ਕੀ ਤੁਹਾਡਾ ਮੋਬਾਈਲ ਫੋਨ ਸੁਰੱਖਿਅਤ ਹੈ

Friday, Nov 03, 2023 - 04:07 PM (IST)

ਕੀ ਤੁਹਾਡਾ ਮੋਬਾਈਲ ਫੋਨ ਸੁਰੱਖਿਅਤ ਹੈ

ਆਏ ਦਿਨ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਵੱਡੇ ਵਿਅਕਤੀ ਜਾਂ ਮਸ਼ਹੂਰ ਸ਼ਖ਼ਸੀਅਤ ਨੇ ਆਪਣੇ ਮੋਬਾਈਲ ਫੋਨ ’ਚ ਛੇੜਛਾੜ ਜਾਂ ਟੈਪਿੰਗ ਦੀ ਸ਼ਿਕਾਇਤ ਕੀਤੀ ਹੈ। ਅਜਿਹੇ ਦੋਸ਼ ਅਕਸਰ ਉਸ ਵਿਅਕਤੀ ਦੇ ਵਿਰੋਧੀਆਂ ਜਾਂ ਦੁਸ਼ਮਣਾਂ ’ਤੇ ਲੱਗਦੇ ਹਨ। ਇਹ ਸਭ ਤਦ ਵੀ ਹੁੰਦਾ ਹੈ ਜਦ ਫੋਨ ਟੈਪਿੰਗ ਦਾ ਸ਼ਿਕਾਰ ਵਿਅਕਤੀ ਕਿਸੇ ਅਜਿਹੇ ਕੰਮ ਨੂੰ ਅੰਜਾਮ ਦੇਣ ਵਾਲਾ ਹੁੰਦਾ ਹੈ ਜਿਸ ਨਾਲ ਉਸ ਦੇ ਵਿਰੋਧੀਆਂ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖਦਸ਼ਾ ਹੁੰਦਾ ਹੈ।

ਅਜਿਹੀਆਂ ਘਟਨਾਵਾਂ ਸਿਰਫ ਸਿਆਸੀ ਮੈਦਾਨ ’ਚ ਨਹੀਂ ਹੁੰਦੀਆਂ। ਕਾਰਪੋਰੇਟ ਸੈਕਟਰ ਅਤੇ ਖੇਡ ਦੇ ਮੈਦਾਨ ’ਚ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਫੋਨ ਟੈਪਿੰਗ ਰਾਹੀਂ ਜਾਸੂਸੀ ਕਰਨਾ ਕੋਈ ਨਵੀਂ ਗੱਲ ਨਹੀਂ। ਅਜਿਹਾ ਕੰਮ ਸਰਕਾਰੀ ਏਜੰਸੀਆਂ ਅਕਸਰ ਦੇਸ਼ ਵਿਰੋਧੀ ਸਰਗਰਮੀਆਂ ਦੀ ਜਾਂਚ ਲਈ ਕਰਦੀਆਂ ਆਈਆਂ ਹਨ ਪਰ ਪਿਛਲੇ ਕੁਝ ਸਾਲਾਂ ’ਚ ਫੋਨ ਟੈਪਿੰਗ ਦੀ ਗੈਰ-ਕਾਨੂੰਨੀ ਵਰਤੋਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।

ਤਾਜ਼ਾ ਮਾਮਲਾ ਆਈਫੋਨ ਬਣਾਉਣ ਵਾਲੀ ਅਮਰੀਕੀ ਕੰਪਨੀ ਐਪਲ ਵੱਲੋਂ ਦਿੱਤੀ ਗਈ ਚਿਤਾਵਨੀ ਸੰਦੇਸ਼ ਦਾ ਹੈ। ਖਪਤਕਾਰਾਂ ਨੂੰ ਭੇਜੇ ਗਏ ਚਿਤਾਵਨੀ ਸੰਦੇਸ਼ ਮੁਤਾਬਕ, ‘ਰਾਜ ਪ੍ਰਾਯੋਜਿਤ ਹਮਲਾਵਰ’ ਉਨ੍ਹਾਂ ਦੇ ਆਈਫੋਨ ਨੂੰ ਨਿਸ਼ਾਨਾ ਬਣਾ ਸਕਦੇ ਹਨ। ਐਪਲ ਨੇ ਦੁਨੀਆ ਭਰ ’ਚ 150 ਤੋਂ ਵੱਧ ਦੇਸ਼ਾਂ ’ਚ ਆਪਣੇ ਕੁਝ ਖਪਤਕਾਰਾਂ ਨੂੰ ਅਜਿਹੇ ਚਿਤਾਵਨੀ ਸੰਦੇਸ਼ ਭੇਜੇ ਹਨ।

