ਕਸ਼ਮੀਰ ਹੈ ਪਾਕਿਸਤਾਨ ਦੇ ਪੈਰ ਦੀ ਬੇੜੀ

Sunday, Aug 23, 2020 - 03:45 AM (IST)

ਕਸ਼ਮੀਰ ਹੈ ਪਾਕਿਸਤਾਨ ਦੇ ਪੈਰ ਦੀ ਬੇੜੀ

ਡਾ. ਵੇਦਪ੍ਰਤਾਪ ਵੈਦਿਕ

ਕੱਲ ਦੋ ਦ੍ਰਿਸ਼ ਦੇਖਣ ਲਾਇਕ ਹੋਏ। ਇਕ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਚੀਨ ਪਹੁੰਚ ਕੇ ਫਿਰ ਕਸ਼ਮੀਰ ਦੀ ਡੱਫਲੀ ਵਜਾਈ ਅਤੇ ਦੂਜਾ, ਫਰਾਂਸ ਦੇ ਰਾਸ਼ਟਰਪਤੀ ਅਤੇ ਜਰਮਨੀ ਦੀ ਚਾਂਸਲਰ ਜਦੋਂ ਮਿਲੇ ਤਾਂ ਦੋਵਾਂ ਨੇ ਇਕ-ਦੂਸਰੇ ਨਾਲ ਹੱਥ ਜੋੜ ਕੇ ਅਤੇ ਨਮਸਤੇ ਬੋਲ ਕੇ ਸਵਾਗਤ ਕੀਤਾ। ਅਜਿਹਾ ਹੀ ਟਰੰਪ ਅਤੇ ਇਸਰਾਈਲ ਦੇ ਪ੍ਰਧਾਨ ਮੰਤਰੀ ਵੀ ਕਰਦੇ ਹਨ। ਇਹ ਦੇਖ ਕੇ ਦਿਲ ਖੁਸ਼ ਹੋਇਆ ਪਰ ਸਮਝ ’ਚ ਨਹੀਂ ਆਉਂਦਾ ਕਿ ਪਾਕਿਸਤਾਨ ਆਪਣੇ ਇਸਲਾਮੀ ਮਿੱਤਰ-ਦੇਸ਼ਾਂ ਨਾਲੋਂ ਕਿਉਂ ਕੱਟਦਾ ਜਾ ਰਿਹਾ ਹੈ?

ਉਹ ਜ਼ਮਾਨਾ ਲੱਦ ਗਿਆ ਜਦੋਂ ਅੰਤਰਰਾਸ਼ਟਰੀ ਇਸਲਾਮੀ ਸੰਗਠਨ ਕਸ਼ਮੀਰ ’ਤੇ ਪਾਕਿਸਤਾਨ ਦੀ ਪਿੱਠ ਠੋਕਿਆ ਕਰਦਾ ਸੀ। ਸਾਲੋਂ-ਸਾਲ ਉਹ ਭਾਰਤ-ਵਿਰੋਧੀ ਮਤਾ ਪਾਸ ਕਰਦਾ ਰਿਹਾ। ਪਿਛਲੇ ਸਾਲ ਜਦੋਂ ਭਾਰਤ ਸਰਕਾਰ ਨੇ ਧਾਰਾ-370 ਹਟਾਈ ਤਾਂ ਪਾਕਿਸਤਾਨ ਦਾ ਸਾਥ ਸਿਰਫ ਦੋ ਦੇਸ਼ਾਂ ਨੇ ਦਿੱਤਾ ਤੁਰਕੀ ਅਤੇ ਮਲੇਸ਼ੀਆ। ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਾਲਦੀਵ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਰਗੇ ਇਸਲਾਮੀ ਰਾਸ਼ਟਰਾਂ ਨੇ ਉਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਐਲਾਨਿਆ।

ਪਾਕਿਸਤਾਨ ਦੀ ਬੇਨਤੀ ਦੇ ਬਾਵਜੂਦ ਸਾਊਦੀ ਅਰਬ ਨੇ ਕਸ਼ਮੀਰ ’ਤੇ ਇਸਲਾਮੀ ਸੰਗਠਨ ਦੀ ਬੈਠਕ ਨਹੀਂ ਸੱਦੀ। ਇਸ ’ਤੇ ਉਤੇਜਿਤ ਹੋ ਕੇ ਕੁਰੈਸ਼ੀ ਨੇ ਕਿਹਾ ਕਿ ਜੇਕਰ ਸਾਊਦੀ ਅਰਬ ਉਹ ਬੈਠਕ ਨਹੀਂ ਸੱਦੇਗਾ ਤਾਂ ਅਸੀਂ ਸੱਦ ਲਵਾਂਗੇ। ਇਸ ’ਤੇ ਸਾਊਦੀ ਅਰਬ ਨੇ ਪਾਕਿਸਤਾਨ ਨੂੰ ਜੋ 6.2 ਬਿਲੀਅਨ ਡਾਲਰ ਦਾ ਕਰਜ਼ਾ 2018 ’ਚ ਦਿੱਤਾ ਸੀ, ਉਸ ਨੂੰ ਉਹ ਵਾਪਸ ਮੰਗਣ ਲੱਗਾ। ਉਸ ਨੇ ਪਾਕਿਸਤਾਨ ਨੂੰ ਤੇਲ ਵੇਚਣਾ ਵੀ ਬੰਦ ਕਰ ਦਿੱਤਾ। ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਸਾਊਦੀ ਸ਼ਹਿਜ਼ਾਦੇ ਨੂੰ ਪਟਾਉਣ ਲਈ ਰਿਆਦ ਪਹੁੰਚੇ ਪਰ ਉਹ ਉਨ੍ਹਾਂ ਨਾਲ ਮਿਲਿਆ ਹੀ ਨਹੀਂ।

