ਕੀ ਕੋਰੋਨਾ ਲੈਬ ’ਚ ਤਿਆਰ ਹੋਇਆ ਜੈਨੇਟਿਕ ਤੌਰ ’ਤੇ ਇਕ ਸੋਧਿਆ ਵਾਇਰਸ ਹੈ?

04/01/2020 2:02:51 AM

ਮੁਹੰਮਦ ਅੱਬਾਸ ਧਾਲੀਵਾਲ

ਜਿਸ ਦਿਨ ਤੋਂ ਚੀਨ ਦੇ ਵੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਹੈ, ਉਸੇ ਦਿਨ ਤੋਂ ਇਸ ਵਾਇਰਸ ਦੀ ਉਤਪਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਕ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਇਹ ਵਾਇਰਸ ਵੁਹਾਨ ਦੇ ਨੇੜੇ ਚੀਨੀ ਲੈਬਾਰਟਰੀ ’ਤੋਂ ਲੀਕ ਹੋਇਆ ਤੇ ਫਿਰ ਉਥੋਂ ਦੇ ਨੇੜਲੇ ਲੋਕਾਂ ਨੂੰ ਪੀੜਤ ਕਰ ਗਿਆ। ਸ਼ਾਇਦ ਇਹੋ ਕਾਰਣ ਹੈ ਕਿ ਇਸ ਸਬੰਧ ਵਿਚ ਜਿਥੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਹੁਣ ਤਕ ਇਸ ਨੂੰ ‘ਚੀਨੀ ਵਾਇਰਸ’ ਕਹਿ ਕੇ ਪ੍ਰਚਾਰ ਰਹੇ ਹਨ ਪਰ ਦੂਜੇ ਪਾਸੇ ਚੀਨ ਦੇ ਬੁਲਾਰੇ ਇਸ ਨੂੰ ਆਪਣੇ ਦੇਸ਼ ਵਿਚ ਅਮਰੀਕੀ ਫੌਜੀਆਂ ਵਲੋਂ ਫੈਲਾਏ ਜਾਣ ਦੇ ਦੋਸ਼ ਲਾ ਰਹੇ ਹਨ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੋਰੋਨਾ ਵਾਇਰਸ ਦਾ ਫੈਲਣਾ ਇਕ ਕੁਦਰਤੀ ਕਰੋਪੀ ਸੀ ਜਾਂ ਇਸ ਨੂੰ ਫੈਲਾਉਣ ਵਿਚ ਜੈਵਿਕ ਹਥਿਆਰ ਬਣਾਉਣ ਵਾਲੇ ਅਖੌਤੀ ਦੇਸ਼ਾਂ ਦਾ ਹੱਥ ਸੀ। ਬੀਤੇ ਦਿਨੀਂ ਇਕ ਰੋਜ਼ਾਨਾ ਹਿੰਦੀ ਅਖਬਾਰ ’ਚ ਰਾਮ ਸ਼੍ਰੀਵਾਸਤਵ, ਜੋ ਹੋਲਕਰ ਸਾਇੰਸ ਕਾਲਜ ’ਚ ਪ੍ਰੋਫੈਸਰ ਸਨ ਅਤੇ ਯੰਗ ਸਾਇੰਟਿਸਟ ਐਵਾਰਡ ਪ੍ਰਾਪਤ ਕਰ ਚੁੱਕੇ ਹਨ, ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਪੇਨ, ਚੀਨ, ਅਮਰੀਕਾ ਦੀਆਂ ਮੈਡੀਕਲ ਸੰਸਥਾਵਾਂ ਦੇ ਖੋਜ ਪੱਤਰਾਂ ਦਾ ਅਧਿਐਨ ਕਰਨ ਉਪਰੰਤ ਇਹ ਪਤਾ ਲੱਗਾ ਹੈ ਕਿ ਵਾਇਰਸ ਪੂਰੀ ਤਰ੍ਹਾਂ ਲੈਬ ’ਚ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਦੂਜੇ ਵਾਇਰਸ ਅਤੇ ਕੋਰੋਨਾ ਵਾਇਰਸ ’ਚ ਵੱਡਾ ਫਰਕ ਹੈ। ਖੋਜਕਰਤਾਵਾਂ ਨੇ ਇਹ ਦਿਖਾਇਆ ਹੈ ਕਿ ਕੁਦਰਤੀ ਵਾਇਰਸ ਅਤੇ ਕੋਰੋਨਾ ਵਾਇਰਸ ਦੇ ਜੀਨਜ਼ ਬਿਲਕੁਲ ਵੱਖ ਹਨ। ਕੁਦਰਤੀ ਵਾਇਰਸ ਦਾ ਕ੍ਰਮ ਹਮੇਸ਼ਾ ਬਦਲਦਾ ਰਹਿੰਦਾ ਹੈ, ਜਦਕਿ ਕੋਰੋਨਾ ਵਾਇਰਸ ਦਾ ਕ੍ਰਮ ਬਦਲਦਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੋਰ ਵਾਇਰਸਾਂ ਵਾਂਗ ਇਸ ਨੂੰ ਪੌਸ਼ਟਿਕ ਤੱਤ ਨਹੀਂ ਮਿਲ ਰਹੇ, ਇਸ ਲਈ 80 ਫੀਸਦੀ ਸੰਭਾਵਨਾ ਇਹ ਹੈ ਕਿ ਇਸ ਨੂੰ ਲੈਬ ’ਚ ਬਣਾਇਆ ਗਿਆ ਹੈ ਅਤੇ ਇਹ ਕੁਦਰਤੀ ਨਹੀਂ ਸਗੋਂ ਜੈਨੇਟਿਕ ਤੌਰ ’ਤੇ ਇਕ ਸੋਧਿਆ ਵਾਇਰਸ ਹੈ।

