਂ ’ਚ ਬਣੀ ਕੁਦਰਤੀ ਸੁੰਦਰਤਾ ਜ਼ਰਾ ਜਿੰਨੀ ਲਾਪ੍ਰਵਾਹੀ ਨਾਲ ਬਰਬਾਦ ਹੋ ਸਕਦੀ ਹੈ ਜਿਸ ਨੂੰ ਦੁਬਾਰਾ ਬਣਾ ਸਕਣਾ ਸੰਭਵ ਨਹੀਂ ਹੈ। ਅਜੇ ਇੱਥੇ ਵੱਡੇ ਹੋਟਲ, ਰਿਜ਼ਾਰਟ ਜਾਂ ਮਨੋਰੰਜਨ ਦੇ ਸਾਧਨ ਨਹੀਂ ਹਨ। ਅਜੇ ਤਾਂ ਰਿਸਟ੍ਰਿਕਸ਼ਨ ਇੰਨੀ ਹੈ ਕਿ ਕੋਈ ਵੀ ਨਿਰਮਾਣ ਕਾਰਜ ਕਰਨ ਤੋਂ ਪਹਿਲਾਂ ਬਹੁਤ ਲੰਬੀ ਪ੍ਰਕਿਰਿਆ ’ਚੋਂ ਲੰਘਣਾ ਹੁੰਦਾ ਹੈ।

ਆਵਾਜਾਈ ਨਾਲ ਭਰਪੂਰ ਸੈਰ-ਸਪਾਟੇ ਵਾਲੀ ਥਾਂ ਬਣਾਉਣ ਤੋਂ ਪਹਿਲਾਂ ਇਸ ਗੱਲ ’ਤੇ ਵੀ ਗੌਰ ਕਰਨੀ ਜ਼ਰੂਰੀ ਹੈ ਕਿ ਹੁਣ ਤੱਕ ਇੱਥੋਂ ਦੇ ਸਾਰੇ ਟਾਪੂਆਂ ’ਚ ਬਹੁਤਿਆਂ ’ਚ ਤਾਂ ਇਨਸਾਨ ਵੱਸਦੇ ਹੀ ਨਹੀਂ ਹਨ ਕਿਉਂਕਿ ਉਹ ਕੁਦਰਤੀ ਜੰਗਲ ਹਨ। ਉਨ੍ਹਾਂ ਨੂੰ ਨਸ਼ਟ ਕਰ ਕੇ ਜੇ ਬਸਤੀਆਂ ਵਸਾਈਆਂ ਗਈਆਂ ਤਾਂ ਕੀ ਉਨ੍ਹਾਂ ਦਾ ਹਾਲ ਵੀ ਉਹੀ ਨਹੀਂ ਹੋਵੇਗਾ ਜਿਵੇਂ ਕਿ ਬਾਕੀ ਭਾਰਤ ’ਚ ਜੰਗਲ ਤਬਾਹ ਕਰਨ ਕਾਰਨ ਹੋਇਆ ਹੈ।

ਇੱਥੇ ਆਪਣਾ ਬਹੁਤ ਘੱਟ ਹੈ, ਵਧੇਰੇ ਬਾਹਰ ਤੋਂ ਲਿਆਉਣਾ ਪੈਂਦਾ ਹੈ ਅਤੇ ਫਿਰ ਵਿਚਾਲੇ ਕੋਈ ਸੜਕ ਜਾਂ ਰੇਲ ਨਹੀਂ, ਅਥਾਹ ਸਮੁੰਦਰ ਹੈ। ਸਵਾਲ ਇਹ ਹੈ ਕਿ ਕੀ ਇਹ ਟਾਪੂ ਇੰਨਾ ਭਾਰ ਸਹਿ ਸਕਣਗੇ ਅਤੇ ਕੁਦਰਤੀ ਅਸੰਤੁਲਨ ਤੋਂ ਇਸ ਖੇਤਰ ਨੂੰ ਬਚਾਇਆ ਜਾ ਸਕੇਗਾ?

ਜੇ ਲਕਸ਼ਦੀਪ ਦੀ ਕੁਦਰਤੀ ਖੂਬਸੂਰਤੀ ਬਣਾਈ ਰੱਖਣੀ ਹੈ ਤਾਂ ਪਹਿਲਾਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣੇ ਹੋਣਗੇ। ਉਸ ਪਿੱਛੋਂ ਹੀ ਕੋਈ ਕਦਮ ਉਠਾਉਣਾ ਠੀਕ ਹੋਵੇਗਾ। ਹੁਣ ਅਸੀਂ ਆਪਣੀ ਫਿਲਮ ਦੀ ਗੱਲ ਕਰਦੇ ਹਾਂ। ਖੋਜ ਪਿੱਛੋਂ ਪਾਇਆ ਗਿਆ ਕਿ ਇੱਥੇ ਜੋ ਸਮੁੰਦਰ ਹੈ ਉਸ ਦੀ ਦਿਸ਼ਾ ਅਤੇ ਇੱਥੋਂ ਦਾ ਕਲਾਈਮੇਟ ਅਜਿਹਾ ਹੈ ਕਿ ਸਮੁੰਦਰ ’ਚੋਂ ਪੀਣ ਲਈ ਪਾਣੀ ਅਤੇ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਮੁੰਦਰ ਦੀ ਉਪਰਲੀ ਸਤ੍ਹਾ ਗਰਮ ਅਤੇ ਹੇਠਲੀ ਸਤ੍ਹਾ ’ਤੇ ਜ਼ੀਰੋ ਤੋਂ ਵੀ ਬਹੁਤ ਘੱਟ ਤਾਪਮਾਨ ਹੁੰਦਾ ਹੈ। ਹੁਣ ਉੱਥੋਂ ਤਕਨਾਲੋਜੀ ਦੀ ਮਦਦ ਨਾਲ ਵੱਡੀਆਂ-ਵੱਡੀਆਂ ਪਾਈਪਾਂ ਰਾਹੀਂ ਡਿਸੇਲੀਨੇਸ਼ਨ ਤਕਨੀਕ ਨਾਲ ਪੀਣ ਵਾਲਾ ਪਾਣੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਊਰਜਾ ਭਾਵ ਬਿਜਲੀ ਬਣਾਈ ਜਾ ਸਕਦੀ ਹੈ। ਇਨ੍ਹਾਂ ਦੋਵਾਂ ਚੀਜ਼ਾਂ ਦੀ ਇਸ ਇਲਾਕੇ ਨੂੰ ਬਹੁਤ ਲੋੜ ਹੈ।

ਲਕਸ਼ਦੀਪ ਨੂੰ ਵਿਸ਼ਾਲ ਸੈਰ-ਸਪਾਟੇ ਵਾਲੀ ਥਾਂ ਬਣਾਏ ਜਾਣ ਤੋਂ ਪਹਿਲਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਜੇ ਇਹ ਕੰਮ ਵਾਤਾਵਰਣ ਅਤੇ ਈਕੋ-ਸਿਸਟਮ ਦੀ ਸੈਂਸੇਟਿਵਿਟੀ ’ਤੇ ਧਿਆਨ ਦਿੱਤੇ ਬਿਨਾਂ ਕੀਤਾ ਗਿਆ ਤਾਂ ਇਸ ਦੇ ਨਤੀਜੇ ਭੈੜੇ ਨਿਕਲਣੇ ਤੈਅ ਹਨ।

ਪੂਰਨ ਚੰਦ ਸਰੀਨ


Rakesh

Content Editor

Related News