ਚੀਨ ’ਚ ਗਰੀਬੀ ਦੀ ਸ਼ਿਕਾਇਤ ਕਰਨਾ ਮਨ੍ਹਾ ਹੈ
Monday, Oct 23, 2023 - 02:55 PM (IST)
ਚੀਨ ’ਚ ਅੱਜ-ਕੱਲ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਬੀਤ ਰਹੀ ਹੈ। ਅਜਿਹੀ ਹਾਲਤ ’ਚ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੀ ਗਰੀਬੀ ਬਾਰੇ ਸ਼ਿਕਾਇਤਾਂ ਕਰਨੀਆਂ ਬੰਦ ਕਰ ਦੇਣ। ਪਿਛਲੇ ਕਈ ਸਾਲਾਂ ਤੋਂ ਚੀਨ ਦੀ ਆਰਥਿਕ ਹਾਲਤ ਖ਼ਰਾਬ ਚੱਲ ਰਹੀ ਹੈ। ਇਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ’ਚ ਕਈ ਵਪਾਰੀ ਪੈਸਿਆਂ ਦੀ ਤੰਗੀ ਨਾਲ ਜੂਝ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਵੇਂ ਆਰਡਰ ਮਿਲਣੇ ਬੰਦ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਲਈ ਆਪਣਾ ਵਪਾਰ ਚਲਾਉਣਾ ਔਖਾ ਹੋ ਗਿਆ ਹੈ। ਮੁਲਾਜ਼ਮ ਵਰਗ ਇਸ ਗੱਲ ’ਤੇ ਪ੍ਰੇਸ਼ਾਨ ਹੈ ਕਿ ਉਸ ਨੂੰ ਲੋੜ ਤੋਂ ਵੱਧ ਕੰਮ ਕਰਨਾ ਪੈਂਦਾ ਹੈ। ਤਨਖਾਹ ਪਹਿਲਾਂ ਤੋਂ ਵੀ ਘੱਟ ਮਿਲਦੀ ਹੈ, ਨਾਲ ਹੀ ਇਸ ਗੱਲ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਕਦੋਂ ਨੌਕਰੀ ਚਲੀ ਜਾਏ।
ਚੀਨ ’ਚ ਰੀਅਲ ਅਸਟੇਟ ਸੈਕਟਰ ਦੇ ਢਹਿ-ਢੇਰੀ ਹੋਣ ਕਾਰਨ ਪੂਰੇ ਦੇਸ਼ ’ਚ ਕਈ ਅਜਿਹੀਆਂ ਇਮਾਰਤਾਂ ਖੜ੍ਹੀਆਂ ਹਨ ਜਿਨ੍ਹਾਂ ਨੂੰ ਖਰੀਦ ਕੇ ਕਈ ਮਾਸੂਮ ਲੋਕ ਫ਼ਸ ਗਏ ਹਨ। ਇਸ ਸਮੇਂ ਉਨ੍ਹਾਂ ਕੋਲ ਰਹਿਣ ਲਈ ਕੋਈ ਅਜਿਹੀ ਥਾਂ ਨਹੀਂ ਜਿਸ ਨੂੰ ਉਹ ਆਪਣਾ ਘਰ ਕਹਿ ਸਕਣ। ਨਾਲ ਹੀ ਉਹ ਇਕ ਅਜਿਹੇ ਕਰਜ਼ੇ ਦੇ ਜਾਲ ’ਚ ਫਸ ਚੁੱਕੇ ਹਨ ਜਿਸ ’ਚੋਂ ਬਾਹਰ ਨਿਕਲਣਾ ਉਨ੍ਹਾਂ ਲਈ ਹਾਲੇ ਸੰਭਵ ਨਹੀਂ ਹੈ। ਮਕਾਨ ਖਰੀਦਣ ਲਈ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਬੱਚਤ ਨੂੰ ਸਵਾਹ ਕਰ ਦਿੱਤਾ ਪਰ ਉਨ੍ਹਾਂ ਨੂੰ ਮਿਲਿਆ ਕੁਝ ਵੀ ਨਹੀਂ। ਇਸ ਸੰਦਰਭ ’ਚ ਇਕ ਆਮ ਚੀਨੀ ਦੀ ਜ਼ਿੰਦਗੀ ਬਹੁਤ ਔਖੀ ਬੀਤ ਰਹੀ ਹੈ। ਚੀਨ ਸਰਕਾਰ ਨੇ ਇਸ ਚੁਣੌਤੀ ਭਰੇ ਸਮੇਂ ’ਚ ਆਪਣੀਆਂ ਨੀਤੀਆਂ ’ਚ ਸੁਧਾਰ ਕਰਨ ਦੀ ਥਾਂ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੀ ਗਰੀਬੀ ਬਾਰੇ ਚੁੱਪ ਰਹਿਣ। ਸੋਸ਼ਲ ਮੀਡੀਆ ’ਤੇ ਉਹ ਆਪਣੀ ਗਰੀਬੀ ਦੀ ਚਰਚਾ ਕਰਨ ਦੀ ਥਾਂ ਇਹ ਕਹਿਣ ਕਿ ਇਹ ਸਭ ਚਲਦਾ ਹੈ, ਅਸੀਂ ਜਲਦੀ ਹੀ ਇਸ ’ਚੋਂ ਬਾਹਰ ਨਿਕਲ ਆਵਾਂਗੇ। ਇਹ ਕੋਈ ਵੱਡੀ ਸਮੱਸਿਆ ਨਹੀਂ ਹੈ।
ਜਦੋਂ ਸੋਸ਼ਲ ਮੀਡੀਆ ’ਤੇ ਸੀ. ਪੀ. ਸੀ. ਦੀ ਇਹ ਖ਼ਬਰ ਫੈਲੀ ਤਾਂ ਲੋਕਾਂ ਨੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ। ਚੀਨ ਦੀ ਸਰਕਾਰੀ ਅਖਬਾਰ ‘ਪੀਪਲਜ਼ ਡੇਲੀ’ ਨੇ ਸੀ.ਪੀ.ਸੀ. ਦੇ ਨਿਰਦੇਸ਼ਾਂ ਨੂੰ ਲਗਾਤਾਰ ਛਾਪਣਾ ਸ਼ੁਰੂ ਕਰ ਦਿੱਤਾ, ਜਿਸ ’ਚ ਸੀ. ਪੀ. ਸੀ. ਦੇ ਨੇਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਸੀ ਕਿ ਉਹ ਆਪਣੀ ਰੋਜ਼ਾਨਾ ਦੀ ਗੱਲਬਾਤ ’ਚ ‘ਅੱਕ ਗਿਆ ਹਾਂ’, ‘ਥੱਕ ਗਿਆ ਹਾਂ’, ‘ਸਭ ਕੁਝ ਖਤਮ ਹੋ ਗਿਆ ਹੈ, ਵਰਗੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨ ਕਿਉਂਕਿ ਅਜਿਹਾ ਬੋਲਣ ਨਾਲ ਤੁਹਾਨੂੰ ਮਦਦ ਨਹੀਂ ਮਿਲੇਗੀ। ਉੱਧਰ ਦੂਜੇ ਪਾਸੇ ਲੋਕ ਤੁਹਾਨੂੰ ਡਿੱਗੀਆਂ ਹੋਈਆਂ ਨਜ਼ਰਾਂ ਨਾਲ ਦੇਖਣਗੇ ਜਿਸ ਕਾਰਨ ਤੁਸੀਂ ਇਸ ਮਾਨਸਿਕ ਹਾਲਤ ’ਚੋਂ ਬਾਹਰ ਨਹੀਂ ਨਿਕਲ ਸਕੋਗੇ। ਸੀ.ਪੀ.ਸੀ. ਦੇ ਨੇਤਾ ਲੋਕਾਂ ਨੂੰ ਇਹ ਸਲਾਹ ਦੇ ਰਹੇ ਹਨ ਕਿ ਉਹ ਆਪਣੀਆਂ ਗੱਲਾਂ ’ਚ ਉਸਾਰੂਪਨ ਲਿਆਉਣ ਤਾਂ ਜੋ ਉਹ ਆਪਣੇ ਆਪ ਨੂੰ ਊਰਜਾਵਾਨ ਬਣਾ ਸਕਣ ਅਤੇ ਆਪਣੀ ਕਿਸਮਤ ਸੁਧਾਰ ਸਕਣ। ਪਤਾ ਨਹੀਂ ਸੀ.ਪੀ.ਸੀ. ਦੇ ਆਗੂਆਂ ਦਾ ਦਿਮਾਗ ਕੰਮ ਵੀ ਕਰ ਰਿਹਾ ਹੈ ਜਾਂ ਨਹੀਂ। ਉਨ੍ਹਾਂ ਕੋਲ ਸਮੱਸਿਆਵਾਂ ਦਾ ਕੋਈ ਹੱਲ ਤਾਂ ਹੈ ਨਹੀਂ, ਇਸ ਦੇ ਨਾਲ ਹੀ ਉਹ ਆਪਣੇ ਲੋਕਾਂ ਦੇ ਦੁੱਖਾਂ ’ਤੇ ਲੂਣ ਛਿੜਕਦੇ ਹੋਏ ਅੰਧਵਿਸ਼ਵਾਸ ਵੱਲ ਧੱਕ ਰਹੇ ਹਨ।