ਪ੍ਰੋਫੈਸਰ ਰਾਮ ਸ਼੍ਰੀਵਾਸਤਵ ਅਨੁਸਾਰ ਇਸ ਸਬੰਧ ’ਚ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਣ ਅੱਖਾਂ ਦਾ ਰੰਗ ਗੁਲਾਬੀ ਹੁੰਦਾ ਹੈ ਅਤੇ ਇਸ ਦੌਰਾਨ ਇਨਸਾਨ ਦੀ ਸੁੰਘਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਇਥੋਂ ਤਕ ਕਿ ਭੋਜਨ ’ਚ ਸਵਾਦ ਦੀ ਘਾਟ ਵੀ ਆਉਂਦੀ ਹੈ, ਜੋ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਲੱਛਣ ਹਨ। ਜਦੋਂ ਕੋਰੋਨਾ ਵਾਇਰਸ ਸਾਡੇ ਸਰੀਰ ਵਿਚ ਹਵਾ ਰਾਹੀਂ ਘੁਲਦਾ ਹੈ ਤਾਂ ਇਹ ਸਭ ਤੋਂ ਪਹਿਲਾਂ ਸਾਡੀਆਂ ਗ੍ਰੰਥੀਆਂ ਨੂੰ ਖਰਾਬ ਕਰਨਾ ਸ਼ੁਰੂ ਕਰਦਾ ਹੈ, ਜਿਸ ਨਾਲ ਸਾਡੀ ਖੁਸ਼ਬੂ ਜਾਂ ਬਦਬੂ ਨੂੰ ਸੁੰਘਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਬਾਅਦ ਇਹ ਸਾਡੇ ਮੂੰਹ ’ਚ ਜਾਂਦਾ ਹੈ ਅਤੇ ਸਾਡੇ ਥੁੱਕ ਨਾਲ ਮਿਲ ਕੇ ਸਾਡੀ ਜੀਭ ਦੇ ਸਵਾਦ ਤੰਤੂਆਂ ਨੂੰ ਢਕ ਲੈਂਦਾ ਹੈ, ਜਿਸ ਦੇ ਨਤੀਜੇ ਵਜੋਂ ਸਵਾਦ ਦੀਆਂ ਗ੍ਰੰਥੀਆਂ ਸੁਸਤ ਪੈ ਜਾਂਦੀਆਂ ਹਨ। ਇਨ੍ਹਾਂ ਲੱਛਣਾਂ ਦੇ 3 ਤੋਂ 4 ਦਿਨਾਂ ਬਾਅਦ ਖੁਸ਼ਕ ਖੰਘ, ਤੇਜ਼ ਬੁਖਾਰ ਅਤੇ ਸਾਹ ਲੈਣ ’ਚ ਮੁਸ਼ਕਿਲ ਜਿਹੀਆਂ ਇਕ ਤੋਂ ਬਾਅਦ ਇਕ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਮਨੁੱਖੀ ਅੱਖਾਂ ਦਾ ਰੰਗ ਵੀ ਗੁਲਾਬੀ ਹੋ ਜਾਂਦਾ ਹੈ, ਇਸ ਲਈ ਅਮਰੀਕੀ ਅਪਥਾਲੋਜੀਕਲ ਸੋਸਾਇਟੀ ਆਫ ਅਮਰੀਕਾ ਨੇ ਸਾਰੇ ਅੱਖਾਂ ਦੇ ਮਾਹਿਰਾਂ ਨੂੰ ਅਲਰਟ ਜਾਰੀ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਉਨ੍ਹਾਂ ਲਈ ਵੀ ਖਤਰਨਾਕ ਹੈ, ਜੋ ਕਾਂਟੈਕਟ ਲੈੱਨਜ਼ ਦੀ ਵਰਤੋਂ ਕਰਦੇ ਹਨ। ਅਕਸਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਦੀ ਲੜੀ ਨੂੰ ਤੋੜਨ ਲਈ ਘਰ ਰਹਿਣਾ ਬੇਹੱਦ ਜ਼ਰੂਰੀ ਹੈ ਭਾਵ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਹੀ ਵਜ੍ਹਾ ਹੈ ਕਿ ਅੱਜ ਦੁਨੀਆ ਦੇ ਜ਼ਿਆਦਾਤਰ ਦੇਸ਼, ਜੋ ਇਸ ਵਾਇਰਸ ਤੋਂ ਪ੍ਰਭਾਵਿਤ ਹਨ, ਉਹ ਆਪਣੇ ਦੇਸ਼ਾਂ ਵਿਚ ਲਾਕਡਾਊਨ ਜਾਂ ਕਰਫਿਊ ਲਾ ਰਹੇ ਹਨ ਤਾਂ ਕਿ ਸਮਾਜਿਕ ਫਾਸਲਾ ਬਣਾਇਆ ਜਾ ਸਕੇ ਅਤੇ ਇਸ ਮਹਾਮਾਰੀ ਦੀ ਕਰੋਪੀ ਤੋਂ ਬਚਿਆ ਜਾ ਸਕੇ।


Bharat Thapa

Content Editor

Related News