ਜਿਵੇਂ ਹੀ ਇਹ ਸੰਦੇਸ਼ ਭਾਰਤ ਦੀਆਂ ਕੁਝ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਕੋਲ ਪਹੁੰਚੇ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਰਕਾਰ ’ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ। ਚੋਣਾਂ ਦੇ ਮਾਹੌਲ ’ਚ ਜੇ ਵਿਰੋਧੀ ਧਿਰ ਦੇ ਆਗੂਆਂ ’ਤੇ ਅਜਿਹਾ ਕੁਝ ਹੋ ਰਿਹਾ ਹੈ ਤਾਂ ਸਰਕਾਰੀ ਤੰਤਰ ਸਵਾਲਾਂ ਦੇ ਘੇਰੇ ’ਚ ਆਵੇਗਾ ਹੀ। ਮਾਮਲੇ ਦੇ ਤੂਲ ਫੜਦਿਆਂ ਹੀ ਸਰਕਾਰ ਨੇ ਵੀ ਬਿਆਨ ਜਾਰੀ ਕੀਤਾ ਕਿ ਉਹ ਚਿੰਤਤ ਹੈ ਅਤੇ ਉਸ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਮੋਬਾਈਲ ਫੋਨ ਨਿਰਮਾਤਾਵਾਂ ’ਚ ਐਪਲ ਕੰਪਨੀ ਦਾ ਆਈਫੋਨ ਸੁਰੱਖਿਆ ਦੀ ਨਜ਼ਰ ਨਾਲ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਨ੍ਹਾਂ ਯੰਤਰਾਂ ’ਚ ਹੈਕਿੰਗ ਜਾਂ ਜਾਸੂਸੀ ਰੋਕਣ ਲਈ ਸੁਰੱਖਿਆ ਦੀ ਨਜ਼ਰ ਨਾਲ ਸਭ ਤੋਂ ਉੱਨਤ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਇਕ ਅਭੇਦ ਕਿਲੇ ਦੇ ਬਰਾਬਰ ਹੁੰਦੀ ਹੈ।

ਸਾਈਬਰ ਮਾਹਿਰਾਂ ਅਨੁਸਾਰ ਜੇ ਕਿਸੇ ਹੈਕਰ ਨੇ ਕਿਸੇ ਦੇ ਆਈਫੋਨ ਨੂੰ ਹੈਕ ਕਰਨਾ ਹੈ ਤਾਂ ਉਹ ਕਾਫੀ ਔਖਾ ਅਤੇ ਮਹਿੰਗਾ ਹੁੰਦਾ ਹੈ ਪਰ ਅਸੰਭਵ ਨਹੀਂ ਹੁੰਦਾ। ਇਸ ਲਈ ਜੇ ਕਿਸੇ ਹੈਕਰ ਨੇ ਕਿਸੇ ਦਾ ਆਈਫੋਨ ਹੈਕ ਕਰਨਾ ਹੈ ਤਾਂ ਉਸ ਨੂੰ ਪੈਸੇ ਅਤੇ ਤਕਨੀਕ ਦੀ ਨਜ਼ਰ ਨਾਲ ਕਾਫੀ ਮਜ਼ਬੂਤ ਹੋਣਾ ਪਵੇਗਾ।