ਲੋਕ ਅਖਬਾਰ ਦੇ ਇਸ ਕਾਲਮ ’ਤੇ ਲੋਹਾ-ਲਾਖਾ ਹੋ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਸੀ.ਪੀ.ਸੀ. ਦੇ ਨੇਤਾ ਇਹ ਕਹਿਣਾ ਚਾਹੁੰਦੇ ਹਨ ਕਿ ਦੁੱਖਾਂ ਦਰਮਿਆਨ ਜ਼ਿੰਦਗੀ ਬਿਤਾਉਂਦੇ ਹੋਏ ਵੀ ਅਸੀਂ ਉਨ੍ਹਾਂ ਦੀ ਚਰਚਾ ਨਾ ਕਰੀਏ। ਇਕ ਦੂਜੇ ਨਾਟੀਜ਼ਨ ਨੇ ਤਾਂ ਸਖਤ ਲਹਿਜੇ ’ਚ ਲਿਖਿਆ ਹੈ ਕਿ ਪਹਿਲਾਂ ਉਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਨੂੰ ਅੱਗੋਂ ਬਹੁਤ ਕੁਝ ਮਿਲੇਗਾ ਪਰ ਹੁਣ ਉਹ ਸਾਨੂੰ ਕੁਝ ਵੀ ਦੇਣ ’ਚ ਸਮਰੱਥ ਨਹੀਂ ਹਨ, ਉਲਟਾ ਇਹ ਕਹਿ ਰਹੇ ਹਨ ਕਿ ਆਪਣੀ ਭੁੱਖ ਮਿਟਾਉਣ ਲਈ ਤੁਹਾਨੂੰ ਖੁਦ ਹੀ ਕੋਈ ਰਾਹ ਲੱਭਣਾ ਹੋਵੇਗਾ। ਇਕ ਹੋਰ ਨਾਟੀਜ਼ਨ ਨੇ ਲਿਖਿਆ ਹੈ ਕਿ ਜੇ ਭਾਸ਼ਾ ’ਚ ਸੱਚਮੁੱਚ ਸ਼ਕਤੀ ਹੁੰਦੀ ਤਾਂ ਕੁਝ ਲੋਕ ਬਹੁਤ ਪਹਿਲਾਂ ਹੀ ਅੱਗੇ ਵਧ ਗਏ ਹੁੰਦੇ। ਇਕ ਨਾਟੀਜ਼ਨ ਨੇ ਤਾਂ ਸੋਸ਼ਲ ਮੀਡੀਆ ’ਤੇ ਚੀਨ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਬੇਸ਼ੱਕ ਹੀ ਸਰਕਾਰੀ ਮੀਡੀਆ ’ਤੇ ਸਰਕਾਰ ਦੇ ਸੰਦੇਸ਼ ਉਸਾਰੂ ਲੱਗਣ ਪਰ ਅਸਲ ’ਚ ਇਨ੍ਹਾਂ ਰਾਹੀਂ ਕੋਈ ਹੱਲ ਨਿਕਲਣ ਵਾਲਾ ਨਹੀਂ ਹੈ ਕਿਉਂਕਿ ਇਹ ਅਸਲੀਅਤ ਨਹੀਂ ਹੈ।
ਇਸ ਸਮੇਂ ਸੀ.ਪੀ.ਸੀ. ਕੋਲ ਲੋਕਾਂ ਦੀ ਗਰੀਬੀ ਅਤੇ ਭੁੱਖ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਚੀਨੀ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਲਈ ਲੋਕਾਂ ਨੂੰ ਪੁੱਠੇ-ਸਿੱਧੇ ਤਰੀਕੇ ਦੱਸ ਰਹੀ ਹੈ। ਲੋਕ ਵੀ ਸਰਕਾਰ ਵਿਰੁੱਧ ਗੁੱਸੇ ’ਚ ਬੈਠੇ ਹਨ। ਚੀਨੀ ਲੋਕ ਇੱਥੋਂ ਤੱਕ ਕਹਿ ਰਹੇ ਹਨ ਕਿ ਜਦੋਂ ਪੱਛਮੀ ਦੇਸ਼ਾਂ ’ਚ ਮੁਸੀਬਤ ਆਉਂਦੀ ਹੈ ਤੇ ਉਸ ’ਚੋਂ ਬਾਹਰ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ ਤਾਂ ਉਥੋਂ ਦੀ ਸਰਕਾਰ ਲੋਕਾਂ ਨੂੰ ਪਰਮਾਤਮਾ ’ਤੇ ਭਰੋਸਾ ਰੱਖਣ ਲਈ ਕਹਿੰਦੀ ਪਰ ਅਸੀਂ ਤਾਂ ਇਹ ਵੀ ਨਹੀਂ ਕਰ ਸਕਦੇ ਕਿਉਂਕਿ ਚੀਨ ’ਚ ਪਰਮਾਤਮਾ ’ਤੇ ਭਰੋਸਾ ਰੱਖਣ ਦਾ ਮਤਲਬ ਅਪਰਾਧ ਕਰਨਾ ਹੈ ਕਿਉਂਕਿ ਸਰਕਾਰ ਹੀ ਨਾਸਤਿਕ ਹੈ ਅਤੇ ਉਹ ਇਨ੍ਹਾਂ ਸਭ ਗੱਲਾਂ ’ਚ ਭਰੋਸਾ ਨਹੀਂ ਰੱਖਦੀ।