ਇਲੈਕਟ੍ਰਿਕ ਵਾਹਨ ਉਦਯੋਗ ਨੂੰ ਬੈਟਰੀਆਂ ਦੀ ਅਧੂਰੀ ਟੈਸਟਿੰਗ ਤੇ ਮੁਹਾਰਤ ਦੀ ਘਾਟ ਕਰ ਰਹੀ ਹੈ ਬੀਮਾਰ

05/02/2022 2:41:34 AM

ਭਾਰਤ ’ਚ ਇਲੈਕਟ੍ਰਿਕ-2 ਵ੍ਹੀਲਰਸ ’ਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਮਹਾਰਾਸ਼ਟਰ ਦੇ ਪੁਣੇ ’ਚ ਘਨੌਰੀ ਇਲਾਕੇ ’ਚ ਇਕ ਓਲਾ ਸਕੂਟਰ ’ਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ’ਚ ਇਲੈਕਟ੍ਰਿਕ ਸਕੂਟਰ ਸੜਕ ’ਤੇ ਧੂ-ਧੂ ਕਰਕੇ ਸੜਨ ਲੱਗਾ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਉੱਥੇ ਹੀ ਵੇਲੋਰ ’ਚ ਵੀ ਕੁਝ ਦਿਨ ਪਹਿਲਾਂ ਇਲੈਕਟ੍ਰਿਕ ਸਕੂਟਰ ਦੀ ਚਾਰਜਿੰਗ ਦੇ ਦੌਰਾਨ ਉਸ ਦੀ ਬੈਟਰੀ ’ਚ ਧਮਾਕਾ ਹੋ ਗਿਆ ਸੀ। ਇਸ ਘਟਨਾ ’ਚ ਇਕ ਪਿਓ-ਧੀ ਦੀ ਮੌਤ ਹੋ ਗਈ ਸੀ। ਓਧਰ ਤਾਮਿਲਨਾਡੂ ਦੇ ਮੰਨਾਪਰਾਈ ’ਚ ਵੀ 2 ਵ੍ਹੀਲਰਸ ਦੇ ਸੜਨ ਦੀ ਖਬਰ ਆਈ ਹੈ।
ਕੁਝ ਸਾਲ ਪਹਿਲਾਂ ਮੋਬਾਇਲ ਫੋਨ ਦੀ ਬੈਟਰੀ ’ਚ ਧਮਾਕੇ ਜਾਂ ਖਰਾਬੀ ਦੀਆਂ ਖਬਰਾਂ ਆਈਆਂ ਸਨ ਪਰ ਸਮੇਂ ਦੇ ਨਾਲ ਫੋਨ ਸਾਫਟਵੇਅਰ ਨੂੰ ਇਹ ਯਕੀਨੀ ਕਰਨ ਦੇ ਲਈ ਉੱਨਤ ਕੀਤਾ ਗਿਆ ਤਾਂ ਕਿ ਬੈਟਰੀ ਪੂਰੀ ਤਰ੍ਹਾਂ ਚਾਰਜ ਹੋਣ ’ਤੇ ਆਪਣੇ ਆਪ ਕੱਟ ਜਾਵੇ। ਇਸ ਨੂੰ ਬੈਟਰੀ ਪ੍ਰਬੰਧਨ ਪ੍ਰਣਾਲੀ (ਬੀ. ਐੱਮ. ਐੱਸ.) ਕਿਹਾ ਜਾਂਦਾ ਹੈ।
ਹਰੇਕ ਇਲੈਕਟ੍ਰਿਕ ਵਾਹਨ ਦਾ ਆਪਣਾ ਬੈਟਰੀ ਚਾਰਜਿੰਗ ਅਤੇ ਐਨਰਜੀ ਮੈਨੇਜਮੈਂਟ ਸਿਸਟਮ ਹੁੰਦਾ ਹੈ। ਇਹ ਇਕ ਪਲੱਗ ਨੂੰ ਲਗਾਉਣ ਜਾਂ ਕੋਈ ਨਟਬੋਲਟ ਕੱਸਣ ਦੀ ਸਾਧਾਰਨ ਤਕਨੀਕ ਨਹੀਂ ਹੈ। ਅੱਗ ਲੱਗਣ ਦੀਆਂ ਪਿਛਲੀਆਂ ਘਟਨਾਵਾਂ ਦਾ ਇਕ ਵੱਡਾ ਕਾਰਨ ਇਹ ਹੈ ਕਿ ਬੈਟਰੀਆਂ ਨੂੰ ਸਹੀ ਢੰਗ ਨਾਲ ਵਾਹਨ ’ਚ ਜੋੜਿਆ ਨਹੀਂ ਗਿਆ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਪਿਛਲੇ ਸਾਲ ਭਾਰਤ ’ਚ ਇਲੈਕਟ੍ਰਿਕ ਸਕੂਟਰਾਂ ਅਤੇ ਕਾਰਾਂ ਦਾ ਰੁਝਾਨ ਸੜਕ ਦੀ ਵਰਤੋਂ ਕਰਨ ਵਾਲਿਆਂ ਤੇ ਸਰਕਾਰ ਦੋਵਾਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਸੀ।