ਜਾਣਕਾਰਾਂ ਮੁਤਾਬਕ, ਭਾਵੇਂ ਹੀ ਕਿਸੇ ਦਾ ਆਈਫੋਨ ਹੈਕ ਹੋ ਜਾਵੇ ਪਰ ਜਿਵੇਂ ਹੀ ਉਸ ਆਈਫੋਨ ਦਾ ਸਾਫਟਵੇਅਰ ਅਪਡੇਟ ਹੋਵੇਗਾ ਤਾਂ ਉਸ ’ਚ ਪਿਆ ਜਾਸੂਸੀ ਵਾਲਾ ਸਾਫਟਵੇਅਰ ਗੈਰ-ਕਿਰਿਆਸ਼ੀਲ ਹੋ ਜਾਵੇਗਾ।

ਅਜਿਹੇ ’ਚ ਸਵਾਲ ਉੱਠਦਾ ਹੈ ਕਿ ਆਈਫੋਨ ਵਰਗੇ ਸੁਰੱਖਿਅਤ ਮੋਬਾਈਲ ਵੀ ਖਤਰੇ ’ਚ ਕਿਵੇਂ ਹਨ? ਕੀ ਆਈਫੋਨ ਦੇ ਸੁਰੱਖਿਆ ਸਾਫਟਵੇਅਰ ਦਾ ਤੋੜ ਵੀ ਮੋਬਾਈਲ ਅਪਰਾਧ ਦੇ ਹੈਕਰਾਂ ਦੇ ਹੱਥ ਲੱਗ ਗਿਆ ਹੈ?

ਧਿਆਨ ਦੇਣਯੋਗ ਹੈ ਕਿ ਐਪਲ ਨੇ ਆਪਣੇ ਸਪੱਸ਼ਟੀਕਰਨ ’ਚ ਇਕ ਅਹਿਮ ਗੱਲ ਵੀ ਸਪੱਸ਼ਟ ਕੀਤੀ ਹੈ। ਐਪਲ ਨੇ ਕਿਹਾ, ‘‘ਅਸੀਂ ਇਸ ਬਾਰੇ ਜਾਣਕਾਰੀ ਦੇਣ ’ਚ ਅਸਮਰੱਥ ਹਾਂ ਕਿ ਕਿਸ ਕਾਰਨ ਸਾਨੂੰ ਖਤਰੇ ਦੀਆਂ ਸੂਚਨਾਵਾਂ ਜਾਰੀ ਕਰਨੀਆਂ ਪੈ ਰਹੀਆਂ ਹਨ ਕਿਉਂਕਿ ਇਸ ਨਾਲ ਰਾਜ ਪ੍ਰਾਯੋਜਿਤ ਹਮਲਾਵਰਾਂ ਨੂੰ ਭਵਿੱਖ ’ਚ ਪਤਾ ਲਗਾਉਣ ਤੋਂ ਬਚਣ ਲਈ ਆਪਣੇ ਵਿਹਾਰ ਨੂੰ ਅਨੁਕੂਲ ਕਰਨ ’ਚ ਮਦਦ ਮਿਲ ਸਕਦੀ ਹੈ।’’

ਇਸ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਐਪਲ ਅਜੇ ਵੀ ਫੋਨ ਹੈਕਰਾਂ ਤੋਂ ਇਕ ਕਦਮ ਅੱਗੇ ਹੈ। ਅਜਿਹੇ ’ਚ ਐਪਲ ਨੂੰ ਆਪਣੇ ਸਾਫਟਵੇਅਰ ਨੂੰ ਬਹੁਤ ਜਲਦੀ ਅਪਡੇਟ ਵੀ ਕਰਨਾ ਪਵੇਗਾ, ਜਿਸ ਨਾਲ ਕਿ ਜੇ ਫੋਨ ਹੈਕ ਹੋਏ ਵੀ ਹਨ ਤਾਂ ਉਨ੍ਹਾਂ ’ਚੋਂ ਹੈਕਿੰਗ ਕੱਢੀ ਜਾ ਸਕੇ।

