ਬਾਈਡੇਨ ਦੇ ਸ਼ਾਸਨ ’ਚ ਮਜ਼ਬੂਤ ਹੋਣਗੇ ਭਾਰਤ-ਅਮਰੀਕਾ ਸਬੰਧ

01/21/2021 2:35:25 AM

ਵਿਪਿਨ ਪੱਬੀ
ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਮਰੀਕਾ ’ਚ ਬੁੱਧਵਾਰ ਨੂੰ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਹੁਦੇ ਦੀ ਸਹੁੰ ਚੁੱਕ ਲਈ। ਉਨ੍ਹਾਂ ਦੇ ਨਾਲ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਕਮਲਾ ਹੈਰਿਸ ਨੇ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਦੀ ਉਪ-ਰਾਸ਼ਟਰਪਤੀ ਬਣਨ ਵਾਲੀ ਪਹਿਲੀ ਮਹਿਲਾ ਅਤੇ ਪਹਿਲੀ ਅਮਰੀਕੀ ਭਾਰਤੀ ਹੋਣ ਦਾ ਮਾਣ ਹਾਸਲ ਕਰਨ ਦੇ ਨਾਲ ਹੀ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਥੇ ਇਹ ਵੀ ਕਾਫੀ ਮਹੱਤਵਪੂਰਨ ਹੈ ਕਿ ਭਾਰਤੀ ਮੂਲ ਦੇ 20 ਅਮਰੀਕੀ ਬਾਈਡੇਨ ਪ੍ਰਸ਼ਾਸਨ ਦਾ ਹਿੱਸਾ ਬਣਾਏ ਗਏ ਹਨ।

ਇਨ੍ਹਾਂ ’ਚੋਂ ਘੱਟੋ-ਘੱਟ 17 ਵਿਅਕਤੀ ਤਾਕਤਵਰ ਵ੍ਹਾਈਟ ਹਾਊਸ ਕੰਪਲੈਕਸ ’ਚ ਬਾਈਡੇਨ ਪ੍ਰਸ਼ਾਸਨ ਦਾ ਹਿੱਸਾ ਹੋਣਗੇ। ਇਨ੍ਹਾਂ ’ਚ ਨੀਰਾ ਟੰਡਨ ਨੂੰ ਪ੍ਰਬੰਧਨ ਅਤੇ ਬਜਟ ਦਾ ਨਿਰਦੇਸ਼ਕ ਨਾਮਜ਼ਦ ਕੀਤਾ ਗਿਆ। ਇਸ ਦੇ ਇਲਾਵਾ ਯੂ. ਐੱਸ. ਸਰਜਨ ਜਨਰਲ ਦਾ ਪ੍ਰਮੁੱਖ ਅਹੁਦਾ ਡਾ. ਵਿਵੇਕ ਮੂਰਤੀ ਨੂੰ ਸੌਂਪਿਆ ਗਿਆ ਹੈ। ਵਿਨੀਤਾ ਗੁਪਤਾ ਨੂੰ ਨਿਆਂ ਵਿਭਾਗ ’ਚ ਐਸੋਸੀਏਟ ਅਟਾਰਨੀ ਜਨਰਲ ਬਣਾਇਆ ਗਿਆ ਹੈ ਜਦਕਿ ਸਮੀਰਾ ਫੈਜਿਲੀ ਨੂੰ ਨੈਸ਼ਨਲ ਇਕਨਾਮਿਕ ਕੌਂਸਲ ਦਾ ਉਪ-ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।

ਇੰਨੀ ਗਿਣਤੀ ’ਚ ਭਾਰਤੀ ਮੂਲ ਦੇ ਲੋਕਾਂ ਦਾ ਬਾਈਡੇਨ ਪ੍ਰਸ਼ਾਸਨ ’ਚ ਸ਼ਾਮਲ ਹੋਣਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਰਵਾਇਤੀ ਤੌਰ ’ਤੇ ਡੈਮੋਕ੍ਰੇਟਿਕ ਪਾਰਟੀ, ਜਿਸ ਨਾਲ ਉਹ ਸਬੰਧ ਰੱਖਦੇ ਹਨ, ਭਾਰਤ ਸਮਰਥਕ ਨਹੀਂ ਮੰਨੀ ਜਾਂਦੀ ਹੈ। ਰਵਾਇਤੀ ਤੌਰ ’ਤੇ ਰਿਪਬਲਿਕਨ ਪਾਰਟੀ ਪ੍ਰਸ਼ਾਸਨ ਦੇ ਭਾਰਤ ਨਾਲ ਚੰਗੇ ਸਬੰਧ ਰਹੇ ਹਨ।

ਹਾਲਾਂਕਿ ਹੁਣ ਸਿਆਸੀ ਦ੍ਰਿਸ਼ ਬਦਲ ਗਿਆ ਹੈ। ਟਰੰਪ ਪ੍ਰਸ਼ਾਸਨ ਬਾਹਰੀ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣਸਾਰਤਾ ਦਾ ਪ੍ਰਦਰਸ਼ਨ ਕਰਦਾ ਰਿਹਾ ਹੈ ਪਰ ਉਸ ਨੇ ਭਾਰਤ ਦੇ ਨਾਲ ਵਪਾਰ ਬਿਹਤਰ ਬਣਾਉਣ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ। ਇਸ ਦੇ ਉਲਟ ਉਸ ਨੇ ਵੀਜ਼ਾ ਨਿਯਮਾਂ ਨੂੰ ਸਖਤ ਕਰ ਦਿੱਤਾ ਜਿਸ ਨਾਲ ਅਮਰੀਕਾ ਦੇ ਵਰਕ ਵੀਜ਼ੇ ਦੇ ਚਾਹਵਾਨ ਭਾਰਤੀ ਨਾਗਰਿਕਾਂ ਦੇ ਹਿੱਤ ਪ੍ਰਭਾਵਿਤ ਹੋਏ।