ਇਸ ਲਈ ਹੁਣ ਚੀਨ ਜਾ ਕੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਆਪਣੀ ਝੋਲੀ ਅੱਡੀ ਹੋਵੇਗੀ ਪਰ ਚੀਨ ਵੀ ਆਖਿਰ ਕਦੋਂ ਤੱਕ ਪਾਕਿਸਤਾਨ ਦੀ ਝੋਲੀ ਭਰਦਾ ਰਹੇਗਾ? ਉਹ ਕਸ਼ਮੀਰ ਦੇ ਸਵਾਲ ’ਤੇ ਪਾਕਿਸਤਾਨ ਦਾ ਦੱਬੀ ਜ਼ੁਬਾਨ ਨਾਲ ਪੱਖ ਇਸ ਲਈ ਲੈਂਦਾ ਰਹਿੰਦਾ ਹੈ ਕਿ ਉਸ ਨੂੰ ਪਾਕਿਸਤਾਨ ਨੇ ਆਪਣੇ ‘ਆਜ਼ਾਦ ਕਸ਼ਮੀਰ’ ਦਾ ਮੋਟਾ ਹਿੱਸਾ ਸੌਂਪਿਆ ਹੋਇਆ ਹੈ। ਉਹ ਲੱਦਾਖ ਦੇ ਵੀ ਕੇਂਦਰ ਸ਼ਾਸਿਤ ਖੇਤਰ ਬਣ ਜਾਣ ਤੋਂ ਚਿੜਿਆ ਹੋਇਆ ਹੈ।

ਪਾਕਿਸਤਾਨ ਦੇ ਨੇਤਾ ਇਹ ਕਿਉਂ ਨਹੀਂ ਸੋਚਦੇ ਕਿ ਚੀਨ ਆਪਣੇ ਸਵਾਰਥ ਲਈ ਉਸ ਨੂੰ ਝਾੜ ’ਤੇ ਚੜ੍ਹਾਈ ਰੱਖਦਾ ਹੈ? ਰਾਜੀਵ ਗਾਂਧੀ ਦੇ ਜ਼ਮਾਨੇ ’ਚ ਜਦੋਂ ਭਾਰਤ-ਚੀਨ ਸਬੰਧ ਸੁਧਰਨ ਲੱਗੇ ਸਨ, ਉਦੋਂ ਇਹੀ ਚੀਨ ਕਸ਼ਮੀਰ ’ਤੇ ਨਿਰਪੱਖ ਹੁੰਦਾ ਦਿਖਾਈ ਦੇਣ ਲੱਗਾ ਸੀ। ਸਾਰਿਆਂ ਨੂੰ ਪਤਾ ਹੈ ਕਿ ਦੁਨੀਆ ਦੀ ਕੋਈ ਤਾਕਤ ਡੰਡੇ ਦੇ ਜ਼ੋਰ ’ਤੇ ਕਸ਼ਮੀਰ ਨੂੰ ਭਾਰਤ ਕੋਲੋਂ ਨਹੀਂ ਖੋਹ ਸਕਦੀ। ਹਾਂ, ਪਾਕਿਸਤਾਨ ਗੱਲਬਾਤ ਦਾ ਰਸਤਾ ਅਪਣਾਵੇ ਅਤੇ ਹਮਲੇ ਤੇ ਅੱਤਵਾਦ ਦਾ ਸਹਾਰਾ ਨਾ ਲਵੇ ਤਾਂ ਯਕੀਨਨ ਹੀ ਕਸ਼ਮੀਰ ਦਾ ਮਸਲਾ ਹੱਲ ਹੋ ਸਕਦਾ ਹੈ। ਅਸਲ ’ਚ ਕਸ਼ਮੀਰ ਪਾਕਿਸਤਾਨ ਦੇ ਪੈਰ ਦੀ ਬੇੜੀ ਬਣ ਗਿਆ ਹੈ। ਇਸ ਦੇ ਕਾਰਨ ਪਾਕਿਸਤਾਨ ਦਾ ਫੌਜੀਕਰਨ ਹੋ ਗਿਆ ਹੈ। ਗਰੀਬਾਂ ’ਤੇ ਖਰਚ ਕਰਨ ਦੀ ਬਜਾਏ ਸਰਕਾਰ ਹਥਿਆਰਾਂ ’ਤੇ ਪੈਸਾ ਰੋੜ੍ਹ ਰਹੀ ਹੈ। ਉਸ ਦੇ ਅੱਤਵਾਦੀ ਜਿੰਨੀਆਂ ਹੱਤਿਆਵਾਂ ਭਾਰਤ ’ਚ ਕਰਦੇ ਹਨ, ਉਸ ਤੋਂ ਕਿਤੇ ਵੱਧ ਉਹ ਪਾਕਿਸਤਾਨ ’ਚ ਕਰਦੇ ਹਨ। ਪਾਕਿਸਤਾਨ, ਜੋ ਕਦੇ ਭਾਰਤ ਹੀ ਸੀ, ਉਹ ਦੂਸਰੇ ਦੇਸ਼ਾਂ ਦੇ ਅੱਗੇ ਕਦੋਂ ਤੱਕ ਝੋਲੀ ਅੱਡਦਾ ਰਹੇਗਾ?


author

Bharat Thapa

Content Editor

Related News