ਜਾਣਕਾਰਾਂ ਮੁਤਾਬਕ ਸਟੇਟ ਸਪਾਂਸਰਡ ਅਟੈਕ ਕਰਨ ਵਾਲੇ ਹੈਕਰ ਇਕ ਛੋਟੇ ਸਮੂਹ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਹਨ। ਇਹ ਹੈਕਰ ਤਕਨੀਕ ਦੀ ਨਜ਼ਰ ਨਾਲ ਇਕਦਮ ਨਵੇਂ ਅਤੇ ਆਧੁਨਿਕ ਸੰਸਾਧਨਾਂ ਦੀ ਹੀ ਵਰਤੋਂ ਕਰਦੇ ਹਨ। ਹੋਰ ਸਾਈਬਰ ਅਪਰਾਧੀਆਂ ਵਾਂਗ ਇਹ ਇਕ ਵੱਡੇ ਸਮੂਹ ਨੂੰ ਆਪਣਾ ਸ਼ਿਕਾਰ ਨਹੀਂ ਬਣਾਉਂਦੇ, ਜਿਸ ਕਾਰਨ ਇਨ੍ਹਾਂ ਨੂੰ ਟ੍ਰੈਕ ਕਰਨਾ ਔਖਾ ਹੁੰਦਾ ਹੈ। ਅਜਿਹੇ ਅਟੈਕ ਕਾਫੀ ਗੁੰਝਲਦਾਰ ਹੁੰਦੇ ਹਨ ਅਤੇ ਇਨ੍ਹਾਂ ਨੂੰ ਈਜਾਦ ਕਰਨ ’ਤੇ ਕਰੋੜਾਂ ਦਾ ਖਰਚ ਆਉਂਦਾ ਹੈ। ਇਨ੍ਹਾਂ ਅਟੈਕਾਂ ਦੀ ਮਿਆਦ ਵੀ ਬਹੁਤ ਛੋਟੀ ਹੁੰਦੀ ਹੈ ਪਰ ਅਜਿਹੇ ਹੈਕਰਾਂ ਵੱਲੋਂ ਹੈਕ ਕੀਤੇ ਗਏ ਆਈਫੋਨ ਪੂਰੀ ਤਰ੍ਹਾਂ ਉਨ੍ਹਾਂ ਦੇ ਇਸ਼ਾਰਿਆਂ ’ਤੇ ਚੱਲਦੇ ਹਨ।

ਜੇ ਤੁਸੀਂ ਕਿਸੇ ਨਾਲ ਫੋਨ ’ਤੇ ਗੱਲ ਨਹੀਂ ਵੀ ਕਰ ਰਹੇ ਹੋ ਤਦ ਵੀ ਤੁਹਾਡੇ ਆਈਫੋਨ ਦੇ ਮਾਈਕ ਰਾਹੀਂ ਫੋਨ ਦੇ ਨੇੜੇ-ਤੇੜੇ ਹੋਣ ਵਾਲੀ ਹਰ ਗੱਲ ਨੂੰ ਸੁਣਿਆ ਜਾ ਸਕਦਾ ਹੈ। ਤੁਹਾਡੀ ਮਰਜ਼ੀ ਦੇ ਬਿਨਾਂ ਤੁਹਾਡੇ ਆਈਫੋਨ ਦੇ ਕੈਮਰੇ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਤੁਸੀਂ ਆਪਣਾ ਫੋਨ ਲੈ ਕੇ ਕਿੱਥੇ-ਕਿੱਥੇ ਗਏ, ਇਸ ਦੀ ਜਾਣਕਾਰੀ ਵੀ ਹੈਕਰ ਨੂੰ ਮਿਲ ਜਾਂਦੀ ਹੈ।

ਇਸ ਲਈ ਸਾਨੂੰ ਕਾਫੀ ਸੁਚੇਤ ਰਹਿਣ ਦੀ ਲੋੜ ਹੈ। ਕਿਸੇ ਵੀ ਅਣਜਾਣ ਵਿਅਕਤੀ ਵੱਲੋਂ ਭੇਜੀ ਗਈ ਤਸਵੀਰ, ਵੀਡੀਓ ਜਾਂ ਲਿੰਕ ਨੂੰ ਆਪਣੇ ਫੋਨ ’ਚ ਨਹੀਂ ਖੋਲ੍ਹਣਾ ਚਾਹੀਦਾ। ਫੋਨ ਦੇ ਸਾਫਟਵੇਅਰ ਨੂੰ ਹਮੇਸ਼ਾ ਅਪਡੇਟ ਰੱਖੋ।