ਆਪਣੇ ਹੋਰ ਗੁਆਂਢੀਆਂ ਵਾਂਗ ਭਾਰਤ ਦੇ ਲਈ ‘ਜ਼ੀਰੋ ਗੈਸਾਂ ਦੀ ਨਿਕਾਸੀ’ ਦਾ ਟੀਚਾ ਪ੍ਰਾਪਤ ਕਰਨਾ ਇਕ ਬੜੀ ਵੱਡੀ ਚੁਣੌਤੀ ਹੋਣ ਦੇ ਕਾਰਨ ਹੀ ਹੋਰਨਾਂ ਦੇਸ਼ਾਂ ਦੇ ਵਾਂਗ ਭਾਰਤ ਵੀ ਪੈਟਰੋਲ ਅਤੇ ਡੀਜ਼ਲ ’ਤੇ ਨਿਰਭਰ ਰਹਿਣ ਵਾਲੀ ਆਪਣੀ 1.4 ਅਰਬ ਦੀ ਆਬਾਦੀ ਨੂੰ ਇਲੈਕਟ੍ਰਿਕ ਵਾਹਨਾਂ ਵੱਲ ਖਿੱਚ ਰਿਹਾ ਹੈ। ਭਾਰਤ ਦੇ ਆਟੋਮੋਬਾਇਲ ਉਦਯੋਗ ’ਚ ਲਗਭਗ ਇਕ ਕਰੋੜ ਅਤੇ 40 ਲੱਖ ਕਾਰਾਂ ਹਨ। ਇਲੈਕਟ੍ਰਿਕ ਵਾਹਨਾਂ ਦਾ ਉਤਪਾਦਨ ਇਨ੍ਹਾਂ ’ਚ ਬੇਹੱਦ ਛੋਟਾ ਹੈ। ਇਲੈਕਟ੍ਰਿਕ ਵਾਹਨਾਂ, ਕਾਰਾਂ ਅਤੇ ਦੋਪਹੀਆ ਵਾਹਨਾਂ ਦੋਵਾਂ ਨੂੰ ਬਿਜਲੀ ਦੇਣ ਦੇ ਲਈ ਵਰਤੀਆਂ ਜਾਣ ਵਾਲੀਆਂ ਬੈਟਰੀਆਂ ਲੀਥੀਅਮ-ਆਯਨ ਸ਼੍ਰੇਣੀ ਦੀਆਂ ਭਾਵ ਮੋਬਾਇਲ ਫੋਨ ’ਚ ਵਰਤੀਆਂ ਜਾਣ ਵਾਲੀਆਂ ਬੈਟਰੀਆਂ ਵਰਗੀਆਂ ਹੁੰਦੀਆਂ ਹਨ।
‘ਟੈਸਲਾ ਆਫ ਟੂ-ਵ੍ਹੀਲਰਸ’ ਅਖਵਾਉਣ ਵਾਲੀ ‘ਓਲਾ ਇਲੈਕਟ੍ਰਿਕ ਮੋਬਿਲਿਟੀ’ ਨੇ ਜਾਪਾਨੀ ਨਿਵੇਸ਼ਕ ਸਾਫਟਬੈਂਕ ਦੀ ਮਦਦ ਨਾਲ ਭਾਰਤ ਦੇ ਤਾਮਿਲਨਾਡੂ ’ਚ 500 ਏਕੜ ਤੋਂ ਵੱਧ ਭੂਮੀ ’ਤੇ ਫੈਲੀ ਵਿਸ਼ਵ ਦੀ ਸਭ ਤੋਂ ਵੱਡੀ ਸਕੂਟਰ ਫੈਕਟਰੀ ਲਗਾਈ ਹੈ। ਪਿਛਲੇ ਸਾਲ ਦਸੰਬਰ ’ਚ ਪਹਿਲੀ ਡਲਿਵਰੀ ਦੇ ਬਾਅਦ ਕੁਝ ਗਾਹਕਾਂ ਨੇ ਸੋਸ਼ਲ ਮੀਡੀਆ ’ਤੇ ਇਨ੍ਹਾਂ ਵਾਹਨਾਂ ’ਚ ਕੁਝ ਤਕਨੀਕੀ ਖਾਮੀਆਂ ਦੀ ਸ਼ਿਕਾਇਤ ਕੀਤੀ ਸੀ ਜਿਸ ’ਤੇ ਕੰਪਨੀ ਨੇ ਇਕ ਵਿਸ਼ੇਸ਼ ਬੈਚ ਨਾਲ 1441 ਸਕੂਟਰ ਵਾਪਸ ਮੰਗਵਾ ਲਏ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਇਸ ਦੇ ਲਈ ਟ੍ਰੇਂਡ ਕਰਨ ਤੋਂ ਇਲਾਵਾ ਇਲੈਕਟ੍ਰਿਕ ਵ੍ਹੀਕਲ ਟੈਕਨਾਲੋਜੀ ’ਚ ਤਕਨੀਕੀ ਸੁਧਾਰ ਲਿਆਂਦੇ ਜਾਣ।