ਦੂਸਰੇ ਪਾਸੇ ਬਾਈਡੇਨ ਭਾਰਤ ਦੇ ਨਾਲ ਬਿਹਤਰ ਸਮਝ ਵਿਕਸਿਤ ਕਰਨ ਲਈ ਤਤਪਰ ਨਜ਼ਰ ਆਉਂਦੇ ਹਨ ਅਤੇ ਉਹ ਉਸ ਸਮੇਂ ਵੀ ਭਾਰਤ ਦੇ ਪੱਖ ’ਚ ਬੋਲਦੇ ਰਹੇ ਹਨ ਜਦੋਂ ਉਹ ਓਬਾਮਾ ਦੇ ਅਧੀਨ ਉਪ-ਰਾਸ਼ਟਰਪਤੀ ਸਨ ਅਤੇ ਬਾਅਦ ’ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣੇ। ਉਨ੍ਹਾਂ ਨੇ ਕਮਲਾ ਹੈਰਿਸ ਅਤੇ ਹੋਰ ਅਮਰੀਕੀ-ਭਾਰਤੀਆਂ ’ਚ ਜੋ ਭਰੋਸਾ ਪ੍ਰਗਟਾਇਆ ਹੈ, ਉਹ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ-ਅਮਰੀਕਾ ਸਬੰਧ ਹੋਰ ਬਿਹਤਰ ਹੋ ਸਕਦੇ ਹਨ।

ਪਿਛਲੇ ਸਾਲ ਭਾਰਤ ਦੇ ਆਜ਼ਾਦੀ ਦਿਹਾੜੇ ’ਤੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਬਾਈਡੇਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਬਣਨ ਦੇ ਬਾਅਦ ਵੀ ਉਹ ਇਸ ਭਾਈਚਾਰੇ ’ਤੇ ਭਰੋਸਾ ਕਰਦੇ ਰਹਿਣਗੇ ਜੋ ਦੋਵਾਂ ਦੇਸ਼ਾਂ ਨੂੰ ਇਕਜੁੱਟ ਰੱਖਦਾ ਹੈ।

ਬਿਨਾਂ ਸ਼ੱਕ ਉਨ੍ਹਾਂ ਨੇ ਹਮੇਸ਼ਾ ਭਾਰਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਈ ਵਾਰ ਭਾਰਤ ’ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਗੱਲ ਕਹੀ ਹੈ। 2008 ’ਚ ਭਾਰਤ ਦੇ ਨਾਲ ਹੋਏ ਪਰਮਾਣੂ ਸਮਝੌਤੇ ’ਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਥੋਂ ਤਕ ਕਿ ਉਨ੍ਹਾਂ ਦੇ ਗ੍ਰਹਿ ਮੰਤਰੀ ਨੇ ਵੀ ਕਿਹਾ ਹੈ ਕਿ ਭਾਰਤ ਦੇ ਨਾਲ ਸਬੰਧ ਮਜ਼ਬੂਤ ਕਰਨਾ ਉਨ੍ਹਾਂ ਦੀ ਉੱਚ ਪਹਿਲਕਦਮੀ ਹੋਵੇਗੀ।

ਇਸ ’ਚ ਕੋਈ ਸ਼ੱਕ ਨਹੀਂ ਕਿ ਬਾਈਡੇਨ ਪ੍ਰਸ਼ਾਸਨ ’ਚ ਸ਼ਾਮਲ ਅਮਰੀਕੀ-ਭਾਰਤੀ ਅਮਰੀਕਾ ਦੇ ਹਿੱਤਾਂ ਨੂੰ ਪਹਿਲ ਦੇਣਗੇ ਪਰ ਇਸ ਦੇ ਨਾਲ ਹੀ ਆਪਣੇ ਮੂਲ ਦੇਸ਼ ਪ੍ਰਤੀ ਵੀ ਉਨ੍ਹਾਂ ਦੀ ਹਮਦਰਦੀ ਰਹੇਗੀ। ਓਧਰ ਵ੍ਹਾਈਟ ਹਾਊਸ ’ਚੋਂ ਟਰੰਪ ਦੀ ਵਿਦਾਈ ਭਾਰਤ ਦੇ ਲਈ ਕੋਈ ਖਾਸ ਨੁਕਸਾਨਦੇਹ ਨਹੀਂ ਹੋਵੇਗੀ। ਦਰਅਸਲ ਪੀ. ਐੱਮ. ਮੋਦੀ ਉਨ੍ਹਾਂ ਪਹਿਲੇ ਲੋਕਾਂ ’ਚ ਸ਼ਾਮਲ ਸਨ ਜਿਨ੍ਹਾਂ ਨੇ ਚੋਣਾਂ ’ਚ ਜਿੱਤ ’ਤੇ ਬਾਈਡੇਨ ਨੂੰ ਵਧਾਈ ਦਿੱਤੀ ਸੀ। ਇਹ ਇਕ ਚੰਗੀ ਸ਼ੁਰੂਆਤ ਸੀ ਕਿਉਂਕਿ ਅਜਿਹੇ ਮਾਹੌਲ ’ਚ ਜਿਥੇ ਚੀਨ ਇਕ ਬਾਹੂਬਲੀ ਵਾਂਗ ਪੇਸ਼ ਆ ਰਿਹਾ ਹੈ, ਅਮਰੀਕਾ ਦੇ ਸਬੰਧਾਂ ’ਚ ਮਜ਼ਬੂਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਹਿੱਤ ’ਚ ਹੈ।


Bharat Thapa

Content Editor

Related News