ਕੁਝ ਸਾਲ ਪਹਿਲਾਂ ਜਦ ‘ਪੈਗਾਸਸ’ ਵੱਲੋਂ ਜਾਸੂਸੀ ਦਾ ਮਾਮਲਾ ਉੱਠਿਆ ਸੀ ਤਾਂ ਇਹ ਸੁਪਰੀਮ ਕੋਰਟ ਤਕ ਪੁੱਜਾ ਜਿੱਥੇ ਅੱਜ ਵੀ ਪੈਂਡਿੰਗ ਪਿਆ ਹੈ। ਜੇ ਇਸ ਤਾਜ਼ਾ ਅਟੈਕ ਦੇ ਮਾਮਲੇ ਨੂੰ ਲਈਏ ਤਾਂ ਜਿਸ ਤਰ੍ਹਾਂ ਇਸ ਅਟੈਕ ਦੀ ਚਿਤਾਵਨੀ ਵਾਲੇ ਸੰਦੇਸ਼ ਸਿਰਫ ਵਿਰੋਧੀ ਧਿਰ ਆਗੂਆਂ ਨੂੰ ਗਏ ਹਨ ਤਾਂ ਸਰਕਾਰ ’ਤੇ ਦੋਸ਼ ਲੱਗਣਾ ਜ਼ਾਹਿਰ ਜਿਹੀ ਗੱਲ ਹੈ। ਉੱਥੇ ਜੇ ਸਰਕਾਰ ਦੀ ਗੱਲ ਮੰਨੀਏ ਤਾਂ ਐਪਲ ਨੇ ਆਪਣੇ ਸਪੱਸ਼ਟੀਕਰਨ ਤੋਂ ਇਹ ਗੱਲ ਸਾਫ ਨਹੀਂ ਕੀਤੀ ਕਿ ਕਿਸ ਸਰਕਾਰੀ ਤੰਤਰ ਨੇ ਅਜਿਹਾ ਅਟੈਕ ਦੁਨੀਆ ਭਰ ’ਚ ਕੀਤਾ।

ਕੀ ਕੋਈ ਹੋਰ ਦੇਸ਼ ਅਜਿਹੇ ਅਟੈਕ ਕਰ ਰਿਹਾ ਹੈ ਜਿਸ ਦਾ ਇਰਾਦਾ ਭਾਰਤ ’ਚ ਸਿਆਸੀ ਅਸਥਿਰਤਾ ਲਿਆਉਣਾ ਹੈ? ਜੇ ਅਜਿਹਾ ਹੈ ਤਾਂ ਸਿਰਫ ਵਿਰੋਧੀ ਧਿਰ ਆਗੂਆਂ ਦੇ ਫੋਨ ’ਚ ਹੀ ਅਜਿਹਾ ਅਟੈਕ ਕਿਉਂ ਹੋਇਆ? ਅਜਿਹੇ ’ਚ ਸਰਕਾਰ ਨੂੰ ਵੀ ਇਕ ਸਪੱਸ਼ਟੀਕਰਨ ਜਾਰੀ ਕਰਨਾ ਚਾਹੀਦਾ ਹੈ ਅਤੇ ਇਸ ਮਾਮਲੇ ’ਚ ਆਪਣਾ ਰੁਖ ਸਾਫ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਹਰ ਫੋਨ ਵਰਤਣ ਵਾਲਾ ਸੋਚੇਗਾ ਕਿ ਕੀ ਉਸ ਦਾ ਫੋਨ ਸੁਰੱਖਿਅਤ ਹੈ?

ਰਜਨੀਸ਼ ਕਪੂਰ


author

Rakesh

Content Editor

Related News