ਅਜਿਹੇ ਕਈ ਨਿਰਮਾਤਾ ਹਨ ਜਿਨ੍ਹਾਂ ਨੇ ਇਲੈਕਟ੍ਰਿਕ ਵਾਹਨਾਂ ਦੇ ਲਈ ਬੈਟਰੀ ਦਰਾਮਦ ਕੀਤੀ ਹੈ ਪਰ ਭਾਰਤੀ ਹਾਲਤਾਂ ਦੇ ਲਈ ਉਨ੍ਹਾਂ ਦਾ ਪ੍ਰੀਖਣ ਨਹੀਂ ਕੀਤਾ ਗਿਆ। ਇਹ ਬੈਟਰੀਆਂ ਜ਼ਿਆਦਾਤਰ ਅਮਰੀਕਾ ਵਰਗੇ ਦੇਸ਼ਾਂ ਦੇ ਵਾਤਾਵਰਣ ਅਤੇ ਤਾਪਮਾਨ ਨੂੰ ਧਿਆਨ ’ਚ ਰੱਖ ਕੇ ਬਣਾਈਆਂ ਗਈਆਂ ਹਨ ਪਰ ਭਾਰਤ ਦਾ ਮੌਸਮ ਅਤੇ ਤਾਪਮਾਨ ਵੱਖਰਾ ਹੈ।
ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜਿਥੇ ਸਰਕਾਰ ਲੋਕਾਂ ਵਲੋਂ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਦੇ ਲਈ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਉਥੇ ਹੀ ਕੰਪਨੀਆਂ ਨੂੰ ਵੀ ਸਮਝਦਾਰ ਹੋਣਾ ਹੋਵੇਗਾ। ਸੁਰੱਖਿਆ ਸਰਕਾਰ ਦੀ ਸਰਵਉੱਚ ਪਹਿਲ ਹੈ ਅਤੇ ਮਨੁੱਖੀ ਜ਼ਿੰਦਗੀ ਦਾ ਇਸ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਭਾਰਤ ’ਚ ਅਧੂਰਾ ਪ੍ਰੀਖਣ, ਬੈਟਰੀ ਨਿਰਮਾਣ ਦੀ ਖਰਾਬ ਗੁਣਵੱਤਾ ਭਾਰਤ ਦੇ ਇਲੈਕਟ੍ਰਿਕ ਵਾਹਨ ਉਦਯੋਗ ਨੂੰ ਬੀਮਾਰ ਕਰ ਸਕਦੀ ਹੈ। ਕੇਂਦਰ ਨੇ ਇਲੈਕਟ੍ਰਿਕ ਵਾਹਨਾਂ ’ਚ ਬੈਟਰੀ ਦੀ ਖਰਾਬੀ ਅਤੇ ਅੱਗ ਦੀਆਂ ਘਟਨਾਵਾਂ ਦੀ ਜਾਂਚ ਦੇ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਸਰਕਾਰ ਨੂੰ ਕਮੇਟੀ ਦੇ ਸਿੱਟਿਆਂ ਦੇ ਮਾਮਲੇ ’ਚ ਅਤਿਅੰਤ ਪਾਰਦਰਸ਼ੀ ਹੋਣ ਦੀ ਲੋੜ ਹੈ। ਕਿਉਂਕਿ ਇਲੈਕਟ੍ਰਿਕ ਵਾਹਨ ਹੁਣ ਸਾਡੀ ਲੋੜ ਬਣ ਚੁੱਕੇ ਹਨ ਇਸ ਲਈ ਸਰਕਾਰ ਨੂੰ ਕਿਸੇ ਵੀ ਨਵੇਂ ਪ੍ਰੋਡਕਟ ਨੂੰ ਲਾਂਚ ਕਰਨ ਤੋਂ ਪਹਿਲਾਂ ਖਪਤਕਾਰ ਕਾਨੂੰਨ ਨੂੰ ਲਾਗੂ ਕਰਨ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਅਜਿਹੇ ਕਾਨੂੰਨਾਂ ਨੂੰ ਸਖਤੀ ਅਤੇ ਸਮਝਦਾਰੀ ਨਾਲ ਲਾਗੂ ਕਰਨ ਦੀ ਲੋੜ ਹੈ।


Gurdeep Singh

Content Editor

Related News